ਕਦੇ-ਕਦੇ ਜਦ ਜਜ਼ਬਾਤਾਂ ਦਾ ਵੱਧ ਜਾਂਦਾ ਹੈ ਪਾਰਾ,
ਮੈਂ ਦਿਲ ਅਪਣਾ ਖੋਲ੍ਹ ਦਿੰਦਾ ਹਾਂ ਉਹਦੇ ਅੱਗੇ ਸਾਰਾ।
ਪਹੁੰਚ ਜਾਂਦਾ ਹਾਂ ਖੁਦ ਹੀ ਚੱਲਕੇ ਮੈਂ ਤਾਂ ਉਹਦੇ ਦਰ 'ਤੇ,
ਜਦ ਕਦੀਂ ਮਹਿਸੂਸ ਹੋਵੇ ਮੈਨੂੰ ਮਨ ਜਿਹਾ ਭਾਰਾ-ਭਾਰਾ।
ਕਿੰਝ ਸਮਝਾਵਾਂ ਮੇਰੇ ਲਈ ਉਹ ਖਾਸਮ-ਖਾਸ ਬਹੁਤ ਏ,
ਰੱਤੀ ਭਰ ਯਕੀਨ ਕਰੇ ਨਾ, ਉਹ ਕਿੰਨਾ ਬੇ-ਇਤਬਾਰਾ!
ਮੁੱਢਲੀਆ ਲੋੜਾਂ ਜ਼ਿੰਦਗੀ ਦੀਆਂ ਵਿਚ ਸ਼ੁਮਾਰ ਹੈ ਉਹ ਵੀ,
ਉਹ ਦਾ ਪਤਾ ਨੀ, ਮੇਰਾ ਤਾਂ ਉਹ ਜੀਣੇ ਦਾ ਏ ਸਹਾਰਾ।
ਹੋਰ ਤ੍ਰੀਮਤਾਂ ਵਾਂਗੂੰ ਸਾਂਝੀਆਂ ਉਹ 'ਚ ਵੀ ਨੇ ਕੁਝ ਗੱਲਾਂ,
ਕੁਝ ਆਕੜ ਕੁਝ ਨਖਰੇ ਬਿਨ ਨਾ ਹੁੰਦਾ ਉਹ ਦਾ ਗੁਜ਼ਾਰਾ।
ਜੋ ਰੁੱਤ ਤੈਨੂੰ ਚੰਗੀ ਲੱਗਦੀ ਉਸੇ ਰੁੱਤ ਵਿਚ ਮਿਲ ਲਾ 'ਗੇ,
ਅਪਰੈਲ ਤੋਂ ਅਕਤੂਬਰ ਉਂਝ ਮੈਨੂੰ ਮੌਸਮ ਲੱਗੇ ਪਿਆਰਾ!
ਚਿੰਤਾ ਕਰ ਨਾ, ਮਨ ਤੇਰੇ ਵਿਚ ਜੋ-ਜੋ ਵੀ ਚਿੰਤਾਵਾਂ ਨੇ,
ਥੋੜ੍ਹਾ ਜਿਹਾ ਤਾਂ ਸਬਰ ਰੱਖ ਮੇਰੇ ਰੂਹਦਾਰਾ ਮੇਰੇ ਦਿਲਦਾਰਾ।
ਆਵਾਜ਼ ਲਗਾਵੀਂ ਜ਼ਿੰਦਗੀ ਵਿਚ ਲੋੜ ਪਵੇ ਜਦ ਕੋਈ ਵੀ,
ਨਾਂਅ ਯਾਦ ਰੱਖੀ, ਨੰਨਾ ਰਾਰੇ ਸਿਹਾਰੀ ਟਿੱਪੀ ਦੱਦਾ ਰਾਰਾ।