Tuesday, May 24, 2016

ਤੇਰੀਆਂ-ਮੇਰੀਆਂ ਗੱਲਾਂ


ਅਕਸਰ ਭੁੱਲ ਜਾਂਦੀਆਂ ਨੇ ਬਹੁਤੀਆਂ ਗੱਲਾਂ,
ਯਾਦ ਰਹਿ ਜਾਂਦੀਆਂ ਛੋਟੀਆਂ-ਛੋਟੀਆਂ ਗੱਲਾਂ!

ਇੰਝ ਟੁੱਟ ਜਾਂਦੇ ਨੇ ਗੂੜੇ ਤੇ ਨਜ਼ਦੀਕੀ ਰਿਸ਼ਤੇ,
ਜਦੋਂ ਦਿਲ ਦੀਆਂ ਵਟਾ ਨਹੀਂ ਹੁੰਦੀਆਂ ਗੱਲਾਂ।

ਕੁਝ ਹੱਸ ਕੇ ਤੇ ਕਈ ਸੜ-ਸੜ ਚਰਚੇ ਕਰਦੇ,
ਕਿੰਨੀਆਂ ਮਸ਼ਹੂਰ ਨੇ ਤੇਰੀਆਂ-ਮੇਰੀਆਂ ਗੱਲਾਂ!

ਜ਼ਿਆਦਾ ਦਿਲ 'ਤੇ ਨਾ ਲਾਇਆ ਕਰ ਸੱਜਣਾ,
ਊਈਂ ਹੁੰਦੀਆਂ ਨੇ ਇਹ ਅਖਬਾਰ ਦੀਆਂ ਗੱਲਾਂ!

ਮੇਰੇ ਵਾਂਗ ਹੀ ਕਰਿਆ ਕਰ ਤੂੰ ਗੱਲ ਸਿੱਧੀ, 
ਨਾ ਕਰ ਯਾਰਾਂ ਗੋਲ-ਮੋਲ ਤੇ ਖਚਰੀਆਂ ਗੱਲਾਂ।

ਬੇਝਿਜਕ ਖੋਲ੍ਹ ਸਕਦੈ ਤੂੰ ਦਿਲ ਮੇਰੇ ਸਾਹਮਣੇ, 
ਦੱਸ ਭਲਾ, ਮੈਂ ਤੇਰੇ ਤੋਂ ਕਦੇ ਲਕੋਈਆਂ ਗੱਲਾਂ?  

ਪੈ ਗਿਆ ਹੈ ਆਪਣਾ ਮੋਹ ਰੂਹਦਾਰੀ ਵਾਲਾ, 
ਸਾਡੇ ਵਿਚਕਾਰ ਨਾ ਹੋਣ ਹੁਣ ਵਿਚਲੀਆਂ ਗੱਲਾਂ! 

ਹਰੇਕ ਪਲ ਨੂੰ ਤੂੰ ਜੀਣਾ ਸਿੱਖ ਲੈ ਐਨ.ਪੀ!
ਛੱਡ ਪਰ੍ਹਾਂ, ਹੁਣ ਅਗਲੀਆਂ-ਪਿਛਲੀਆਂ ਗੱਲਾਂ।

Sunday, May 8, 2016

ਕਾਸ਼ ਤੈਨੂੰ ਸਭ ਪਤਾ ਹੁੰਦਾ !


ਕੀ-ਕੀ ਹੰਢਾਇਆ ਕੀ-ਕੀ ਬੀਤੀ, ਕਾਸ਼ ਤੈਨੂੰ ਪਤਾ ਹੁੰਦਾ!
ਸਮੇਂ ਨੇ ਕੀ-ਕੀ ਸਾਡੇ ਨਾਲ ਕੀਤੀ, ਕਾਸ਼ ਤੈਨੂੰ ਪਤਾ ਹੁੰਦਾ! 

ਜ਼ਮਾਨੇ ਨੇ ਕਿੰਨੀ ਸਾਜਿਸ਼ ਰਚੀ ਭੇਤ ਜਾਣਨ ਲਈ ਅਸਾਡੇ,  
ਕਿੱਦਾਂ-ਕਿੱਦਾਂ ਅਸਾਂ ਜ਼ੁਬਾਨ ਸੀਤੀ, ਕਾਸ਼ ਤੈਨੂੰ ਪਤਾ ਹੁੰਦਾ! 

ਦੀਦਾਰ-ਏ-ਦਾਰੂ ਜਦੋਂ-ਜਦੋਂ ਵੀ ਹੈ ਨਸੀਬ ਹੋਈ ਅੱਖਾਂ ਨੂੰ, 
ਤਿਰਹਾਈ ਰੂਹ ਨੇ ਲੁਕ-ਲੁਕ ਪੀਤੀ, ਕਾਸ਼ ਤੈਨੂੰ ਪਤਾ ਹੁੰਦਾ! 

ਮੇਰਾ ਚੈਨ ਏ ਤੂੰ ਸਕੂਨ ਏ, ਤੈਨੂੰ ਤਾਂ ਹੀ ਜਿੰਦ-ਜਾਨ ਕਿਹਾ,  
ਤੇ ਜਨਾਬ ਤੁਸਾਂ ਜਾਨ ਹੀ ਲੈ ਲੀਤੀ, ਕਾਸ਼ ਤੈਨੂੰ ਪਤਾ ਹੁੰਦਾ!  

ਮੈਂ ਖੋ ਗਿਆ ਹਾਂ ਮੇਰੇ ਵਿਚੋਂ ਹੀ, ਤੇ ਤੂੰ ਵੀ ਹੁਣ ਲੱਭਦਾ ਨਹੀਂ,
ਵੇ ਭੋਲਿਆ ਤੂੰ ਜੋ ਇਹ ਸਜ਼ਾ ਦਿੱਤੀ, ਕਾਸ਼ ਤੈਨੂੰ ਪਤਾ ਹੁੰਦਾ!

ਮੈਂ ਜਾਵਾਂ ਕਿਸ ਗੁਰੂਦੁਆਰੇ ਤੇ ਕਿਸ ਕੋਲ ਕਰਾਂ ਅਰਦਾਸਾਂ? 
ਮੇਰੀ ਤਾਂ ਲੱਗੀ ਏ ਤੇਰੇ ਨਾਲ ਪ੍ਰੀਤੀ, ਕਾਸ਼ ਤੈਨੂੰ ਪਤਾ ਹੁੰਦਾ!

ਕਾਸ਼ ਤੈਨੂੰ ਪਤਾ ਹੁੰਦਾ, ਕੀ ਮਹੱਤਵ ਏ ਤੇਰਾ ਐਨ.ਪੀ ਲਈ, 
ਕਾਸ਼ ਨਾ ਹੁੰਦੀ ਤੈਨੂੰ ਕੋਈ ਦੋਚਿੱਤੀ, ਕਾਸ਼ ਤੈਨੂੰ ਪਤਾ ਹੁੰਦਾ! 

ਕਾਸ਼ ਤੈਨੂੰ ਸਭ ਪਤਾ ਹੁੰਦਾ !!!