Saturday, November 28, 2015

ਗੁੱਝੇ ਭੇਤ

ਕੈਸੀ ਅਜੀਬ ਜਿਹੀ ਚੁੱਪੀ ਇਕ ਛਾਈ ਹੋਈ ਏ, 
ਉਦਾਸੀ ਦੋਵਾਂ ਦੀਆਂ ਅੱਖਾਂ ਵਿਚ ਆਈ ਹੋਈ ਏ। 

ਸਾਫ ਪਤਾ ਲੱਗਦਾ ਹੈ ਚਿਹਰਿਆਂ ਨੂੰ ਵੇਖ ਕੇ, 
ਕਿ ਝੂਠੀ ਹਾਸੀ ਆਪਾਂ ਬੁੱਲ੍ਹਾਂ 'ਤੇ ਸਜਾਈ ਹੋਈ ਏ। 

ਸ਼ਰਤ ਨਾ ਹੁੰਦੀ, ਨਾ ਮੋਹ ਦਾ ਨਿਯਮ ਕੋਈ, 
ਲੋਕਾਂ ਪਿਆਰ ਦੀ ਇਹ ਪਰਿਭਾਸ਼ਾ ਬਣਾਈ ਹੋਈ ਏ।

ਕਿੰਨੇ ਗੁੱਝੇ ਭੇਤ ਨੇ ਦਿਲਾਂ ਦੇ ਵਿਚ ਸਾਂਭ ਰੱਖੇ, 
ਅੰਦਰ ਇਕ ਜ਼ਿੰਦਗੀ ਹਰੇਕ ਨੇ ਲੁਕਾਈ ਹੋਈ ਏ।  

ਸੌਣ ਅਤੇ ਉੱਠਣ ਵਿਚਕਾਰ ਵੀ ਜਹਾਨ ਹੈ ਇਕ, 
ਮੈਂ ਉੱਥੇ ਵੱਖਰੀ ਹੀ ਦੁਨੀਆਂ ਵਸਾਈ ਹੋਈ ਏ।

ਤੇਰੇ ਨਾਲੋਂ ਵੱਧ ਤੈਨੂੰ ਬਸ ਦੋ ਹੀ ਜਣੇ ਜਾਣਦੇ ਨੇ, 
ਤੇਰੀ ਗੱਲ-ਗੱਲ ਮੈਂ ਸਿਰਹਾਣੇ ਨੂੰ ਸੁਣਾਈ ਹੋਈ ਏ। 

Thursday, November 12, 2015

ਮੇਰੀ ਨਿੱਕੀ ਜਿਹੀ ਜਾਨ !


    
ਤਿੰਨ ਦਿਨਾਂ ਬਾਅਦ ਦਫਤਰ ਜਾ ਰਿਹਾ ਸਾਂ। ਜਿਉਂ ਹੀ ਕਾਰ ਵਿਚ ਬੈਠਿਆ ਤਾਂ ਨਿੱਕੀ ਜਿਹੀ ਸ਼ੈਅ “ਪੈਨ ਡਰਾਈਵ“ ਸੀ.ਡੀ. ਵਿਚ ਲੱਗੀ ਨਜ਼ਰ ਨਾ ਆਈ। ਅਕਸਰ ਮੇਰੀ ਪੈਨ ਡਰਾਈਵ ਕਾਰ ਦੀ ਸੀ.ਡੀ. ਵਿਚ ਹੀ ਲੱਗੀ ਹੁੰਦੀ ਹੈ। ਮੈਂ ਤੁਰੰਤ ਘਰ ਫੋਨ ਕੀਤਾ ਅਤੇ ਜਿੱਥੇ-ਜਿੱਥੇ ਮੈਨੂੰ ਇਸ ਦੇ ਪਏ ਹੋਣ ਦੀ ਸੰਭਾਵਨਾ ਸੀ ਉਨਾਂ ਸਭ ਥਾਂਵਾਂ ਉੱਤੇ ਲੱਭਣ ਲਈ ਕਿਹਾ ਪਰ ਇਹ ਕਿਤੇ ਨਾ ਮਿਲੀ। 

ਮੈਂ ਕਾਰ ਵਿਚ ਸੋਚਦਾ ਜਾ ਰਿਹਾ ਸਾਂ ਕਿ ਅੰਤਿਮ ਵਾਰ ਮੈਂ ਪੈਨ ਡਰਾਈਵ ਕਿੱਥੇ ਵਰਤੀ ਸੀ ਅਤੇ ਇਹ ਕਿੱਥੇ ਹੋ ਸਕਦੀ ਹੈ। ਨਾ ਹੀ ਇਹ ਘਰ ਵਿਚ ਸੀ ਅਤੇ ਨਾ ਹੀ ਕਾਰ ਵਿਚ। ਬਸ ਹੁਣ ਆਖਰੀ ਉਮੀਦ ਚੰਡੀਗੜ ਵਾਲਾ ਫਲੈਟ ਬਚਿਆ ਸੀ, ਜਿੱਥੇ ਇਸ ਦੇ ਹੋਣ ਦੀ ਉਮੀਦ ਸੀ। ਦਫਤਰ ਜਾਣ ਤੋਂ ਪਹਿਲਾਂ ਮੈਂ ਸਿੱਧਾ ਫਲੈਟ ਵਿਚ ਹੀ ਗਿਆ ਪਰ ਇੱਥੇ ਵੀ ਨਿਰਾਸ਼ਾ ਹੀ ਮਿਲੀ। ਪੈਨ ਡਰਾਈਵ ਇੱਥੇ ਵੀ ਨਹੀਂ ਸੀ। 


ਮੇਰੀ ਇਸ ਖੋ ਚੁੱਕੀ ਪੈਨ ਡਰਾਈਵ (ਮੈਮੋਰੀ ਸਟਿੱਕ) ਵਿਚ ਬਹੁਤ ਕੀਮਤੀ, ਜ਼ਰੂਰੀ ਅਤੇ ਅਣਮੁੱਲੀਆਂ ਚੀਜ਼ਾਂ ਸਨ। ਇਕ ਕਿਤਾਬ ਦਾ ਕੱਚਾ-ਪੱਕਾ ਜਿਹਾ ਖਰੜਾ ਸੀ ਜਿਸ ਦੀ ਇਕ ਡੁਪਲੀਕੇਟ ਕਾਪੀ ਹਾਲਾਂਕਿ ਮੇਰੇ ਕੋਲ ਪਈ ਹੈ ਪਰ ਉਸ ਤੋਂ ਇਲਾਵਾ ਬਹੁਤ ਸਾਰੀਆਂ ਨਜ਼ਮਾਂ ਤੇ ਕਵਿਤਾਵਾਂ ਵੀ ਸਨ ਜੋ ਸਿਰਫ ਪੈਨ ਡਰਾਈਵ ਵਿਚ ਹੀ ਸੀ। ਹੁਣ ਉਹ ਨਜ਼ਮਾਂ ਕਿੱਥੇ ਮਿਲਣੀਆਂ ਹਨ? ਉੱਪਰੋਂ ਮੇਰੀ ਯਾਦ ਸ਼ਕਤੀ ਵੀ ਅਜਿਹੀ ਹੈ ਕਿ ਲਿਖੀਆ ਜਾ ਚੁੱਕੀਆਂ ਉਨਾਂ ਨਜ਼ਮਾਂ ਨੂੰ ਦੋਬਾਰਾ ਮੇਰੇ ਲਈ ਲਿਖਣਾ ਨਾਮੁਮਕਿਨ ਹੀ ਹੈ। ਇਸ ਤੋਂ ਇਲਾਵਾ ਕੁਝ ਅਣਛਪੇ ਮਿਡਲ ਅਤੇ ਪੰਜਾਬੀ ਜਾਗਰਣ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ ਛਪੇ ਸਾਰੇ ਮਿਡਲਾਂ ਦਾ ਰਿਕਾਰਡ ਵੀ ਇਸ ਪੈਨ ਡਰਾਈਵ ਵਿਚ ਪਿਆ ਸੀ। ਮੇਰੀਆਂ ਬਹੁਤ ਸਾਰੀਆਂ ਤਸਵੀਰਾਂ, ਗਾਣੇ ਅਤੇ ਹਿੰਦੀ-ਪੰਜਾਬੀ ਫਿਲਮਾਂ ਵੀ ਪੈਨ ਡਰਾਈਵ ਵਿਚ ਸਨ। 

ਇਸ ਤੋਂ ਪਹਿਲਾਂ 2013 ਵਿਚ ਵੀ ਮੇਰੀ ਇਕ ਪੈਨ ਡਰਾਈਵ ਇਸੇ ਤਰਾਂ ਗੁਆਚ ਗਈ ਸੀ ਅਤੇ ਉਸ ਵਿਚਲਾ ਕਾਫੀ ਜ਼ਰੂਰੀ ਡਾਟਾ ਵੀ ਐਂਵੇਂ ਹੀ ਉੱਡ-ਪੁੱਡ ਗਿਆ ਸੀ। ਉਦੋਂ ਮੈਂ ਕਾਫੀ ਹੱਥ-ਪੈਰ ਮਾਰੇ ਸਨ ਕਿ 'ਗੁਆਚੀ ਚੀਜ਼' ਮਿਲ ਜਾਵੇ ਪਰ ਨਹੀਂ ਮਿਲੀ। ਮੈਨੂੰ ਜਾਪਦਾ ਹੈ ਕਿ ਕਿਸੇ ਦੀ ਵੀ ਗੁਆਚੀ ਪੈਨ ਡਰਾਈਵ ਨਹੀਂ ਮਿਲਦੀ ਹੋਣੀ ਕਿਉਂ ਕਿ ਜਿਸ ਦੇ ਵੀ ਇਹ ਹੱਥ ਲੱਗਦੀ ਹੋਵੇਗੀ ਉਹ ਇਸ ਵਿਚਲਾ ਡਾਟਾ ਡਿਲੀਟ ਕਰਕੇ ਇਸ ਨੂੰ ਆਪਣੇ ਲਈ ਵਰਤ ਲੈਂਦਾ ਹੋਵੇਗਾ ਅਤੇ ਜਿਸ ਨੂੰ ਪੈਨ ਡਰਾਈਵ ਦਾ ਨਹੀਂ ਪਤਾ ਉਹ ਇਸ ਨੂੰ ਚੁੱਕ ਕੇ, ਦੇਖ-ਦੂਖ ਕੇ ਸੁੱਟ ਦਿੰਦਾ ਹੋਵੇਗਾ। ਮੈਂ ਮਹਿਸੂਸ ਕਰਦਾ ਹਾਂ ਕਿ ਤਕਨਾਲੋਜੀ ਦੇ ਅਸੀਂ ਕਿੰਨੇ ਜ਼ਿਆਦਾ ਗੁਲਾਮ ਹੋ ਗਏ ਹਾਂ। ਇਹ ਨਿੱਕੀਆ-ਨਿੱਕੀਆ ਚੀਜ਼ਾਂ ਸਾਡੇ ਲਈ ਕਿੰਨੀਆਂ ਅਹਿਮ ਹੋ ਗਈਆਂ ਹਨ। ਖੋ ਚੁੱਕੀ ਇਸ ਛੋਟੀ ਜਿਹੀ ਪੈਨ ਡਰਾਈਵ ਨੇ ਮੈਨੂੰ ਕਿੰਨਾ ਉਦਾਸ ਕਰ ਦਿੱਤਾ ਹੈ। ਕੰਪਿਊਟਰੀ ਯੁੱਗ ਵਿਚ ਮਨੁੱਖ ਦਾ ਵੀ ਮਸ਼ੀਨੀਕਰਨ ਹੁੰਦਾ ਜਾ ਰਿਹਾ ਹੈ। 

ਜਦੋਂ ਮੈਂ ਜਲੰਧਰ ਪੱਤਰਕਾਰੀ ਦੀ ਪੜਾਈ ਕਰਦਾ ਹੁੰਦਾ ਸੀ ਤਾਂ ਮੇਰੇ ਕੋਲ ਇਕ ਛੋਟਾ ਜਿਹਾ ਬੈਗ ਹੋਇਆ ਕਰਦਾ ਸੀ। ਕੰਡਕਟਰ-ਨੁਮਾ ਇਸ ਝੋਲੇ ਵਿਚ ਇਕ ਨੋਟਬੁੱਕ ਤੋਂ ਇਲਾਵਾ ਕੁਝ ਸਾਹਿਤਕ ਕਿਤਾਬਾਂ, ਮੈਗਜ਼ੀਨ ਅਤੇ ਮੇਰੇ ਹੱਥੀਂ ਲਿਖੇ ਫੀਚਰ, ਮਿਡਲ, ਵਿਅੰਗ ਆਦਿ ਹੋਇਆ ਕਰਦੇ ਸਨ। ਖਾਣ-ਪੀਣ ਵਾਲਾ ਨਿੱਕ-ਸੁੱਕ ਜਿਹਾ ਵੀ ਇਸ ਬੈਗ ਵਿਚ ਹੀ ਰੱਖ ਲਈ ਦਾ ਸੀ। ਕਲਾਸ ਦੀਆਂ ਕੁਝ ਕੁੜੀਆਂ ਨੇ ਕਿੰਨੀ ਵਾਰੀ ਕਿਹਾ ਸੀ ਕਿ ਇਹ ਬੈਗ ਬਦਲ ਲੈ ਪਰ ਉਹ ਬੈਗ ਮੈਨੂੰ ਏਨਾ ਜ਼ਿਆਦਾ ਆਰਾਮਦਾਇਕ ਅਤੇ ਵਧੀਆ ਲੱਗਦਾ ਹੁੰਦਾ ਸੀ ਕਿ ਡਿਗਰੀ ਪੂਰੀ ਹੋਣ ਤੋਂ ਕਾਫੀ ਸਮਾਂ ਬਾਅਦ ਤੱਕ ਵੀ ਮੇਰੇ ਕੋਲ ਰਿਹਾ। ਇਕ ਵਾਰ ਸ਼ਾਮ ਨੂੰ ਜਲੰਧਰ ਤੋਂ ਖੰਨੇ ਨੂੰ ਆਉਂਦਿਆਂ ਉਹ ਬੈਗ ਬੱਸ ਵਿਚ ਹੀ ਰਹਿ ਗਿਆ ਸੀ ਅਤੇ ਸਵੇਰੇ ਜਦੋਂ ਮੈਂ ਦੋਬਾਰਾ ਉਸੇ ਬੱਸ ਵਿਚ ਬੈਠਿਆ ਤਾਂ ਬੈਗ ਉਵੇਂ ਹੀ ਪਿਆ ਮਿਲਿਆ। ਕਿੰਨਾ ਸਕੂਨ ਮਿਲਿਆ ਸੀ ਅਤੇ ਕਿੰਨੀ ਖੁਸ਼ੀ ਹੋਈ ਸੀ ਮੈਨੂੰ। 

ਉਦੋਂ ਮੈਂ ਸਭ ਲਿਖਤਾਂ ਹੱਥੀਂ ਹੀ ਲਿਖਿਆ ਕਰਦਾ ਸੀ। ਹੁਣ ਵਾਂਗ ਕੰਪਿਊਟਰ 'ਤੇ ਟਾਈਪ ਨਹੀਂ ਕਰਦਾ ਸੀ। ਕਈ ਵਾਰ ਸਾਫ ਵਰਕੇ ਉੱਤੇ ਲਿਖਦਿਆਂ ਲਾਈਨ ਟੇਡੀ ਚਲੀ ਜਾਣੀ ਤਾਂ ਸਾਰਾ ਵਰਕਾ ਸਾਫ-ਸਾਫ ਅਤੇ ਸਿੱਧੀ ਲਾਈਨ ਵਿਚ ਦੋਬਾਰਾ ਲਿਖਣਾ। ਪਿਛਲੇ ਦਿਨੀਂ ਜਦੋਂ 8-10 ਸਤਰਾਂ ਕਿਸੇ ਅਜੀਜ਼ ਨੂੰ ਹੱਥੀਂ ਲਿਖ ਕੇ ਦਿੱਤੀਆਂ ਤਾਂ ਆਪਣੀ ਲਿਖਾਈ ਦੇਖ ਕੇ ਮੈਨੂੰ ਕਾਫੀ ਬੁਰਾ ਲੱਗ ਰਿਹਾ ਸੀ। ਹੱਥ ਹੀ ਨਹੀਂ ਟਿਕ ਰਿਹਾ ਸੀ ਅਤੇ ਪੰਜਾਬੀ ਦੇ ਅੱਖਰ ਟੇਡੇ-ਮੇਢੇ ਪੈ ਰਹੇ ਸੀ ਪਰ ਮੈਂ ਓਦਾਂ ਹੀ ਲਿਖ ਕੇ ਉਹ ਸਲਿੱਪ ਇਕ ਕਿਤਾਬ ਵਿਚ ਰੱਖ ਕੇ ਦੇ ਦਿੱਤੀ।  ਹਾਲਾਂਕਿ ਮੇਰੀ ਪੰਜਾਬੀ ਦੀ ਲਿਖਾਵਟ ਚੰਗੀ ਹੈ ਪਰ ਹੁਣ ਜਦੋਂ ਕਦੇ ਹੱਥੀਂ ਲਿਖਿਆ ਹੀ ਨਹੀਂ ਤਾਂ ਲਿਖਾਈ ਨੇ ਕੀ ਸਵਾਹ ਸੋਹਣੀ ਹੋਣਾ ਹੈ! 

ਖੈਰ, ਪਤਾ ਨਹੀਂ ਗੁਆਚੀ ਹੋਈ ਪੈਨ ਡਰਾਈਵ ਕਿਸ ਦੇ ਹੱਥ ਲੱਗਣੀ ਹੈ ਅਤੇ ਪੰਜਾਬੀ ਦੇ ਜਿਸ ਫੌਂਟ ਵਿਚ ਮੈਂ ਟਾਈਪ ਕਰਦਾ ਹਾਂ ਉਹ ਫੌਂਟ ਪੈਨ ਡਰਾਈਵ ਮਿਲਣ ਵਾਲੇ ਦੇ ਕੰਪਿਊਟਰ 'ਤੇ ਚੱਲਦਾ ਵੀ ਹੋਵੇਗਾ ਜਾਂ ਨਹੀਂ? ਮੈਨੂੰ ਲੱਗਦੈ ਬਹੁਤੇ ਲੋਕਾਂ ਦੀ ਪੈਨ ਡਰਾਈਵ ਅਕਸਰ ਖੋ ਜਾਂਦੀ ਹੈ। ਇਸ ਨਿੱਕੀ ਜਿਹੀ ਸ਼ੈਅ ਦਾ ਖਿਆਲ ਰੱਖਣਾ ਕਾਫੀ ਮੁਸ਼ਕਿਲ ਹੈ। ਆਪਣੇ ਦਫਤਰ ਵਿਚ ਵੀ ਮੈਂ ਆਪਣੇ ਸਹਿਕਰਮੀਆਂ ਨੂੰ ਆਮ ਤੌਰ 'ਤੇ ਇਹ ਪੁੱਛਦੇ ਦੇਖਦਾ ਰਹਿੰਦਾ ਹਾਂ ਕਿ “ਕਿਸੇ ਨੇ ਮੇਰੀ ਪੈਨ ਡਰਾਈਵ ਤਾਂ ਨਹੀਂ ਦੇਖੀ ਜਾਂ ਜੇ ਕਿਸੇ ਕੋਲ ਪੈਨ ਡਰਾਈਵ ਹੈ ਤਾਂ ਦੋ ਕੁ ਮਿੰਟ ਲਈ ਦਿਓ।“ ਇਹ ਨਿੱਕੀ ਜਿਹੀ ਜ਼ਰੂਰ ਹੁੰਦੀ ਹੈ ਪਰ ਕੰਪਿਊਟਰ ਦੇ ਇਸ ਦੌਰ ਵਿਚ ਪੈਨ ਡਰਾਈਵ ਬਿਨਾਂ ਸਰਦਾ ਵੀ ਨਹੀਂ। ਜਿਵੇਂ ਪਹਿਲਾਂ ਮੈਂ ਬਹੁਤ ਸਾਰਾ ਡਾਟਾ ਆਪਣੇ ਕੰਡਕਟਰਨੁਮਾ ਬੈਗ ਵਿਚ ਸਾਂਭੀ ਰੱਖਦਾ ਸੀ ਉਵੇਂ ਹੀ ਹੁਣ ਇਹ ਕੰਮ ਪੈਨ ਡਰਾਈਵਾਂ ਰਾਹੀਂ ਕੀਤਾ ਜਾਂਦਾ ਹੈ। ਪਰ ਪੈਨ ਡਰਾਈਵ ਬੈਗ ਜਿੰਨੀ ਮਹਿਫੂਜ਼ ਨਹੀ! 

ਹਾਲਾਂਕਿ ਤਰੱਕੀ ਦੇ ਇਸ ਦੌਰ ਵਿਚ ਬਹੁਤ ਸਾਰੇ ਕੰਮ ਸੁਖਾਲੇ ਹੋ ਗਏ ਹਨ ਪਰ ਨਾਲ ਹੀ ਨਾਲ ਨਵੀਆਂ ਤਰਾਂ ਦੀਆਂ ਮੁਸ਼ਕਿਲਾਂ ਵੀ ਖੜੀਆਂ ਹੋ ਗਈਆਂ ਹਨ। ਮੇਰੀ ਹੁਣੇ-ਹੁਣੇ ਗੁਆਚੀ ਪੈਨ ਡਰਾਈਵ ਮੈਨੂੰ ਇਕ ਦੋਸਤ ਨੇ ਗਿਫਟ ਕੀਤੀ ਸੀ। ਭਾਵੇਂ ਇਹ ਜਿਸ ਭਾਅ ਆਈ ਸੀ ਉਵੇਂ ਹੀ ਚਲੀ ਗਈ ਪਰ ਇਸ ਵਿਚਲਾ ਡਾਟਾ ਮੇਰੀ ਮਿਹਨਤ ਦਾ ਸੀ ਅਤੇ ਕੁਝ ਯਾਦਾਂ ਵੀ ਇਸ ਪੈਨ ਡਰਾਈਵ ਵਿਚ ਸਮੋਈਆ ਹੋਈਆ ਸਨ। ਬਾਕੀ, ਚੀਜ਼ ਭਾਵੇਂ ਛੋਟੀ ਤੋਂ ਛੋਟੀ ਹੋਵੇ ਉਸ ਦੇ ਗੁਆਚ ਜਾਣ ਦਾ ਦੁੱਖ ਤਾਂ ਹੁੰਦਾ ਹੀ ਹੈ। ਉਂਝ ਵੀ ਕਈ ਚੀਜ਼ਾਂ ਵਿਚ ਸਾਡੀ ਜਾਨ ਵੱਸਦੀ ਹੁੰਦੀ ਹੈ। ਕਿਤਾਬ ਦਾ ਉਹ ਕੱਚਾ-ਪੱਕਾ ਜਿਹਾ ਖਰੜਾ ਕਿਸੇ ਗਲਤ ਬੰਦੇ ਦੇ ਹੱਥ ਨਾ ਹੀ ਲੱਗੇ ਤਾਂ ਚੰਗਾ ਹੈ! 


ਨਰਿੰਦਰ ਪਾਲ ਸਿੰਘ ਜਗਦਿਓ

Tuesday, November 3, 2015

ਦੋ ਨਜ਼ਮਾਂ



1. 

ਨਿੱਘੇ-ਨਿੱਘੇ ਰਿਸ਼ਤਿਆਂ ਨੂੰ ਠਰਨ ਨਾ ਦਿਓ, 
ਮੋਹ, ਮੁਹੱਬਤ, ਪਿਆਰ ਨੂੰ ਮਰਨ ਨਾ ਦਿਓ। 

ਖੁਸ਼ੀ ਨਾਲ ਝੋਲੀ ਇਹਦੀ ਭਰਦੇ ਰਿਹਾ ਕਰੋ, 
ਅੰਮੀਂ ਨੂੰ ਕਦੀਂ ਵੀ ਅੱਖਾਂ ਭਰਨ ਨਾ ਦਿਓ। 

ਗੁੱਸੇ-ਗਿਲੇ ਬਹਿ ਕੇ ਕਰ ਦੂਰ ਲੈਣੇ ਚਾਹੀਦੇ, 
ਗਲਤਫਹਿਮੀ ਨੂੰ ਮਨ ਵਿਚ ਵੜਨ ਨਾ ਦਿਓ। 

ਜੇ ਚੜ੍ਹ ਜਾਵੇ ਨਾਮ ਖੁਮਾਰੀ ਗੱਲ ਚੰਗੀ ਹੈ, 
ਪੈਸਾ, ਸ਼ੋਹਰਤ ਸਿਰਾਂ ਨੂੰ ਚੜ੍ਹਨ ਨਾ ਦਿਓ। 

ਵਿਚਾਰਾਂ ਦੀ ਤਕਰਾਰ ਭਾਵੇਂ ਨਿੱਤ ਹੁੰਦੀ ਰਹੇ,
ਦਿਲ ਨੂੰ ਦਿਲ ਨਾਲ ਕਦੀਂ ਲੜਨ ਨਾ ਦਿਓ। 

ਰੂਹ ਨਾਲ ਰੂਹਦਾਰੀ ਸਿਰੇ ਹੈ ਨਿਭਾਈ ਦੀ, 
ਜਾਂ ਰੂਹ ਨੂੰ ਇਸ਼ਕ ਹੀ ਕਰਨ ਨਾ ਦਿਓ। 


                                                  -----------------

 2. 

ਕਿੰਝ ਆਪਣਿਆਂ ਨੂੰ ਭੁਲਾਈ ਦਾ, ਕੋਈ ਦੱਸ ਸਕਦੈ?
ਕਿਵੇਂ-ਕਿਵੇਂ ਦਿਲ ਸਮਝਾਈ ਦਾ, ਕੋਈ ਦੱਸ ਸਕਦੈ?

ਭਟਕ ਲਿਆ ਕਰ ਦਿਨੇ ਮੈਂ ਆਖਿਆ ਕਿੰਨੀ ਵਾਰੀ,  
ਕਿੰਝ ਰੂਹ ਨੂੰ ਰਾਤੀਂ ਸਵਾਈ ਦਾ, ਕੋਈ ਦੱਸ ਸਕਦੈ?

ਇਹ ਬੇਮਤਲਬ ਹੀ ਅੱਜ ਕੱਲ੍ਹ ਵਹਿੰਦਾ ਰਹਿੰਦਾ ਹੈ, 
ਕਿਵੇਂ ਪਾਣੀ ਅੱਖ ਦਾ ਲੁਕਾਈ ਦਾ, ਕੋਈ ਦੱਸ ਸਕਦੈ? 

ਛੋਟਾ ਜਿਹਾ ਨਾਂ ਜੇ ਕੋਈ ਚੇਤਿਆਂ 'ਚ ਉਕਰ ਜਾਵੇ, 
ਇਹ ਕਿੱਥੋਂ, ਕਿਵੇਂ ਮਿਟਾਈ ਦਾ, ਕੋਈ ਦੱਸ ਸਕਦੈ?

ਸਾਰੇ ਆਖਣ ਉਹ ਤੇਰੀ ਕਿਸਮਤ ਵਿਚ ਨਾ ਲਿਖਿਆ ਏ, 
ਇਹ ਕਿੱਥੋਂ ਲੇਖਾਂ ਨੂੰ ਲਿਖਾਈ ਦਾ, ਕੋਈ ਦੱਸ ਸਕਦੈ? 

ਉਂਝ ਇਕ ਵੱਖਰੀ 'ਜੀ ਦੁਨੀਆਂ ਮੇਰੇ ਅੰਦਰ ਵੱਸਦੀ ਹੈ, 
ਕਿੰਝ ਕਿਸੇ ਨੂੰ ਦਿਲ 'ਚ ਵਸਾਈ ਦਾ, ਕੋਈ ਦੱਸ ਸਕਦੈ?

ਉਹ ਨੂੰ ਬਹੁਤ ਹਸਾਇਆ ਆਪ ਉਦਾਸ ਭਾਵੇਂ ਹੁੰਦਾ ਸੀ, 
ਹੁਣ ਖੁਦ ਨੂੰ ਕਿੰਝ ਹਸਾਈ ਦਾ, ਕੋਈ ਦੱਸ ਸਕਦੈ?