Wednesday, August 26, 2015

ਚੋਹਲ-ਮੋਹਲ

ਕਦੀਂ ਕਦੀਂ ਦਿਲ ਨੂੰ ਫਰੋਲ ਲੈਣਾ ਚਾਹੀਦਾ, 
ਆਪਣਿਆਂ ਅੱਗੇ ਇਹਨੂੰ ਖੋਲ੍ਹ ਲੈਣਾ ਚਾਹੀਦਾ। 

ਗੁੰਮ੍ਹ ਜਿਹਾ ਬਣ ਜਾਵੇ ਬਹੁਤਾ ਚੁੱਪ ਰਹਿ ਕੇ, 
ਹੋ ਕੇ ਬੇਬਾਕ ਥੋੜ੍ਹਾ ਬੋਲ ਲੈਣਾ ਚਾਹੀਦਾ।

ਰਿਸ਼ਤਾ ਟਿਕਾਊ ਹੁੰਦਾ ਮਿਲਣ ਮਿਲਾਉਣ ਨਾਲ, 
ਕਦੇ-ਕਦੇ ਕਰ ਮੇਲ-ਜੋਲ ਲੈਣਾ ਚਾਹੀਦਾ। 

ਜਦੋਂ ਕਦੇ ਬੋਝ ਲੱਗੇ ਕੋਈ-ਕੋਈ ਰਿਸ਼ਤਾ, 
ਦਿਲ ਤੇ ਦਿਮਾਗ ਨੂੰ ਪੜਚੋਲ ਲੈਣਾ ਚਾਹੀਦਾ। 

ਇੱਕੋ ਹੀ ਸ਼ਬਦ ਬਹੁਤ ਦੂਰੀਆਂ ਪਵਾਉਣ ਨੂੰ, 
ਬੋਲ ਕਹਿਣ ਤੋਂ ਪਹਿਲਾਂ ਤੋਲ ਲੈਣਾ ਚਾਹੀਦਾ।

ਮਹਿੰਗੀ ਚੀਜ਼ ਮੰਗਣੀ ਜੇ ਬਾਬਾ ਜੀ ਤੋਂ ਕੋਈ, 
ਮੰਗ ਰੂਹ ਵਾਲਾ ਯਾਰ ਅਨਮੋਲ ਲੈਣਾ ਚਾਹੀਦਾ। 

ਬਹੁਤੀ ਗੰਭੀਰਤਾ ਵੀ ਬਾਹਲੀ ਚੰਗੀ ਹੁੰਦੀ ਨਾ, 
ਕਦੀਂ-ਕਦੀਂ ਕਰ ਚੋਹਲ-ਮੋਹਲ ਲੈਣਾ ਚਾਹੀਦਾ। 

ਕਿਤੇ ਐਨ.ਪੀ. ਦੇ ਵਾਂਗ ਨਾ ਪਵੇ ਪਛਤਾਉਣਾ, 
'ਫਿਕਸ' ਕੋਈ ਤਾਂ ਕਰ 'ਗੋਲ' ਲੈਣਾ ਚਾਹੀਦਾ। 

Thursday, August 13, 2015

ਅੰਗਰੇਜ਼- ਫਿਲਮ ਵੀ ਇਤਿਹਾਸਕ ਦਸਤਾਵੇਜ ਵੀ

ਪਿਛਲੇ 13 ਸਾਲਾਂ ਵਿਚ ਪੰਜਾਬੀ ਫਿਲਮਾਂ ਵਿਚ ਤਿੰਨ ਅਹਿਮ ਮੋੜ ਆਏ ਹਨ। ਪਹਿਲਾ 2002 ਵਿਚ ਜਦੋਂ ਫਿਲਮ 'ਜੀ ਆਇਆ ਨੂੰ' ਨੇ ਪੰਜਾਬੀ ਦਰਸ਼ਕਾਂ ਨੂੰ ਮੁੜ ਸਿਨੇਮਾ ਘਰਾਂ ਵੱਲ ਤੋਰਿਆ। ਇਸ ਤੋਂ ਬਾਅਦ ਸਾਲ 2012 ਜਦੋਂ 'ਜੱਟ ਐਂਡ ਜੂਲੀਅਟ' ਅਤੇ 'ਕੈਰੀ ਆਨ ਜੱਟਾ' ਫਿਲਮਾਂ ਨੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਰਿਕਾਰਡਤੋੜ ਸਫਲਤਾ ਪ੍ਰਾਪਤ ਕੀਤੀ ਅਤੇ ਤੀਜਾ ਮੋੜ 31 ਜੁਲਾਈ, 2015 ਨੂੰ ਜਦੋਂ 'ਅੰਗਰੇਜ਼' ਫਿਲਮ ਰਿਲੀਜ਼ ਹੋਈ। ਇਸ ਫਿਲਮ ਦੀ ਸਫਲਤਾ ਨੇ ਪੰਜਾਬੀ ਸਿਨੇਮਾ ਵਿਚ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਇਹ ਫਿਲਮ ਮੌਜੂਦਾ ਪੰਜਾਬੀ ਫਿਲਮਾਂ ਦੇ ਪ੍ਰਚੱਲਨ ਨੂੰ ਇਕ ਵੱਖਰਾ ਮੋੜ ਦੇਵੇਗੀ।




ਪ੍ਰਚੱਲਿਤ ਕਾਮੇਡੀ, ਮੁੰਡੀਰ ਕਿਸਮ ਦੀਆਂ ਕਹਾਣੀਆਂ ਅਤੇ ਚੁਟਕਲੇਬਾਜ਼ੀ ਵਾਲੇ ਡਾਇਲਾਗਾਂ ਤੋਂ ਬਿਲਕੁੱਲ ਵੱਖਰੇ ਕਿਸਮ ਦੀ ਕਹਾਣੀ ਨੇ ਫਿਲਮ 'ਅੰਗਰੇਜ਼' ਨੂੰ ਤਾਂ ਕਾਮਯਾਬ ਬਣਾਇਆ ਹੀ  ਉੱਥੇ ਹੀ ਫਿਲਮ ਦੇ ਹੀਰੋ ਅਮਰਿੰਦਰ ਗਿੱਲ ਨੂੰ ਦੂਜੀ ਕਤਾਰ ਦੇ ਅਦਾਕਾਰਾਂ ਵਿਚੋਂ ਚੁੱਕ ਕੇ ਸਿੱਧਾ ਟੀਸੀ 'ਤੇ ਬੈਠਾ ਦਿੱਤਾ ਹੈ। ਬਹੁਤ ਬਾਰੀਕੀ ਨਾਲ ਪੁਣ-ਛਾਣ ਨਾ ਕਰੀਏ ਤਾਂ 'ਅੰਗਰੇਜ਼' ਤਕਨੀਕੀ ਪੱਖੋਂ, ਲਿਖਣ, ਅਦਾਕਾਰੀ ਅਤੇ ਕਲਾਤਮਕ ਪੱਖੋਂ ਪੂਰੀ ਖਰੀ ਫਿਲਮ ਹੈ। 50ਵੇਂ ਦਹਾਕੇ ਦੀ 'ਵੱਡੇ ਪੰਜਾਬ' ਦੀ ਭਾਸ਼ਾ, ਵਿਰਸਾ, ਸੱਭਿਆਚਾਰ, ਲੋਕਾਂ ਦੀ ਰਹਿਣੀ-ਬਹਿਣੀ, ਕੰਮਕਾਰ, ਨਾਚ, ਅਪਣੱਤ, ਮੋਹ, ਪਿੰਡਾਂ ਦੀ ਸਮਾਜਿਕਤਾ ਤੇ ਆਰਥਿਕਤਾ, ਭਾਂਡੇ ਅਤੇ ਵਿਆਹ ਵਾਲਾ ਮਾਹੌਲ ਅੱਜ ਦੇ ਪੰਜਾਬੀਆਂ ਦਾ ਦਿਲ ਲੁੱਟ ਕੇ ਲੈ ਗਿਆ। ਜਿਹੜੀਆਂ ਗੱਲਾਂ ਪਿਓ-ਦਾਦਿਆਂ ਤੋਂ ਅਸੀਂ ਸਭਨਾਂ ਨੇ ਸੁਣੀਆਂ ਹੋਈਆਂ ਨੇ ਉਨਾਂ ਨੂੰ ਸੁਨਹਿਰੀ ਪਰਦੇ 'ਤੇ ਦੇਖਣਾ ਇਕ ਹੋਰ ਹੀ ਦੁਨੀਆਂ ਵਿਚ ਲੈ ਜਾਣ ਦਾ ਅਹਿਸਾਸ ਕਰਵਾਉਂਦਾ ਹੈ। ਇਹੀ ਤਾਂ ਸਿਨੇਮਾ ਦੀ ਮਹਾਨਤਾ ਹੁੰਦੀ ਹੈ! ਜਿਹੜੀਆਂ ਗੱਲਾਂ ਵਾਰ-ਵਾਰ ਸੁਣ ਕੇ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੀਆਂ ਉਹੀ ਗੱਲਾਂ 2 ਘੰਟੇ ਵਿਚ ਹੀ ਸਕਰੀਨ 'ਤੇ ਦੇਖ ਕੇ ਬੰਦੇ ਦੇ ਦਿਲੋ-ਦਿਮਾਗ 'ਤੇ ਚਿਰ ਸਥਾਈ ਛਾਪ ਛੱਡ ਦਿੰਦੀਆਂ ਹਨ। ਇਸ ਪੱਖੋਂ 'ਅੰਗਰੇਜ਼' ਫਿਲਮ ਸਿਰਫ ਇਕ ਫਿਲਮ ਨਾ ਹੋ ਕੇ ਇਕ ਅਹਿਮ ਇਤਿਹਾਸਕ ਦਸਤਾਵੇਜ ਬਣ ਗਿਆ ਹੈ। 

ਫਿਲਮ ਦੀ ਕਹਾਣੀ ਅਤੇ ਡਾਇਲਾਗ ਲਿਖਣ ਵਾਲੇ ਅੰਬਰਦੀਪ ਸਿੰਘ ਦੇ ਕੰਮ ਵਿਚ ਨੁਕਸ ਕੱਢਣਾ ਗੁਲਾਬ ਦੀ ਖੁਸ਼ਬੂ 'ਤੇ ਸ਼ੱਕ ਕਰਨ ਬਰਾਬਰ ਹੈ। ਫਿਲਮ ਵਿਚ ਹਾਸਾ ਪੈਦਾ ਨਹੀਂ ਕੀਤਾ ਗਿਆ ਇਹ ਸੁਭਾਵਿਕ ਹੀ ਆਉਂਦਾ ਹੈ। ਭਾਸ਼ਾ ਦੀ ਵਰਤੋਂ, ਲਹਿਜਾ ਅਤੇ ਭੋਲਾਪਣ ਫਿਲਮ ਦੀ ਖੂਬਸੂਰਤੀ ਹੈ। ਪਿੰਡ ਆਏ ਕਿਸੇ ਦੇ ਰਿਸ਼ਤੇਦਾਰ ਨੂੰ ਬੇਗਾਨਿਆਂ ਵੱਲੋਂ ਹਾਕ ਮਾਰ ਕੇ ਦੁੱਧ ਪਿਲਾਉਣਾ ਉਸ ਸਮੇਂ ਦੀ ਸਮਾਜਿਕ ਸਾਂਝ ਦਾ ਪ੍ਰਤੀਕ ਹੈ। ਚਾਰ-ਚਾਰ ਦਿਨ ਜੰਝ ਦਾ ਕੁੜੀ ਵਾਲਿਆਂ ਦੇ ਘਰ ਰੁਕਣਾ ਅਤੇ ਵਿਆਹ ਦੌਰਾਨ ਕਲੋਲਾਂ ਅਤੇ ਮਸ਼ਕਰੀਆਂ ਦੀ ਪੇਸ਼ਕਾਰੀ ਸਿਨੇਮਿਆਂ ਵਿਚ ਬੈਠੇ ਦਰਸ਼ਕਾਂ ਦੇ ਚਿਹਰਿਆਂ 'ਤੇ ਖੇੜੇ ਲਿਆ ਦਿੰਦੀ ਹੈ। ਅੰਗਰੇਜ ਪੂਰੀ ਤਰਾਂ ਨਾਲ ਇਕ ਪਰਿਵਾਰਕ ਫਿਲਮ ਹੈ।  

ਫਿਲਮ ਵਿਚ 'ਗੇਜੇ' (ਅਮਰਿੰਦਰ ਗਿੱਲ) ਦੇ ਦਾਦੇ (ਨਾਂ ਨਹੀਂ ਪਤਾ), 'ਮਾੜੋ' (ਅਦਿਤੀ ਸ਼ਰਮਾ) ਦੇ ਪਿਤਾ (ਸਰਦਾਰ ਸੋਹੀ) ਅਤੇ ਅਨੀਤਾ ਦੇਵਗਨ ('ਗੇਜੇ' ਦੀ ਮਾਤਾ) ਦਾ ਕੰਮ ਕਮਾਲ ਦਾ ਹੈ। 'ਅਸਲਮ' (ਬੀਨੂੰ ਢਿੱਲੋਂ) ਅਤੇ 'ਹਾਕਮ' (ਐਮੀ ਵਿਰਕ) ਦੇ ਕਿਰਦਾਰਾਂ ਵਿਚ ਨਿਵੇਕਲਾਪਣ ਹੈ । ਜਿਸ ਦੌਰ ਦਾ ਫਿਲਮ ਵਿਚ ਜ਼ਿਕਰ ਕੀਤਾ ਗਿਆ ਹੈ ਉਸ ਸਮੇਂ ਹਾਕਮ ਵਰਗੇ 'ਚਬਲ ਬੰਦੇ' ਅਤੇ ਅਸਲਮ ਵਰਗੇ 'ਦਿਲਦਾਰ ਯਾਰਾਂ' ਦੀਆਂ ਮਿਸਾਲਾਂ ਅੱਜ ਵੀ ਬਜ਼ੁਰਗਾਂ ਦੇ ਮੂੰਹੋਂ ਸੁਣੀਆਂ ਜਾ ਸਕਦੀਆਂ ਹਨ।  ਪਹਿਲੀ ਫਿਲਮ ਦੇ ਹਿਸਾਬ ਨਾਲ ਐਮੀ ਵਿਰਕ ਦੀ ਅਦਾਕਾਰੀ ਕਿਸੇ ਪੱਖੋਂ ਵੀ ਕੱਚੀ ਨਹੀਂ ਲੱਗਦੀ। 'ਧੰਨ ਕੌਰ' (ਸਰਗੁਣ ਮਹਿਤਾ) ਦੀ ਖੂਬਸੂਰਤੀ ਤੇ ਅਦਾਕਾਰੀ ਨੇ ਧੰਨ-ਧੰਨ ਕਰਵਾ ਦਿੱਤੀ ਹੈ। ਫਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਅਤੇ ਸਾਰੇ ਨਿਰਮਾਤਾ ਵਧਾਈ ਦੇ ਪਾਤਰ ਹਨ। 

ਉਸ ਦੌਰ ਵਿਚ ਰੇਡੀਓ ਲਾਇਸੰਸ ਰਾਹੀਂ ਮਿਲਦੇ ਸਨ ਅਤੇ ਸਾਈਕਲ 'ਤੇ ਵੀ ਲਾਇਸੰਸ ਪਲੇਟ ਲੱਗਦੀ ਹੁੰਦੀ ਸੀ। ਇਹ ਦੋਵੇਂ ਚੀਜ਼ਾਂ ਉਸ ਦੌਰ ਵਿਚ ਲਗਜ਼ਰੀ ਮੰਨੀਆਂ ਜਾਂਦੀਆਂ ਸਨ ਪਰ ਫਿਲਮ ਵਿਚ ਹਾਕਮ ਨੇ ਮਾੜੋ ਨੂੰ ਰੇਡੀਓ ਤੋਹਫੇ ਵਿਚ ਦਿੱਤਾ ਅਤੇ ਅੱਗੋਂ ਮਾੜੋ ਦੇ ਘਰਦਿਆਂ ਨੇ ਵੀ ਉਸ ਨੂੰ ਇਸ ਬਾਰੇ ਭੋਰਾ ਨਹੀਂ ਪੁੱਛਿਆ। ਇਹ ਗੱਲ ਉਵੇਂ ਹੀ ਹੈ ਜਿਵੇਂ ਅੱਜ ਕੋਈ ਮੁੰਡਾ ਆਪਣੀ ਵਿਹਲੜ ਦੋਸਤ ਕੁੜੀ ਨੂੰ ਐਕਟਿਵਾ ਗਿਫਟ ਕਰ ਦੇਵੇ। ਦੂਜਾ ਵਿਆਹ ਵਾਲੇ ਦ੍ਰਿਸ਼ਾਂ ਵਿਚ ਕਿਸੇ ਵੀ ਕੁੜੀ-ਬੁੜੀ ਨੇ ਘੱਗਰੇ ਨਹੀਂ ਪਾਏ ਜਦਕਿ ਉਦੋਂ ਇਹ ਆਮ ਸਨ। ਇਸ ਤੋਂ ਇਲਾਵਾ ਮਾੜੋ ਦਾ ਪਿਤਾ (ਸਰਦਾਰ ਸੋਹੀ) ਅਤੇ ਧੰਨ ਕੌਰ ਦਾ ਮਾਮਾ (ਹਵੇਲੀ ਵਾਲਾ ਸਰਦਾਰ, ਜੋ ਨੌਜਵਾਨ ਦੇ ਪੱਟ ਵਿਚ ਗੋਲੀ ਮਾਰਦਾ ਹੈ) ਚੰਗੇ ਦੋਸਤ ਹਨ ਜਦਕਿ ਮਾੜੋ ਤੇ ਧੰਨ ਕੌਰ ਇਕ ਦੂਜੇ ਨੂੰ ਵਿਆਹ ਵਾਲੇ ਘਰ ਦੂਜੇ ਪਿੰਡ ਵਿਚ ਮਿਲਦੀਆਂ ਹਨ ਤੇ ਉਨਾਂ ਵਿਚ ਦੋਸਤੀ ਪੈਂਦੀ ਹੈ। ਉੱਤੋਂ ਗੇਜੇ ਦਾ ਧੰਨ ਕੌਰ ਨਾਲ ਰਿਸ਼ਤਾ ਵੀ ਮਾੜੋ ਦਾ ਪਿਤਾ ਕਰਵਾਉਂਦਾ ਹੈ ਪਰ ਮਾੜੋ ਦਾ ਕੀ ਬਣਿਆਂ, ਇਹ ਪਤਾ ਨਹੀਂ ਲੱਗਦਾ! ਖੈਰ, ਸਮੁੱਚੇ ਰੂਪ ਵਿਚ ਇਹ ਗੱਲਾਂ ਕੋਈ ਬਹੁਤ ਜ਼ਿਆਦਾ ਨਹੀਂ ਰੜਕਦੀਆਂ। ਅੰਗਰੇਜ਼ ਫਿਲਮ ਦਾ ਚੰਗਾ ਵਿਸ਼ਾ, ਚੰਗਾ ਨਿਰਮਾਣ, ਚੰਗੀ ਅਦਾਕਾਰੀ, ਚੰਗਾ ਗੀਤ-ਸੰਗੀਤ ਅਤੇ ਫਿਲਮ ਨੇ ਕਮਾਈ ਵੀ ਚੰਗੀ ਕਰ ਲਈ ਹੈ। ਉਪਰੋਂ ਦੇਸ਼ਾਂ-ਵਿਦੇਸ਼ਾਂ ਵਿਚ ਚੰਗੀ ਵਾਹ-ਵਾਹ ਵੀ ਖੱਟ ਲਈ ਹੈ। ਅੰਗਰੇਜ਼ ਇਕ ਚੰਗੀ ਫਿਲਮ ਹੈ।      

Saturday, August 1, 2015

ਬੇਮੌਸਮੀ ਛਿੱਕਾਂ

ਨਿੱਤ ਨਵੇਂ ਮੋੜ ਰਿਸ਼ਤੇ 'ਚ ਆਉਣ ਲੱਗ ਪਏ, 
ਹੁਣ ਗੱਲਾਂਬਾਤਾਂ ਸੱਜਣ ਲੁਕਾਉਣ ਲੱਗ ਪਏ। 

ਕੋਲੋਂ ਲੰਘ ਜਾਂਦੇ ਅੱਖਾਂ ਨੀਵੀਆਂ 'ਜੀ ਕਰਕੇ, 
ਓਹ ਸੁਰਮਾ ਜਦੋਂ ਦਾ ਯਾਰੋ ਪਾਉਣ ਲੱਗ ਪਏ। 

ਸਾਡੇ ਮੂੰਹੋਂ ਗੈਰਾਂ ਦੀ ਜੋ ਗੱਲ ਨਹੀਂ ਸੀ ਸੁਣਦੇ, 
ਖੁਦ ਆਪ ਹੁਣ ਗੈਰਾਂ ਨੂੰ ਬੁਲਾਉਣ ਲੱਗ ਪਏ। 

ਬੜਾ ਚੰਗਾ ਲੱਗਦਾ ਤੂੰ ਹੱਸਦਾ ਵੇ ਸੋਹਣਿਆ, 
ਕਹਿਣ ਵਾਲੇ ਸਾਡੇ ਹਾਸੇ ਆਪ ਖੋਹਣ ਲੱਗ ਪਏ। 

ਗਲਵਕੜੀ 'ਜੀ ਪਾ ਕੇ ਪਾਰੀ ਕਰਕੇ ਸੌਵਾਉਂਦੇ ਸੀ, 
ਹੁਣ ਹੌਲੀ-ਹੌਲੀ ਬਾਹਾਂ ਗਲੋਂ ਲਾਹੁਣ ਲੱਗ ਪਏ। 

ਮੁਨੀਮਾਂ ਵਾਂਗੂੰ ਵਹੀ-ਖਾਤੇ ਯਾਰੀਆਂ 'ਚ ਰੱਖ ਕੇ, 
ਸੀ ਪਿਆਰ ਮਲੰਗਾਂ ਨਾਲ ਪਾਉਣ ਲੱਗ ਪਏ। 

ਉਹ ਬੜਾ ਪਿਆਰ ਕਰਦੇ ਪੰਜਾਬੀ ਗੀਤਾਂ ਨੂੰ, 
ਅਸੀਂ ਬੇਸੁਰੇ ਤਾਹੀਉਂ ਤਾਂ ਗਾਉਣ ਲੱਗ ਪਏ। 

ਇਹ ਕਿਹੜਾ ਮੌਸਮ ਜੋ ਛਿੱਕਾਂ ਆਈ ਜਾਂਦੀਆਂ? 
ਅਸੀਂ ਮੁੜ ਤੈਨੂੰ ਯਾਦ ਤਾਂ ਨੀ ਆਉਣ ਲੱਗ ਪਏ!