Saturday, May 28, 2011

ਹਿੱਲੇ ਹੋਏ ਲੋਕ !


-ਅਕਲੋਂ ਅੰਨ੍ਹੇ ਹੋ ਗਏ ਬਾਬਿਆਂ ਦੇ ਕੀਲ੍ਹੇ ਹੋਏ ਲੋਕ,
ਕਿਵੇਂ ਮੂੰਹ ਚੁੱਕੀ ਫਿਰਦੇ ਨੇ ਇਹ ਹਿੱਲੇ ਹੋਏ ਲੋਕ !
-ਜੇ ਸੁਪਨੇ ਨੂੰ ਪੂਰਾ ਕਰਨਾ ਨੀਂਦ ਤੋਂ ਪੈਣਾ ਜਾਗਣਾ,
ਜਦ ਇਲਮ ਇਸ ਗੱਲ ਦਾ, ਕਿਉਂ ਜਿਲਹੇ ਹੋਏ ਲੋਕ!
-ਸ਼ੱਕੀ ਬਣਦੇ ਹਰੇਕ ਸ਼ਖਸ ਦੇ ਵਿਚ ਦੁਸ਼ਮਣ ਹੈ ਦਿਸਦਾ,
ਹੁੰਦੇ ਫੁੱਲਾਂ ਵਰਗੇ ਦੋਸਤਾਂ ਦੇ ਜੋ ਛਿੱਲੇ ਹੋਏ ਲੋਕ।
-ਸੋਚ ਨੂੰ ਨੂੜ ਕੇ ਰੱਖਿਆ ਵਿਚਾਰਾਂ ਪੱਖੋਂ ਵੀ ਤੰਗੀ,
ਬੋਲਣ ਲੱਗੇ ਕੁਝ ਨਾ ਸੋਚਣ ਜ਼ੁਬਾਨੋ ਢਿੱਲੇ ਹੋਏ ਲੋਕ।
-ਏਨੀ ਕਾਹਲ ਏਨੀ ਮਸ਼ਰੂਫੀਅਤ ਏਨੀ ਮਾਰਾ-ਮਾਰੀ!,
ਛੱਤਰੀਆਂ ਕੱਛਾਂ ‘ਚ ਲਈ ਫਿਰਦੇ ਨੇ ਗਿੱਲੇ ਹੋਏ ਲੋਕ।
-ਬਦਲ ਦਿਆਂਗੇ ਸਰਕਾਰਾਂ ਨੂੰ ਪੰਜ ਵਰ੍ਹਿਆਂ ਦੇ ਬਾਅਦ,
ਆਈਆਂ ਵੋਟਾਂ ਖਿੰਡ-ਪੁੰਡ ਗਏ ਤੀਲ੍ਹੇ-ਤੀਲ੍ਹੇ ਹੋਏ ਲੋਕ।
---ਨਰਿੰਦਰ ਪਾਲ ਸਿੰਘ ਜਗਦਿਓ---

No comments: