Saturday, September 20, 2014

ਹਿੰਮਤ ਅੱਗੇ ਕਿਸਮਤ ਹਾਰੀ !


ਉਦੋਂ ਜਲੰਧਰ ਪੜ੍ਹਦਿਆਂ ਮੈਨੂੰ ਇਕ ਸਾਲ ਹੋ ਗਿਆ ਸੀ। ਇਹ ਗੱਲ ਸਾਲ 2003 ਦੀ ਹੈ। ਪੱਤਰਕਾਰੀ ਤੇ ਜਨ ਸੰਚਾਰ ਦੀ ਮਾਸਟਰ ਡਿਗਰੀ ਕਰਦਾ ਸਾਂ। ਲਿਖਣ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਪਰ ਪੜ੍ਹਾਈ ਦੌਰਾਨ ਟੀ.ਵੀ. ਐਕਰਿੰਗ ਕਰਨ ਦਾ ਚਾਅ ਚੜ੍ਹ ਗਿਆ। ਉਨ੍ਹਾਂ ਦਿਨਾਂ 'ਚ ਜਿਹੜੇ ਇਕ-ਦੋ ਨਿੱਜੀ ਪੰਜਾਬੀ ਚੈੱਨਲ ਚੱਲਦੇ ਸਨ, ਇੰਟਰਨੈੱਟ ਤੋਂ ਉਨ੍ਹਾਂ ਦੇ ਪਤੇ ਲੱਭ-ਲੱਭ ਬਹੁਤ ਈ-ਮੇਲਾਂ ਤੇ ਚਿੱਠੀਆਂ ਭੇਜੀਆਂ ਪਰ ਕਿਸੇ ਪਾਸਿਓਂ ਕੁਝ ਹੱਥ-ਪੱਲੇ ਨਹੀਂ ਸੀ ਪੈ ਰਿਹਾ। ਚੈੱਨਲਾਂ 'ਚ ਵੀ ਕਿਸੇ ਨਾਲ ਜਾਣ-ਪਹਿਚਾਣ ਨਹੀਂ ਸੀ। ਖੈਰ ਹਿੰਮਤ ਜਾਰੀ ਰੱਖੀ ਅਤੇ ਰੇਡੀਓ 'ਤੇ ਐਂਕਰਿੰਗ ਕਰਨ ਦਾ ਤਾਂ ਮੌਕਾ ਹੱਥ ਲੱਗ ਗਿਆ ਸੀ ਪਰ ਸ਼ੌਂਕ ਤਾਂ ਟੀ.ਵੀ. ਦਾ ਸੀ!

ਫਰਵਰੀ-ਮਾਰਚ 2003 'ਚ ਪਤਾ ਚੱਲਿਆ ਕਿ ਜਲੰਧਰ ਦੂਰਦਰਸ਼ਨ ਵਾਲਿਆਂ ਨੇ ਕੈਜੂਅਲ ਨਿਊਜ਼ ਰੀਡਰ ਰੱਖਣੇ ਹਨ।ਮੈਂ ਵੀ ਅਰਜ਼ੀ ਦੇ ਦਿੱਤੀ। ਮਈ ਮਹੀਨੇ ਦੇ ਆਖਰੀ ਹਫਤੇ (ਸ਼ਾਇਦ 27-28 ਮਈ ਨੂੰ) ਇੱਕ ਚਿੱਠੀ ਆਈ ਅਤੇ 31 ਮਈ 2003 ਨੂੰ ਪਹਿਲੇ ਰਾਊਂਡ ਦੀ ਇੰਟਰਵਿਊ ਲਈ ਸੱਦਿਆ ਗਿਆ ਸੀ। ਜਦੋਂ ਮੈਂ ਸਵੇਰੇ 9 ਵਜੇ ਉੱਥੇ ਪਹੁੰਚਿਆਂ ਤਾਂ ਮੁੰਡੇ-ਕੁੜੀਆਂ ਦਾ ਮੇਲਾ ਲੱਗਿਆ ਹੋਇਆ ਸੀ।ਪਤਾ ਚੱਲਿਆ ਕਿ ਦੂਰਦਰਸ਼ਨ ਵਾਲਿਆਂ ਨੇ ਬਹੁਤ ਸਾਲਾਂ ਬਾਅਦ ਨਿਊਜ਼ ਰੀਡਰ ਰੱਖਣ ਦਾ ਫੈਸਲਾ ਕੀਤਾ ਹੈ, ਇਹ ਭੀੜ ਇਸ ਕਰਕੇ ਜ਼ਿਆਦਾ ਹੈ। ਸੋਚਿਆ ਇੱਥੇ ਕੀ ਗੱਲ ਬਣਨੀ ਹੈ ਪਰ ਜਦੋਂ ਅਧਿਕਾਰੀਆਂ ਨੇ ਇੰਟਰਵਿਊ ਲਈ ਤਾਂ ਉਨ੍ਹਾਂ ਦਾ ਸਕਾਰਾਤਮਕ ਰਵੱਈਆਂ ਦੇਖ ਕੇ ਅਗਲੇ ਰਾਊਂਡ 'ਚ ਜਾਣ ਦਾ ਹੌਂਸਲਾ ਬਣ ਗਿਆ। ਇਨ੍ਹਾਂ ਦਿਨਾਂ ਦੌਰਾਨ ਹੀ ਮੇਰੀ ਡਿਗਰੀ ਦੇ ਪਹਿਲੇ ਸਾਲ ਦੇ ਪੇਪਰ ਖਤਮ ਹੋ ਗਏ ਅਤੇ ਮੈਂ ਆਪਣੇ ਸ਼ਹਿਰ ਖੰਨਾ ਆ ਗਿਆ।

15 ਜੂਨ 2003 ਨੂੰ ਮੈਨੂੰ ਖੰਨਾ ਘਰ ਵਾਲੇ ਪਤੇ 'ਤੇ ਦੂਰਦਰਸ਼ਨ ਦੀ ਇਕ ਹੋਰ ਚਿੱਠੀ ਮਿਲੀ। ਜਿਸ 'ਚ ਲਿਖਿਆ ਸੀ ਕਿ ਕੈਮਰਾ ਆਡੀਸ਼ਨ ਲਈ ਮੈਂ 14 ਜੂਨ ਨੂੰ ਸਵੇਰੇ 9 ਵਜੇ ਜਲੰਧਰ ਦੂਰਦਰਸ਼ਨ ਪਹੁੰਚਾ। ਮੈਂ ਬੜਾ ਹੈਰਾਨ ਤੇ ਮਾਯੂਸ ਹੋਇਆ ਕਿ ਚਿੱਠੀ ਤਾਂ ਮੈਨੂੰ ਇਕ ਦਿਨ ਦੇਰੀ ਨਾਲ ਮਿਲੀ ਹੈ। ਮੈਂ ਦੂਰਦਰਸ਼ਨ ਕਈ ਫੋਨ ਕੀਤੇ ਪਰ ਕੁਝ ਪੱਲੇ ਨਾ ਪਿਆ। ਇਸ ਦੌਰਾਨ ਡਿਗਰੀ ਪੂਰੀ ਹੋ ਗਈ ਅਤੇ ਮੈਂ ਧੱਕੇ-ਧੌਲੇ ਖਾਂਦਾ ਚੰਡੀਗੜ੍ਹ ਦੇ ਇਕ ਅਖਬਾਰ 'ਚ ਸਬ-ਐਡੀਟਰ ਲੱਗ ਗਿਆ। 7-8 ਮਹੀਨਿਆਂ ਬਾਅਦ ਹੀ ਫੇਰ ਜਲੰਧਰ ਜਾਣ ਦਾ ਸਬੱਬ ਬਣ ਗਿਆ ਕਿਉਂ ਕਿ ਨੌਕਰੀ ਜਲੰਧਰੋਂ ਛਪਦੇ ਇਕ ਵੱਡੇ ਪੰਜਾਬੀ ਅਖਬਾਰ 'ਚ ਮਿਲ ਗਈ ਸੀ। ਇੱਥੇ ਆ ਕੇ ਮੈਂ ਫਿਰ ਕੋਸ਼ਿਸ਼ ਜਾਰੀ ਰੱਖੀ।

ਇਹ ਗੱਲ ਸ਼ਾਇਦ ਮਾਰਚ-ਅਪ੍ਰੈਲ 2006 ਦੀ ਹੈ। ਜਲੰਧਰ ਦੂਰਦਰਸ਼ਨ ਨੇ 'ਸੱਜਰੀ ਸਵੇਰ' ਨਾਂ ਦਾ ਪ੍ਰੋਗਰਾਮ ਸ਼ੁਰੂ ਕਰਨਾ ਸੀ। ਇਸ ਪ੍ਰੋਗਰਾਮ ਦੀ ਐਂਕਰਿੰਗ ਲਈ ਨੌਜਵਾਨ ਮੁੰਡੇ-ਕੁੜੀਆਂ ਦੇ ਆਡੀਸ਼ਨ ਲਏ ਜਾਣੇ ਸਨ। ਮੈਂ ਇੱਥੇ ਵੀ ਪਹੁੰਚ ਗਿਆ। ਜਦੋਂ ਸ਼ਾਮ 3 ਵਜੇ ਤੱਕ ਮੇਰਾ ਨੰਬਰ ਨਾ ਆਇਆ ਤਾਂ ਮੈਂ ਆਪਣੇ ਅਖਬਾਰ ਵਾਲੇ ਦਫਤਰ ਫੋਨ ਕਰ ਦਿੱਤਾ ਕਿ ਮੈਂ ਘੰਟਾ ਕੁ ਲੇਟ ਆਵਾਂਗਾ। 'ਸਭ ਅੱਛਾ' ਹੋਣ ਦੇ ਬਾਵਜੂਦ ਨੰਬਰ ਇੱਥੇ ਵੀ ਨਾ ਲੱਗਿਆ।
ਖੈਰ, ਮੈਂ ਕੋਸ਼ਿਸ਼ ਜਾਰੀ ਰੱਖੀ। ਆਖਿਰ ਨਵੰਬਰ 2006 'ਚ ਇਕ ਵੱਡੇ ਗਰੁੱਪ ਦੇ ਦਿੱਲੀ/ਨੋਇਡਾ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਚੈੱਨਲ 'ਚ ਮੈਨੂੰ ਨੌਕਰੀ ਮਿਲ ਗਈ। ਚੈੱਨਲ ਹਾਲੇ ਕੁਝ ਮਹੀਨਿਆਂ ਤੱਕ 'ਆਨ ਏਅਰ' ਹੋਣਾ ਸੀ, 'ਡਰਾਈ ਰਨ' ਚੱਲ ਰਿਹਾ ਸੀ। ਇਸੇ ਚੈੱਨਲ 'ਚ ਨਿਊਜ਼ ਰੀਡਰ ਲਈ ਜਦੋਂ ਇਕ ਦਿਨ ਸਾਡਾ ਆਡੀਸ਼ਨ ਲਿਆ ਗਿਆ ਤਾਂ ਮੈਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਮੈਂ ਸਕਰੀਨ 'ਤੇ ਜ਼ਿਆਦਾ 'ਮੈਚਿਓਰ' ਨਹੀਂ ਲੱਗਦਾ ਅਤੇ 
ਮੇਰੀ ਆਵਾਜ਼ ਵੀ ਜ਼ਿਆਦਾ ਭਾਰੀ ਨਹੀਂ ਹੈ। ਉਂਝ ਪਰਦੇ ਪਿੱਛੇ ਮੇਰੇ ਕੀਤੇ ਕੰਮ ਦੀ ਹਰ ਕੋਈ ਪ੍ਰਸੰਸਾ ਕਰਦਾ।

ਸਾਲ ਕੁ ਤੋਂ ਜ਼ਿਆਦਾ ਸਮੇਂ ਲਈ ਦਿੱਲੀ-ਨੋਇਡਾ ਨੌਕਰੀ ਕੀਤੀ ਅਤੇ ਪਰਿਵਾਰਕ ਮਜ਼ਬੂਰੀਆਂ ਕਰਕੇ ਮੈਂ ਟ੍ਰਾਂਸਫਰ ਪੰਜਾਬ ਦੀ ਲੈ ਲਈ। ਜੁਲਾਈ 2008 'ਚ ਚੈੱਨਲ ਦੇ ਮੋਹਾਲੀ ਦਫਤਰ 'ਚ ਆ ਗਿਆ। ਮੇਰੇ ਨਾਲ ਵਾਅਦਾ ਕੀਤਾ ਗਿਆ ਕਿ ਇਕ ਪ੍ਰੋਗਰਾਮ ਮੈਂ ਤਿਆਰ ਕਰਾਂਗਾ ਅਤੇ ਉਸਦੀ ਐਂਕਰਿੰਗ ਲਈ ਵੀ ਮੈਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ। ਮੈਂ ਬਹੁਤ ਖੁਸ਼ ਸਾਂ। ਇਸ ਪ੍ਰੋਗਰਾਮ ਦਾ ਮੈਂ ਇਕ 'ਮਾਸਟਰ ਐਪੀਸੋਡ' ਵੀ ਤਿਆਰ ਕਰ ਲਿਆ ਸੀ ਪਰ ਕਿੰਨਾ ਦੇਰ ਉਹ ਪ੍ਰੋਗਰਾਮ ਸ਼ੁਰੂ ਨਾ ਹੋ ਸਕਿਆ। ਉਹ ਪ੍ਰੋਗਰਾਮ ਉਂਝ ਕਦੇ ਵੀ ਸ਼ੁਰੂ ਨਾ ਹੋਇਆ ਅਤੇ ਡੱਬਾਬੰਦ ਹੋ ਕੇ ਰਹਿ ਗਿਆ।

ਮੈਂ ਚੈੱਨਲ ਲਈ ਆਪਣੀ ਰਿਪੋਰਟਿੰਗ ਜਾਰੀ ਰੱਖੀ ਅਤੇ ਖੁਦ 'ਚ ਹੋਰ ਸੁਧਾਰ ਕਰਦਾ ਰਿਹਾ। ਐਕਰਿੰਗ ਲਈ ਕੋਸ਼ਿਸ਼ ਜਾਰੀ ਰੱਖੀ। ਇਕ ਨਵਾਂ ਪ੍ਰੋਗਰਾਮ 'ਇਕ ਖਾਸ ਮੁਲਾਕਾਤ' ਜੋ ਸ਼ੁਰੂ ਹੋਇਆਂ 2 ਕੁ ਮਹੀਨੇ ਹੀ ਹੋਏ ਸਨ, ਉਸ ਪ੍ਰੋਗਰਾਮ ਦਾ ਐਂਕਰ ਅਚਾਨਕ ਨੌਕਰੀ ਤੋਂ ਅਸਤੀਫਾ ਦੇ ਗਿਆ ਅਤੇ ਪ੍ਰੋਗਰਾਮ ਮੈਨੂੰ ਦੇ ਦਿੱਤਾ ਗਿਆ। 17 ਮਾਰਚ 2009 ਨੂੰ ਮੈਂ ਇਸ ਪ੍ਰੋਗਰਾਮ ਲਈ ਮਰਹੂਮ ਜਸਪਾਲ ਭੱਟੀ ਨਾਲ ਕੀਤੀ ਆਪਣੀ ਪਹਿਲੀ ਇੰਟਰਵਿਊ ਰਿਕਾਰਡ ਕਰਵਾਈ। ਮੈਂ ਇਸ ਪ੍ਰੋਗਰਾਮ ਦੇ ਤਕਰੀਬਨ 115 ਐਪੀਸੋਡ ਰਿਕਾਰਡ ਕੀਤੇ ਅਤੇ ਲਗਾਤਾਰ ਦੋ ਸਾਲ ਉਦੋਂ ਤੱਕ ਐਂਕਰਿੰਗ ਕੀਤੀ ਜਦੋਂ ਤੱਕ ਕਿ 7 ਮਈ 2011 ਨੂੰ ਇਹ ਨੌਕਰੀ ਛੱਡ ਕੇ ਸਰਕਾਰੀ ਨੌਕਰ ਨਹੀਂ ਬਣ ਗਿਆ।

No comments: