Friday, May 20, 2011

ਹਰਕਤਾਂ


ਬਿਨਾਂ ਵਜ੍ਹਾਂ ਹੀ ਐਵੇਂ ਜਿਹੜਾ ਔਖਾ ਭਾਰਾ ਹੁੰਦਾ ਏ,

ਹਰਕਤਾਂ ਤੋਂ ਹੀ ਬੰਦਾ ਚੰਗਾ-ਮਾੜਾ ਹੁੰਦਾ ਏ।


ਜੇ ਬੋਲੋ ਤਾਂ ਸੋਚ ਕੇ ਥੋੜ੍ਹਾ, ਨਹੀਂ ਤਾਂ ਚੁੱਪ ਭਲੀ,

ਬੋਲ-ਬੁਲਾਰੇ ਨਾਲ ਹੀ ਪੈਂਦਾ ਪੁਆੜਾ ਹੁੰਦਾ ਏ।


‘ਕੱਲਾ-ਕੱਲਾ ਕਿਸੇ ਕੰਮ ਨਹੀਂ, ਜੁੜਕੇ ਗੱਲ ਬਣੇ,

ਸੱਸਾ ਕੰਨਾ ਰਾਰਾ ਕੰਨਾ ਮਿਲ ਕੇ ਸਾਰਾ ਹੁੰਦਾ ਏ।


ਚੁਸਤ ਚਲਾਕੀਆਂ ਕਰਦਾ ਸੱਜਣ ਪਿਆਰਾ ਜੇ ਕੋਈ,

ਚੰਗਾ ਉਸ ਤੋਂ ਜਲਦੀ ਕੀਤਾ ਕਿਨਾਰਾ ਹੁੰਦਾ ਏ।


ਪੀ ਕੇ ਗੱਡੀ ਚਲਾਵੇ, ਬੈਠਾ ਐਕਸੀਡੈਂਟ ਕਰੀਂ,

ਪੁੱਛਣ ‘ਤੇ ਲੋਕਾਂ ਨੂੰ ਕਹਿੰਦਾ ਸ਼ਨੀ ਭਾਰਾ ਹੁੰਦਾ ਏ।


ਰਾਤ ਨੂੰ ਅੰਬਰ ਟਾਕੀ ਲਾ ਕੇ ਮੁੜਦਾ ਉਹ ਘਰ ਨੂੰ,

ਕੁੱਲ ਦੁਨੀਆਂ ‘ਚ ਦਿਨੇ ਕਿੰਨਾ ਵਿਚਾਰਾ ਹੁੰਦਾ ਏ।


ਜਨਾਬ ਕਿਵੇਂ ਓ ਪੁੱਛਣ ਲਈ ਜਿਗਰਾ ਕਰਨਾ ਪੈਂਦਾ ਜੀ,

ਠੀਕ ਹਾਂ ਬਸ ਦੋ ਸ਼ਬਦਾਂ ਦਾ ਉਹਦਾ ਹੁੰਗਾਰਾ ਹੁੰਦਾ ਏ।


ਤੇਰੀ ਨਜ਼ਰੇ ਭਾਵੇਂ ਔਸਤ ਤੋਂ ਵੀ ਘੱਟ ਦਰਜਾ,

ਪਰ ਹਰ ਮਾਂ ਲਈ ਉਸਦਾ ਬੱਚਾ ਸਭ ਤੋਂ ਪਿਆਰਾ ਹੁੰਦਾ ਏ।


ਬਹਿ ਕੇ ਫੇਰ ਕਿਸੇ ਦਿਨ ਗੱਲਾਂ ਕਰਾਂਗੇ ਦਿਲ ਦੀਆਂ,

ਐਨ.ਪੀ. ਜਿਹੇ ਵਿਹਲੇ ਨੂੰ ਗੱਲਾਂ ਦਾ ਹੀ ਸਹਾਰਾ ਹੁੰਦਾ ਏ।


ਨਰਿੰਦਰ ਪਾਲ ਸਿੰਘ ਜਗਦਿਓ

· · Share · Delete

No comments: