Monday, May 2, 2011

ਖਿਆਲ


ਉਂਝ ਹੀ ਬੈਠੇ ਬੈਠੇ ਇਕ ਖਿਆਲ ਆ ਗਿਆ,
ਬੁੱਲ੍ਹਾਂ ‘ਤੇ ਮੁਸਕੜੀ, ਹੰਝੂ ਅੱਖ ‘ਚ ਨਾਲ ਆ ਗਿਆ,
ਕਿਵੇਂ ਰੋਕਦਾ ਜਜ਼ਬਾਤਾਂ ਦੇ ਵੇਗ ਨੂੰ ਮੈਂ ?,
ਯਾਦ ਹੀ ਇਕ ਐਸਾ ਸ਼ਖਸ ਕਮਾਲ ਆ ਗਿਆ।

ਕੱਲ੍ਹ ਦੀ ਹੀ ਗੱਲ ਜਾਪੇ ਕੋਈ ਬਹੁਤ ਪੁਰਾਣੀ ਨਹੀਂ,
ਧੌਲੇ ਜ਼ਰੂਰ ਆ ਗਏ ਪਰ ਗਈ ਹਾਲੇ ਜਵਾਨੀ ਨਹੀਂ,
ਕਦੇ ਉਹ ਵੀ ਸਾਡੇ ‘ਤੇ ਮਿਹਰਬਾਨ ਸੀ ਸੱਚ ਜਾਣਿਓ,
ਸੋਲ੍ਹਾਂ ਆਨੇ ਸੱਚ ਗੱਲ ਏ ਕੋਈ ਝੂਠ ਕਹਾਣੀ ਨਹੀਂ।

ਅਸੀਂ ਤੁਰੇ ਸਾਂ ਇਕੱਠੇ ਰਾਹ ਪਰ ਵੱਖ-ਵੱਖ ਹੋ ਗਏ,
ਮਾਰੀ ਪਲਟੀ ਸਮੇਂ ਨੇ ਜੋ ਦੁਆਨੀ ਸੀ ਉਹ ਲੱਖ ਹੋ ਗਏ,
ਇਹ ਵੀ ਗੱਲ ਏ ਅਜੀਬ ਕਿੰਨੀ ਸੱਜਣੋਂ-ਪਿਆਰਿਓ,
ਕਾਮਯਾਬੀਆਂ ਦੇ ਥੱਲੇ ਉਹਦੇ ਕਈ ਐਬ ਢੱਕ ਹੋ ਗਏ!

ਮਹਿਬੂਬ ਦੀਆਂ ਕਦੋਂ ਤੱਕ ਕੋਈ ਸਾਂਭਦਾ ਨਿਸ਼ਾਨੀਆਂ?
ਸਮਾਜ ਦੀ ਜਦ ਗੱਲ ਆਉਂਦੀ ਕਿੱਥੇ ਚੱਲਣ ਮਨਮਾਨੀਆਂ,
ਬਿੱਲੋ ਤੇਰੇ ਲਈ ਮੈਂ ਅੰਬਰਾਂ ਤੋਂ ਤਾਰੇ ਤੋੜ ਸਕਦਾ ਵਾਂ,
ਹਰ ਮੁੰਡਾ ਦਾਅਵੇ ਕਰੇ ਜਦੋਂ ਚੜ੍ਹਨ ਜਵਾਨੀਆਂ।

ਤੇਰੇ ਨਾਲ ਮੇਰੀ ਫੋਟੋ ਬੜੀ ਚੰਗੀ ਆਉਂਦੀ ਏ ਜਨਾਬ ਜੀ,
ਫਿਕਰਾ ਇਹ ਸਾਰੀ ਦੁਨੀਆਂ ਹੀ ਫਰਮਾਉਂਦੀ ਏ ਜਨਾਬ ਜੀ,
ਤੇਰੇ ਨਾਲ ਖੜ੍ਹ ਕੇ ਮੈਂ ਮਾਣ ਮਹਿਸੂਸ ਕਰਾਂ,
ਥੋਨੂੰ ਕਿਹੜੀ ਗੱਲੋਂ ਦੱਸੋ ਸ਼ਰਮ ਜਿਹੀ ਆਉਂਦੀ ਏ ਜਨਾਬ ਜੀ।

ਨਾਮ ਯਾਰ ਦਾ ਨਾ ਲਿਖੇ ਹੁਣ ਕੋਈ ਸਫੇਦੇ ਦਿਆਂ ਰੁੱਖਾਂ ਉੱਤੇ,
ਸਾਂਝ ਰਹੀ ਨਾ ਕੋਈ ਵੀ ਖੁਸ਼ੀ-ਖੇੜਿਆਂ ਤੇ ਸੁੱਖਾਂ-ਦੁੱਖਾਂ ਉੱਤੇ,
ਮੋਬਾਈਲ, ਈ-ਮੇਲਾਂ ਅਤੇ ਚੈਟ ਵਾਲਾ ਦੌਰ ਹੁਣ,
ਉਹਨੇ ਵੀ ਕਹਿ ‘ਤਾ ਚੱਲ ਮਿਲਦੇ ਰਹਾਂਗੇ ਔਰਕੁੱਟ-ਫੇਸਬੁੱਕਾਂ ਉੱਤੇ।

ਨਰਿੰਦਰ ਪਾਲ ਸਿੰਘ ਜਗਦਿਓ

2 comments:

jatnder said...

very good bhaji

Anonymous said...

bhut hi alla darje di hai.............