ਮੈਂ ਭੁਲੇਖਾ ਹਾਂ,ਮ੍ਰਿਗਤ੍ਰਿਸ਼ਨਾ ਹਾਂ, ਤੂੰ ਮੈਥੋਂ ਦੂਰ ਰਹੀਂ,
ਤਲਖ ਸੱਚਾਈ ਦੱਸ ਦਿੱਤੀ ਫੇਰ ਨਾ ਮੇਰਾ ਕਸੂਰ ਕਹੀਂ।
ਅਣਜਾਣ ਲੋਕਾਂ ਦੇ ਵਿਚ ਤਾਂ ਚਰਚੇ ਹੋਣ ਬਹੁਤ ਲੱਗੇ,
ਆਪਣੇ ਜਦ ਤਾਰੀਫ ਕਰਨ ਤੂੰ ਫੇਰ ਮਸ਼ਹੂਰ ਕਹੀਂ ।
ਸਰਕਾਰੀ ਨੌਕਰ ਬਣਨਾ ਗੱਲ ਖੁਸ਼ੀ ਦੀ ਏਨੀ ਨਹੀਂ,
ਇਕੋ ਗੱਲ ਏ ਅਫਸਰ ਕਹਿ ਦੇ ਜਾਂ ਮਜ਼ਦੂਰ ਕਹੀਂ।
ਨਵਾਂ-ਨਵਾਂ ਜੇ ਪਿਆਰ ਹਾਲੇ ਤਾਂ ਪੱਲੇ ਬੰਨ੍ਹ ਇਕ ਗੱਲ,
ਉਹ ਗਧੇ ਨੂੰ ਘੋੜਾ ਆਖੇ ਤਾਂ ਤੂੰ ਜੀ ਹਜ਼ੂਰ ਕਹੀਂ।
ਅਸੂਲੋਂ ਉਲਟ ਜੇ ਕੰਮ ਕਰਨੇ ਨੂੰ ਐਨ.ਪੀ. ਕੋਈ ਵੀ ਕਹਿੰਦਾ,
ਹਿੱਕ ਠੋਕ ਕੇ ਹੁਕਮ ਅਜਿਹੇ ਨੂੰ ਨਾ ਮਨਜ਼ੂਰ ਕਹੀਂ।
ਜੱਖਣਾ ਵੱਢਣ ਵਿਚ ਹਾਂ ਮੋਢੀ ਤਾਰੀਫ ਕਰਨ ਵਿਚ ਫਾਡੀ,
ਚੰਗਿਆਂ ਦੀ ਸਿਫਤ ‘ਚ ਮਿੱਤਰਾ ਦੋ ਸ਼ਬਦ ਜ਼ਰੂਰ ਕਹੀਂ।
ਬੰਦਗੀ ਆਪੋ ਆਪਣੀ, ਜ਼ਰੀਆ ਵੀ ਹੋ ਸਕਦੈ ਵੱਖਰਾ,
ਰਾਂਝੇ ਵਾਲੀ ਖੁਮਾਰੀ ਆਖੀਂ ਜਾਂ ਬੁੱਲ੍ਹੇ ਜਿਹਾ ਸਰੂਰ ਕਹੀਂ।
ਰੂਹਦਾਰੀ ਦੀਆਂ ਗੱਲਾਂ ਸਮਝੇ ਕੋਈ-ਕੋਈ ਹੀ ਇੱਥੇ,
ਮਾਸੂਮ ਤੇ ਬੇਖਬਰ ਨੇ ਸੱਜਣ, ਐਵੇਂ ਨਾ ਉਹਨੂੰ ਮਗਰੂਰ ਕਹੀਂ।
ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment