ਰੋਜ਼ ਸੁਬ੍ਹਾ
ਇਕ ਪ੍ਰਣ
ਇਕ ਪ੍ਰਤਿੱਗਿਆ
ਇਕ ਵਾਅਦਾ
ਖੁਦ ਨਾਲ।
ਰੋਜ਼ ਸੁਬ੍ਹਾ
ਕਿੰਨਾ ਕੁਝ ਨਵਾਂ ਕਰਨ ਦੀ ਇੱਛਾ।
ਰੋਜ਼ ਸੁਬ੍ਹਾ
ਨਵੇਂ ਜਵਾਬ ਨਵੇਂ ਸਵਾਲ।
ਰੋਜ਼ ਸੁਬ੍ਹਾ
ਕਿਸੇ ਨੂੰ ਭੁੱਲਣ
ਕਿਸੇ ਨੂੰ ਯਾਦ ਰੱਖਣ ਦੀ ਕੋਸ਼ਿਸ਼।
ਰੋਜ਼ ਸੁਬ੍ਹਾ
ਦਿਲ ਨੂੰ ਸਮਝਾਉਣਾ
ਦਿਮਾਗ ਵਿਚ ਪਾਉਣਾ
ਆਹ ਕਰਨਾ, ਆਹ ਨਹੀਂ ਕਰਨਾ।
ਰੋਜ਼ ਸੁਬ੍ਹਾ
ਖੁਦ ਨਾਲ ਗੱਲਾਂ
ਆਤਮਚਿੰਤਨ, ਆਤਮਮੰਥਨ
ਰੱਬ ਨਾਲ ਸ਼ਿਕਵੇ ਤੇ ਸ਼ੁਕਰਾਨੇ।
ਰੋਜ਼ ਸੁਬ੍ਹਾ
ਕੁਝ ਨਵਾਂ ਕਰਨ ਦਾ ਚਾਅ
ਜ਼ਿੰਦਗੀ ਨਾਲ ਲੜਨ ਦਾ ਹੌਂਸਲਾ
ਕਦੇ ਰੋਣਾ ਕਦੇ ਹੱਸਣਾ।
ਰੋਜ਼ ਸੁਬ੍ਹਾ
ਮੇਰੇ ਅੰਦਰ
ਜਨਮ ਇਕ ਨਵੇਂ ਇਨਸਾਨ ਦਾ।
ਅੱਖ ਖੁੱਲ੍ਹ ਜਾਂਦੀ
ਰੋਜ਼ ਸੁਬ੍ਹਾ
ਇਕ ਵਜੇ, ਦੋ ਵਜੇ
ਵੇਖਦਾ ਹਾਂ
ਕਿਤੇ ਸੁਬ੍ਹਾ ਤਾਂ ਨਹੀਂ ਹੋ ਗਈ।
ਆਖਰ
ਰੋਜ਼ ਸੁਬ੍ਹਾ
ਮੈਂ ਕੁਝ ਨਵਾਂ
ਕੁਝ ਵੱਖਰਾ
ਕੁਝ ਨਿਵੇਕਲਾ
ਕੁਝ ਵਿਲੱਖਣ
ਕੁਝ ਰੂਹ ਨੂੰ ਸਕੂਨ ਦੇਣ ਵਾਲਾ-
ਕੰਮ, ਕਰਮ, ਕਾਰਜ ਕਰਨ ਦਾ
ਟੀਚਾ ਜੋ ਮਿੱਥਣਾ ਹੁੰਦਾ ਏ।
ਰੋਜ਼ ਸੁਬ੍ਹਾ।