ਏਨਾ ਕੁ ਉਹ ਇਸ਼ਕ ਬਸ ਕਮਾਈ ਬੈਠਾ ਏ,
ਸਨਕਪੁਣੇ ਦੀ ਹੱਦ ਨੂੰ ਹੱਥ ਲਾਈ ਬੈਠਾ ਏ।
ਕਮਲਾ ਜਾਂ ਫਿਰ ਪਾਗਲ ਕਹਿਣਾ ਠੀਕ ਨਹੀਂ,
ਸਾਈਂ ਬੁੱਲ੍ਹੇ ਸ਼ਾਹ ਨੂੰ ਗੁਰੂ-ਪੀਰ ਬਣਾਈ ਬੈਠਾ ਏ।
ਕਹਿੰਦਾ ਰੋਮ-ਰੋਮ ਵਿਚ ਵਸਦਾ ਮੇਰੇ ਤੂੰ ਹੀ ਤੂੰ,
ਚਾਰੇ ਧਰਮਾਂ ਦੇ ਚਿੰਨ੍ਹ ਬਾਂਹ ‘ਤੇ ਖੁਣਵਾਈ ਬੈਠਾ ਏ।
ਉਮਰਾਂ ਦਾ ਤਾਂ ਸਿਆਪਣ ਨਾਲ ਕੋਈ ਸਬੰਧ ਨਹੀਂ,
ਸਾਲ, ਮਹੀਨੇ, ਦਿਨ ਸਾਰੇ ਉਹ ਭੁਲਾਈ ਬੈਠਾ ਏ।
ਤੇਰੇ ਦਰ ‘ਤੇ ਆ ਕੇ ਭੁੱਲ ਮਿਜਾਜ਼ ਗਏ ਸਾਰੇ,
ਚੁੱਪ ਧਾਰੀ ਤੇ ਬਣ ਨਿਮਾਣਾ ਸਿਰ ਝੁਕਾਈ ਬੈਠਾ ਏ।
ਕਈਆਂ ਦੀ ਬੰਦਗੀ ਜਗ ਦਿਖਾਵਾ ਬਹੁਤੀ ਹੁੰਦੀ ਹੈ,
ਉਹ ਚੁੱਪਚਾਪ ਤੈਨੂੰ ਦਿਲ ਦੇ ਵਿਚ ਵਸਾਈ ਬੈਠਾ ਏ।
ਦੁਨਿਆਵੀ ਬਹੁਤਿਆਂ ਕੰਮਾਂ ਤੋਂ ਉੱਪਰ ਉੱਠ ਚੁੱਕਾ,
ਉਹ ਸੱਟ ਕਾਲਜੇ ਪਤਾ ਨੀ ਕਿਹੜੀ ਖਾਈ ਬੈਠਾ ਏ?
ਆਸਥਾ ਤੇ ਵਿਸ਼ਵਾਸ ਦੀ ਏਦੂੰ ਵੱਡੀ ਉਦਾਹਰਣ ਕੀ!
ਅਪ੍ਰਤੱਖੀ ਤੇ ਨਿਰੰਕਾਰ ਦੇ ਨਾਂ ਸਭ ਲਵਾਈ ਬੈਠਾ ਏ।
ਲੜ ਲਾਵੀਂ,ਰੋਗਾਂ-ਦੁੱਖਾਂ ਤੋਂ ਲੋਕਾਈਂ ਨੂੰ ਦੂਰ ਰੱਖੀਂ,
ਬੰਦਾ ਤਾਂ ਨਜ਼ਰਾਂ ਰਾਹ ਤੇਰੇ ‘ਚ ਵਿਛਾਈ ਬੈਠਾ ਏ।
ਨਰਿੰਦਰ ਪਾਲ ਸਿੰਘ ਜਗਦਿਓ