Sunday, July 24, 2011

ਖਾਲਸ ਤੁਕਬੰਦੀ (tukbandi)


ਕਿੱਡੇ-ਕਿੱਡੇ ਘਰ ਬਣੇ, ਵੱਡੇ-ਵੱਡੇ ਦਰ ਬਣੇ,
ਬੰਦੇ ਨੂੰ ਡਰਾਉਣ ਲਈ, ਕਿੰਨੇ ਹੀ ਨੇ ਡਰ ਬਣੇ,
ਗੁਰੂ ਦੇ ਦੁਆਰੇ ਬਣੇ, ਹਜ਼ਾਰਾਂ ਹੀ ਮੰਦਰ ਬਣੇ,
ਕੱਲ੍ਹ ਦੇ ਸੀ ਗੁਰੂ ਜੀ ਜੋ, ਅੱਜ ਦੇ ਉਹ ‘ਸਰ’ ਬਣੇ,
ਸ਼ਾਮ ਨੂੰ ਕੀ ਕਰਨਾ ਏ, ਸਕੀਮ ਦਿਨ ਭਰ ਬਣੇ,
ਬਾਂਦਰ ਤੋਂ ਬੰਦੇ ਬਣੇ, ਮੁੜ ਬੰਦੇ ਤੋਂ ਬਾਂਦਰ ਬਣੇ,
ਕੀ ਫਾਇਦਾ ਯਾਰੀ ਦਾ, ਸ਼ਰਤਾਂ ਨਾਲ ਜੇ ਮਿੱਤਰ ਬਣੇ,
ਟੁੱਟੇ ਦਿਲਾਂ ਦਾ ਨਤੀਜਾ, ਖਾਰੇ-ਖਾਰੇ ਸਮੁੰਦਰ ਬਣੇ,
ਜਵਾਨੀ ‘ਚ ਨਾ ਬਣੇ ਜੇ ਤਾਂ ਕਦੋਂ ਕਾਤਲ ਨਜ਼ਰ ਬਣੇ?,
ਤੂੰ ਹੋਰ ਸੋਹਣੀ ਲੱਗੇਗੀ, ਜੇ ਖਿਆਲ ਵੀ ਸੁੰਦਰ ਬਣੇ,
ਗਾਉਣ ਵਾਲਿਆਂ ਦੀ ਲਾਟਰੀ, ਪੈਸਾ ਦਿਨਾਂ ਅੰਦਰ ਬਣੇ,
ਖਾਲੀ ਹੱਥ ਤੁਰ ਜਾਵਣਾ, ਜੰਮ ਕਿੰਨੇ ਹੀ ਸਿਕੰਦਰ ਬਣੇ,
ਬੁੱਲਾ ਕਿਹੜਾ ਬਣ ਜਾਊ, ਭਾਵੇਂ ਲੱਖਾਂ ਹੀ ਕੰਜ਼ਰ ਬਣੇ,
ਅਸੀਂ ਬਣੇ ਜਾਂ ਨਾ ਕੁਝ ਬਣੇ, ਤੇਰੇ ਕਰਕੇ ਲਫੰਡਰ ਬਣੇ,
ਕਈ ਵਾਰੀ ਮਾੜਾ ਬੋਲਦੈ, ਸ਼ਬਦ-ਸ਼ਬਦ ਖੰਜ਼ਰ ਬਣੇ,
ਦਿਲ ਦੀ ਤਮੰਨਾ ਮੇਰੀ, ਇਕ ਕੋਠੀ ਜਲੰਧਰ ਬਣੇ,
ਫੇਰ ਵਾਰੇ-ਨਿਆਰੇ ਹੁੰਦੇ, ਤੁੱਕਾ, ਤੀਰ ਅਗਰ ਬਣੇ,
ਬੋਲਣੇ ਦਾ ਚੱਜ ਨਹੀਂ ਸੀ, ਬਾਈ ਜੀ ਐਂਕਰ ਬਣੇ,
ਤੇਰਾ ਕੱਢਦੇ ਕਸੂਰ ਸਾਰੇ, ਤੇ ਤੂੰ ਭੋਲਾ ਨਰਿੰਦਰ ਬਣੇ,
ਸਾਰੇ ਮਰਦ ਨੇ ਚਾਹੁੰਦੇ, ਗੱਲ ਇੰਝ ਜੇਕਰ ਬਣੇ-
ਸਿਆਣੀ ਹੋਵੇ ਘਰਵਾਲੀ, ਦੁੱਧਪਥਰੀ ਜਿਹੀ ਦਿਲਬਰ ਬਣੇ।

ਨਰਿੰਦਰ ਪਾਲ ਸਿੰਘ ਜਗਦਿਓ

Thursday, July 14, 2011

ਬਰਬਾਦ ਨਹੀਂ ਕਰਾਂਗਾ (barbaad)

ਮੈਂ ਤੈਨੂੰ ਭੁੱਲ ਜਾਵਾਂਗਾ,ਵਿਸਾਰ ਦੇਵਾਂਗਾ,

ਯਾਦ ਨਹੀਂ ਕਰਾਂਗਾ।

ਜਿਵੇਂ ਤੂੰ ਮੇਰੇ ਨਾਲ ਕੀਤੀ, ਉਂਝ ਤੈਨੂੰ,

ਬਰਬਾਦ ਨਹੀਂ ਕਰਾਂਗਾ।



ਪਿੱਪਲ ਉੱਗਦੇ ਕੰਧਾਂ ਵਿਚ ਉੱਗ ਜਾਣ ਦਿਓ,

ਬੀਆਬਾਨ ਤੇ ਉੱਜੜਿਆਂ ਘਰ ਇਹ,

ਆਬਾਦ ਨਹੀਂ ਕਰਾਂਗਾ।



ਦੇਖਣੇ ਨੂੰ ਚਾਰ-ਚੁਫੇਰਾ ਕੂੜਾ ਲੱਗਦਾ ਹੈ,

ਉਹਦੀ ਖਾਤਿਰ ਕੋਈ ਵੀ ਚੀਜ਼ ਹੁਣ, ਪਰ

ਖਰਾਬ ਨਹੀਂ ਕਰਾਂਗਾ।



ਜੋਤਿਸ਼ਪੁਣਾ ਨਾ ਮੰਨਿਆ, ਨਾ ਮੰਨਾਂਗਾ,

ਤੇਰੀ ਵੀ ਕਚਹਿਰੀ ਮੈਂ ਹੁਣ ਦਾਤਿਆਂ,

ਫਰਿਆਦ ਨਹੀਂ ਕਰਾਂਗਾ।



ਜ਼ਖਮ ਦੇਣੇ ਸੀ, ਦੇ ਦਿੱਤੇ ਉਸਨੇ,

ਕੰਡੇ ਨੇ ਆਪਣਾ ਫਰਜ਼ ਨਿਭਾਇਆਂ, ਮੈਂ-

ਧੰਨਵਾਦ ਨਹੀਂ ਕਰਾਂਗਾ।



ਨਿਰਣਾ ਕਰਕੇ ਬੈਠਾ ਐਨ.ਪੀ.,

ਲੱਖ ਸੁਨੇਹੇ ਘੱਲੇ ਹੁਣ ਕੋਈ, ਮੁੜਕੇ

ਮੁਲਾਕਾਤ ਨਹੀਂ ਕਰਾਂਗਾ।



ਅੱਜ ਬੈਠਕੇ ਸੁਣ ਲਓ ਇਹ ਗੱਲਾਂ ਮੇਰੀਆਂ,

ਦੁੱਖੜੇ, ਰੋਣ-ਧੋਣ ਦਾ ਬਿਆਨ, ਇਸ ਤੋਂ

ਬਾਅਦ ਨਹੀਂ ਕਰਾਂਗਾ।



ਨਰਿੰਦਰ ਪਾਲ ਸਿੰਘ ਜਗਦਿਓ

Thursday, July 7, 2011

ਖੁੱਲ੍ਹੀ ਕਿਤਾਬ (khulli kitab)


ਕਦੇ ਕੁਝ ਲਕੋਇਆ ਨਹੀਂ ਕਦੇ ਵੀ ਛੁਪਾਇਆਂ ਨਹੀਂ,
ਖੁੱਲ੍ਹੀ ਕਿਤਾਬ ਹਾਂ ਤੈਨੂੰ ਹੀ ਪੜ੍ਹਨਾ ਆਇਆਂ ਨਹੀਂ।

ਇਕ ਵਾਰ ਤਾਂ ਪੁੱਛ ਲੈਂਦੀ ਗੱਲ ਦਿਲ ਦੀ,
ਮੈਥੋਂ ਦੱਸਿਆਂ ਨੀ ਗਿਆ ਕੁਝ ਸੰਗ ਕਰਕੇ,
ਤੂੰ ਜਾਣ ਬੁੱਝ ਕੇ ਸਾਨੂੰ ਪਰ ਬੁਲਾਇਆਂ ਨਹੀਂ।

ਹੋਰ ਕਿੰਨੀ ਦੇਰ ਜਿਊਣਗੇ ਰਿਸ਼ਤੇ ਬਿਮਾਰ ਜਿਹੇ,
ਕਸਰ ਨਾ ਛੱਡੀ ਆਪਣੇ ਵੱਲੋਂ ਮੈਂ ਕੋਈ,
ਤੈਨੂੰ ਪਰ ਰੱਤੀ ਭਰ ਨਿਭਾਉਣਾ ਆਇਆਂ ਨਹੀਂ।

ਉਂਝ ਤਾਂ ਤੂੰ ਸੋਚ ਵਿਚਾਰ ਬੜਾ ਕਰਦੀ ਸੀ,
ਕੰਡਿਆਂ ਤੋਂ ਏਨਾ ਹੀ ਜੇ ਡਰ ਤੈਨੂੰ ਲੱਗਦੈ,
ਗੁਲਾਬ ਦੀ ਜਗ੍ਹਾਂ, ਗੁਲਦਾਊਦੀ ਕਿਉਂ ਉਗਾਇਆਂ ਨਹੀਂ?

ਗੱਲ ਇਹ ਠੀਕ ਤੇਰੀ-ਬੰਦਾ ਮੈਂ ਕਿਸੇ ਕੰਮ ਦਾ ਨਹੀਂ,
ਸਾਰੀਆਂ ਤਾਂ ਗੱਲਾਂ ਪਰ ਸੱਚੀਆਂ ਨੀ ਤੇਰੀਆਂ,
ਇਹ ਕਹਿਣਾ ਝੂਠ, ਤੂੰ ਦਿਲ ਕਿਸੇ ਦਾ ਦੁਖਾਇਆਂ ਨਹੀਂ।

ਕਦੇ ਕੁਝ ਲਕੋਇਆ ਨਹੀਂ ਕਦੇ ਵੀ ਛੁਪਾਇਆਂ ਨਹੀਂ,
ਖੁੱਲ੍ਹੀ ਕਿਤਾਬ ਹਾਂ ਤੈਨੂੰ ਹੀ ਪੜ੍ਹਨਾ ਆਇਆਂ ਨਹੀਂ।

ਨਰਿੰਦਰ ਪਾਲ ਸਿੰਘ ਜਗਦਿਓ