Thursday, April 28, 2011

ਇਕ ਹੋਰ ਤੁੱਕਾ



ਅੱਖ ਨਾਲ ਅੱਖ ਮਿਲਾਵੇ ਨਾ, ਮਨ ਵਿਚ ਚੋਰ ਹੋਵੇਗਾ।
ਦੁੱਖ ਦੇਖ ਕੋਈ ਹੰਝੂ ਆਵੇ ਨਾ, ਦਿਲ ਦਾ ਕਠੋਰ ਹੋਵੇਗਾ।

ਨਾ ਜਾਇਆ ਕਰ ਸੰਗੀਤਕ ਮਹਿਫਲਾਂ ਵਿਚ ਬਹੁਤਾ ਤੂੰ,
ਸੁਰਾਂ ਦੇ ਨਾਂ ਉੱਤੇ ਉੱਥੇ ਸ਼ੋਰ ਹੋਵੇਗਾ।

ਹੁਣ ਰਾਜਨੀਤੀ ਵਿਚ ਮੁੰਡਾ ਮੱਲ੍ਹਾਂ ਮਾਰੀ ਜਾਂਦਾ ਏ,
ਪੜ੍ਹਨ-ਲਿਖਣ ਦੇ ਵਿਚ ਥੋੜ੍ਹਾ ਕਮਜ਼ੋਰ ਹੋਵੇਗਾ।

ਮੰਨ ਲਿਆ ਕਿ ਨਾਂ ਤੇਰਾ ਵੀ ਹੀਰ ਸਲੇਟੀ ਏ,
ਪਰ ਰਾਂਝਾ ਇਕੋ ਜੰਮਿਆ ਸੀ, ਨਾ ਹੋਰ ਹੋਵੇਗਾ।

ਚੰਡੀਗੜ੍ਹ ਜਿਹਾ ਸੋਹਣਾ ਸ਼ਹਿਰ ਨਾ ਬਣਿਆਂ ਨਾ ਬਣਨਾ,
ਸੁਣਿਆ ਏ ਨਾ ਦੂਜਾ ਕੋਈ ਲਹੌਰ ਹੋਵੇਗਾ।

ਜੇ ਚੱਲਦਾ ਰਿਹਾ ਇੰਝ ਹੀ ਛੋਟੇ ਨਾਂਵਾਂ ਦਾ ਰਿਵਾਜ਼,
ਇਕ ਦਿਨ ਨਾ ਕੋਈ ਸਿੰਘ ਤੇ ਨਾ ਕੋਈ ਕੌਰ ਹੋਵੇਗਾ।

ਮਿਹਨਤ ਕਰਕੇ ਕਰ ਗਏ ਤਰੱਕੀਆਂ ਬਹੁਤ ਸਾਰੇ,
ਤੁੱਕੇਮਾਰ ਐਨ.ਪੀ. ਜਿਹਾ ਕਿਹੜਾ ਕੰਮਚੋਰ ਹੋਵੇਗਾ?

ਨਰਿੰਦਰ ਪਾਲ ਸਿੰਘ ਜਗਦਿਓ

Wednesday, April 20, 2011

ਜਲਦੀ-ਜਲਦੀ


ਏਦਾਂ ਕਿਵੇਂ ਬਣ ਜੂੰ ‘ਗਾ ਨਾਮ ਜਲਦੀ,
ਨਾ ਹੀ ਜੁੱਤੀਆਂ ਘਸਾਈਆਂ,
ਧੁੱਪਾਂ ਪਿੰਡੇ ਨਾ ਲਵਾਈਆਂ,
ਦੇਖ ਛਾਂਵਾਂ ਕਰ ਲਵੇ ਤੂੰ ਅਰਾਮ ਜਲਦੀ।

ਉਂਝ ਚੱਲ ਜਾਵੇ ਤੀਰ-ਤੁੱਕਾ ਫੇਰ ਕੋਈ ਗੱਲ ਨੀ,
ਤਰੱਕੀਆਂ ਦਾ ਮਿਹਨਤਾਂ ਦੇ ਬਿਨਾਂ ਵੈਸੇ ਹੱਲ ਨੀ,
ਜਿਹੜੇ ਸ਼ੋਰਟ-ਕੱਟ ਲਾਉਂਦੇ,
ਬੁੱਧੂ ਲੋਕਾਂ ਨੂੰ ਬਣਾਉਂਦੇ,
ਬੰਦੇ ਹੋ ਜਾਂਦੇ ਉਹ ਬਦਨਾਮ ਜਲਦੀ।

ਬਿਨਾਂ ਤੇਰੇ ਜ਼ਿਕਰ ਦੇ ਦਿਨ ਕੋਈ ਵੀ ਲੰਘਾਂ ਨਾ,
ਹਾਂ ਸਭਨਾਂ ਲਈ ਹੀਰਾ ਬਸ ਤੈਨੂੰ ਲੱਗਾ ਚੰਗਾ ਨਾ,
ਤੇਰੀ ਕਰ-ਕਰ ਬਾਤ,
ਲੰਘ ਜਾਵੇ ਦਿਨ-ਰਾਤ,
ਬਸ ਲੰਘਦੀ ਨੀ ਮਰਜਾਣੀ ਸ਼ਾਮ ਜਲਦੀ।

ਸਿੱਧੀ ਕਹਿ ਦੇਈਏ ਗੱਲ ਕੋਈ ਰੱਖੀਏ ਨਾ ਘੁੰਡੀ,
ਹੱਥ ਕਦੇ ਨਾ ਚਲਾਇਆਂ ਵੱਢਾਂ ਸ਼ਬਦਾਂ ਦੀ ਚੁੰਢੀ,
ਜਿਹੜੇ ਜਾਣਦੇ ਸੱਚਾਈ,
ਯਾਰੀ ਰੱਖਦੇ ਬਣਾਈ,
ਝੂਠੇ, ਠੱਗ ਤੇ ਫਰੇਬੀ ਕਰ ਜਾਂਦੇ ਪ੍ਰਣਾਮ ਜਲਦੀ।

ਗੱਲ ਆਖਰੀ ਏ ਭਾਵੇਂ ਪਰ ਸਭ ਗੱਲਾਂ ਦਾ ਨਿਚੋੜ,
ਅੰਮੀਂ ਦੀ ਦੁਆ ਦਾ ਨਹੀਂ ਦੂਸਰਾ ਕੋਈ ਤੋੜ,
ਭੁੰਜੇ ਡਿੱਗਦਾ ਉਹ ਬੰਦਾ,
ਮਾਂ ਨੂੰ ਬੋਲੇ ਚੰਗਾ-ਮੰਦਾ,
ਗੱਲਾਂ ਹੋਰ ਵੀ ਸਿਆਣੀਆਂ ਕਰਾਂਗੇ ਕਿਸੇ ਸ਼ਾਮ ਜਲਦੀ।

ਨਰਿੰਦਰ ਪਾਲ ਸਿੰਘ ਜਗਦਿਓ

Sunday, April 3, 2011

ਉਲਾਂਬਾ


ਰੋਜ਼ ਰੱਬ ਅੱਗੇ ਮੁੰਡਾ ਉਲਾਂਬਾ ਇਹ ਲਾਏ ਜੀ,
ਕਿਹੋ ਜਿਹੇ ਲੇਖ ਤੁਸੀਂ ਬਾਬਾ ਜੀ ਬਣਾਏ ਜੀ,
ਜਿਹਦੇ ਪਿੱਛੇ ਕਮਲਪੁਣੇ ਦੀ ਹੱਦ ਟੱਪੀ,
ਕੁੜੀ ਕਮਲੀ ਨਾ ਭੋਰਾ ਭਰ ਸਾਨੂੰ ਘਾਹ ਪਾਏ ਜੀ।

ਕਿੰਨਾ ਸਜ-ਫਬ ਕੇ ਮੈਂ ਕਾਲਜ ਨੂੰ ਆਉਂਦਾ ਜੀ,
ਨਵੇਂ ਤੇ ਟਰੈਂਡੀ ਦੇਖੋ ਕੱਪੜੇ ਵੀ ਪਾਉਂਦਾ ਜੀ,
ਧੁੱਪਾਂ ਹੋਵੇ ਜਾਂ ਨਾ ਹੋਵੇ ਰੇਬੈਨ ਵੀ ਲਾਉਂਦਾ ਜੀ,
ਉਹਦੇ ਕੋਲੋਂ ਮੈਂ ਤਾਂ ਬਸ ਇਹੋ ਹੀ ਚਾਹੁੰਦਾ ਜੀ,
ਕਿ ਇਕ ਵਾਰੀ ਨਿਗ੍ਹਾਂ ਦਾਸ ਵੱਲ ਉਹ ਘੁਮਾਏ ਜੀ।

ਉਹਦੇ ਚੱਕਰਾਂ ‘ਚ ਲੰਘ ਗਏ ਦੋ ਸਾਲ ਜੀ,
ਆਖਰੀ ਇਹ ਵਰ੍ਹਾਂ ਹੁਣ ਬਸ ਉਹਦੇ ਨਾਲ ਜੀ,
ਉਹਦੇ ਤੱਕ ਆਕੇ ਮੇਰੀ ਮੁੱਕ ਗਈ ਏ ਭਾਲ ਜੀ,
ਉਹਦਾ ਕੁਝ ਪਤਾ ਨਹੀਂ ਕੀ ਏ ਖਿਆਲ ਜੀ,
ਕਿਹੜੀ ਗੱਲ ਰੱਖੇ ਉਹ ਦਿਲ ‘ਚ ਲੁਕਾਏ ਜੀ।

ਰੋਜ਼ ਦਿਲ ਤੇ ਦਿਮਾਗ ਵਿਚ ਹੁੰਦੀਆਂ ਲੜਾਈਆਂ ਜੀ,
ਅਫਸਰ ਬਣਨਾ ਸੀ ਕਰਕੇ ਪੜ੍ਹਾਈਆਂ ਜੀ,
ਕਾਹਦੀਆਂ ਪੜ੍ਹਾਈਆਂ ਅਸੀਂ ਅਕਲਾਂ ਗਵਾਈਆਂ ਜੀ,
ਵਾਹ ਓਏ ਰੱਬਾ ਕਿਹੋ ਜਿਹੀਆਂ ਉਮਰਾਂ ਇਹ ਆਈਆਂ ਜੀ,
ਉਹ ਦਿਨੇ ਚੈਨ ਰਾਤ ਦੀਆਂ ਨੀਂਦਰਾਂ ਉਡਾਏ ਜੀ।

ਤੁਸੀਂ ਦੱਸ ਦਿਓ ਥੋਤੋਂ ਮੰਗਾਂ ਮੈਂ ਸਲਾਹ ਜੀ,
ਕਿਹੜਾ ਫੜ੍ਹਾਂ ਉਹਦੇ ਦਿਲ ਤੱਕ ਜਾਣ ਵਾਲਾ ਰਾਹ ਜੀ,
ਕੀ ਇਸ ਗੱਲ ਦੀ ਮੈਂ ਕਰਾਂ ਕੋਈ ਪਰਵਾਹ ਜੀ?,
ਚੰਗੀ ਲੱਗੇ ਮੈਨੂੰ ਕੌਫੀ ਤੇ ਪਸੰਦ ਉਹਨੂੰ ਚਾਹ ਜੀ,
ਕੀ ਆਦਤਾਂ ਦਾ ਵਖਰੇਵਾਂ ਰਿਸ਼ਤੇ ‘ਚ ਫਿੱਕ ਪਾਏ ਜੀ?।

ਮੇਰਾ ਇਸ਼ਕ ਹਕੀਕੀ ਨਾ ਇਹ ਇਸ਼ਕ ਮਿਜਾਜ਼ੀ ਆ,
ਉਹ ਭਰੇ ਥੋੜ੍ਹਾ ਜਿਹਾ ਹੁੰਗਾਰਾ ਅਸੀਂ ਬੈਠੇ ਹੋਏ ਰਾਜ਼ੀ ਆ,
ਜਿੰਦ-ਜਾਨ ਦੀ ਹੁਣ ਲੱਗ ‘ਗੀ ਏ ਬਾਜ਼ੀ ਆ,
ਉਹਦੇ ਬਿਨਾਂ ਜ਼ਿੰਦਗੀ ਵੀ ਜ਼ਿੰਦਗੀ ਕਾਹਦੀ ਆ,
ਉਹਨੂੰ ਹੁਣ ਗੱਲ ਇਹ ਕੌਣ ਸਮਝਾਏ ਜੀ।

ਉਹਦੇ ਬਾਰੇ ਉਹਨੂੰ ਗੱਲ ਇਕ ਦੱਸਣੀ ਜ਼ਰੂਰ ਆ,
ਨਾ ਉਹ ਅੰਬਰਾਂ ਦਾ ਚੰਨ ਨਾ ਕੋਈ ਪਰੀ ਨਾ ਕੋਈ ਹੂਰ ਆ,
ਪਰ ਸਾਦਗੀ-ਸੁਹੱਪਣ ਨਾਲ ਕਿੰਨੀ ਭਰਪੂਰ ਆ,
ਮੈਨੂੰ ਮਨਜ਼ੂਰ ਆ ਉਹ ਮੈਨੂੰ ਮਨਜ਼ੂਰ ਆ,
ਉਹਦੇ ਬਾਰੇ ਸੋਚ-ਸੋਚ ਮੇਰਾ ਸਿਰ ਚਕਰਾਏ ਜੀ,
ਮੰਨ ਜਾਏ ਉਹ ਮੰਨ ਜਾਏ ਉਹ ਹੁਣ ਤਾਂ ਮੰਨ ਜਾਏ ਜੀ।

ਨਰਿੰਦਰ ਪਾਲ ਸਿੰਘ ਜਗਦਿਓ