ਜਦੋਂ ਮੈਂ ਅੱਠਵੀਂ ਜਮਾਤ ਖੰਨਾ ਸ਼ਹਿਰ ਦੇ ਇਕ ਅੰਗਰੇਜ਼ੀ ਮਾਡਲ ਸਕੂਲ ਤੋਂ ਪਾਸ ਕੀਤੀ ਤਾਂ ਇਹ ਗੱਲਾਂ ਆਮ ਸੁਣਿਆਂ ਕਰਦਾ ਸੀ ਕਿ ਹੁਣ ਜੇਕਰ ਮੈਂ 'ਬੰਦਾ' ਬਣਨਾ ਏ ਅਤੇ ਦੁਨੀਆਂ 'ਚ ਕੁਝ 'ਖੱਟਣਾ' ਤੇ 'ਸਿੱਖਣਾ' ਏ ਤਾਂ ਆਰੀਆ ਸਕੂਲ 'ਚ ਦਾਖਲਾ ਲੈ ਲਵਾਂ। ਹਾਲਾਂਕਿ ਉਨਾਂ ਸਾਲਾਂ 'ਚ ਆਰੀਆ ਸਕੂਲ ਦੀ ਸਾਖ ਕੋਈ ਬਹੁਤੀ ਵਧੀਆਂ ਨਹੀਂ ਸੀ। ਮੈਂ ਮਾਡਲ ਸਕੂਲ 'ਚ ਹਾਈ-ਫਾਈ ਘਰਾਂ ਦੇ ਸੋਹਣੇ-ਸੋਹਣੇ ਮੁੰਡੇ-ਕੁੜੀਆਂ ਨਾਲ ਪੜਿਆਂ ਸੀ ਅਤੇ ਆਰੀਆ ਸਕੂਲ ਇਕ ਤਾਂ ਹੈ ਸਿਰਫ ਮੁੰਡਿਆ ਲਈ ਸੀ ਅਤੇ ਇੱਥੇ ਆਰਥਿਕ ਪੱਖੋਂ ਵਿਦਿਆਰਥੀਆਂ 'ਚ ਬਹੁਤ ਵੱਡਾ ਪਾੜਾ ਸੀ। ਖੈਰ, 1993 'ਚ ਮੈਂ ਆਰੀਆ ਸਕੂਲ 'ਚ ਦਾਖਲਾ ਲੈ ਲਿਆ। ਮਾਡਲ ਸਕੂਲ ਅਤੇ ਆਰੀਆ ਸਕੂਲ ਦੇ ਮਾਹੌਲ 'ਚ ਅੰਤਾਂ ਦਾ ਬਦਲਾਅ ਸੀ। ਸਿਰਫ ਮੁੰਡਿਆਂ ਦਾ ਸਕੂਲ ਹੋਣ ਕਰਕੇ ਮਾਸਟਰਾਂ ਅਤੇ ਵਿਦਿਆਰਥੀਆਂ ਦੀ ਭਾਸ਼ਾਂ 'ਸਖਤ ਤੇ ਸ਼ਰਮ ਰਹਿਤ' ਸੀ। ਚੰਗੀ ਗੱਲ ਇਹ ਲੱਗੀ ਸੀ ਕਿ ਸਕੂਲ ਦੀ ਇਮਾਰਤ ਕਿਲਾਨੁਮਾ ਤੇ ਇਤਿਹਾਸਕ ਹੈ ਅਤੇ ਖੁੱਲੇ-ਖੁੱਲੇ ਕਮਰੇ ਹਨ। ਮੇਰੇ ਡੈਡੀ ਜੀ ਵੀ ਇਸੇ ਸਕੂਲ ਦੇ ਵਿਦਿਆਰਥੀ ਰਹੇ ਹਨ। ਹੋਰ ਤਾਂ ਹੋਰ ਦਾਦਾ ਜੀ ਦੀ ਉਮਰ ਦੇ ਕਈ ਬਜ਼ੁਰਗ ਵੀ ਏਸੇ ਸਕੂਲ ਤੋਂ ਪੜੇ ਹਨ। ਕੋਈ ਵੇਲਾ ਸੀ ਜਦੋਂ ਹਰੇਕ ਖੰਨਾ ਵਾਸੀ ਆਰੀਆ ਸਕੂਲ ਦਾ ਵਿਦਿਆਰਥੀ ਸੀ । ਇੱਥੋਂ ਤੱਕ ਕਿ ਸਮਰਾਲਾ, ਪਾਇਲ, ਮਾਛੀਵਾੜਾ, ਮੰਡੀ ਗੋਬਿੰਦਗੜ, ਜਰਗ, ਦੋਰਾਹਾ ਆਦਿ ਇਲਾਕਿਆਂ ਦੇ ਲੋਕ ਵੀ ਇਸ ਸਕੂਲ 'ਚ ਪੜਨ ਆਉਂਦੇ ਸਨ। ਡੈਡੀ ਹੋਰੀਂ ਦੱਸਦੇ ਹੁੰਦੇ ਆ ਕਿ ਜਿਨਾਂ ਵੇਲਿਆਂ 'ਚ ਉਹ ਆਰੀਆ ਸਕੂਲ ਦੇ ਵਿਦਿਆਰਥੀ ਰਹੇ ਹਨ, ਉਦੋਂ ਸਕੂਲ ਦਾ ਅਨੁਸਾਸ਼ਨ ਅਤੇ ਪੜਾਈ ਪੰਜਾਬ ਭਰ ਵਿਚ ਮਸ਼ਹੂਰ ਸੀ । ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਦੇ ਡੰਡੇ ਤੋਂ ਸਕੂਲ ਦੇ ਅਧਿਆਪਕ ਵੀ ਡਰਿਆ ਕਰਦੇ ਸੀ । ਪਰ ਮੇਰੇ ਦਾਖਲਾ ਲੈਣ ਤੱਕ ਸਕੂਲ ਦਾ ਮਿਆਰ ਉਹੋ ਜਿਹਾ ਨਹੀਂ ਰਿਹਾ ਸੀ । ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਆਰੀਆ ਸਕੂਲ 'ਚ ਦਾਖਲਾ ਲੈ ਕੇ ਕੋਈ ਗਲਤੀ ਕਰ ਲਈ ਸੀ । ਬਿਲਕੁਲ ਨਹੀਂ। ਸਮੇਂ ਦੇ ਨਾਲ-ਨਾਲ ਚੱਲਦਿਆਂ ਬੀਤ ਰਹੇ ਪਲਾਂ ਦੀ ਅਹਿਮੀਅਤ ਦਾ ਗਿਆਨ ਸਾਨੂੰ ਤੁਰੰਤ ਨਹੀਂ ਹੁੰਦਾ। ਕਿਸੇ ਸੰਸਥਾ, ਅਦਾਰੇ ਜਾਂ ਵਿਅਕਤੀ ਤੋਂ ਅਸੀਂ ਕੀ ਸਿੱਖਿਆ ਹੈ ਇਸ ਦਾ ਪਤਾ ਬਾਅਦ ਵਿਚ ਚੱਲਦਾ ਹੈ। ਹਾਲਾਂਕਿ ਪੜਾਈ ਦੌਰਾਣ ਮੈਂ ਬਹੁਤ ਹੀ ਔਸਤ ਦਰਜੇ ਦਾ ਵਿਦਿਆਰਥੀ ਰਿਹਾਂ ਹਾਂ ਪਰ ਆਰੀਆ ਸਕੂਲ 'ਚ ਬਿਤਾਏ ਚਾਰ ਸਾਲਾਂ ਨੇ ਜ਼ਿੰਦਗੀ ਦੇ ਕਈ ਤਜ਼ਰਬੇ ਅਤੇ ਤਲਖ ਸੱਚਾਈਆਂ ਤੋਂ ਜਾਣੂੰ ਕਰਵਾਇਆ। ਹਾਲਾਂਕਿ ਬਾਅਦ 'ਚ ਮੈਂ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ 'ਚ ਵੀ ਪੜਾਈ ਕੀਤੀ ਪਰ ਆਰੀਆ ਸਕੂਲ ਦੀ ਕੋਈ ਰੀਸ ਨਹੀਂ । ਸਾਡੇ ਵੇਲਿਆਂ 'ਚ ਆਰੀਆ ਸਕੂਲ ਦੇ ਵਿਦਿਆਰਥੀਆਂ ਨੂੰ 'ਦੇਸੀ' ਗਿਣਿਆਂ ਜਾਂਦਾ ਸੀ ਪਰ ਅੱਜ ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ ਕਿ ਜਿੰਨੇ ਵੱਡੇ ਵਪਾਰੀ, ਸਾਹਿਤਕਾਰ, ਸਰਕਾਰੀ ਮੁਲਾਜ਼ਮ ਅਤੇ ਸਿਆਸਤਦਾਨ ਆਰੀਆ ਸਕੂਲ ਨੇ ਪੈਦਾ ਕੀਤੇ ਹਨ, ਇਲਾਕੇ ਦਾ ਕੋਈ ਸਕੂਲ ਉਸ ਦੇ ਨੇੜੇ ਵੀ ਨਹੀਂ ਢੁੱਕਦਾ। ਅੱਜ ਭਾਵੇਂ ਸ਼ਹਿਰ 'ਚ ਕਿੰਨੇ ਹੀ ਸਕੂਲ ਹਨ ਪਰ ਆਰੀਆ ਸਕੂਲ ਆਪਣੀ ਮਸਤ ਚਾਲੇ ਚੱਲ ਰਿਹਾ ਹੈ। ਮੌਜੂਦਾ ਸਮੇਂ ਸਕੂਲ ਦਾ ਮਿਆਰ ਅਤੇ ਸਥਿਤੀ ਸਾਡੇ ਸਮੇਂ ਨਾਲੋਂ ਸੁਭਾਵਿਕ ਹੈ ਦਰੁਸਤ ਹੋ ਗਈ ਹੋਵੇਗੀ ਕਿਉਂ ਕਿ ਮੈਂ ਸੁਣਿਐ ਹੁਣ ਸਕੂਲ 'ਚ ਕਾਫੀ ਸਖਤੀ ਹੈ। ਸਾਲ 2012 ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਦਾ ਵਰਾ ਹੈ। ਇਹ ਸਾਲ ਮੰਟੋ ਦੀ ਜਨਮ ਭੂਮੀ (ਪਪੜੌਦੀ, ਸਮਰਾਲਾ) ਦੇ ਨਾਲ ਲੱਗਦੇ ਸ਼ਹਿਰ ਖੰਨਾ ਲਈ ਵੀ ਬਹੁਤ ਮਹੱਤਵਪੂਰਣ ਹੈ। ਸੌ ਸਾਲ ਪਹਿਲਾਂ ਵਿੱਦਿਅਕ ਸੰਸਥਾ ਆਰਿਆ ਐਂਗਲੋ ਸੰਸਕ੍ਰਿਤ ਹਾਈ ਸਕੂਲ ਹੋਂਦ ਵਿਚ ਆਇਆ ਸੀ। ਛੋਟੇ ਅੱਖਰਾਂ 'ਚ ਇਸ ਨੂੰ ਏ.ਐਸ.ਹਾਈ ਸਕੂਲ ਲਿਖਿਆ ਜਾਂਦਾ ਹੈ। ਪਰ ਇਸ ਦਾ ਮਕਬੂਲ ਨਾਂ ਹੈ ਆਰੀਆ ਸਕੂਲ (ਆਰਿਆ ਨਹੀਂ)। ਹਾਲਾਂਕਿ ਸਮੇਂ ਦੇ ਨਾਲ-ਨਾਲ ਇਹ ਸਕੂਲ ਹਾਈ ਤੋਂ ਸੀਨੀਅਰ ਸੈਕੰਡਰੀ ਤੱਕ ਪਹੁੰਚ ਗਿਆ ਹੈ। ਆਰੀਆ ਸਕੂਲ 1912 'ਚ ਦੋ ਕਮਰਿਆਂ 'ਚ ਸ਼ੁਰੂ ਕੀਤਾ ਗਿਆ ਸੀ। ਤਿੰਨ ਸਾਲ ਬਾਅਦ ਹੀ ਸਕੂਲ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਏ.ਐਸ. ਹਾਈ ਸਕੂਲ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦਾ ਗਠਨ ਕੀਤਾ ਗਿਆ, ਜੋ ਅੱਜ ਤੱਕ ਨਿਰੰਤਰ ਕੰਮ ਕਰ ਰਹੀ ਹੈ। ਇਸ ਟਰੱਸਟ ਦੇ ਮੈਂਬਰਾਂ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਹਰ ਤਿੰਨ ਸਾਲ ਬਾਅਦ ਵੋਟਾਂ ਰਾਹੀਂ ਹੁੰਦੀ ਹੈ। ਆਰੀਆ ਸਕੂਲ ਹੁਣ ਸਿਰਫ ਇਕ ਸਕੂਲ ਨਹੀਂ ਰਿਹਾ ਬਲਕਿ ਇਕ ਐਸੀ ਸੰਸਥਾ ਬਣ ਚੁੱਕੀ ਹੈ ਜਿਸ ਤੋਂ ਪੜੇ ਵਿਦਿਆਰਥੀ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਹਨ। ਦੋ ਕਮਰਿਆਂ ਤੋਂ ਸ਼ੁਰੂ ਹੋਏ ਇਸ ਸਕੂਲ ਦੀ ਬਦੌਲਤ ਅੱਜ ਸੱਤ ਹੋਰ ਵਿੱਦਿਅਕ ਸੰਸਥਾਵਾਂ ਇਸ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਹਨ। ਹਰੇਕ ਵਿਅਕਤੀ ਨੂੰ ਆਪਣੇ ਸਕੂਲ ਨਾਲ ਪਿਆਰ ਅਤੇ ਮੋਹ ਹੁੰਦਾ ਹੈ। ਉਮਰਾਂ ਦੇ ਬੀਤਣ ਨਾਲ ਇਹ ਮੁਹੱਬਤ ਹੋਰ ਡੂੰਘੇਰੀ ਹੁੰਦੀ ਜਾਂਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਆਰੀਆ ਸਕੂਲ ਦੇ ਵਿਦਿਆਰਥੀਆ ਲਈ ਸਾਲ 2012 ਵਿਸ਼ੇਸ਼ ਮਹੱਤਤਾ ਵਾਲਾ ਵਰਾ ਹੋਵੇਗਾ। ਜਿਵੇਂ ਮੰਟੋ ਦੀ ਯਾਦ 'ਚ ਸਮਾਗਮਾਂ ਤੇ ਸਨਮਾਨਾਂ ਦਾ ਸਿਲਸਿਲਾ ਚੱਲ ਰਿਹਾ ਹੈ ਕਿਉਂ ਨਾ ਆਰੀਆ ਸਕੂਲ ਦੀ ਸ਼ਤਾਬਦੀ ਦੇ ਜਸ਼ਨ ਵੀ ਮਨਾਏ ਜਾਣ? ਮੰਟੋ ਤੇ ਆਰੀਆ ਸਕੂਲ ਦਾ ਕੋਈ ਮੇਲ-ਮਿਲਾਪ ਤਾਂ ਹੈ ਨਹੀਂ ਪਰ ਸ਼ਤਾਬਦੀ ਤਾਂ ਸ਼ਤਾਬਦੀ ਹੀ ਹੁੰਦੀ ਹੈ! - ਨਰਿੰਦਰ ਪਾਲ ਸਿੰਘ ਜਗਦਿਓ
ਦੇਸ਼ ਦਾ ਅਜਿਹਾ ਕੋਈ ਹਿੱਸਾ ਨਹੀਂ ਬਚਿਆ ਹੋਵੇਗਾ ਜਿੱਥੇ ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ ਦਾ ਧੰਦਾ ਨਹੀਂ ਚੱਲ ਰਿਹਾ ਹੋਵੇਗਾ। ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਵਿੱਦਿਅਕ ਸੰਸਥਾਵਾਂ ਤੋਂ ਬਾਹਰ ਟਿਊਸ਼ਨਾਂ ਪੜ੍ਹਨ ਦੀ ਜ਼ਰੂਰਤ ਕਿਉਂ ਪਈ ਅਤੇ ਵਿੱਦਿਅਕ ਅਦਾਰਿਆਂ ਦੇ ਮੁਕਾਬਲੇ ਟਿਊਸ਼ਨ ਸੈਂਟਰਾਂ ਦਾ ਕੰਮਕਾਰ ਕਿਉਂ ਵਧ-ਫੁੱਲ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਵੀ ਅਜਿਹੇ ਟਿਊਸ਼ਨ ਅਤੇ ਕੋਚਿੰਗ ਸੈਂਟਰ ਵੱਡਾ ਸਵਾਲੀਆਂ ਨਿਸ਼ਾਨ ਲਗਾਉਂਦੇ ਹਨ।ਕੀ ਸਾਡੇ ਸਕੂਲਾਂ/ਕਾਲਜਾਂ 'ਚ ਕਰਵਾਈ ਜਾਂਦੀ ਪੜ੍ਹਾਈ ਦਾ ਮਿਆਰ ਅਤੇ ਅਧਿਆਪਕਾਂ ਦੀ ਕਾਰਜ-ਕੁਸ਼ਲਤਾ ਇਨ੍ਹਾਂ ਸੈਂਟਰਾਂ 'ਚ ਪੜ੍ਹਾਉਣ ਵਾਲਿਆਂ ਨਾਲੋਂ ਘੱਟ ਹੈ? (ਉਂਝ ਟਿਊਸ਼ਨਾਂ ਵੀ ਜ਼ਿਆਦਾਤਰ ਉਹੀਂ ਅਧਿਆਪਕ ਪੜ੍ਹਾਉਂਦੇ ਹਨ ਜੋ ਸਕੂਲਾਂ/ਕਾਲਜਾਂ 'ਚ ਅਧਿਆਪਕ ਹਨ ਅਤੇ ਉਨ੍ਹਾਂ ਕੋਲ ਟਿਊਸ਼ਨਾਂ ਪੜ੍ਹਨ ਵਾਲੇ ਵੀ ਜ਼ਿਆਦਾਤਰ ਉਨ੍ਹਾਂ ਦੇ ਸਕੂਲ/ਕਾਲਜ ਦੇ ਹੀ ਵਿਦਿਆਰਥੀ ਹੁੰਦੇ ਹਨ।)
ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਨੇ ਮੌਜੂਦਾ ਸਮੇਂ 'ਚ ਸਾਡੀ ਸਿੱਖਿਆ ਪ੍ਰਣਾਲੀ ਦੀ ਸਾਖ ਅਤੇ ਸਾਰਥਕਤਾ ਪ੍ਰਤੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਵੀ ਖੜ੍ਹੇ ਕਰ ਦਿੱਤੇ ਹਨ। ਇਹ ਸਵਾਲ ਅੱਜ ਹੋਰ ਵੀ ਜ਼ਿਆਦਾ ਘੋਖ-ਪੜਤਾਲ ਅਤੇ ਵਿਚਾਰ-ਚਰਚਾ ਦੀ ਮੰਗ ਕਰਦੇ ਹਨ ਕਿਉਂ ਕਿ ਕਈ ਟਿਊਸ਼ਨ ਸੈਂਟਰ ਵਾਲੇ ਮੌਜੂਦਾ ਸਮੇਂ 'ਚ ਨਿੱਜੀ ਯੂਨੀਵਰਸਿਟੀਆਂ ਦੇ 'ਮਾਲਕ' ਬਣ ਬੈਠੇ ਹਨ। ਉਹ ਵੀ ਸਮੇਂ ਸੀ ਜਦੋਂ ਅਧਿਆਪਕ ਨਿੱਜੀ ਦਿਲਚਸਪੀ ਲੈ ਕੇ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲ/ਕਾਲਜ ਦੀ ਛੁੱਟੀ ਤੋਂ ਬਾਅਦ ਬਿਨਾਂ ਕੋਈ ਪੈਸਾ ਲਿਆ 'ਵਾਧੂ ਪੀਰੀਅਡ' 'ਚ ਪੜ੍ਹਾ ਦਿੰਦੇ ਸੀ ਅਤੇ ਇਕ ਅੱਜ ਦਾ ਸਮਾਂ ਹੈ ਜਦੋਂ ਬਹੁਤੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਕੋਲ ਟਿਊਸ਼ਨ ਲੱਗਣ ਲਈ 'ਮਜ਼ਬੂਰ' ਕਰ ਦਿੰਦੇ ਹਨ। ਅੱਜ ਟਿਊਸ਼ਨ ਦੀਆਂ ਫੀਸਾਂ ਦੇਣੀਆਂ ਹਰ ਮਾਪੇ ਦੇ ਵਸ ਦੀ ਗੱਲ ਨਹੀਂ।
ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ ਦੇ ਸੰਦਰਭ 'ਚ ਇਕ-ਦੋ ਨੁਕਤੇ ਸਮਝਣ ਨਾਲ ਇਨ੍ਹਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ। ਪਹਿਲਾ ਤਾਂ ਹਰੇਕ ਕਲਾਸ ਦੇ ਸਿਲੇਬਸ ਨੂੰ ਸਾਲ 'ਚ ਹੋਣ ਵਾਲੀ ਪੜ੍ਹਾਈ ਦੇ ਹਿਸਾਬ ਨਾਲ ਤਰਕਸੰਗਤ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਕੀ ਇਹ ਸੰਭਵ ਹੈ ਕਿ 400-500 ਸਫਿਆਂ ਵਾਲੀ ਅਤੇ 20-25 ਚੈਪਟਰਾਂ ਵਾਲੀ ਕਿਸੇ ਕਿਤਾਬ ਨੂੰ 90-100 ਕਲਾਸਾਂ/ਲੈਕਚਰਾਂ 'ਚ ਪੜ੍ਹਾਇਆ ਜਾ ਸਕੇ? ਇਹ ਸਿਰਫ ਇਕ ਵਿਸ਼ੇ ਦੀ ਗੱਲ ਹੈ ਜਦਕਿ ਇਕ ਜਮਾਤ 'ਚ ਪੰਜ ਜਾਂ ਛੇ ਵਿਸ਼ੇ ਹੋਰ ਵੀ ਪੜ੍ਹਾਏ ਜਾਣੇ ਹੁੰਦੇ ਹਨ। ਪੜ੍ਹਾਈ ਦਾ ਇਹੀ ਦਬਾਅ ਵਿਦਿਆਰਥੀਆਂ ਨੂੰ ਟਿਊਸ਼ਨਾਂ ਪੜ੍ਹਨ ਲਈ ਮਜ਼ਬੂਰ ਕਰਦਾ ਹੈ। ਦੂਸਰਾ, ਸਾਡੇ ਸਿੱਖਿਆ ਤੰਤਰ 'ਚ ਅਧਿਆਪਕਾਂ ਦੇ ਮੁਲਾਂਕਣ ਦਾ ਕੋਈ ਸਾਰਥਕ ਮਾਪਦੰਡ ਨਹੀਂ ਹੈ। ਬਲਕਿ ਅਧਿਆਪਕਾਂ ਨੂੰ ਬੱਚਿਆਂ ਦੀ 'ਇੰਟਰਨਲ ਅਸੈਸਮੈਂਟ' ਲਗਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਸਦੇ ਡਰ ਹੇਠ ਬਹੁਤੇ ਬੱਚੇ ਤਾਂ ਉਸੇ ਅਧਿਆਪਕ ਕੋਲ ਟਿਊਸ਼ਨ ਰੱਖ ਲੈਂਦੇ ਹਨ ਤਾਂ ਜੋ ਉਸਦੇ ਨੰਬਰ ਵਧੀਆਂ ਲੱਗ ਜਾਣ।
ਤੀਸਰਾ, ਟਿਊਸ਼ਨ ਸੈਂਟਰ ਕਿਸੇ ਨਿਯਮ/ਕਾਨੂੰਨ ਹੇਠਾਂ ਨਹੀਂ ਆਉਂਦੇ ਜਦਕਿ ਕਈ ਸੈਂਟਰਾਂ 'ਚ ਸਕੂਲਾਂ/ਕਾਲਜਾਂ ਦੀ ਤਰ੍ਹਾਂ ਹੀ ਕਲਾਸ ਰੂਮ ਬਣਾ ਕੇ ਉੱਥੇ ਪੜ੍ਹਾਈ ਕਰਵਾਈ ਜਾਂਦੀ ਹੈ। ਕਈ ਵਿੱਦਿਅਕ ਸੰਸਥਾਵਾਂ ਨੇ ਆਪਣੇ ਅਧਿਆਪਕਾਂ ਲਈ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਜੇਕਰ ਉੱਥੋਂ ਦਾ ਅਧਿਆਪਕ ਟਿਊਸ਼ਨ ਪੜ੍ਹਾਉਂਦਾ ਜਾਂ ਪੈਸੇ ਲੈ ਕੇ ਕੋਈ ਕੋਚਿੰਗ ਦਿੰਦਾ ਫੜਿਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ। ਅਜਿਹੀ ਵਿਵਸਥਾ ਹਰ ਅਦਾਰੇ 'ਚ ਕਰਨੀ ਜ਼ਰੂਰੀ ਹੈ। ਪਰ ਸਵਾਲ ਤਾਂ ਇਹ ਹੈ ਕਿ ਉਨ੍ਹਾਂ ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਦਾ ਕੀ ਕੀਤਾ ਜਾਵੇ ਜੋ ਆਜ਼ਾਦਾਨਾ ਤੌਰ 'ਤੇ ਆਪਣੇ ਪੈਰ ਪਸਾਰ ਰਹੇ ਹਨ। ਇਸ ਕੰਮ ਲਈ ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੁੱਧੀਜੀਵੀਆਂ ਅਤੇ ਸਿੱਖਿਆਂ ਸ਼ਾਸ਼ਤਰੀਆਂ ਨੂੰ ਅਜਿਹੀਆਂ ਨੀਤੀਆਂ ਅਤੇ ਸਿਲੇਬਸ ਤਿਆਰ ਕਰਨੇ ਚਾਹੀਦੇ ਹਨ ਤੇ ਅਧਿਆਪਕਾਂ ਨੂੰ ਖਾਸ ਸਿਖਲਾਈ ਦੇਣੀ ਚਾਹੀਦੀ ਹੈ ਕਿ ਇਕ ਪੀਰੀਅਡ 'ਚ ਜੋ ਪੜ੍ਹਾਇਆਂ ਗਿਆ ਉਸਦੀ ਸਮਝ ਸਾਰੇ ਵਿਦਿਆਰਥੀਆਂ ਨੂੰ ਆ ਗਈ ਹੈ, ਇਹ ਸੁਨਿਸ਼ਚਿਤ ਕੀਤਾ ਜਾਵੇ। ਅਧਿਆਪਕ-ਵਿਦਿਆਰਥੀਆਂ ਦੀ ਗਿਣਤੀ ਕਿਸੇ ਵੀ ਹਾਲਤ 'ਚ ਇਕ ਅਧਿਆਪਕ ਪਿੱਛੇ 25-30 ਵਿਦਿਆਰਥੀਆਂ ਤੋਂ ਜ਼ਿਆਦਾ ਨਾ ਹੋਵੇ।
ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਦਾ ਧੰਦਾ ਕਿਵੇਂ ਵਧ-ਫੁਲ ਰਿਹਾ ਹੈ ਇਸ ਬਾਰੇ 'ਆਰਕਸ਼ਨ' ਫਿਲਮ 'ਚ ਵੀ ਬਹੁਤ ਕੁਝ ਦਿਖਾਇਆ ਗਿਆ ਹੈ, ਜੋ ਕਿ ਸੱਚ ਵੀ ਹੈ ਪਰ ਅਮਲੀ ਰੂਪ 'ਚ ਇਸ ਸਬੰਧੀ ਬਹੁਤ ਸਾਰੇ ਯਤਨ ਕਰਨੇ ਹਾਲੇ ਬਾਕੀ ਹਨ। ਹੈਰਾਨੀ ਅਤੇ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਸੁਣੀਦਾ ਹੈ ਕਿ ਯੂ.ਕੇ.ਜੀ. ਵਾਲੇ ਵਿਦਿਆਰਥੀ ਵੀ ਟਿਊਸ਼ਨਾਂ ਪੜ੍ਹਦੇ ਹਨ। ਫਿਰ ਸਕੂਲਾਂ 'ਚ ਕੀ ਪੜ੍ਹਾਇਆ ਜਾਂਦਾ ਹੈ? ਸਕੂਲ ਕਾਹਦੇ ਲਈ ਹਨ? ਅਜਿਹੇ ਬਹੁਤ ਸਾਰੇ ਲੋਕ ਵੀ ਹਨ ਜੋ 'ਸਟੇਟਸ' ਕਰਕੇ ਆਪਣੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਟਿਊਸ਼ਨ ਸੈਂਟਰ ਭੇਜ ਦਿੰਦੇ ਹਨ। ਪਰ ਬਹੁਤੇ ਲੋਕ ਅਜਿਹੇ ਵੀ ਹਨ ਜੋ ਮਜ਼ਬੂਰੀਵਸ ਆਪਣੇ ਧੀਆਂ-ਪੁੱਤਰਾਂ ਨੂੰ ਟਿਊਸ਼ਨਾਂ ਪੜ੍ਹਾਉਂਦੇ ਹਨ। ਅਧਿਆਪਕਾਂ ਦੇ ਦੋਹਰੇ ਮਾਪਦੰਡ ਵੀ ਸਾਹਮਣੇ ਆ ਰਹੇ ਹਨ।ਉਹੀਂ ਅਧਿਆਪਕ ਸਕੂਲ/ਕਾਲਜ 'ਚ ਉਨਾ ਚੰਗਾ ਕਿਉਂ ਨਹੀਂ ਪੜ੍ਹਾਉਂਦਾ ਜਿੰਨਾ ਜ਼ੋਰ ਟਿਊਸ਼ਨ ਪੜ੍ਹਾਉਣ ਵੇਲੇ ਲਗਾਉਂਦੇ ਹਨ? 'ਉੱਪਰਲੀਆਂ ਕਮਾਈਆਂ' ਨੇ ਬਹੁਤੇ ਅਧਿਆਪਕਾਂ ਦੇ ਈਮਾਨ ਵੀ ਹਿਲਾ ਦਿੱਤੇ ਹਨ ਅਤੇ ਰੱਬ ਵਰਗੇ ਅਧਿਆਪਨ ਦੇ ਪੇਸ਼ੇ ਨੂੰ ਵੀ ਦਾਗਦਾਰ ਕਰ ਦਿੱਤਾ ਹੈ।
ਜਦੋਂ ਵਿਦਿਆਰਥੀ ਮੋਟੀਆਂ ਰਕਮਾਂ ਦੇ ਕੇ ਸਕੂਲਾਂ/ਕਾਲਜਾਂ 'ਚ ਦਾਖਲੇ ਕਰਵਾਉਂਦੇ ਹਨ ਤਾਂ ਇਨ੍ਹਾਂ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਵਿਦਿਆਰਥੀਆਂ ਨੂੰ 'ਟਿਊਸਨਾਂ ਰਹਿਤ' ਪੜ੍ਹਾਈ ਕਰਵਾਈ ਜਾਵੇ ਅਤੇ ਜਦੋਂ ਅਧਿਆਪਕ ਮੋਟੀਆਂ ਤਨਖਾਹਾਂ ਲੈਂਦੇ ਹਨ ਤਾਂ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਸਾਰਾ ਜ਼ੋਰ ਸਕੂਲਾਂ/ਕਾਲਜਾਂ 'ਚ ਪੜ੍ਹਾਉਣ 'ਤੇ ਹੀ ਲਾਉਣ। ਇਹ ਬਹਾਨਾ ਤਰਕਹੀਣ ਹੈ ਕਿ ਕੁਝ ਨਿੱਜੀ ਸਕੂਲ ਘੱਟ ਤਨਖਾਹਾਂ ਦੇ ਕੇ ਅਧਿਆਪਕਾਂ ਦਾ ਸ਼ੋਸ਼ਣ ਕਰਦੇ ਹਨ ਇਸ ਲਈ ਜ਼ਿਆਦਾ ਪੈਸੇ ਕਮਾਉਣ ਲਈ ਅਜਿਹੇ ਅਧਿਆਪਕ ਟਿਊਸ਼ਨਾਂ ਪੜ੍ਹਾਉਂਦੇ ਹਨ। ਟਿਊਸ਼ਨਾਂ ਪੜ੍ਹਾ ਕੇ ਅੱਗੋਂ ਅਜਿਹੇ ਅਧਿਆਪਕ ਵੀ ਤਾਂ ਵਿਦਿਆਰਥੀਆਂ ਦਾ ਸ਼ੋਸ਼ਣ ਹੀ ਕਰ ਰਹੇ ਹੁੰਦੇ ਹਨ।
ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਅੱਜ ਤਕਰੀਬਨ ਹਰੇਕ ਸ਼ਹਿਰ/ਕਸਬੇ 'ਚ ਟਿਊਸ਼ਨ ਸੈਂਟਰਾਂ ਦਾ ਗੋਰਖਧੰਦਾ ਚੱਲ ਰਿਹਾ ਹੈ। ਗਲੀ-ਮੁਹੱਲਿਆਂ ਦੇ ਘਰਾਂ 'ਚ ਵੀ ਟਿਊਸ਼ਨਾਂ ਪੜ੍ਹਾਉਣ ਦੇ ਬੋਰਡ ਲੱਗੇ ਹੋਏ ਹਨ। ਕੀ ਸਕੂਲੀ/ਕਾਲਜ ਦੀ ਪੜ੍ਹਾਈ ਦਾ ਮਿਆਰ ਏਨਾ ਡਿਗ ਚੁੱਕਾ ਹੈ ਕਿ ਟਿਊਸ਼ਨ ਬਿਨਾਂ ਗੁਜ਼ਾਰਾ ਨਹੀਂ ਹੋਣਾ? ਜਾਂ ਫਿਰ ਵਿਦਿਆਰਥੀਆਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਹੈ ਕਿ ਉਹ ਸਮਝਣਾ ਹੀ ਟਿਊਸ਼ਨ 'ਤੇ ਜਾ ਕੇ ਚਾਹੁੰਦੇ ਹਨ। ਇਕ ਗੱਲ ਤਾਂ ਬਹੁਤ ਸਪੱਸ਼ਟ ਹੈ ਕਿ ਟਿਊਸ਼ਨਾਂ ਦੇ ਗੋਰਖਧੰਦੇ 'ਚੋਂ ਨਿਕਲਣ ਲਈ ਅਧਿਆਪਕਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਬਹੁਤ ਸਾਰੀਆਂ ਪਹਿਲਕਦਮੀਆਂ ਸ਼ੁਰੂ ਕਰਨ ਦੀ ਲੋੜ ਹੈ (ਉੱਪਰ ਲਿਖੇ ਕਈ ਸੁਝਾਅ ਅਤੇ ਸਵਾਲਾਂ ਦਾ ਹੱਲ ਵੀ ਇਸੇ ਪੱਧਰ 'ਤੇ ਨਿਕਲ ਆਵੇਗਾ)। ਅਸਲ ਮਸਲੇ ਦੀ
ਜੜ੍ਹ ਦਾ ਆਗਾਜ਼ ਹੀ ਇੱਥੋਂ ਹੁੰਦਾ ਹੈ, ਬਾਕੀ ਦੇ ਪੱਧਰਾਂ 'ਤੇ ਕਾਰਵਾਈਆਂ ਖੁਦ ਹੀ ਸੁਖਾਲੀਆਂ ਹੋ ਜਾਣਗੀਆਂ ਜਦੋਂ ਵਿਦਿਆਰਥੀਆਂ ਨੂੰ ਟਿਊਸ਼ਨਾਂ ਨਾ ਪੜ੍ਹਨ ਦੇਣ ਦਾ ਪ੍ਰਣ ਅਧਿਆਪਕ ਅਤੇ ਵਿੱਦਿਅਕ ਅਦਾਰੇ ਕਰ ਲੈਣਗੇ। - ਨਰਿੰਦਰ ਪਾਲ ਸਿੰਘ ਜਗਦਿਓ