Thursday, August 8, 2013

ਜਿਨ੍ਹਾਂ ਸੁਪਨਿਆਂ ਨੇ ਸੌਣ ਨਹੀਂ ਦਿੱਤਾ !

ਰਾਮਪੁਰਾ ਫੂਲ ਵਾਲੇ ਰਜਨੀਸ਼ ਨੇ ਰੋਜ਼ ਦੀ ਤਰ੍ਹਾਂ ਦਾਲ ਬਣਾ ਕੇ ਰਸੋਈ ਮੇਰੇ ਤੇ ਜਗਦੀਪ ਹਵਾਲੇ ਕਰ ਦਿੱਤੀ ਸੀ ਤਾਂ ਜੋ ਅਸੀਂ ਆਟਾ ਗੁੰਨ੍ਹ ਕੇ ਰੋਟੀਆਂ ਬਣਾ ਸਕੀਏ। ਬਾਹਰ ਹਾਲ 'ਚ ਆ ਕੇ ਉਸ ਨੇ ਰੇਡੀਓ ਦੀ ਸਵਿੱਚ ਆਨ ਕਰ ਦਿੱਤੀ ਤੇ ਵਿਵਿਧ ਭਾਰਤੀ 'ਤੇ ਚੱਲਦੇ ਗਾਣਿਆਂ ਦੀ ਆਵਾਜ਼ ਉੱਚੀ ਚੁੱਕ ਦਿੱਤੀ। ਸਾਡੀ ਸ਼ਾਮ ਤਕਰੀਬਨ ਰੋਜ਼ਾਨਾ ਇੰਝ ਹੀ ਲੰਘਦੀ ਹੁੰਦੀ ਸੀ।ਰਜਨੀਸ਼ ਦਾ ਕੰਮ ਸੀ ਦਾਲ-ਸਬਜ਼ੀ ਬਣਾਉਣਾ ਅਤੇ ਮੈਂ ਤੇ ਜਗਦੀਪ ਰੋਟੀਆਂ ਲਾਹ ਲੈਂਦੇ ਸੀ। ਬਾਅਦ 'ਚ ਭਾਂਡੇ ਸਾਫ ਕਰਨ ਦਾ ਜ਼ਿੰਮਾ ਤਰਨ ਤਾਰਨ ਵਾਲੇ ਅਮਿਤ ਦਾ ਹੁੰਦਾ ਸੀ। ਅਸੀਂ ਚਾਰੋਂ ਜਲੰਧਰ ਕੋਲ ਲੱਧੇਵਾਲੀ ਪਿੰਡ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਤੋਂ ਪੱਤਰਕਾਰੀ ਤੇ ਜਨ ਸੰਚਾਰ ਦੀ ਮਾਸਟਰ ਡਿਗਰੀ ਕਰਦੇ ਸਾਂ। ਇਹ ਗੱਲਾਂ ਸਾਲ 2003 ਦੀਆਂ ਹਨ।


ਇਕੱਠੇ ਰੋਟੀ ਖਾਂਦਿਆਂ ਕਦੇ-ਕਦੇ ਰੇਡੀਓ 'ਤੇ ਅਜਿਹੇ ਪੇਸ਼ਕਾਰ (ਐਂਕਰ) ਸੁਣਨੇ ਪੈ ਜਾਂਦੇ ਜਿਨ੍ਹਾਂ ਨੂੰ ਸੁਣ ਕੇ ਹਾਸਾ ਵੀ ਨਿਕਲ ਜਾਣਾ ਤੇ ਅਸੀਂ ਚਰਚਾ ਵੀ ਕਰਨੀ 'ਬਈ ਜੇ ਇਨ੍ਹਾਂ ਦੀ ਜਗ੍ਹਾਂ ਆਪਾਂ ਹੋਈਏ ਤਾਂ 'ਨ੍ਹੇਰੀਆਂ ਲਿਆ ਦੇਈਏ।' ਪਰ ਰੇਡੀਓ-ਟੀ.ਵੀ. 'ਚ ਤਾਂ ਕਿਸੇ ਨਾਲ ਦੂਰ-ਦੂਰ ਤੱਕ ਵਾਸਤਾ ਨਹੀਂ ਸੀ। ਖੈਰ, ਬਹੁਤ ਵਾਰ ਅਸੀਂ ਝੂਠੀ-ਮੂਠੀ ਦਾ ਰੇਡੀਓ ਜੋਕੀ ਬਣ ਕੇ ਪ੍ਰੋਗਰਾਮ ਪੇਸ਼ ਕਰਨਾ ਤੇ ਹੱਸਦਿਆਂ-ਖੇਡਦਿਆਂ (ਤੇ ਕਦੇ-ਕਦੇ ਪੜ੍ਹਦਿਆਂ) ਸੌਂ ਜਾਣਾ। ਪੜ੍ਹਾਈ ਠੀਕ-ਠਾਕ ਚੱਲ ਰਹੀ ਸੀ।


ਉਸੇ ਸਾਲ ਨਵੰਬਰ ਮਹੀਨੇ ਜਲੰਧਰ ਰੇਡੀਓ ਵਾਲਿਆਂ ਨੇ ਆਪਣਾ ਐਫ.ਐਮ. ਚੈੱਨਲ ਸ਼ੁਰੂ ਕਰਨਾ ਸੀ।ਸਾਨੂੰ ਸਾਰੀ ਕਲਾਸ ਨੂੰ ਆਲ ਇੰਡੀਆ ਰੇਡੀਓ ਜਲੰਧਰ ਵੱਲੋਂ ਆਡੀਸ਼ਨ ਲਈ ਬੁਲਾ ਲਿਆ ਗਿਆ।ਮੈਨੂੰ ਤੇ ਜਗਦੀਪ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਸਾਡਾ ਬੋਲਣ ਦਾ ਲਹਿਜ਼ਾ 'ਦੇਸੀ ਤੇ ਠੇਠ ਮਲਵਈ' ਹੈ ਇਸ ਲਈ ਸਾਡਾ ਕੋਈ ਚਾਂਸ ਨਹੀਂ ਸੀ ਪਰ ਤਜ਼ਰਬੇ ਦੇ ਤੌਰ 'ਤੇ ਅਸੀਂ ਦੋਵੇਂ ਵੀ ਚਲੇ ਗਏ। ਗਏ ਤਾਂ ਰਜਨੀਸ਼ ਤੇ ਅਮਿਤ ਵੀ ਸੀ ਪਰ ਉਨ੍ਹਾਂ ਰੇਡੀਓ ਜੋਕੀ ਬਣਨ ਨੂੰ ਕੋਈ ਤਰਜੀਹ ਨਾ ਦਿੱਤੀ।ਦੋਵੇਂ ਪੱਤਰਕਾਰੀ ਕਰਨਾ ਚਾਹੁੰਦੇ ਸਨ।


ਸਾਡੀ ਅੱਧੀ ਕਲਾਸ ਰੇਡੀਓ ਵਾਲਿਆਂ ਨੇ ਚੁਣ ਲਈ। ਉਨ੍ਹਾਂ ਸਾਲਾਂ 'ਚ ਜਲੰਧਰ ਵਾਲੇ ਰੇਡੀਓ ਐਫ.ਐਮ. 'ਤੇ ਆਉਂਦੇ ਤਕਰੀਬਨ ਸਾਰੇ ਪ੍ਰੋਗਰਾਮਾਂ ਦੇ ਪੇਸ਼ਕਾਰ ਮੇਰੇ ਸਹਿਪਾਠੀ ਸਨ। ਮੇਰੇ ਤੇ ਜਗਦੀਪ 'ਚ ਪਤਾ ਨੀ ਇਕ ਮੈਡਮ ਨੂੰ ਕੀ ਦਿਸਿਆ ਉਸ ਨੇ ਸਾਨੂੰ ਵੀ 'ਯੁਵਾਬਾਣੀ' ਨਾਂ ਦਾ ਪ੍ਰੋਗਰਾਮ ਪੇਸ਼ ਕਰਨ ਲਈ ਦੇ ਦਿੱਤਾ।ਇੱਥੇ ਇੱਕ ਗੱਲ ਹੋਰ।ਐਫ.ਐਮ. ਵਾਲੇ ਪ੍ਰੋਗਰਾਮਾਂ 'ਤੇ ਸਾਡੀਆਂ ਸਹਿਪਾਠੀ ਜਿਹੜੀਆਂ ਕੁੜੀਆਂ ਐਂਕਰ ਸਨ ਉਨ੍ਹਾਂ ਦੀਆਂ ਬਹੁਤ ਸਾਰੀਆਂ ਸਕਰਿਪਟਾਂ ਮੈਂ ਤੇ ਜਗਦੀਪ ਲਿਖਦੇ ਰਹੇ ਸਾਂ।ਖੈਰ, ਅਸੀਂ ਦੋਵੇਂ ਮਹੀਨੇ 'ਚ ਪੰਜ-ਛੇ 'ਯੁਵਾਬਾਣੀ' ਕਰ ਦਿੰਦੇ ਸਾਂ ਤੇ ਜੇਬ ਖਰਚ ਵੀ ਸੋਹਣਾ ਮਿਲ ਜਾਂਦਾ ਸੀ।ਕਿੱਥੇ ਕੁਝ ਸਮਾਂ ਪਹਿਲਾਂ ਰੋਟੀਆਂ ਖਾਂਦਿਆਂ 'ਰੇਡੀਓ ਜੋਕੀ' ਬਣਨ ਦੇ ਸੁਪਨੇ ਲੈਂਦੇ ਹੁੰਦੇ ਸਾਂ ਤੇ ਪੇਸ਼ਕਾਰਾਂ ਦੀਆਂ ਅਣਗਿਣਤ ਗਲਤੀਆਂ ਕੱਢਦੇ ਹੁੰਦੇ ਸੀ ਤੇ ਕਿੱਥੇ ਹੁਣ ਖੁਦ ਪ੍ਰੋਗਰਾਮ ਪੇਸ਼ ਕਰਦਿਆਂ ਸ਼ਬਦਾਂ ਦੀ ਥੁੜ੍ਹ ਮਹਿਸੂਸ ਹੋਣੀ! ਇਸ ਕਮੀ ਨੂੰ ਦੂਰ ਕਰਨ ਲਈ ਉਨ੍ਹਾਂ ਸਾਲਾਂ 'ਚ ਬੇਹਿਸਾਬ ਸਾਹਿਤ ਵੀ ਪੜ੍ਹਿਆ।


ਰੇਡੀਓ 'ਤੇ ਪ੍ਰੋਗਰਾਮ ਪੇਸ਼ ਕਰਨ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਅਜਿਹੇ ਸ਼ਬਦਾਂ ਬਾਰੇ ਵੀ ਇਕ-ਦੂਜੇ ਨਾਲ ਚਰਚਾ ਕਰਨੀ ਜੋ 'ਇਲਾਕਾਈ ਸ਼ਬਦ' ਸਨ ਤੇ ਸਾਨੂੰ ਲੱਗਦਾ ਹੁੰਦਾ ਸੀ ਕਿ ਅਜਿਹੇ ਬਹੁਤ ਸਾਰੇ ਸ਼ਬਦ ਸ਼ਾਇਦ ਦੁਆਬੀਏ ਤੇ ਮਝੈਲ਼ਾਂ ਦੇ ਸਮਝ ਨਾ ਆਉਣ।ਅਸੀਂ 'ਸੀ' ਦੀ ਥਾਂ ਉੱਤੇ 'ਤੀ' ਸ਼ਬਦ ਦੀ ਵਰਤੋਂ ਕਰਦੇ ਸੀ।'ਕਿੰਝ' ਦੀ ਥਾਂ 'ਤੇ 'ਕੀਕਣ' ਸ਼ਬਦ ਵਰਤਦੇ ਸੀ।ਅਜਿਹੇ ਸ਼ਬਦਾਂ ਕਰਕੇ ਰੇਡੀਓ ਵਾਲੇ ਮੁਲਾਜ਼ਮ ਸਾਨੂੰ ਝੱਟ ਪਛਾਣ ਲੈਂਦੇ ਸੀ ਕਿ ਅਸੀਂ ਲੁਧਿਆਣੇ ਵਾਲੇ ਪਾਸੇ ਦੇ ਹਾਂ। ਜਦੋਂ ਤੱਕ ਜਲੰਧਰ ਪੜ੍ਹਦੇ ਰਹੇ ਰੇਡੀਓ ਪ੍ਰੋਗਰਾਮਾਂ ਨੇ ਵਿੱਤੀ ਪੱਖੋਂ ਵੀ ਫਾਇਦਾ ਦਿੱਤਾ ਤੇ ਹੌਂਸਲਾ ਵਧਾਉਣ 'ਚ ਵੀ ਇਹ ਕਾਫੀ ਸਹਾਈ ਹੋਏ।


ਰੇਡੀਓ 'ਤੇ ਆਵਾਜ਼ ਤਾਂ ਲੋਕ ਸੁਣ ਲੈਂਦੇ ਸੀ ਪਰ ਤਸਵੀਰ ਬਿਨਾਂ ਕਿੱਥੇ ਗੱਲ ਬਣਦੀ ਹੈ! ਨਾਲੇ ਕਿਹਦਾ ਸੁਪਨਾ ਨਹੀਂ ਹੁੰਦਾ ਟੀ.ਵੀ. 'ਤੇ ਆਉਣ ਦਾ? ਟੀ.ਵੀ. 'ਤੇ ਕਿੰਨੇ ਹੀ ਕੱਚਘੜ ਜਿਹੇ ਮੁੰਡੇ-ਕੁੜੀਆਂ ਐਂਕਰ ਬਣੀ ਫਿਰਦੇ ਨੇ ਫੇਰ ਸਾਡੇ 'ਚ ਭਲਾ ਕਿਹੜੀ ਘਾਟ ਹੈ, ਇਹ ਸੋਚ ਕੇ ਮੈਂ ਇਕ ਵਾਰ ਦੂਰਦਰਸ਼ਨ ਜਲੰਧਰ ਵੀ ਆਡੀਸ਼ਨ ਦੇਣ ਗਿਆ ਸੀ। ਉੱਥੋਂ ਮੈਨੂੰ ਰੱਦ ਕਰ ਦਿੱਤਾ ਗਿਆ, ਪਤਾ ਨੀ ਕਿਉਂ? ਆਪਾਂ ਹਿੰਮਤ ਨੀ ਛੱਡੀ। ਖੁਦ 'ਚ ਸੁਧਾਰ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਰੱਖੀਆ। ਇਸ ਗੱਲ ਤੋਂ ਕੁਝ ਸਮਾਂ ਬਾਅਦ ਇਕ ਨਾਮੀਂ ਪੰਜਾਬੀ ਚੈੱਨਲ 'ਚ ਨੌਕਰੀ ਮਿਲ ਗਈ ਸੀ।


ਇਸ ਚੈੱਨਲ 'ਚ ਨੌਕਰੀ ਮਿਲਣਾ ਵੀ ਕਿਸੇ ਸੁਪਨੇ ਦੇ ਪੂਰੇ ਹੋਣ ਤੋਂ ਘੱਟ ਨਹੀਂ ਸੀ।ਪੜ੍ਹਾਈ ਦੌਰਾਨ ਅਤੇ ਬਾਅਦ 'ਚ ਅਖਬਾਰਾਂ ਦੀ ਨੌਕਰੀ ਦੌਰਾਨ ਮੈਂ ਕਿੰਨੀ ਵਾਰ ਇੰਟਰਨੈੱਟ ਤੋਂ ਇਸ ਚੈੱਨਲ ਦਾ ਪਤਾ ਲੱਭ ਕੇ ਅਤੇ ਉੱਚ ਅਧਿਕਾਰੀਆਂ ਦੇ ਈ-ਮੇਲ ਅਤਾ-ਪਤਾ ਕਰਕੇ ਆਪਣਾ ਬਾਇਓ-ਡਾਟਾ ਉੱਥੇ ਭੇਜਿਆ ਸੀ ਪਰ ਇਸੇ ਚੈੱਨਲ 'ਚ ਨੌਕਰੀ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਅਜਿਹੇ ਕਿੰਨੇ ਹੀ ਬਾਇਓ-ਡਾਟਾ ਰੋਜ਼ ਰੱਦੀ ਦੀ ਟੋਕਰੀ 'ਚ ਸੁੱਟੇ ਜਾਂਦੇ ਹਨ।ਟੀ.ਵੀ. ਦਾ ਰੱਤੀ ਭਰ ਤਜ਼ਰਬਾ ਨਾ ਹੋਣ ਦੇ ਬਾਵਜੂਦ ਵੀ ਕੁਝ ਸਮਾਂ ਬਾਅਦ ਮੈਂ ਮਿਹਨਤ ਸਦਕਾ ਇਸ ਚੈੱਨਲ 'ਚ ਸਨਮਾਨਜਨਕ ਪੁਜੀਸ਼ਨ 'ਤੇ ਪਹੁੰਚ ਗਿਆ ਸੀ।


ਇਸ ਚੈੱਨਲ 'ਚ ਕੁਝ ਸਮਾਂ ਬਾਅਦ ਪ੍ਰਸਥਿਤੀਆਂ ਐਸੀਆਂ ਬਣੀਆਂ ਕਿ ਪਹਿਲਾਂ ਮੈਨੂੰ ਐਕਰਿੰਗ ਲਈ ਮਨ੍ਹਾਂ ਕਰਨ ਦੇ ਬਾਵਜੂਦ ਕੁਝ ਸਮਾਂ ਬਾਅਦ ਮਜ਼ਬੂਰੀ 'ਚ ਇੰਟਰਵਿਊ ਵਾਲਾ ਇਕ ਪ੍ਰੋਗਰਾਮ ਪੇਸ਼ ਕਰਨ ਲਈ ਦੇ ਦਿੱਤਾ ਗਿਆ।ਵਿਦੇਸ਼ਾਂ 'ਚ ਉਸ ਪ੍ਰੋਗਰਾਮ ਨੇ ਵੱਡੀ ਗਿਣਤੀ 'ਚ ਦਰਸ਼ਕ ਇਸ ਚੈਨਲ ਨਾਲ ਜੋੜੇ।ਪੇਸ਼ਕਾਰੀ ਦਾ ਮੇਰਾ ਦੇਸੀ ਤੇ ਸਪੱਸ਼ਟ ਸਵਾਲ ਪੁੱਛਣ ਦਾ ਅੰਦਾਜ਼ ਹੀ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਬੱਬ ਬਣਿਆਂ।ਹੁਣ ਦੋ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਸਰਕਾਰੀ ਨੌਕਰੀ 'ਚ ਆਇਆਂ ਨੂੰ ਹੋ ਗਿਆ ਹੈ।ਜ਼ਿੰਦਗੀ ਚੱਲ ਰਹੀ ਹੈ। ਬਹੁਤ ਕੁਝ ਪਿੱਛੇ ਲੰਘ ਗਿਆ ਹੈ ਅਤੇ ਬਹੁਤ ਕੁਝ ਨਵਾਂ ਅੱਗੇ ਆਉਣ ਦੀਆਂ ਆਸਾਂ ਲਾਈ ਬੈਠੇ ਹਾਂ। 



ਖੈਰ, ਇਹ ਸਭ ਗੱਲਾਂ ਸਹਾਇਕ ਹਨ, ਪ੍ਰਮੁੱਖ ਮੁੱਦਾ ਤਾਂ ਇਹ ਹੈ ਕਿ ਸਾਡੇ ਚਾਰਾਂ ਦੋਸਤਾਂ ਦੇ ਖਾਨਦਾਨਾਂ 'ਚ ਕਦੇ ਕਿਸੇ ਨੇ ਅਖਬਾਰਾਂ ਦੇ ਸੰਪਾਦਕੀ ਟੇਬਲ, ਰੇਡੀਓ-ਟੀ.ਵੀ. ਦਾ ਮੂੰਹ ਤੱਕ ਨਹੀਂ ਦੇਖਿਆ ਸੀ ਪਰ ਅਸੀਂ ਜੋ ਸੁਪਨੇ ਲਏ ਸੀ ਉਨ੍ਹਾਂ ਨੂੰ ਕੋਸ਼ਿਸ਼ਾਂ ਤੇ ਮਿਹਨਤ ਸਦਕਾ ਪੂਰਾ ਕੀਤਾ। ਹਾਲੇ ਹੋਰ ਬਹੁਤ ਸੁਪਨੇ ਪੂਰੇ ਕਰਨੇ ਬਾਕੀ ਹਨ! ਮੈਨੂੰ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਦੀ ਇਸ ਗੱਲ ਨੇ ਹਮੇਸ਼ਾਂ ਹੀ ਪ੍ਰਭਾਵਿਤ ਕੀਤਾ ਹੈ ਕਿ 'ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਸੌਂਦੇ ਹੋਏ ਵੇਖਦੇ ਹੋ ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।'

- ਨਰਿੰਦਰ ਪਾਲ ਸਿੰਘ ਜਗਦਿਓ

No comments: