Sunday, February 12, 2012

ਵਿਸ਼ਵਾਸ (vishvas)

ਵਿਸ਼ਵਾਸ ਹੀ ਹਰ ਰਿਸ਼ਤੇ ਦਾ ਆਧਾਰ ਹੁੰਦਾ ਹੈ,
ਕੂਲੇ ਗੁਲਾਬ ਨਾਲ ਸਖਤ ਜਿਹਾ ਖਾਰ ਹੁੰਦਾ ਹੈ,
ਦਿਲ ਦੀ ਗੱਲ ਮੰਨਿਆਂ ਕਰ ਦਿਲ-ਜਾਨੀਆਂ,
ਦਿਮਾਗਾਂ ਸਹਾਰੇ ਕਦੋਂ ਕਿਸੇ ਨਾਲ ਪਿਆਰ ਹੁੰਦਾ ਹੈ।

ਪਾਉਣ ਲਈ ਤਰੱਕੀਆਂ ਖੋ ਬੈਠਾ ਏ ਯਾਰਾਂ ਨੂੰ,
ਹੁਣ ਕਿਉਂ ਕਹਿਨੈ 'ਕੱਲਾ ਪੈਸਾ ਤਾਂ ਬੇਕਾਰ ਹੁੰਦਾ ਹੈ?
ਬਰਾਬਰ ਦਾ ਧੀ-ਪੁੱਤ ਜੇ ਕਿਤੇ ਪੈਰ ਛੱਡ ਜਾਏ,
ਬੇਦੋਸ਼ਾ ਪਿਓ ਬਦਨਾਮ ਫਿਰ ਸ਼ਰੇ-ਬਜ਼ਾਰ ਹੁੰਦਾ ਹੈ।

ਵਰ੍ਹਦੇ ਮੀਂਹ ਵਿਚ ਤੈਨੂੰ ਹਾਂ ਮੈਂ ਮਿਲਣੇ ਆਇਆ,
ਆ ਜਾ ਤੂੰ ਵੀ ਤੈਨੂੰ ਕਿਹੜਾ ਬੁਖਾਰ ਹੁੰਦਾ ਹੈ।
ਅਸ਼ਟਾਮ ਪੇਪਰ 'ਤੇ ਸੱਤ ਜਨਮ ਤੇਰੇ ਨਾਂ ਲਿਖਾਏ,
ਐਨ.ਪੀ. ਜਿਹਾ ਹਰ ਕੋਈ ਨਹੀਂ ਦਿਲਦਾਰ ਹੁੰਦਾ ਹੈ।

ਨਾ ਆਖ ਕਿ ਹੋ ਗਿਐ ਸੁਰਖਰੂ ਦੁਨੀਆਂਦਾਰੀ ਤੋਂ,
ਮਹਿਬੂਬ ਦਾ ਤਾਂ ਹਰ ਬੰਦਾ ਹੀ ਕਰਜ਼ਦਾਰ ਹੁੰਦਾ ਹੈ।
ਨਾ ਕੋਈ ਤੁਲਨਾ ਨਾ ਇਸ ਵਰਗਾ ਦੂਜਾ ਕੋਈ ਹੈ,
ਮਾਂ ਦਾ ਤਾਂ ਰੱਬ ਤੋਂ ਵੀ ਉੱਚਾ ਕਿਰਦਾਰ ਹੁੰਦਾ ਹੈ।

ਪੱਗ ਪੀਲੀ, ਮੁੰਡੇ ਕਰਕੇ ਖੜ੍ਹੀਆਂ ਮੁੱਛਾਂ ਫਿਰਦੇ,
ਹੋਵੇ ਸੋਚ ਵਿਕਾਸਮੁਖੀ ਤਾਂ ਭਗਤ ਸਰਦਾਰ ਹੁੰਦਾ ਹੈ।
ਮੈਂ ਜ਼ਿੰਦਗੀ ਦਾਅ 'ਤੇ ਲਾਈ ਜਨੂੰਨ ਪਗਾਉਣ ਲਈ,
ਸ਼ੌਕ ਦਾ ਮੁੱਲ ਹਰ ਇਕ ਤੋਂ ਕਿੱਥੇ ਤਾਰ ਹੁੰਦਾ ਹੈ।

ਯਾਰੋ ਬਚਪਨ ਦੀ ਰਜਵਾੜਾਸ਼ਾਹੀ ਕਿੱਥੇ ਭੁੱਲਦੀ ਏ,
ਇਨ੍ਹਾਂ ਯਾਦਾਂ ਦਾ ਵੀ ਆਪਣਾ ਇਕ ਸੰਸਾਰ ਹੁੰਦਾ ਹੈ।
ਸੁਭਾਅ ਵਿਚ ਆਕੜ, ਕੁਰੱਖਤ ਜਿਹੀ ਜੇ ਬੋਲੀ ਬੋਲੇ,
ਪੁਲਿਸ ਵਾਲਾ ਜਾਂ ਅਜਿਹਾ ਕੋਈ ਪੱਤਰਕਾਰ ਹੁੰਦਾ ਹੈ।

- ਨਰਿੰਦਰ ਪਾਲ ਸਿੰਘ ਜਗਦਿਓ