Sunday, June 28, 2009

ਕੌਣ ਕਹਿੰਦੈ ਮਾਣਕ ਕਲੀਆਂ ਦਾ ਬਾਦਸ਼ਾਹ ਏ ???


ਜੀ.ਟੀ.ਰੋਡ ‘ਤੇ _ ‘ਇਹ ਤਾਂ ਗੀਤ ਹੀ ਨਹੀਂ’

ਮੈਂ ਤੇ ਮੇਰੇ ਕੁਝ ਸਾਥੀ ਦਫਤਰ ‘ਚ ਬੈਠੇ ਕੁਲਦੀਪ ਮਾਣਕ ਦੀ ਜ਼ਿੰਦਗੀ ‘ਤੇ ਬਣਾਈ ਇਕ ਡਾਕੂਮੈਂਟਰੀ ਫਿਲਮ ਦੇਖ ਰਹੇ ਸੀ। ਡਾਕੂਮੈਂਟਰੀ ਦੇ ਅੰਤਿਮ ਕੁਝ ਕੁ ਮਿੰਟ ਹੀ ਬਚੇ ਸੀ। ਕੁਲਦੀਪ ਨੂੰ ‘ਮਾਣਕ’ ਤੋਂ ‘ਕਲੀਆਂ ਦਾ ਬਾਦਸ਼ਾਹ’ ਬਣਾਉਣ ਵਾਲਾ ਦੇਵ ਥਰੀਕੇ ਵਾਲਾ ਤੇ ਮਾਣਕ ਆਪਸ ‘ਚ ਬੈਠੇ ਗੱਲਾਂ ਕਰ ਰਹੇ ਸੀ। ਦੇਵ ਕਹਿੰਦਾ “ਮਾਣਕਾਂ ਜੇ ਤੂੰ ਨਾ ਹੁੰਦਾ, ਮੈਨੂੰ ਕਿਹਨੇ ਪੁੱਛਣਾ ਸੀ। ਤੂੰ ਮੈਨੂੰ ਮਿਲਿਆ ਤਾਂ ਕਿਤੇ ਜਾ ਕੇ ਮੇਰੇ ਲਿਖੇ ਦਾ ਕੁਝ ਮੁੱਲ ਪਿਆ, ਨਹੀਂ ਤਾਂ ਖੇਹ ਸੀ ਸਭ ਲਿਖਿਆ।” ਮਾਣਕ ਨੇ ‘ਹਾਂ ਜੀ ਹਾਂ’ ਕਹਿਕੇ ਹੁੰਗਾਰਾ ਭਰ ਦਿੱਤਾ।


ਮੈਂ ਕਿਹਾ “ਦੇਖ ਲਓ ਕਿੰਨਾ ਸਧਾਰਣ ਬੰਦਾ ਇਹ ਥਰੀਕੇ ਵਾਲਾ ਜਿਹਨੇ ਮਾਣਕ ਨੂੰ ਏਸ ਮੁਕਾਮ ਤੱਕ ਪਹੁੰਚਾਇਆ।” ਜੇ ਦੇਵ ਥਰੀਕੇ ਵਾਲਾ ਦੇ ਲਿਖੇ ਗੀਤ ਤੇਰੇ ਟਿੱਲੇ ਤੋਂ ਸੂਰਤ ਦਿਹਦੀ ਆ ਹੀਰ ਦੀ ਅਤੇ ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ਮਾਣਕ ਨਾ ਗਾਉਂਦਾ ਤਾਂ ਅੱਜ ਪੰਜਾਬੀ ਗਾਇਕੀ ਦਾ ਇਤਿਹਾਸ ਸ਼ਾਇਦ ਕੁਝ ਹੋਰ ਹੀ ਹੋਣਾ ਸੀ। ਸਾਡੇ ‘ਚੋਂ ਇਕ ਕਹਿੰਦਾ “ਨਰਿੰਦਰ ਤੂੰ ‘ਬਾਪੂ’ (ਦੇਵ ਥਰੀਕੇ ਵਾਲਾ) ਨਾਲ ਖਾਸ ਮੁਲਾਕਾਤ ਕਿਉਂ ਨੀ ਕਰਦਾ ? ਗੱਲ ਕਰ ਹੁਣੇ ਕਰਾਂ ਟਾਇਮ ਫਿਕਸ।” ਜ਼ੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਮੇਰਾ ਪ੍ਰੋਗਰਾਮ ‘ਇਕ ਖਾਸ ਮੁਲਾਕਾਤ’ ਤਾਂ ਚੱਲ ਹੀ ਰਿਹਾ ਏ। ਮੈਂ ਨਾਲ ਦੀ ਨਾਲ ਹਾਂ ਕਰ ਦਿੱਤੀ।


ਦੇਵ ਨੂੰ ਬਹੁਤੇ ਜਣੇ ਬਾਪੂ ਕਹਿ ਕੇ ਬੁਲਾਉਂਦੇ ਨੇ ਅਤੇ ਜਿਹੜੇ ਉਹਦੇ ਬਹੁਤ ਹੀ ਜ਼ਿਆਦਾ ‘ਖਾਸ ਤੇ ਨਜ਼ਦੀਕ’ ਨੇ ਉਨ੍ਹਾਂ ‘ਚੋਂ ਜ਼ਿਆਦਾਤਰ ਤਾਂ ਦੇਵ ਨੂੰ ਓਏ ਬੁੜ੍ਹਿਆ ਕਹਿ ਕੇ ਬੁਲਾਉਂਦੇ ਨੇ। ਖੁਦ ਬਾਪੂ ਜਦੋਂ ਆਪਣੀਆਂ ਗੱਲਾਂ ਸੁਣਾਉਂਦੈ ਤਾਂ ਉਹ ਵੀ ਇਨ੍ਹਾਂ ਸ਼ਬਦਾਂ ਦੀ ਖੁੱਲ੍ਹ ਕੇ ਵਰਤੋਂ ਕਰਦਾ ਏ।


ਖੈਰ, ਪੰਜਾਬੀ ਗੀਤਕਾਰੀ ਦੇ ਬਾਪੂ ਨਾਲ ਇੰਟਰਵਿਊ ਲਈ ਟਾਇਮ ਫਿਕਸ ਕਰ ਲਿਆ। ਬਾਪੂ ਕਹਿੰਦਾ “ਯਾਰ ਮੈਂ ਮੋਹਾਲੀ ਤੁਹਾਡੇ ਸਟੂਡੀਓ ਆਊ ਕਿਵੇਂ, ਮੈਂ ਠਹਿਰਿਆ ਬੁੱਢਾ-ਠੇਰਾ ਬੰਦਾ।” ਚਲੋ ਮੈਂ ਆਪਣੇ ਦਫਤਰ ਦੀ ਗੱਡੀ ਦੇਵ ਥਰੀਕੇ ਵਾਲੇ ਨੂੰ ਲੈ ਕੇ ਆਉਣ ਅਤੇ ਛੱਡ ਕੇ ਆਉਣ ਬਾਰੇ ਕਰਾਰ ਕਰ ਲਿਆ। ਦੋ-ਤਿੰਨ ਦਿਨ ਹਾਲੇ ਇੰਟਰਵਿਊ ਲਈ ਬਾਕੀ ਸਨ । ਮੈਂ ਦੇਵ ਥਰੀਕੇ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਉਸ ਬਾਰੇ ਲਿਖੀ ਇਕ ਕਿਤਾਬ ਵੀ ਪੜ੍ਹੀ। ਇੰਟਰਨੈੱਟ ਤੋਂ ਗੱਲਾਂਬਾਤਾਂ ਇਕੱਠੀਆਂ ਕੀਤੀਆਂ। ਪੰਜਾਬੀ ਗੀਤ ਸੁਣਨ ਵਾਲਿਆਂ ਤੋਂ ਵੀ ਉਸ ਬਾਰੇ ਪੁੱਛਿਆ।


ਇੰਟਰਵਿਊ ਵਾਲੇ ਦਿਨ ਬਾਪੂ ਦਾ ਸਵੇਰੇ ਹੀ ਮੋਬਾਇਲ ਆ ਗਿਆ। “ਹਾਂ ਬਈ ਨਰਿੰਦਰਾ, ਗੱਡੀ ਆ ਰਹੀ ਐ ਫੇਰ?” ਬਾਪੂ ਇੰਝ ਗੱਲਾਂ ਕਰ ਰਿਹਾ ਸੀ ਜਿਵੇਂ ਬਹੁਤ ਪੁਰਾਣੀ ਜਾਣ-ਪਹਿਚਾਣ ਹੋਵੇ। ਟਾਈਮ ਸਿਰ ਦੇਵ ਸਾਹਿਬ ਸਟੂਡੀਓ ਆ ਗਏ। ਇਸ ਇੰਟਰਵਿਊ ਦੌਰਾਨ ਬੜੀਆਂ ਦਿਲਚਸਪ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਇੰਟਰਵਿਊ ‘ਚ ਮੈਂ ਸਵਾਲ ਕੀਤਾ ਕਿ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਬਣਾਉਣ ‘ਚ ਤੁਹਾਡਾ ਸਭ ਤੋਂ ਵੱਡਾ ਹੱਥ ਏ, ਤੁਸੀਂ ਖੁਦ ਕੀ ਮਹਿਸੂਸ ਕਰਦੇ ਓ। ਪੈਂਦੀ ਸੱਟੇ ਬਾਪੂ ਕਹਿੰਦਾ “ਕੌਣ ਕਹਿੰਦੈ ਬਈ ਮਾਣਕ ਕਲੀਆਂ ਦਾ ਬਾਦਸ਼ਾਹ ਏ? ਮੈਂ ਤਾਂ ਉਸਨੂੰ ਕਲੀਆਂ ਦਾ ਬਾਦਸ਼ਾਹ ਮੰਨਦਾ ਹੀ ਨਹੀਂ।ਬਲਕਿ ਮਾਣਕ ਨੂੰ ਜੇਕਰ ਲੋਕ ਗਾਥਾਵਾਂ ਦਾ ਬਾਦਸ਼ਾਹ ਕਿਹਾ ਜਾਵੇ ਤਾਂ ਵਧੇਰੇ ਢੁਕਵਾਂ ਏ।” ਮੇਰੇ ਮੱਥੇ ‘ਤੇ ਪ੍ਰਸ਼ਨ ਰੂਪੀ ਲਕੀਰਾਂ ਖਿੱਚੀਆਂ ਦੇਖਕੇ ਬਾਪੂ ਕਹਿੰਦਾ, ਨਰਿੰਦਰ ਦਰਅਸਲ ਕਲੀ ਤਾਂ ਗੀਤਾਂ ਦੀ ਛੰਦਬੰਦੀ ਦੀ ਇਕ ਕਿਸਮ ਏ ਅਤੇ ਮਾਣਕ ਨੇ ਤਾਂ ਆਪਣੇ ਗਾਇਕੀ ਜੀਵਨ ‘ਚ ਕੁੱਲ 15 ਕੁ ਕਲੀਆਂ ਹੀ ਗਾਈਆਂ ਨੇ ਜਿਨ੍ਹਾਂ ‘ਚੋਂ 12-13 ਮੇਰੀਆਂ ਲਿਖੀਆਂ ਨੇ ਤੇ ਬਾਕੀ 3-4 ਕਿਸੇ ਹੋਰ ਦੀਆਂ ਨੇ।
ਅਸਲ ‘ਚ ਮਾਣਕ ਦੀ ਗਾਈ ਤੇ ਦੇਵ ਦੀ ਲਿਖੀ ਕਲੀ ‘ਤੇਰੇ ਟਿੱਲੇ ਤੋਂ ਸੂਰਤ…’ ਏਨੀ ਕੁ ਮਕਬੂਲ ਏ ਕਿ ਲੋਕਾਂ ਨੇ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਹੀ ਬਣਾ ਦਿੱਤਾ ਜਦਕਿ ਥਰੀਕੇ ਵਾਲਾ ਮਾਣਕ ਨੂੰ ‘ਲੋਕ ਗਾਥਾਵਾਂ ਦਾ ਬਾਦਸ਼ਾਹ’ ਮੰਨਦਾ ਏ।


ਇਸੇ ਤਰ੍ਹਾਂ ਇਕ ਹੋਰ ਸਵਾਲ ਦੇ ਜਵਾਬ ‘ਚ ਦੇਵ ਥਰੀਕੇ ਨੇ ਆਪਣੇ ਲਿਖੇ ਗੀਤ ਜੀ.ਟੀ.ਰੋਡ ‘ਤੇ ਦੁਹਾਈਆ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ ਨੂੰ ਗੀਤ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਕਹਿੰਦਾ “ਮੈਂ ਤਾਂ ਆਪਣੇ ਇਸ ਗੀਤ ਨੂੰ ਗੀਤ ਹੀ ਨਹੀਂ ਮੰਨਦਾ।” ਲੰਬਰਦਾਰਨੀ ਫਿਲਮ ‘ਚ ਰਿਕਾਰਡ ਹੋਇਆ ਇਹ ਗੀਤ ਲਿਖਵਾਉਣ ਲਈ ਜਦੋਂ ਫਿਲਮਕਾਰ ਉਸ ਕੋਲ ਆਏ ਤਾਂ ਉਹ ਸਕੂਲ ‘ਚ ਬੈਠਾ ਸੀ (ਦੇਵ ਥਰੀਕੇ ਵਾਲਾ ਅਧਿਆਪਕ ਸੀ ਅਤੇ 1997 ‘ਚ ਸੇਵਾਮੁਕਤ ਹੋਇਆ ਏ।) ਜਦੋਂ ਉਨ੍ਹਾਂ ਟਰੱਕਾਂ ਵਾਲਿਆਂ ‘ਤੇ ਕੋਈ ਗੀਤ ਲਿਖ ਕੇ ਦੇਣ ਲਈ ਕਿਹਾ ਤਾਂ ਦੇਵ ਕਹਿੰਦਾ, ਬਈ ਦੋ-ਤਿੰਨ ਦਿਨ ਦਿਓ ਮੈਂ ਲਿਖਕੇ ਦੇ ਦੇਵਾਂਗਾ। ਉਹ ਕਹਿੰਦੇ “ਦੇਵ ਯਾਰ ਕੱਲ੍ਹ ਨੂੰ ਤਾਂ ਗੀਤ ਰਿਕਾਰਡ ਕਰਵਾਉਣਾ ਏ।” ਬਾਪੂ ਕਹਿੰਦਾ ਯਾਰੋ ਜੇ ਤਾਂ ਗੀਤ ‘ਲਿਖਵਾਉਣਾ’ ਏ ਤਾਂ ਦੋ-ਤਿੰਨ ਦਿਨ ਦਿਓ ਅਤੇ ਜੇ ਗੀਤ ‘ਜੁੜਵਾਉਣਾ’ ਏ ਤਾਂ ਮੈਂ ਹੁਣੇ ਅੱਧੇ ਘੰਟੇ ‘ਚ ਤੁਕਬੰਦੀ ਕਰਕੇ ਦੇ ਦਿੰਦਾ ਹਾਂ।


ਇਸ ਤਰ੍ਹਾਂ ਅੱਜ ਤੱਕ ਧੁੰਮਾਂ ਪਾਉਣ ਵਾਲੇ ਇਸ ਗੀਤ ਨੂੰ ਦੇਵ ਨੇ ਕੁਝ ਕੁ ਮਿੰਟਾਂ ‘ਚ ਹੀ ਜੋੜ ਦਿੱਤਾ ਸੀ ਅਤੇ ਉਹ ਇਸਨੂੰ ਗੀਤ ਮੰਨਣ ਦੀ ਬਜਾਏ ਤੁੱਕਬੰਦੀ ਹੀ ਮੰਨਦਾ ਏ। ਇਹੀ ਗੱਲਾਂ ਨੇ ਜੋ ਉਸਨੂੰ ‘ਬਾਪੂ’ ਦਾ ਦਰਜਾ ਦਿਵਾਉਂਦੀਆਂ ਨੇ।-------- ਯੂ ਟਿਊਬ ‘ਤੇ ਵੀ ਸਾਰੀ ਦੀ ਸਾਰੀ ਇੰਟਰਵਿਊ ਦੇਖੀ ਜਾ ਸਕਦੀ ਏ। (just open www.youtube.com and search dev thrike wala)


ਪੀਣ ਦਾ ਬਾਪੂ ਅੱਜ ਵੀ ਰੱਜ ਕੇ ਸ਼ੌਕੀਨ ਏ। ਭਾਵੇਂ ਸਿਹਤ ਉਸਨੂੰ ਇਜਾਜ਼ਤ ਨਹੀਂ ਦਿੰਦੀ ਪਰ 3-4 ਪੈੱਗ ਲਾਉਣ ਤੋਂ ਬਾਅਦ ਨਾਂਹ-ਨਾਂਹ ਕਰਦਾ ਵੀ 4-5 ਪੈੱਗ ਹੋਰ ਲਾ ਜਾਂਦਾ ਹੈ। ਪ੍ਰੋਗਰਾਮ ਦੀ ਰਿਕਾਰਡਿੰਗ ਤੋਂ ਬਾਅਦ ਅਸੀਂ ਬਾਪੂ ਨੂੰ ਇਕ ਸਿਰੇ ਦੇ ਹੋਟਲ ‘ਚ ਲੈ ਗਏ। ਇਕ ਪੈੱਗ ਲਾ ਕੇ ਕਹਿੰਦਾ “ਛੱਡੋ ਯਾਰ ਇੱਥੇ ਤਾਂ ਸਾਲਾ ਦਮ ਜਿਹਾ ਘੁੱਟੀ ਜਾਂਦਾ ਏ, ਨਾ ਖੁੱਲ੍ਹ ਕੇ ਕੋਈ ਗੱਲ ਹੁੰਦੀ ਏ। ਚਲੋ ਆਪਾਂ ਆਪਣੀ ਕਾਰ ‘ਚ ਹੀ ਬਹਿ ਕੇ ਪੀਂਦੇ ਹਾਂ।” ਠੇਕੇ ਤੋਂ ਬੋਤਲ ਫੜੀ ਅਤੇ ਇਕ ਦੁਕਾਨ ਤੋਂ ਅੱਧਾ ਕਿਲੋ ਪਕੌੜੇ ਲਏ ਤੇ ਕਾਰ ‘ਚ ਹੀ ਘੰਟਾ ਭਰ ਮਹਿਫਲ ਜਮਾਈ।


ਬਾਪੂ ਦੀ ਰਾਜਨੀਤੀ, ਅਰਥਚਾਰੇ ਅਤੇ ਸਮਾਜਿਕ ਤਾਣੇ-ਬਾਣੇ ‘ਤੇ ਅੰਤਾਂ ਦੀ ਮਜ਼ਬੂਤ ਪਕੜ ਨੇ ਸਭ ਨੂੰ ਕਾਫੀ ਪ੍ਰਭਾਵਿਤ ਕੀਤਾ। ਪੀਂਦੇ-ਪੀਂਦੇ ਬਾਪੂ ਮੈਨੂੰ ਕਹਿੰਦਾ “ਨਰਿੰਦਰਾ ਤੂੰ ਪੀਂਦਾ ਨੀ ਨਾ, ਇਹ ਚੰਗੀ ਗੱਲ ਏ। ਹੁਣ ਪੀਵੀਂ ਵੀ ਨਾ ਕਦੇ, ਅਸੀਂ ਤਾਂ ਸਾਲੀ ਏਨੀ ਪੀਤੀ ਆ ਹੁਣ ਤੱਕ ਸੁਰਤ ਹੀ ਨੀ ਆਈ।” ਮੈਂ ਮੋੜਵਾਂ ਹੋਰ ਹੀ ਸਵਾਲ ਕਰ ਦਿੱਤਾ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਮੇਰੇ ਜ਼ਹਿਨ ‘ਚ ਘੁੰਮ ਰਿਹਾ ਸੀ। ਮੈਂ ਕਿਹਾ “ਬਾਪੂ ਜੀ ਇਕ ਗੱਲ ਦੱਸੋ, ਤੁਹਾਡਾ ਲਿਖਿਆ ਗੀਤ ਕਦੇ ਕਿਸੇ ਗਾਇਕ ਨੇ ਮੋੜਿਆ ਵੀ ਏ?” ਕਹਿੰਦੇ, ਪਤਾ ਨੀ ਤਾਂ ਸਾਲੇ ਡਰਦੇ ਨੇ ਬਈ ਬੁੜ੍ਹਾ ਗਾਲ੍ਹਾਂ ਹੀ ਨਾ ਕੱਢੇ ਪਰ ਅੱਜ ਤੱਕ ਕਦੇ ਕਿਸੇ ਗਾਇਕ ਨੇ ਨੀ ਕਿਹਾ ਕਿ ਇਹ ਗੀਤ ਮੈਨੂੰ ਪਸੰਦ ਨਹੀਂ।ਮੈਂ ਜੋ ਵੀ ਗੀਤ ਦਿੰਦਾ ਹਾਂ, ਹਰ ਗਾਇਕ ਗਾ ਦਿੰਦਾ ਏ। ਪਰ ਮੈਂ ਇਸ ਗੱਲ ਦੀ ਉਡੀਕ ‘ਚ ਹਾਂ ਕਿ ਕੋਈ ਗਾਇਕ ਮੇਰੇ ਗੀਤ ‘ਚ ਨੁਕਸ ਕੱਢ ਕੇ ਮੈਨੂੰ ਵਾਪਿਸ ਮੋੜੇ।’


ਨਾਲ ਹੀ ਮੈਂ ਪੁੱਛਿਆ “ਤੁਸੀਂ ਕਿਸੇ ਦੇ ਲਿਖੇ ਗੀਤ ‘ਚ ਕਦੇ ਕੋਈ ਨੁਕਸ ਕੱਢਿਆ ਏ?” ਬਾਪੂ ਕਹਿੰਦਾ, ਨਰਿੰਦਰਾ ਇਕ ਵਾਰ ਮੈਂ ਹਸਨਪੁਰੀ (ਇੰਦਰਜੀਤ) ਨਾਲ ਪੰਗਾ ਲੈ ਬੈਠਾ ਸੀ। ਮੈਂ ਉਸਦੇ ਲਿਖੇ ਗੀਤ ਜੇ ਮੁੰਡਿਆ ਤੂੰ ਮੇਰੀ ਤੋਰ ਵੇ ਦੇਖਣੀ ਗੜਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੂ ਮਜਾਜ਼ਣ ਜਾਂਦੀ ਦਾ, ਬਾਰੇ ਕਹਿ ਬੈਠਿਆ ਕਿ ਹਸਨਪੁਰੀ ਤੇਰਾ ਲਿਖਿਆ ਇਹ ਗੀਤ ਠੀਕ ਨਹੀਂ। ਤੂੰ ਤੋਰ ਦਾ ਸਬੰਧ ਗੜਵੇਂ ਨਾਲ ਜੋੜ ਦਿੱਤਾ ਜਦਕਿ ਤਕਨੀਕੀ ਰੂਪ ‘ਚ ਇਹ ਗਲਤ ਐ। ਤੋਰ ਦਾ ਸਬੰਧ ਜਾਂ ਤਾਂ ਝਾਂਜਰ ਨਾਲ ਹੋ ਸਕਦੈ ਜਾਂ ਜੁੱਤੀ ਨਾਲ ਜਾਂ ਇਸੇ ਤਰ੍ਹਾਂ ਦੀ ਮਿਲਦੀ-ਜੁਲਦੀ ਪੈਰਾਂ ‘ਚ ਪਾਉਣ ਵਾਲੀ ਕਿਸੇ ਵਸਤੂ ਨਾਲ।’ ਹਸਨਪੁਰੀ ਕਹਿੰਦਾ, ਓ ਤੂੰ ਆਪ ਦੇ ਕੰਮ ਨਾਲ ਕੰਮ ਰੱਖਿਆ ਕਰ ਐਵੇਂ ਨਾ ਹਰ ਕਿਸੇ ‘ਚ ਨੁਕਸ ਕੱਢੀ ਜਾਇਆ ਕਰ।’


ਬਾਪੂ ਕਹਿੰਦਾ, ਯਾਰ ਬਾਅਦ ‘ਚ ਮੈਂ ਪਛਤਾਇਆ ਵੀ ਬਈ ਕਾਹਨੂੰ ਐਵੇਂ ਹਰ ਇਕ ਦੀ ਆਲੋਚਨਾ ਕਰੀ ਜਾਂਦਾ ਹੁੰਨਾ ਮੈਂ। ਪਰ ਇਸ ਗੱਲ ਦਾ ਥਰੀਕੇ ਵਾਲੇ ਨੂੰ ਮਾਣ ਵੀ ਐ ਕਿ ਉਹ ਹਮੇਸ਼ਾਂ ਸੱਚਾ ਤੇ ਸੁੱਚਾ ਰਿਹਾ ਏ। ਮਾਣਕ ਨੂੰ ਵੀ ਖਰੀਆਂ-ਖੋਟੀਆਂ ਸੁਣਾਉਣ ‘ਚ ਦੇਵ ਪਲ ਲਾਉਂਦਾ ਏ ਪਰ ਨਾਲ ਹੀ ਮਾਣਕ ਪ੍ਰਤੀ ਉਸਦੇ ਦਿਲ ‘ਚ ਜੋ ਸਤਿਕਾਰ ਤੇ ਪਿਆਰ ਏ ਉਹ ਵੀ ਦੇਵ ਖੁੱਲ੍ਹਕੇ ਪ੍ਰਗਟਾਉਂਦਾ ਹੈ।


ਸੁਰਿੰਦਰ ਛਿੰਦੇ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਾਲਾ ਜਿਊਣਾ ਮੋੜ ਗੀਤ ਵੀ ਦੇਵ ਦਾ ਹੀ ਲਿਖਿਆ ਹੋਇਆ ਏ। ਆਪਣੇ ਲਿਖੇ ਗੀਤਾਂ ਦੀ ਗਿਣਤੀ ਖੁਦ ਦੇਵ ਨੂੰ ਵੀ ਨਹੀਂ ਪਤਾ। ਉਸਦੇ ਲਿਖੇ ਗੀਤ ਮੁੰਡਿਓ ਆ ਗਈ ਓਏ ਸਿਰ ‘ਤੇ ਗਾਗਰ ਰੱਖੀ ਅਤੇ ਤੇਰੀ ਆ ਮੈਂ ਤੇਰੀ ਰਾਂਝਾ ਦਾ ਮੈਂ ਖੁਦ ਵੀ ਬਹੁਤ ਪ੍ਰਸੰਸਕ ਹਾਂ। ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਵਾਲੇ ਗੀਤ ‘ਚ ਜੱਟਾਂ ਦੀਆਂ ਸਿਫਤਾਂ ਤੇ ਸੋਹਲੇ ਗਾਉਣ ਵਾਲਾ ਦੇਵ ਥਰੀਕੇ ਵਾਲਾ ਖੁਦ ਰਾਮਗੜ੍ਹੀਆਂ ਬਰਾਦਰੀ ਦਾ ਏ। ਅਤੇ ਰਾਮਗੜ੍ਹੀਆਂ ਹੋਣ ‘ਤੇ ਉਸ ਨੂੰ ਜਿੰਨਾ ਮਾਣ ਏ ਉਸਨੂੰ ਸ਼ਬਦਾਂ ਰਾਹੀਂ ਬਿਆਨਿਆਂ ਨਹੀਂ ਜਾ ਸਕਦਾ।


ਪੰਜਾਬੀ ਗਾਇਕੀ, ਗੀਤਕਾਰੀ ਅਤੇ ਗਾਉਣ ਵਾਲਿਆਂ ਬਾਰੇ ਦੇਵ ਥਰੀਕੇ ਵਾਲੇ ਕੋਲ ਏਨੀਆਂ ਕੁ ਗੱਲਾਂ ਹਨ ਕਿ ਜੇ ਉਨ੍ਹਾਂ ਨੂੰ ਕਿਸੇ ਕਿਤਾਬ ਦਾ ਰੂਪ ਦੇ ਦਿੱਤਾ ਜਾਵੇ ਤਾਂ ਬਿਨਾਂ ਸ਼ੱਕ ਪੰਜਾਬੀ ਸੱਭਿਆਚਾਰ ਦਾ ਇਹ ਇਕ ਇਤਿਹਾਸਕ ਦਸਤਾਵੇਜ਼ ਬਣ ਜਾਵੇਗਾ। ਪਤਾ ਨੀ ਕੌਣ ਸਾਂਭੂੰ ਇਨ੍ਹਾਂ ਗੱਲਾਂ ਨੂੰ? ਜੇ ਬਾਪੂ ਖੁਦ ਹੀ ਜੀਵਨੀ ਰੂਪੀ ਕੋਈ ਕਿਤਾਬ ਲਿਖ ਦੇਵੇ ਤਾਂ ਹੋਰ ਵੀ ਚੰਗਾ ਏ !

Wednesday, June 10, 2009

ਇੱਕ ਗੱਲ ਜੇ ਮਨ ਲੱਗੇ

ਨੀਰਸ ਮੁਸਾਫਿਰ ਤੋਂ ਚੰਗੇ ਪਾਠਕ ਤੱਕ ਦਾ ਸਫਰ

ਪੰਜਾਬ ਦੀਆਂ ਬੱਸਾਂ ‘ਚ ਸਫਰ ਕਰਦਿਆਂ ਦੋ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ। ਜਾਂ ਤਾਂ ਸੁੱਤੇ ਪਏ ਲੋਕ ਜਾਂ ਫਿਰ ਉਰਲੀਆਂ-ਪਰਲੀਆਂ ਯਬਲੀਆਂ ਮਾਰਦੇ ਲੋਕ। ਜੇ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ‘ਚ ਲੋਕਲ ਬੱਸਾਂ ਵਿੱਚ ਸਫਰ ਕਰੋ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਲੋਕਾਂ ਤੋਂ ਇਲਾਵਾ ਤੀਸਰੀ ਕਿਸਮ ਦੇ ਉਹ ਮੁੰਡੇ-ਕੁੜੀਆਂ ਹੁੰਦੇ ਹਨ, ਜੋ ਈਅਰ-ਫੋਨ ਲਾਈ ਰੇਡੀਓ ਐਫ.ਐਮ. ਚੈਨਲ ਸੁਣਨ ‘ਚ ਮਸ਼ਰੂਫ ਹੁੰਦੇ ਹਨ। ਬਹੁਤ ਘੱਟ ਇਨਸਾਨ ਹਨ ਜਿਹੜੇ ਸਫਰ ਦੌਰਾਨ ਕਿਤਾਬਾਂ ਪੜ੍ਹਦੇ ਮਿਲਣਗੇ।

ਮੇਰੇ ਦੋਸਤਾਂ ‘ਚ ਦੋ ਮਿੱਤਰ ਅਜਿਹੇ ਹਨ ਜਿਨ੍ਹਾਂ ‘ਚੋਂ ਇੱਕ ਕਈ ਸਾਲ ਕੋਲਕਾਤਾ ਰਹਿ ਕੇ ਆਇਆ ਹੈ ਅਤੇ ਦੂਸਰਾ 7 ਸਾਲ ਇੰਗਲੈਂਡ ਰਹਿ ਕੇ ਵਤਨ ਪਰਤਿਆ ਹੈ। ਕੋਲਕਾਤਾ ਵਾਲਾ ਮਿੱਤਰ ਦੱਸਦਾ ਹੁੰਦਾ ਏ ਕਿ ਬੰਗਾਲੀ ਲੋਕ ਕਿਤਾਬਾਂ ਪੜ੍ਹਨ ਦੇ ਏਨੇ ਸ਼ੌਕੀਨ ਹਨ ਕਿ ਸਫਰ ਦੌਰਾਨ ਉਨ੍ਹਾਂ ਕੋਲ ਸਾਮਾਨ ਘੱਟ ਹੁੰਦਾ ਹੈ ਅਤੇ ਕਿਤਾਬਾਂ ਦੀ ਪੰਡ ਜ਼ਿਆਦਾ। ਏਸੇ ਤਰ੍ਹਾਂ ਇੰਗਲੈਂਡ ‘ਚ ਬੱਸਾਂ ਅਤੇ ਰੇਲਾਂ ਦੇ ਸਫਰ ਦੌਰਾਨ ਤਕਰੀਬਨ ਹਰੇਕ ਵਿਅਕਤੀ ਕੁਝ ਨਾ ਕੁਝ ਪੜ੍ਹਦਾ ਜ਼ਰੂਰ ਦਿਖ ਜਾਂਦਾ ਹੈ।

ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆਂ ਜਾ ਸਕਦਾ ਹੈ ਕਿ ਇੱਥੇ ਤਰਤੀਬਵਾਰ ਜਾਂ ਵਿਊਂਤਬੰਧੀ ਅਨੁਸਾਰ ਕੋਈ ਵੀ ਵੱਡਾ ਬੁੱਕ-ਫੇਅਰ (ਕਿਤਾਬਾਂ ਦਾ ਮੇਲਾ) ਨਹੀਂ ਲੱਗਦਾ। ਜਦਕਿ ਸਾਡੇ ਲੇਖਕਾਂ ਦੀ ਗਿਣਤੀ ਵੱਡੀਆਂ ਭਾਸ਼ਾਵਾਂ ਦੇ ਲੇਖਕਾਂ ਜਿੰਨੀ ਹੀ ਹੋਵੇਗੀ! ਹਾਲੇ ਤਾਂ ਏਨਾ ਸਬਰ ਹੈ ਕਿ ਜਲੰਧਰ ਵਿਖੇ ਹਰ ਸਾਲ ਜੁੜਨ ਵਾਲੇ ਗਦਰੀ ਬਾਬਿਆਂ ਦੇ ਮੇਲੇ ‘ਚ ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਦਾ ‘ਕੀੜਾ’ ਕੁਝ ਹੱਦ ਤੱਕ ਸ਼ਾਂਤ ਹੋ ਜਾਂਦਾ ਹੈ।

ਸਫਰ ਦੌਰਾਨ ਕਿਤਾਬਾਂ ਪੜ੍ਹਨ ‘ਚ ਬੰਗਾਲੀ, ਅੰਗਰੇਜ਼ ਅਤੇ ਯੂਰਪੀਅਨ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਜਦਕਿ ਗਿਣਤੀ ਪੱਖੋਂ ਕਿਤਾਬਾਂ ਛਾਪਣ ‘ਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ! ਪੰਜਾਬੀ ਪਾਠਕ ਵਰਗ ਦੀ ਇਸ ਤੋਂ ਵੱਡੀ ਹੋਰ ਕੀ ਤ੍ਰਾਸਦੀ ਹੋਵੇਗੀ ਕਿ ਸਫਰ ਦੌਰਾਨ ਵਧੇਰੇ ਲੋਕ ਤਾਂ ਦੋ ਰੁਪਏ ਦਾ ਅਖਬਾਰ ਖਰੀਦ ਕੇ ਪੜ੍ਹਨ ‘ਚ ਵੀ ਸੰਕੋਚ ਕਰਦੇ ਹਨ।

ਪਿਛਲੇ ਕੁਝ ਸਮੇਂ ਤੋਂ ਮੁਸਾਫਿਰਾਂ ਦੀ ਇੱਕ ਨਵੀਂ ਕਿਸਮ ਦਾ ਜਨਮ ਹੋਇਆ ਹੈ। ਇਹ ਉਹ ਮੁੰਡੇ-ਕੁੜੀਆਂ ਹਨ ਜੋ ਬੱਸ ਚੜ੍ਹਦੇ ਸਾਰ ਹੀ ਮੋਬਾਇਲ ਫੋਨ ਕੰਨ ਨੂੰ ਲਾ ਲੈਣਗੇ ਅਤੇ ਬੱਸ ‘ਚੋਂ ਉਤਰਣ ਤੱਕ ਪਤਾ ਨੀ ਕੀ ਘੁਸਰ-ਮੁਸਰ ਕਰਦੇ ਰਹਿੰਦੇ ਹਨ।

ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ‘ਫਜ਼ੂਲ’ ਖਾਣ-ਪੀਣ ‘ਤੇ ਤਾਂ ਸੈਂਕੜੇ ਰੁਪਏ ਖਰਚ ਦੇਣਗੇ ਪਰ ਸੌ ਰੁਪਏ ਦੀ ਕਿਤਾਬ ਨਹੀਂ ਖਰੀਦਣਗੇ। ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹਰੇਕ ਸਾਲ ਲੱਗਣ ਵਾਲੇ ਬੁੱਕ-ਫੇਅਰ ਦੌਰਾਨ ਦੋ ਸਾਲ ਪਹਿਲਾਂ (ਸਤੰਬਰ 2007 ‘ਚ) ਮੇਰਾ ਇੱਕ ਸਾਥੀ ਕਰਾਚੀ ਤੋਂ ਆ ਕੇ ਲਗਾਈ ਚਿਕਨ ਸਟਾਲ ‘ਤੇ ਤਾਂ 100 ਰੁਪਏ ਦਾ ਮੁਰਗਾ ਖਾ ਗਿਆ ਪਰ 95 ਰੁਪਏ ਦੀ ਚੇਤਨ ਭਗਤ ਦੀ ਇੱਕ ਕਿਤਾਬ ਖਰੀਦਣ ‘ਚ ਕਿਰਸ ਕਰ ਗਿਆ। ਇਸ ਬੈਸਟ ਸੈਲਰ ਕਿਤਾਬ (ਵਨ ਨਾਈਟ ਐਟ ਦੀ ਕਾਲ ਸੈਂਟਰ) ‘ਤੇ ਜਦੋਂ ਬਾਅਦ ‘ਚ ‘ਹੈਲੋ’ ਫਿਲਮ ਬਣਨ ਦਾ ਐਲਾਨ ਹੋਇਆ ਤਾਂ ਕਹਿੰਦਾ ‘ਯਾਰ ਉਹ ਕਿਤਾਬ ਦੇਈਂ, ਪੜ੍ਹ ਕੇ ਦੇਖਾਂ ਤਾਂ ਭਲਾ ਕੀ ਐ ਉਸ ਵਿੱਚ।’

ਜੇਕਰ ਕਦੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰੋ ਤਾਂ ਖਮਾਣੋਂ ਤੋਂ ਥੋੜ੍ਹਾ ਜਿਹਾ ਅੱਗੇ ਰਾਣਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸੱਜੇ ਹੱਥ ਪੀਆਰਟੀਸੀ ਦੀਆਂ ਬੱਸਾਂ ਇੱਕ ਢਾਬੇ ‘ਤੇ ਰੁਕਦੀਆਂ ਹਨ। ਉਸ ਢਾਬੇ ਦੇ ਨਾਲ ਹੀ ਕਿਤਾਬਾਂ ਦਾ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਖੋਖਾ ਹੈ। ਇਸ ਛੋਟੀ ਜਿਹੀ ਦੁਕਾਨ ‘ਚ ਪੰਜਾਬੀ ਦੀਆਂ ਪੜ੍ਹਨਯੋਗ ਅਨੇਕਾਂ ਪੁਸਤਕਾਂ ਪਈਆਂ ਹਨ। ਸਵਾਰੀਆਂ ਬੱਸ ‘ਚੋਂ ਉਤਰ ਕੇ ਬਰੈੱਡ ਪਕੌੜਿਆਂ ਨੂੰ ਤਾਂ ਗੇੜਾ ਦੇਈ ਰੱਖਣਗੀਆਂ ਪਰ ਉਸ ਕਿਤਾਬਾਂ ਦੀ ਦੁਕਾਨ ਵੱਲ ਜਾਂਦਿਆਂ ਵਧੇਰੇ ਸਵਾਰੀਆਂ ਦੇ ਗੋਡਿਆਂ ਦੀ ਗ੍ਰੀਸ ਹੀ ਮੁੱਕ ਜਾਂਦੀ ਹੈ। ਕਿਤਾਬ ਖਰੀਦਣਾ ਤਾਂ ਇੱਕ ਪਾਸੇ, ਬਹੁਤੀਆਂ ਸਵਾਰੀਆਂ ਤਾਂ ਉੱਧਰ ਨੂੰ ਦੇਖਦੀਆਂ ਤੱਕ ਨਹੀਂ।

ਇਹ ਠੀਕ ਹੈ ਕਿ ਅੱਜ ਦੇ ਸਮੇਂ ‘ਚ ਕਿਤਾਬਾਂ ਪੜ੍ਹਨ ਲਈ ਖਾਸ ਸਮਾਂ ਕੱਢਣਾ ਵਧੇਰੇ ਲੋਕਾਂ ਦੇ ਹੱਥੋਂ-ਵੱਸੋਂ ਬਾਹਰ ਹੋ ਚੁੱਕਾ ਹੈ। ਪਰ ਬੱਸ ਜਾਂ ਰੇਲ ਗੱਡੀ ‘ਚ ਸਫਰ ਕਰਦਿਆਂ ਤਾਂ ਘੱਟੋਂ-ਘੱਟ ਕੁਝ ਨਾ ਕੁਝ ਪੜ੍ਹਿਆ ਹੀ ਜਾ ਸਕਦਾ ਹੈ। ਐਵੇਂ ਦੂਸਰੀਆਂ ਸਵਾਰੀਆਂ ਦੇ ਮੋਢਿਆਂ ‘ਤੇ ਗਰਦਨ ਸੁੱਟੀ ਮੂੰਹ ਖੋਲ੍ਹ ਕੇ ਊਘਦੇ ਰਹਿਣ ਨਾਲੋਂ ਕਿਸੇ ਕਿਤਾਬ ‘ਤੇ ਹੀ ਨਜ਼ਰਾਂ ਦੌੜਾਂ ਲੈਣੀਆਂ ਚਾਹੀਦੀਆਂ ਹਨ। ਇੱਕ ਨੀਰਸ ਮੁਸਾਫਿਰ ਨਾਲੋਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਸਫਰ ਕਰਨ ਦਾ ਜੋ ਨਜ਼ਾਰਾ ਹੈ, ਉਸਦਾ ਅਨੁਭਵ ਤਾਂ ਮਾਣਿਆਂ ਹੀ ਪਤਾ ਚੱਲਦਾ ਹੈ। ਆਪਣਾ ਅਗਲਾ ਸਫਰ ਇੱਕ ਕਿਤਾਬ ਪੜ੍ਹਦਿਆਂ ਪੂਰਾ ਕਰਕੇ ਤਾਂ ਦੇਖੋ!