ਭਿੱਜਦੀਆਂ ਰਹੀਆਂ ਗੱਲ੍ਹਾਂ ਅੱਖਾਂ 'ਚੋਂ ਵਗਦੇ ਨੀਰ ਨਾਲ,
ਉਹ ਦਿੰਦੇ ਰਹੇ ਦਿਲਾਸਾ ਕਿ ਲੜਿਆਂ ਨੀ ਜਾਂਦਾ ਤਕਦੀਰ ਨਾਲ।
ਪਊ ਮਿਹਨਤਾਂ ਦਾ ਮੁੱਲ ਵੀ, ਕਰਿਆ ਨਾ ਗੱਲਾਂ ਇਹੋ ਜੇਹਿਆਂ,
ਮਨੁੱਖ ਅੱਜ ਵੀ ਜਕੜਿਆਂ ਪਿਆ ਏ ਜੋਤਿਸ਼ਪੁਣੇ ਦੀ ਜੰਜ਼ੀਰ ਨਾਲ।
ਜੇ ਦਿਲ ਦੀ ਗੱਲ ਸੁਣ ਲਈ ਤਾਂ ਬਹਿਗੇ ਰਿਸ਼ਤੇਦਾਰੀਆਂ ਤੋੜਕੇ,
ਹੁਣ ਦਿਮਾਗਾਂ ਵਾਲੇ ਕਰਨ ਸਲਾਹਾਂ ਰਲੀਏ ਕੈਦੋ ਨਾਲ ਜਾਂ ਹੀਰ ਨਾਲ।
ਉਦਾਸੀ ਦਾ ਆਲਮ ਸੀ ਕੋਈ ਸਾਥੀ ਵੀ ਨਹੀਂ ਨਾਲ ਸੀ,
ਕਦੋਂ ਤੱਕ ਜੂਝਦੇ ਸਮੇਂ ਨਾਲ ਅਸੀਂ ਲਾ ਬੈਠੇ ਉੱਚ ਦੇ ਪੀਰ ਨਾਲ।
ਜੇ ਕਿਸੇ ਗਲਤਫਹਿਮੀ ਕਰਕੇ ਉੱਜੜ ਗਈਆਂ ਨੇ ਦੋ ਜ਼ਿੰਦਗੀਆਂ,
ਹੁਣ ਆਕੜ ਰੱਖੀਏ ਜਾਰੀ ਜਾਂ ਸੱਜਣ ਨੂੰ ਮਨਾ ਲਈਏ ਤਦਬੀਰ ਨਾਲ।
ਨਾ ਪਿਆ ਹੌਂਸਲਾ ਇਕ ਵਾਰ ਵੀ ਕਿ ਮੁੜਕੇ ਉਹਨੂੰ ਦੇਖ ਲਵਾਂ,
ਤੁਰ ਰਿਹਾ ਜ਼ਰੂਰ ਸਾਂ ਪਰ ਜਾਪ ਰਿਹਾ ਸੀ ਲੱਤਾਂ ਨਹੀਂ ਸਰੀਰ ਨਾਲ।
ਬੁਰੇ ਵਕਤਾਂ ਦੇ ਅੱਗੇ ਇੰਝ ਨਹੀਂ ਢਾਹੀ ਦੇ ਹੌਂਸਲੇ ਐ ਦਿਲਾਂ,
ਫੈਸਲਾ ਭਵਿੱਖ ਦਾ ਨਈਂ ਓ ਹੁੰਦਾ ਵਿੰਗੀ-ਟੇਢੀ ਹੱਥ ਦੀ ਲਕੀਰ ਨਾਲ।
ਰਹਿੰਦੀ ਏ ਸਮਝਾਉਂਦੀ ਸਮਾਜ ਬਾਰੇ, ਗੱਲਾਂ ਦੁਨੀਆਦਾਰੀ ਦੀਆਂ,
ਭੁੱਲੀ ਬੈਠੀ ਏ ਸੁਭਾਅ ਐਨ.ਪੀ. ਦਾ, ਯਾਰੀ ਲਾਈ ਐ ਤੂੰ ਫਕੀਰ ਨਾਲ।
- ਨਰਿੰਦਰ ਪਾਲ ਸਿੰਘ ਜਗਦਿਓ