Friday, December 16, 2011

ਸਿਆਣੀਆਂ ਗੱਲਾਂ (syaniyaa gallan)

ਇਕ ਸਿਆਣੇ ਨੇ ਸਮਝਾਇਆਂ ਇਸ਼ਾਰਿਆਂ ਦੇ ਨਾਲ,
ਐਵੇਂ ਮਗਜ਼ ਨੀ ਮਾਰੀਦਾ ਮਿੱਤਰ ਪਿਆਰਿਆਂ ਦੇ ਨਾਲ।

ਚੁੱਪ ਦੀ ਵੀ ਆਪਣੀ ਜ਼ੁਬਾਨ ਹੁੰਦੀ ਵੱਖਰੀ,
ਐਵੇਂ ਫੋਲਿਆਂ ਨਾ ਕਰ ਦਿਲ ਸਾਰਿਆਂ ਦੇ ਨਾਲ।

ਤੂਫਾਨ,ਹੜ੍ਹ,ਅੱਗ ਅੱਗੇ ਕਾਹਦੀਆਂ ਦਲੇਰੀਆਂ!
ਨਾਲੇ ਚੌੜ ਨਹੀਂ ਕਰੀਦੀ ਡੰਗਰ-ਢਾਰਿਆਂ ਦੇ ਨਾਲ।

ਹਉਂਕਿਆਂ ਦੀ ਚੱਲਦੀ ਹਨ੍ਹੇਰੀ ਦੇਖਣੀ ਜੇ,
ਤੂੰ ਗੱਲ ਕੁੜੀਆਂ ਦੀ ਛੇੜੀਂ ਕੁਆਰਿਆਂ ਦੇ ਨਾਲ।

ਮੰਨਿਆਂ ਸੁਭਾਅ ਤੇਰਾ ਬੜਾ ਮਸਖਰਾ ਹੈ,
ਪਰ ਕਰੀਦਾ ਮਖੌਲ ਨਹੀਂ ਰੱਬ ਮਾਰਿਆਂ ਦੇ ਨਾਲ।

ਕੁਝ ਪੈਸਾ-ਧੇਲਾ ਆਇਆ ਤਾਂ ਕੋਠੀਆਂ ਬਣਾਈਆਂ,
ਯਾਦ ਭੁੱਲਦੀ ਨਾ ਜੁੜੀ ਕੱਚੇ ਜੋ ਚੁਬਾਰਿਆਂ ਦੇ ਨਾਲ।

ਵਿਦੇਸ਼ਾਂ ਵਿਚ ਜਾ ਕੇ ਕਿੱਥੇ ਆਵੇ ਡੂੰਘੀ ਨੀਂਦ,
ਰਾਤ ਸਾਰੀ ਹੀ ਹੈ ਲੰਘਦੀ ਹੰਝੂ ਖਾਰਿਆਂ ਦੇ ਨਾਲ ।

ਬਸ ਸਮਾਂ ਤਾਂ ਉਹੀ ਸੀ ਜੋ ਤੇਰੇ ਨਾਲ ਬੀਤਿਆਂ,
ਹੁਣ ਦਿਨ-ਕਟੀ ਕਰੀਏ ਚੇਤੇ ਵਸੇ ਨਜ਼ਾਰਿਆਂ ਦੇ ਨਾਲ।

ਸਿਰਫ ਤੁੱਕਬੰਦੀ ਕਰਨੀ ਜੇ ਹੁੰਦੀ ਐਨ.ਪੀ. ਨੇ,
ਗੱਲ ਕਰ ਦਿੰਦਾ ਪੂਰੀ ਨਾਅਰਿਆਂ ਤੇ ਲਾਰਿਆਂ ਦੇ ਨਾਲ।

ਪਸੀਨੇ ਵਾਲੀ ਬਦਬੂ ਤੋਂ ਆਵੇ ਕੋਫਤ ਜੇ ਸੋਹਣਿਓ,
ਇਕ ਦਿਨ ਤਾਂ ਬਿਤਾ ਕੇ ਦੇਖੀਂ ਕੰਮੀਂ-ਕਾਰਿਆਂ ਦੇ ਨਾਲ।



ਨਰਿੰਦਰ ਪਾਲ ਸਿੰਘ ਜਗਦਿਓ