ਛੋਟੀਆਂ-ਛੋਟੀਆਂ ਸੀ ਗੱਲਾਂ, ਬਹੁਤੀਆਂ ਵੱਡੀਆਂ ਨਹੀਂ,
ਐਵੇਂ ਦਿਲ 'ਚ ਸੰਭਾਲ ਰੱਖੀਆਂ, ਬਾਹਰ ਕੱਢੀਆਂ ਨਹੀਂ।
ਹੁਣ ਪੈ ਗਈਆਂ ਨੇ ਦੂਰੀਆਂ ਦੋਹਾਂ ਵਿਚਕਾਰ ਕਿੰਨੀਆਂ ਹੀ ,
ਇਕ ਬਦਲਿਆਂ ਨਹੀਂ ਤੇ ਦੂਜੇ ਨੇ ਆਦਤਾਂ ਛੱਡੀਆਂ ਨਹੀਂ।
ਪਲਾਂ 'ਚ ਢਹਿ ਗਏ ਦੌਲਤਾਂ ਤੇ ਸ਼ੋਹਰਤਾਂ ਦੇ ਮਹਿਲ ਦੇਖੋ,
ਜਦੋਂ ਬਣੇ, ਭੂੰਜੇ ਉਹਦੀਆਂ ਲੱਗਦੀਆਂ ਸੀ ਅੱਡੀਆਂ ਨਹੀਂ।
ਰੂਹਦਾਰੀ ਰੱਖਿਆ ਕਰ ਯਾਰਾਂ, ਇਹ ਲੋਥ ਮਿੱਟੀ ਬਣ ਜਾਣੀ,
ਰੂਹਾਂ ਨੇ ਹੀ ਜਾਣਾ ਅਗਲੀ ਦੁਨੀਆਂ ਵਿਚ, ਹੱਡੀਆਂ ਨਹੀਂ।
ਇਕ ਤੂੰ ਸੋਹਣੀ ਦੂਜਾ ਸੀਰਤ-ਸੁਭਾਅ ਉਸ ਤੋਂ ਵੀ ਸੋਹਣਾ,
ਨਜ਼ਰਾਂ ਐਂਵੇ ਹੀ ਤਾਂ ਤੇਰੇ 'ਤੇ ਐਨ.ਪੀ. ਨੇ ਗੱਡੀਆਂ ਨਹੀਂ!
ਇਕੱਲਾ ਹੁਨਰ ਨਹੀਂ ਏ ਕਾਫੀ, ਮਿਹਰ ਜ਼ਰੂਰੀ ਦਾਤੇ ਦੀ,
ਬਿਨ ਕ੍ਰਿਪਾ ਦੇ ਉਹ ਦੀ ਉੱਚੇ ਝੂਲਦੇ ਝੰਡੇ-ਝੰਡੀਆਂ ਨਹੀਂ।
ਛੋਟੀਆਂ-ਛੋਟੀਆਂ ਸੀ ਗੱਲਾਂ, ਬਹੁਤੀਆਂ ਵੱਡੀਆਂ ਨਹੀਂ,
ਤੂੰ ਦਿਲ 'ਚ ਸੰਭਾਲ ਰੱਖੀਆਂ, ਕਿਉਂ ਬਾਹਰ ਕੱਢੀਆਂ ਨਹੀਂ?
ਇਹ ਵੀ---
ਅੱਜਕੱਲ੍ਹ ਤਾਂ ਮੌਤ ਘੁਮੰਦੀ ਫਿਰਦੀ ਹੈ ਚੁਫੇਰੇ ਸੜਕਾਂ ਉੱਤੇ,
ਪਹਿਲਾਂ ਠਹਿਰਾ ਤੇ ਠਰੰਮਾ ਸੀ, ਤੇਜ਼ ਸਪੀਡ ਗੱਡੀਆਂ ਨਹੀਂ।
ਮਿਲਾਵਟਾਂ ਤੇ ਨਸ਼ਿਆਂ ਖੋਹ ਲਿਆ ਜ਼ੋਰ ਤੇ ਦਮ-ਖਮ ਸਾਰਾ,
ਬਿਨ ਪੀਤੇ ਦੇਸੀ ਘਿਓ ਦੇ ਪੀਪੇ ਖੇਡ ਹੋਣ ਕਬੱਡੀਆਂ ਨਹੀਂ।
No comments:
Post a Comment