Tuesday, May 22, 2012

ਕਦੋਂ ਮਿਟੇਗਾ ਆਮ-ਖਾਸ ਵਿਚਲਾ ਪਾੜਾ ?


ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਤਾਰ ਵਿਚ
 ਖੜ੍ਹੋ ਕੇ ਇਕ ਦੁਕਾਨ ਤੋਂ ਬਰਗਰ ਖਰੀਦਣ ਦੀ ਤਸਵੀਰ ਜਦੋਂ ਕੁਝ ਸਮਾਂ ਪਹਿਲਾਂ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਈ ਸੀ ਤਾਂ ਬੜੇ ਲੋਕਾਂ ਤੋਂ ਇਸ ਗੱਲ ਦੀ ਚਰਚਾ ਸੁਣੀ ਸੀ ਕਿ ਉਨ੍ਹਾਂ ਦੇਸ਼ਾਂ 'ਚ ਤਾਂ ਵੱਡੀਆਂ-ਵੱਡੀਆਂ ਹਸਤੀਆਂ ਵੀ ਆਮ ਲੋਕਾਂ ਵਾਂਗ ਹੀ ਵਿਚਰਦੀਆਂ ਹਨ।


ਇੰਗਲੈਂਡ ਤੋਂ ਵਾਪਸ ਆਏ ਮੇਰੇ ਇਕ ਮਿੱਤਰ ਨੇ ਕਈ ਵਾਰ ਦੱਸਿਆ ਏ ਕਿ ਟੋਨੀ ਬਲੇਅਰ ਨੂੰ ਇਕ ਆਮ ਬੰਦੇ ਵਾਂਗ ਘੁੰਮਦਿਆਂ ਉਸਨੇ ਕਈ ਵਾਰ ਦੇਖਿਆ ਹੈ। ਹੋਰ ਤਾਂ ਹੋਰ ਕੈਨੇਡਾ-ਅਮਰੀਕਾ 'ਚ ਜਿੰਨੇ ਪੰਜਾਬੀ/ਭਾਰਤੀ ਮੂਲ ਦੇ ਐਮ.ਪੀ./ ਐਮ.ਐਲ.ਏ. ਹਨ ਉਹ ਖੁਦ ਦੱਸਦੇ ਹਨ ਕਿ ਉਨ੍ਹਾਂ ਦੇਸ਼ਾਂ 'ਚ ਉਹ ਆਪਣਾ ਕੰਮ ਖੁਦ ਕਰਨ 'ਚ ਕੋਈ ਸੰਗ ਮਹਿਸੂਸ ਨਹੀਂ ਕਰਦੇ। ਕੈਨੇਡਾ ਰਹਿੰਦੇ ਮੇਰੇ ਇਕ ਜਾਣਕਾਰ ਨੇ ਦੱਸਿਆ ਕਿ ਇਕ ਵਾਰ ਜਦੋਂ ਉਹ ਉਸ ਸਮੇਂ ਦੇ ਐਮ.ਪੀ. ਗੁਰਬਖਸ਼ ਮੱਲ੍ਹੀ ਨੂੰ ਕੁਝ ਸਾਥੀਆਂ ਨਾਲ ਮਿਲਣ ਗਿਆ ਤਾਂ ਘਰ ਦਾ ਦਰਵਾਜ਼ਾ ਵੀ ਖੁਦ ਮੱਲ੍ਹੀ ਨੇ ਖੋਲ੍ਹਿਆ ਸੀ। ਦੋ ਕੁ ਸਾਲ ਪਹਿਲਾਂ ਮੈਂ ਉਸ ਸਮੇਂ ਦੇ ਸਰੀ (ਕੈਨੇਡਾ) ਹਲਕੇ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਦੀ ਟੀ.ਵੀ. ਇੰਟਰਵਿਊ ਕੀਤੀ ਤਾਂ ਉਨ੍ਹਾਂ ਦੱਸਿਆ ਸੀ ਕਿ ਕੈਨੇਡਾ ਅਤੇ ਭਾਰਤ ਦੀ ਰਾਜਨੀਤੀ ਅਤੇ ਸਿਆਸੀ ਸ਼ਖਸੀਅਤਾਂ 'ਚ ਜ਼ਮੀਨ-ਆਸਮਾਨ ਦਾ ਫਰਕ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਬੰਦੇ ਨੂੰ ਬੰਦੇ ਸਮਝਿਆ ਜਾਂਦਾ ਹੈ ਉਸਨੂੰ ਆਮ ਜਾਂ ਖਾਸ ਸ਼੍ਰੇਣੀਆਂ 'ਚ ਨਹੀਂ ਰੱਖਿਆ ਜਾਂਦਾ ਜਿਵੇਂ ਕਿ ਭਾਰਤ 'ਚ ਹੈ ਅਤੇ ਜੇਕਰ ਉੱਚ ਅਹੁਦੇ ਵਾਲੀਆਂ ਸ਼ਖਸੀਅਤਾਂ ਨੂੰ 'ਖਾਸ' ਤਵੱਜੋਂ ਦੇਣੀ ਵੀ ਹੁੰਦੀ ਹੈ ਤਾਂ ਇਸ ਨਾਲ ਬਾਕੀ ਲੋਕਾਂ ਨੂੰ 'ਆਮ' ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਜਾਂਦਾ। ਪਿਛਲੇ ਦਿਨੀਂ ਹੀ ਮੇਰੇ ਕੁਝ ਸਾਥੀ ਥਾਈਲੈਂਡ ਜਾ ਕੇ ਆਏਹਨ। ਉਨ੍ਹਾਂ ਦੱਸਿਆ ਕਿ ਨਾ ਤਾਂ ਉੱਥੇ ਸੜਕਾਂ 'ਤੇ ਹੂਟਰ ਮਾਰਦੀਆਂ ਕੋਈ ਗੱਡੀਆਂ ਦਿਖਦੀਆਂ ਹਨ ਅਤੇ ਨਾ ਹੀ ਸੜਕਾਂ 'ਤੇ ਹਾਰਨ ਮਾਰੇ ਜਾਂਦੇ ਹਨ। ਤੁਰਨ ਵਾਲੇ ਲੋਕਾਂ ਨੂੰ ਖਾਸ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਸੜਕ ਪਾਰ ਕਰ ਰਿਹਾ ਹੁੰਦਾ ਹੈ ਤਾਂ 'ਖਾਸ ਬੰਦੇ' ਵੀ ਗੱਡੀ ਰੋਕ ਕੇ ਉਸ ਦੇ ਲੰਘਣ ਦਾ ਇੰਤਜ਼ਾਰ ਕਰਦੇ ਹਨ।



ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਜੇਕਰ ਉੱਥੋਂ ਦੇ ਪ੍ਰਧਾਨ ਮੰਤਰੀ/ਰਾਸ਼ਟਰਪਤੀ ਜਾਂ ਉੱਚ ਅਹੁਦਿਆਂ 'ਤੇ ਬੈਠੀਆਂ ਸਿਆਸੀ ਹਸਤੀਆਂ ਤੱਕ ਕੋਈ ਸ਼ਿਕਾਇਤ/ਸੁਝਾਅ ਪਹੁੰਚਾਉਣਾ ਹੋਵੇ ਤਾਂ ਜਨਤਕ ਕੀਤੇ ਈ-ਮੇਲ ਪਤੇ 'ਤੇ ਤੁਸੀਂ ਆਪਣੀ ਗੱਲ ਭੇਜ ਸਕਦੇ ਹੋ ਅਤੇ ਉਸ ਦਾ ਤੁਹਾਨੂੰ ਪ੍ਰਤੀਕਰਮ ਵੀ ਮਿਲੇਗਾ ਅਤੇ ਕੀਤੀ ਗਈ ਸ਼ਿਕਾਇਤ ਜਾਂ ਸੁਝਾਅ 'ਤੇ ਅਮਲ ਵੀ ਹੋਵੇਗਾ। ਕੈਨੇਡਾ-ਅਮਰੀਕਾ ਵਰਗੇ ਦੇਸ਼ਾਂ 'ਚ ਤਾਂ ਬਹੁਤੇ ਐਮ.ਪੀ./ਐਮ.ਐਲ.ਏ. ਨੇ ਆਪਣੀ ਵੈੱਬਸਾਈਟਾਂ ਬਣਾਈਆਂ ਹੋਈਆਂ ਹਨ ਜਿਨ੍ਹਾਂ 'ਤੇ ਲਾਗਆਨ ਕਰਕੇ ਤੁਸੀਂ ਉਨ੍ਹਾਂ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹਾਸਿਲ ਕਰ ਸਕਦੇ ਹੋ ਅਤੇ ਇਸੇ ਜ਼ਰੀਏ ਉਨ੍ਹਾਂ ਨਾਲ ਰਾਬਤਾ ਵੀ ਬਣਾ ਸਕਦੇ ਹੋ। ਭਾਰਤ 'ਚ 'ਆਮ' ਜਨਤਾ ਵੱਲੋਂ ਚੁਣੇ ਗਏ ਨੇਤਾ 'ਖਾਸ' ਕਿਉਂ ਬਣ ਜਾਂਦੇ ਹਨ? ਇਹ ਸਵਾਲ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਇਕ ਚਰਚਾ ਦਾ ਵਿਸ਼ਾ ਹੈ। ਲੋਕਾਂ ਦੀ ਕਮਾਈ ਨਾਲ ਬਣਾਈਆਂ ਸੜਕਾਂ 'ਤੇ ਚੱਲਣ ਮੌਕੇ ਵੀ ਸਿਆਸੀ ਬੰਦਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦਾ ਰੁਤਬਾ ਵੀ ਵੋਟਰਾਂ ਨਾਲੋਂ 'ਖਾਸ' ਤੇ ਉੱਚਾ ਰੱਖਿਆ ਜਾਂਦਾ ਹੈ। ਲਾਲ ਬੱਤੀਆਂ ਖਾਸ ਲੋਕਾਂ ਕੋਈ ਮਾਅਨੇ ਨਹੀਂ ਰੱਖਦੀਆਂ। ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਦੋਂ ਲਾਲ ਬੱਤੀ ਟੱਪਦਿਆਂ ਕਿਸੇ ਸਿਆਸੀ ਨੇਤਾ ਦਾ ਚਲਾਨ ਕੱਟਿਆ ਗਿਆ ਹੋਵੇ। ਬਹੁਤੇ ਸਿਆਸੀ ਆਗੂਆਂ ਤੱਕ ਪੁਹੰਚਣ ਲਈ ਰੱਬ ਦੀਆਂ ਸ਼ਿਫਾਰਸ਼ਾਂ ਵੀ ਕਈ ਵਾਰ ਕੰਮ ਨਹੀਂ ਆਉਂਦੀਆਂ। ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਇੱਥੇ ਅਜਿਹਾ ਕੋਈ ਤੰਤਰ ਨਹੀਂ ਜਿਸ ਜ਼ਰੀਏ ਲੋਕ ਆਪਣੇ ਮੁੱਖ ਮੰਤਰੀ ਤੱਕ ਸੌਖੀ ਪਹੁੰਚ ਰੱਖ ਸਕਣ। ਮੇਰੇ ਇਕ ਜਾਣਕਾਰ ਵੱਲੋਂ ਲਿਖਤੀ ਰੂਪ 'ਚ ਮੁੱਖ ਮੰਤਰੀ ਦਫਤਰ ਨੂੰ ਭੇਜੀ ਕੋਈ ਸ਼ਿਕਾਇਤ ਵੱਖ-ਵੱਖ ਦਫਤਰਾਂ 'ਚੋਂ ਹੁੰਦੀ ਹੋਈ ਸਵਾ ਸਾਲ ਬਾਅਦ ਜਦੋਂ ਸਥਾਨਕ ਪੁਲਿਸ ਰਾਹੀਂ ਉਸ ਕੋਲ ਪਹੁੰਚੀ ਉਦੋਂ ਤੱਕ ਮਸਲਾ ਹੱਲ ਵੀ ਹੋ ਚੁੱਕਿਆ ਸੀ। ਸਾਡੇ ਇੱਥੇ ਤਾਂ ਵਿਧਾਇਕਾਂ ਨੂੰ ਮਿਲਣ ਲਈ ਵੀ ਉਨ੍ਹਾਂ ਦੇ ਚਮਚਿਆਂ ਨੂੰ ਤਰਲੇ ਮਾਰਨੇ ਪੈਂਦੇ ਹਨ।


ਵਿਅਕਤੀ ਵਿਸ਼ੇਸ਼ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਾਂਗਰਸੀ ਵਰਕਰਾਂ ਤੋਂ ਇਹ ਗਿਲਾ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਸਾਡੇ ਸਿਆਸੀ ਨੇਤਾਵਾਂ ਦੁਆਲੇ ਸੁਰੱਖਿਆ ਘੇਰੇ ਹੀ ਇਸ ਤਰ੍ਹਾਂ ਦੇ ਬਣਾਏ ਹੋਏ ਹਨ ਕਿ ਹਰੇਕ 'ਆਮ' ਬੰਦੇ ਤੋਂ ਉਨ੍ਹਾਂ ਨੂੰ ਖਤਰਾ ਮਹਿਸੂਸ ਹੁੰਦਾ ਹੈ। ਇਹੀ ਸੁਰੱਖਿਆ ਚੋਣਾਂ ਦੇ ਦਿਨਾਂ 'ਚ ਰਫੂ ਚੱਕਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਿਆਸੀ ਨੇਤਾਵਾਂ ਦੁਆਲੇ ਉਨ੍ਹਾਂ ਲੋਕਾਂ ਦੀ ਭੀੜ ਵੀ ਬੇਹਿਸਾਬ ਹੁੰਦੀ ਹੈ ਜੋ 'ਆਮ' ਲੋਕਾਂ ਨੂੰ ਉਨ੍ਹਾਂ ਤੱਕ ਪੁੱਜਣ ਹੀ ਨਹੀਂ ਦਿੰਦੇ। ਇਹ ਹੋਰ ਮਸਲਾ। ਸਾਡੇ ਇੱਥੇ ਪੁਲਿਸ ਭੈਅ ਪਾਉਣ ਲਈ ਰੱਖੀ ਹੋਈ ਹੈ, ਸੁਰੱਖਿਆ ਪ੍ਰਦਾਨ ਕਰਨ ਲਈ ਨਹੀਂ! ਬਹੁਤੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਜਾਂਦੇ 'ਸੰਗਤ ਦਰਸ਼ਨ' ਦੇ ਸਥਾਨ ਉੱਤੇ ਪਹੁੰਚ ਕੇ ਜਣਾ-ਖਣਾ ਫਰਿਆਦੀ ਉਨ੍ਹਾਂ ਨੂੰ ਨਹੀਂ ਮਿਲ ਸਕਦਾ। ਇਸ ਮਕਸਦ ਲਈ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਹੁੰਦਾ ਹੈ ਕਿ ਸੰਗਤ ਦਰਸ਼ਨ 'ਚ ਕਿਸ ਪਿੰਡ ਦੀ ਪੰਚਾਇਤ ਨੂੰ ਕਿੰਨੀ ਗ੍ਰਾਂਟ ਦੇਣੀ ਹੈ, ਕਿਸ ਨੂੰ ਮਿਲਣ ਦੇਣਾ ਹੈ। ਕੋਈ ਮਾਹਤੜ ਤੇ ਕਰਮਾਂ ਵਾਲਾ ਹੀ ਹੋਵੇਗਾ ਜੋ ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਤੋੜ ਕੇ ਉਨ੍ਹਾਂ ਤੱਕ ਬਿਨ ਬੁਲਾਏ ਹੀ ਪਹੁੰਚ ਜਾਵੇ! ਚੋਣਾਂ ਦੇ ਦਿਨਾਂ 'ਚ ਜਿਹੜੇ ਨੇਤਾ 'ਆਮ' ਬੰਦਾ ਬਣਕੇ ਲੋਕਾਂ ਦੇ ਘਰਾਂ 'ਚ ਰੋਟੀਆਂ ਖਾਂਦੇ ਫਿਰਦੇ ਹਨ, ਸਧਾਰਣ ਹਾਲਤਾਂ 'ਚ ਜਨਤਾ ਉਨ੍ਹਾਂ ਨੂੰ ਦੇਖਣ ਲਈ ਵੀ ਤਰਲੋ-ਮੱਛੀ ਹੁੰਦੀ ਰਹਿੰਦੀ ਹੈ। ਸਾਡੇ ਦੇਸ਼ 'ਚ ਹੁੰਦੇ ਵੱਖ-ਵੱਖ ਸਮਾਗਮਾਂ ਵਿਚ 'ਖਾਸ' ਬੰਦਿਆਂ ਲਈ ਵੀ.ਵੀ.ਆਈ.ਪੀ ਕੁਰਸੀਆਂ ਅਲੱਗ ਹੁੰਦੀਆਂ ਹਨ ਤੇ 'ਆਮ' ਕੁਰਸੀਆਂ ਅਲੱਗ ਹੁੰਦੀਆਂ ਹਨ ਜਦਕਿ ਯੂਰਪ/ਅਮਰੀਕਾ/ਕੈਨੇਡਾ 'ਚ ਜਿਨ੍ਹਾਂ ਕੁਰਸੀਆਂ 'ਤੇ 'ਖਾਸ' ਬੰਦਿਆਂ ਨੂੰ ਬੈਠਾਉਣਾ ਹੁੰਦਾ ਹੈ ਉਨ੍ਹਾਂ 'ਤੇ 'ਮਹਿਮਾਨਾਂ ਲਈ' ਲਿਖਿਆ ਹੁੰਦਾ ਹੈ।

ਜੇਕਰ ਕਿਸੇ ਵਿਭਾਗ ਦੇ ਮੰਤਰੀ ਤੱਕ ਕੋਈ ਕੰਮ ਨਿਕਲ ਆਵੇ ਤਾਂ ਚੰਡੀਗੜ੍ਹ ਸਕੱਤਰੇਤ 'ਚ ਦਾਖਿਲ ਹੋਣਾ ਆਮ ਬੰਦੇ ਲਈ ਪਾਕਿਸਤਾਨ ਦੀ ਸਰਹੱਦ ਟੱਪਣ ਜਿੰਨਾ ਹੀ ਔਖਾ ਹੈ। ਜਨਤਾ ਲਈ ਕੰਮ ਕਰਦੇ ਕਰਮਚਾਰੀਆਂ (ਸਰਕਾਰੀ ਮੁਲਾਜ਼ਮਾਂ) ਨੂੰ ਜਵਾਬਦੇਹ ਬਣਾਉਣ ਲਈ ਤਾਂ ਕਈ ਨਿਯਮ ਬਣਾਏ ਗਏ ਹਨ ਪਰ ਜਨਤਾ ਦੇ ਸੇਵਕਾਂ (ਸਿਆਸੀ ਆਗੂਆਂ) ਨੂੰ ਜਵਾਬਦੇਹ ਬਣਾਉਣ ਲਈ ਕੋਈ ਨੀਤੀ ਨਹੀਂ। ਇਹੀ ਕਾਰਣ ਹੈ ਕਿ ਅੰਨਾ ਹਜ਼ਾਰੇ ਦੀ ਮੁਹਿੰਮ ਨੂੰ ਆਮ ਲੋਕਾਂ ਨੇ ਹੱਥੋਂ-ਹੱਥ ਚੁੱਕ ਲਿਆ ਹੋਇਆ ਹੈ। ਆਮ ਅਤੇ ਖਾਸ ਵਿਚਲਾ ਇਹੀ ਫਰਕ ਦੇਸ਼ 'ਚ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਮਹਿੰਗਾਈ, ਜ਼ੁਰਮਾਂ 'ਚ ਵਾਧੇ ਅਤੇ ਕਾਲੇ ਧਨ ਦੇ ਵਾਧੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਜ਼ਰੂਰ ਹੈ।ਇਹ ਮਸਲਾ ਸਿਰਫ ਸਿਆਸੀ ਲੋਕਾਂ ਤੱਕ ਹੀ ਮਹਿਦੂਦ ਨਹੀਂ। ਬਾਕੀ ਖੇਤਰਾਂ ਦੀਆਂ ਅਹਿਮ ਹਸਤੀਆਂ ਨੂੰ ਵੀ 'ਖਾਸ' ਬਣਾਉਣ ਵਾਲਿਆਂ ਤੱਕ ਆਮ ਬੰਦੇ ਦਾ ਪਹੁੰਚਣਾ ਮੁਮਕਿਨ ਨਹੀਂ ਤਾਂ ਅਤਿ ਮੁਸ਼ਕਿਲ ਜ਼ਰੂਰ ਹੈ।

ਨਰਿੰਦਰ ਪਾਲ ਸਿੰਘ ਜਗਦਿਓ

Sunday, May 13, 2012

ਮੰਟੋ ਦੇ ਪਿੰਡ ਲਾਇਬ੍ਰੇਰੀ ਦੀ ਸਥਾਪਨਾ ਕਿਵੇਂ ਹੋਈ?






11 ਮਈ ਨੂੰ ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਦੇ ਸਬੰਧ 'ਚ       


ਸਆਦਤ ਹਸਨ ਦਾ ਨਾਂ ਮੈਂ 2007 ਤੋਂ ਪਹਿਲਾਂ ਕਦੇ ਨਹੀਂ ਸੁਣਿਆਂ ਸੀ। ਮੰਟੋ ਬਾਰੇ ਜ਼ਰੂਰ ਥੋੜ੍ਹਾ ਬਹੁਤ ਜਾਣਦਾ ਸੀ। ਪੰਜ ਕੁ ਸਾਲ ਪਹਿਲਾਂ ਹੀ ਪਤਾ ਚੱਲਿਆ ਕਿ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਕਹਾਣੀਕਾਰ ਮੰਟੋ ਦਾ ਪੂਰਾ ਨਾਂ ਸਆਦਤ ਹਸਨ ਮੰਟੋ ਐ। ਖੈਰ, ਸਤੰਬਰ 2007 'ਚ ਜਦੋਂ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ ਕੌਮਾਂਤਰੀ ਕਿਤਾਬ ਮੇਲਾ ਲੱਗਿਆ ਤਾਂ ਉਨ੍ਹੀਂ ਦਿਨੀਂ ਨੋਇਡਾ ਨੌਕਰੀ ਕਰਦੇ ਹੋਣ ਕਰਕੇ ਕਾਫੀ ਸਾਰੀਆਂ ਕਿਤਾਬਾਂ ਉੱਥੋਂ ਖਰੀਦ ਲਿਆਂਦੀਆਂ। ਇਕ ਕਿਤਾਬ ਮੰਟੋ ਦੀਆਂ ਕਹਾਣੀਆਂ ਦੀ ਵੀ ਸੀ। ਸਾਰੀਆਂ ਕਹਾਣੀਆਂ ਤਾਂ ਬਹੁਤ ਬਾਅਦ 'ਚ ਜਾ ਕੇ ਪੜ੍ਹੀਆਂ, ਪਹਿਲਾਂ ਕਿਤਾਬ ਦੀ ਜਿਲਦ 'ਤੇ ਇਹ ਪੜ੍ਹਕੇ ਹੈਰਾਨੀ ਦੀ ਹੱਦ ਨਾ ਰਹੀ ਕਿ ਮੰਟੋ ਦਾ ਜਨਮ ਤਾਂ ਸਮਰਾਲਾ ਨਜ਼ਦੀਕ ਪਿੰਡ ਪਪੜੌਦੀ 'ਚ ਉਸ ਦੇ ਨਾਨਕੇ ਘਰ ਹੋਇਆ ਏ। ਮੇਰਾ ਸ਼ਹਿਰ ਏ ਖੰਨਾ ਤੇ ਨਾਨਕਾ ਪਿੰਡ ਸਮਰਾਲਾ ਨਜ਼ਦੀਕ ਬੌਂਦਲੀ। ਯਾਨੀ ਮੇਰੇ ਨਾਨਕੇ ਪਿੰਡ ਤੇ ਮੰਟੋ ਦੇ ਨਾਨਕੇ ਪਿੰਡਾਂ ਵਿਚਲਾ ਫਾਸਲਾ ਕੋਈ ਜ਼ਿਆਦਾ ਨਹੀਂ ਹੈ। 

2008 'ਚ ਤਬਾਦਲਾ ਪੰਜਾਬ ਦਾ ਹੋ ਗਿਆ। ਉਸ ਵੇਲੇ ਪੇਸ਼ੇ ਵੱਜੋਂ ਪੱਤਰਕਾਰ ਹੋਣ ਦੇ ਨਾਤੇ ਮੰਟੋ ਦੇ ਜਨਮ ਦਿਨ ੧੧ ਮਈ ਤੋਂ ਇਕ ਦਿਨ ਪਹਿਲਾਂ ਯਾਨੀ 10 ਮਈ ਨੂੰ ਮੰਟੋ ਬਾਰੇ ਇਕ ਨਿਊਜ਼ ਰਿਪੋਰਟ ਬਣਾਉਣ ਲਈ ਮੈਂ ਪਪੜੌਦੀ ਅਤੇ ਸਮਰਾਲਾ 'ਚ ਕਈ ਜਣਿਆਂ ਤੋਂ ਮੰਟੋ ਬਾਰੇ ਪੁੱਛਿਆਂ। ਪਿੰਡ 'ਚ ਤਾਂ ਕਈਆਂ ਨੂੰ ਉਸ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਸੀ। ਇਹ ਜਾਣਕੇ ਬਹੁਤ ਹੈਰਾਨੀ ਅਤੇ ਨਿਰਾਸ਼ਾ ਹੋਈ ਕਿ  'ਟੋਭਾ ਟੇਕ ਸਿੰਘ' ਵਾਲੇ ਕਹਾਣੀਕਾਰ ਨੂੰ ਕੋਈ ਵੀ ਨਹੀਂ ਜਾਣਦਾ।  ਚਲੋ, ਆਖਿਰ ਸਮਰਾਲਾ ਦੇ ਦੋ-ਤਿੰਨ ਲੇਖਕਾਂ ਅਤੇ ਕਾਲਜ ਅਧਿਆਪਕਾਂ ਦੀਆਂ ਬਾਈਟਾਂ (ਛੋਟੀ ਇੰਟਰਵਿਊ) ਕਰਕੇ ਖਬਰ ਤਾਂ ਬਣਾ ਲਈ। ਉਨ੍ਹਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਪ੍ਰਸਾਸ਼ਨ ਨੂੰ ਕਈ ਵਾਰ ਯਾਦਗਾਰ ਬਣਾਉਣ ਲਈ ਕਿਹਾ ਪਰ ਬਣਿਆਂ ਕੁਝ ਨਹੀਂ।ਪਰ ਫੇਰ ਵੀ ਇਕ ਲਾਇਬਰੇਰੀ ਸਥਾਪਿਤ ਕਰਨੀ ਤਾਂ ਕੋਈ ਔਖੀ ਨਹੀਂ, ਇਹ ਮੇਰੇ ਜ਼ਹਿਨ 'ਚ ਸੀ। ਖਬਰ ਪ੍ਰਸਾਰਿਤ ਹੋ ਗਈ, ਗੱਲ ਆਈ-ਗਈ। 

ਸਮਾਂ ਗੁਜ਼ਰਦਾ ਗਿਆ। ਫਰਕ ਕਿਸੇ ਨੂੰ ਕੀ ਪੈਣਾ,  ਮੰਟੋ ਦੀ ਯਾਦ 'ਚ ਲਾਇਬਰੇਰੀ ਬਣੇ ਜਾਂ ਨਾ !  ਵਿਚ-ਵਿਚਾਲੇ ਮੇਰੇ ਤੋਂ ਕੁਝ ਕਿਤਾਬਾਂ ਮੇਰਾ ਇਕ ਪੱਤਰਕਾਰ ਸਾਥੀ ਪੜ੍ਹਨ ਲਈ ਮੰਗਕੇ ਲੈ ਗਿਆ,  ਨਾਲ ਮੰਟੋ ਵਾਲੀ ਕਿਤਾਬ ਵੀ ਸੀ। ਸਾਲ 2010,  ਮਈ ਮਹੀਨੇ ਦੇ ਪਹਿਲੇ ਦਿਨਾਂ 'ਚ ਜਦੋਂ ਕਿਤਾਬਾਂ ਮੋੜਨ ਦਾ ਜ਼ਿਕਰ ਆਇਆ ਤਾਂ ਗੱਲ ਮੰਟੋ ਦੀ ਵੀ ਤੁਰ ਪਈ। 11 ਮਈ ਤਾਂ ਫਿਰ ਆਉਣ ਵਾਲੀ ਸੀ। ਕੁਝ ਖਬਰਾਂ ਪੱਤਰਕਾਰਾਂ ਦੀਆਂ ਪੱਕੀਆਂ ਹੀ ਹੁੰਦੀਆਂ ਹਨ। ਹਰ ਸਾਲ ਬਸ ਸਮਾਂ ਤੇ ਥੋੜ੍ਹੇ-ਬਹੁਤ  ਸ਼ਬਦ ਇੱਧਰ-ਉੱਧਰ ਕਰਕੇ ਛਾਪੀ ਜਾਣਗੇ। ਮੈਂ ਵੀ ਇੰਝ ਹੀ ਕਰਨ ਦੇ ਮੂਡ 'ਚ ਸੀ। ਉਨ੍ਹੀਂ ਦਿਨੀਂ ਡਿਊਟੀ ਚੰਡੀਗੜ੍ਹ ਸੀ। 

ਕਹਾਣੀਕਾਰ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਕੋਲ ਗਿਆ ਤੇ ਉਨ੍ਹਾਂ ਨੂੰ ਕਿਹਾ ਕਿ ਮੰਟੋ ਬਾਰੇ ਕੁਝ ਵਿਚਾਰ ਸਾਂਝੇ ਕਰੋ। ਉਹ ਸਹਿਮਤ ਹੋ ਗਏ। ਜਦੋਂ ਉਨ੍ਹਾਂ ਨੂੰ ਮੰਟੋ ਦੇ ਜਨਮ ਸਥਾਨ ਬਾਰੇ ਦੱਸਿਆ ਤਾਂ ਉਹ ਚੁੱਪ ਹੋ ਗਏ ਤੇ ਕੁਝ ਗੰਭੀਰ ਵੀ। ਕਹਿੰਦੇ ਇਹ ਤਾਂ ਪਤਾ ਹੀ ਨਹੀਂ ਸੀ। ਉੱਪਰੋਂ ਜਦ ਪਿੰਡ 'ਚ ਮੰਟੋ ਦੀ ਕੋਈ ਯਾਦਗਾਰ ਨਾ ਹੋਣ ਬਾਰੇ ਦੱਸਿਆ ਤਾਂ ਉਨ੍ਹਾਂ ਉਸੇ ਸਮੇਂ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ  ਵੱਲੋਂ ਪਿੰਡ 'ਚ ਲਾਇਬਰੇਰੀ ਸਥਾਪਿਤ ਕਰਨ ਦੀ ਹਾਮੀ ਭਰ ਦਿੱਤੀ। ਸੰਧੂ ਸਾਹਿਬ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਫਾਊਂਡਰ ਮੈਂਬਰ ਨੇ। ਉਨ੍ਹਾਂ ਉਸੇ ਸਮੇਂ ਸਮਰਾਲਾ ਖੇਤਰ ਦੇ ਚਾਰ-ਪੰਜ ਸਾਹਿਤਕਾਰਾਂ ਨੂੰ ਮੋਬਾਇਲ ਵੀ ਖੜ੍ਹਕਾਏ। ਮੈਂ ਵੀ ਉਸ ਖੇਤਰ ਦੇ ਆਪਣੇ ਚੈਨਲ ਵਾਲੇ ਪੱਤਰਕਾਰ ਸਾਥੀ ਨੂੰ ਪਿੰਡਵਾਸੀਆਂ ਦਾ ਪ੍ਰਤੀਕਰਮ ਜਾਨਣ ਲਈ ਭੇਜਿਆ। ਉਸ ਸਮੇਂ ਪਿੰਡਵਾਸੀਆਂ ਦਾ ਹੁੰਗਾਰਾ ਬਹੁਤਾ ਹੀ ਮੱਠਾ ਸੀ। ਖੈਰ, ਸੰਧੂ ਸਾਹਿਬ ਇਸ ਪਾਸੇ ਲੱਗੇ ਰਹੇ। 

12 ਜੁਲਾਈ 2010 ਨੂੰ ਦੁਪਹਿਰ ਵੇਲੇ ਸੰਧੂ ਸਾਹਿਬ ਦਾ ਫੋਨ ਆਇਆ। ਕਹਿੰਦੇ ਕੱਲ੍ਹ ਪਪੜੌਦੀ ਵਿਖੇ ਮੰਟੋ ਯਾਦਗਾਰੀ ਲਾਇਬਰੇਰੀ ਦਾ ਉਦਘਾਟਨ ਏ। ਸਵੇਰੇ 10 ਕੁ ਵਜੇ ਪਹੁੰਚ ਜਾਈਂ। 'ਵਾਹ! ਕਮਾਲ ਕਰ ਦਿੱਤੀ', ਜਿਵੇਂ ਹੀ ਮੈਂ ਮੋਬਾਇਲ ਸੁਣਕੇ ਬੰਦ ਕੀਤਾ, ਇਹ ਸ਼ਬਦ ਆਪਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਗਏ। 13 ਜੁਲਾਈ ਨੂੰ ਸਾਦੇ ਜਿਹੇ ਸਮਾਗਮ ਦੌਰਾਨ ਦੌ ਸੌ ਤੋਂ ਵਧੇਰੇ ਕਿਤਾਬਾਂ ਵਾਲੀ ਮੰਟੋ ਯਾਦਗਾਰੀ ਲਾਇਬਰੇਰੀ ਦਾ ਪਪੜੌਦੀ ਦੇ ਗੁਰੂਦੁਆਰਾ ਸਾਹਿਬ ਦੀ ਇਮਾਰਤ 'ਚ ਉਦਘਾਟਨ ਕਰ ਦਿੱਤਾ ਗਿਆ। ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਕਈ  ਨਾਮੀਂ ਸਾਹਿਤਕਾਰਾਂ ਨੇ ਵੀ ਹਾਜ਼ਰੀ ਭਰੀ।ਸੰਧੂ ਸਾਹਿਬ ਅਨੁਸਾਰ "ਲਾਇਬਰੇਰੀ ਸਥਾਪਿਤ ਕਰਨ 'ਚ ਮਹਿੰਦਰ ਸਿੰਘ ਮਾਨੂੰਪੁਰੀ ਦੇ ਯਤਨਾਂ ਨੂੰ ਵੀ ਸਲਾਮ ਕਰਨਾ ਬਣਦਾ ਏ।" 

ਇਸ ਸਾਲ ਯਾਨੀ 2012 ਨੂੰ 11 ਮਈ ਵਾਲੇ ਦਿਨ ਮੰਟੋ ਦੀ ਜਨਮ ਸ਼ਤਾਬਦੀ ਹੈ। ਮੰਟੋ ਦੀ ਜਨਮ ਸ਼ਤਾਬਦੀ ਦੇ ਸਬੰਧ 'ਚ ਸਮਰਾਲਾ ਸਮੇਤ ਕੁਝ ਕੁ ਥਾਂਵਾਂ 'ਤੇ ਸਾਹਿਤਕ ਸਮਾਗਮ ਵੀ ਕਰਵਾਏ ਜਾ ਰਹੇ ਹਨ। ਹਾਲਾਂਕਿ ਪਪੜੌਦੀ ਮੰਟੋ ਦਾ ਨਾਨਕਾ ਪਿੰਡ ਹੈ ਪਰ ਮੰਟੋ ਕਰਕੇ ਪਿੰਡ ਨੂੰ ਕੌਮਾਂਤਰੀ ਪੱਧਰ 'ਤੇ ਜਿੰਨੀ ਪ੍ਰਸਿੱਧੀ ਮਿਲ ਰਹੀ ਹੈ ਇਸ ਨੂੰ ਸ਼ਾਂਭਨਾ ਹੁਣ ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦੀ ਜ਼ਿੰਮੇਵਾਰੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਤੇ ਸਕੂਨ ਵੀ ਕਿ ਮੰਟੋ ਜਿਹੇ ਬੇਬਾਕ ਅਤੇ ਦੁਨੀਆਂ ਭਰ 'ਚ ਮਸ਼ਹੂਰ ਲੇਖਕ ਦੀ ਉਸਦੇ ਪਿੰਡ 'ਚ ਯਾਦਗਾਰ ਸਥਾਪਿਤ ਕਰਨ ਅਤੇ ਸਾਹਿਤਕਾਰਾਂ ਦਾ ਧਿਆਨ ਇਸ ਪਾਸੇ ਲਗਾਉਣ 'ਚ ਜੇ ਜ਼ਿਆਦਾ ਨਹੀਂ ਤਾਂ ਥੋੜ੍ਹਾ ਜਿਹਾ ਯੋਗਦਾਨ ਤਾਂ ਮੇਰਾ ਵੀ ਬਣਦਾ ਹੈ।    


- ਨਰਿੰਦਰ ਪਾਲ ਸਿੰਘ ਜਗਦਿਓ 

npsjagdeo@gmail.com 

Thursday, May 10, 2012

ਟਕੇ-ਪਤੇ ਦੀ ਗੱਲ (takke-patte di gal)

ਸੁਪਨਾ ਹੀ ਤਾਂ ਟੁੱਟਿਆਂ ਏ ਕੋਈ ਸਾਹ ਨਹੀਂ, 
ਬੰਦ ਏਥੇ ਹੀ ਤਾਂ ਹੋ ਗਏ ਸਭ ਰਾਹ ਨਹੀਂ। 


 ਜੇ ਰੱਬ ਦੇ ਵਿਚ ਯਕੀਨ ਹੈ ਰੱਤੀ ਭਰ ਵੀ, 
ਮੰਨ ਉਹਦਾ ਭਾਣਾ, ਉਹਦੀ ਕੋਈ ਥਾਹ ਨਹੀਂ। 


 ਚੱਲੂ ਹਵਾ ਜੇ ਤੇਜ਼-ਤਰਾਰ ਤਾਂ ਪੱਤੇ ਖੜ੍ਹਕਣਗੇ, 
 ਖੜ-ਖੜ ਵੀ ਸੰਗੀਤ ਹੈ, ਕੋਈ ਗਾਹ ਨਹੀਂ। 


 ਜੇ ਆਪਣੀ ਇੱਜ਼ਤ ਜਾਨ ਤੋਂ ਵੱਧ ਪਿਆਰੀ ਹੈ, 
 ਅਗਲੇ ਦੀ ਵੀ ਪੱਗੜੀ ਪਰ ਤੂੰ ਲਾਹ ਨਹੀਂ।


 ਪਿਆਰ ਮੈਂ ਤੈਨੂੰ ਏਨਾਂ ਕੁ ਬਸ ਕਰਦਾ ਹਾਂ, 
 ਮੇਰੀ ਜ਼ਿੰਦਗੀ ਦਾ ਤੈਥੋਂ ਵੱਡਾ ਕੋਈ ਚਾਅ ਨਹੀਂ।


 ਤੇਰੇ ਗੀਤ ਜੇ ਸੁਣਕੇ ਕੰਨਾਂ 'ਤੇ ਕੋਈ ਹੱਥ ਧਰੇ, 
 ਕੀ ਫਾਇਦਾ ਐਸੇ ਗਾਉਣ ਦਾ, ਏਦੂੰ ਤਾਂ ਗਾ ਨਹੀਂ। 


 ਟਕੇ-ਪਤੇ ਦੀ ਗੱਲ ਹੀ ਕਰਨੀ ਜਾਣਦਾ ਹਾਂ,
ਐਨ.ਪੀ. ਬਣਾਉਂਦਾ ਕਦੇ ਗੱਲਾਂ ਦਾ ਕੜਾਹ ਨਹੀਂ। 


 - ਨਰਿੰਦਰ ਪਾਲ ਸਿੰਘ ਜਗਦਿਓ 
npsjagdeo@gmail.com