Monday, December 16, 2013

ਕੁਝ ਨੀ ਰੱਖਿਆ ਪ੍ਰਧਾਨਗੀਆਂ 'ਚ!


 ਪਤਾ ਨੀ ਉਦੋਂ ਵਿਭਾਗ ਦੇ ਪ੍ਰੋਫੈਸਰਾਂ ਦੇ ਮਨ 'ਚ ਕੀ ਆ ਗਿਆ ਸੀ ਕਿ ਉਨ੍ਹਾਂ ਕਾਮਰਸ ਵਿਭਾਗ ਦੀ 'ਵਿਦਿਆਰਥੀ ਭਲਾਈ ਕੌਂਸਲ' ਬਣਾਉਣ ਦੀ ਸੋਚ ਲਈ ਸੀ। ਵਿਦਿਆਰਥੀ ਪ੍ਰਧਾਨ ਸਮੇਤ 7-8 ਅਹੁਦੇਦਾਰ ਇਸ ਦੇ ਮੈਂਬਰ ਬਣਾਏ ਜਾਣੇ ਸੀ। ਵਿਦਿਆਰਥੀ ਕੌਂਸਲ ਲਈ ਕਿਸੇ ਪ੍ਰਕਾਰ ਦੀ ਚੋਣ ਨਹੀਂ ਹੋਣੀ ਸੀ, ਬਸ ਅਧਿਆਪਕਾਂ ਨੇ ਆਪਣੀ ਰਾਏ ਨਾਲ ਤੇ 'ਕੰਮ ਕਰ ਸਕਣ ਵਾਲੇ' ਵਿਦਿਆਰਥੀਆਂ ਨੂੰ ਇਸ ਕੌਂਸਲ 'ਚ ਨਿਯੁਕਤ ਕਰ ਦੇਣਾ ਸੀ।

         ਉਦੋਂ ਮੈਂ ਬੀ.ਕਾਮ. ਭਾਗ ਦੋ ਦਾ ਵਿਦਿਅਰਥੀ ਸੀ। ਵਿਦਿਆਰਥੀ ਕੌਂਸਲ ਦਾ ਪਹਿਲਾ ਸਾਲ ਹੋਣ ਕਰਕੇ ਕੋਈ ਜ਼ਿਆਦਾ ਗਹਿਮਾ-ਗਹਿਮੀ ਜਾਂ ਚਰਚਾ ਨਹੀਂ ਹੋਈ ਪਰ ਵਿਦਿਆਰਥੀ ਕੌਂਸਲ ਦੇ ਮੈਂਬਰਾਂ ਦਾ ਵਿਦਿਆਰਥੀਆਂ 'ਚ ਰੋਅਬ ਪੂਰਾ ਸੀ ਤੇ ਟੌਅਰ ਵੀ ਬਹੁਤ ਸੀ, ਖਾਸ ਕਰਕੇ ਪ੍ਰਧਾਨ ਦੀ। ਉਨ੍ਹਾਂ ਸਾਲਾਂ 'ਚ ਕਾਮਰਸ ਵਿਭਾਗ ਦੇ ਪੰਜ ਸੌ ਤੋਂ ਵਧੇਰੇ ਵਿਦਿਆਰਥੀ ਹੋਣਗੇ ਜੋ ਖੰਨਾ, ਸਮਰਾਲਾ, ਮਾਛੀਵਾੜਾ, ਅਮਲੋਹ, ਪਾਇਲ, ਮੰਡੀ ਗੋਬਿੰਦਗੜ੍ਹ ਤੇ ਆਸ-ਪਾਸ ਦੇ ਹੋਰਨਾਂ ਇਲਾਕਿਆਂ ਤੋਂ ਪੜ੍ਹਨ ਆਉਂਦੇ ਸੀ।

ਇਹ ਸਾਲ 1998 ਦੀ ਗੱਲ ਹੈ। ਏ.ਐਸ.ਕਾਲਜ, ਖੰਨਾ 'ਚ ਪੜ੍ਹਦਿਆਂ ਇਸ ਤੋਂ ਅਗਲੇ ਸਾਲ 1999 'ਚ ਮੈਂ ਬੀ.ਕਾਮ ਫਾਈਨਲ 'ਚ ਹੋ ਗਿਆ। ਸਾਡਾ ਸਾਰਾ ਗਰੁੱਪ ਅੰਤਾਂ ਦਾ ਸ਼ਰਾਰਤੀ ਤੇ ਮਸਤਿਆਂ ਹੋਇਆ ਸੀ। ਇਕ ਦਿਨ ਬੈਠਿਆਂ ਸਲਾਹ ਕਰ ਲਈ ਕਿ ਇਸ ਵਾਰ ਵਿਦਿਆਰਥੀ ਕੌਸਲ ਦਾ ਪ੍ਰਧਾਨ ਬਣਾਉਣ ਲਈ ਮੇਰੇ ਨਾਂ ਲਈ ਅਧਿਆਪਕਾਂ ਨੂੰ ਮਨਾਇਆ ਜਾਵੇਗਾ।

         ਗੱਲ ਤਾਂ ਇਹ ਹਾਸੇ 'ਚ ਸ਼ੁਰੂ ਹੋਈ ਸੀ ਪਰ ਸਾਰੇ ਹੋ ਗੰਭੀਰ ਗਏ। ਸਾਡਾ ਇਕ ਸਹਿਪਾਠੀ ਜੋ ਪਿਛਲੇ ਸਾਲ ਵਿਦਿਆਰਥੀ ਕੌਂਸਲ ਦਾ ਉਪ-ਪ੍ਰਧਾਨ ਸੀ ਉਹ ਇਹ ਮੰਨੀ ਬੈਠਾ ਸੀ ਕਿ ਇਸ ਵਾਰ ਉਸਦਾ ਪ੍ਰਧਾਨ ਬਣਨਾ ਤੈਅ ਹੈ ਕਿਉਂ ਕਿ ਉਸ ਕੋਲ ਪਿਛਲੇ ਸਾਲ ਦਾ ਤਜ਼ਰਬਾ ਵੀ ਸੀ ਤੇ ਉੇਹ ਇਸ ਅਹੁਦੇ ਦੇ ਯੋਗ ਵੀ ਸੀ। ਉਸ ਨੂੰ ਜਦੋਂ ਪਤਾ ਲੱਗਾ ਕਿ ਪ੍ਰਧਾਨਗੀ ਦੀ ਦੌੜ 'ਚ ਮੈਂ ਵੀ ਆ ਗਿਆ ਹਾਂ ਤਾਂ ਪਹਿਲਾਂ-ਪਹਿਲਾਂ ਤਾਂ ਉਸ ਨੇ ਇਸ ਗੱਲ ਨੂੰ ਹਾਸੇ-ਮਜ਼ਾਕ 'ਚ ਲਿਆ ਕਿ ਮੇਰੇ ਵਰਗਾ ਮਧਰੇ ਜਿਹੇ ਕੱਦ ਤੇ ਕਮਜ਼ੋਰ ਜਿਹੀ ਸਿਹਤ ਵਾਲਾ ਕੀ ਪ੍ਰਧਾਨਗੀਆਂ ਕਰੂੰ ਜਦਕਿ ਉਹ ਉੱਚਾ-ਲੰਮਾ ਤੇ ਸੋਹਣਾ ਸੁਨੱਖਾ ਮੁੰਡਾ ਸੀ।

         ਖੈਰ, ਸਾਡੇ ਗਰੁੱਪ ਨੇ ਵੀ ਆਪਣਾ ਜ਼ੋਰ ਲਾਉਣਾ ਸ਼ੁਰੂ ਕਰ ਦਿੱਤਾ। ਅਸੀਂ ਮੀਟਿੰਗਾਂ ਕਰਨੀਆਂ, ਬਾਕੀ ਵਿਦਿਆਰਥੀਆਂ ਦਾ ਸਮੱਰਥਨ ਜੁਟਾਉਣਾ ਕਿ ਵਿਭਾਗ ਦੇ ਅਧਿਆਪਕਾਂ ਕੋਲ ਮੇਰੇ ਨਾਂ ਦੀ ਸਿਫਾਰਸ਼ ਕਰਨ ਅਤੇ ਅਧਿਆਪਕਾਂ ਅੱਗੇ ਇੰਝ ਪੇਸ਼ ਆਉਣਾ ਜਿਵੇਂ ਵਿਭਾਗ 'ਚ ਸਾਡੇ ਤੋਂ ਸਿਆਣਾ ਹੋਰ ਕੋਈ ਹੋਵੇ ਹੀ ਨਾ। ਮੇਰੇ ਇਕ-ਦੋ ਦੋਸਤਾਂ ਦੇ ਸਾਡੇ ਜਿਨ੍ਹਾਂ ਪ੍ਰੋਫੈਸਰਾਂ ਨਾਲ ਪਰਿਵਾਰਕ ਸਬੰਧ ਸਨ, ਉਨ੍ਹਾਂ ਰਾਹੀਂ ਪ੍ਰੋਫੈਸਰਾਂ ਕੋਲ ਇਹ ਗੱਲ ਪਹੁੰਚਾਈ ਕਿ ਇਸ ਵਾਰ ਪ੍ਰਧਾਨ 'ਸਾਡਾ ਬੰਦਾ' ਬਣਨਾ ਚਾਹੀਦਾ ਹੈ।

         ਦੂਜੀ ਧਿਰ ਨੇ ਮੇਰੇ ਵੱਡੇ ਵੀਰ ਹਰਦੀਪ ਦੇ ਕਈ ਦੋਸਤਾਂ ਨੂੰ ਸਾਡੇ ਘਰ ਭੇਜਿਆ ਤੇ ਦੋਸਤੀਆਂ ਦਾ ਵਾਸਤਾ ਦਿੱਤਾ ਕਿ ਮੈਂ 'ਬੈਠ' ਜਾਵਾਂ। ਬੜਾ ਅਜੀਬ ਜਿਹਾ ਮਾਹੌਲ ਹੋ ਗਿਆ ਸੀ ਉਨ੍ਹਾਂ ਦਿਨਾਂ 'ਚ! ਇਕ ਛੋਟੇ ਜਿਹੇ ਸ਼ਹਿਰ ਦੇ ਛੋਟੇ ਜਿਹੇ ਕਾਲਜ ਦੇ ਇਕ ਛੋਟੇ ਜਿਹੇ ਵਿਭਾਗ ਦਾ ਵਿਦਿਆਰਥੀ ਪ੍ਰਧਾਨ ਬਣਨ ਲਈ ਏਨੀਆਂ ਤਿਕੜਮਬਾਜ਼ੀਆਂ! ਮਾਹੌਲ ਅਜਿਹਾ ਬਣ ਗਿਆ ਸੀ ਕਿ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਗਏ। ਦੂਜੇ ਵਿਭਾਗਾਂ ਦੇ ਸਾਡੇ ਵਿਦਿਆਰਥੀ ਦੋਸਤ ਟੋਲੀਆਂ ਬਣਾ ਕੇ ਸਮੱਰਥਨ ਕਰਨ ਲਈ ਸਾਡੇ ਵਿਭਾਗ 'ਚ ਆਉਣ ਲੱਗੇ। ਇਹੀ ਹਾਲ ਦੂਜੀ ਧਿਰ ਦਾ ਸੀ। ਮਾਹੌਲ 'ਚ ਕੜਵਾਹਟ ਸੀ।

         ਆਖਰ ਅਗਸਤ ਮਹੀਨੇ ਦੇ ਆਖਰੀ ਹਫਤੇ ਨੋਟਿਸ ਬੋਰਡ 'ਤੇ ਨਵੀਂ ਵਿਦਿਆਰਥੀ ਕੌਂਸਲ ਦੀ ਸੂਚੀ ਚਿਪਕਾ ਦਿੱਤੀ ਗਈ ਅਤੇ ਪ੍ਰਧਾਨ ਦੇ ਸਾਹਮਣੇ ਲਿਖਿਆ ਸੀ 'ਨਰਿੰਦਰ ਪਾਲ ਸਿੰਘ, ਬੀ.ਕਾਮ. ਭਾਗ ਤੀਜਾ'। ਵਿਦਿਆਰਥੀਆਂ ਦੀ ਭੀੜ 'ਚ ਖੜ੍ਹਾ ਮੈਂ ਵੀ ਆਪਣਾ ਨਾਂ ਪੜ੍ਹ ਰਿਹਾ ਸੀ। ਭਾਗ ਪਹਿਲਾ ਦੀਆਂ ਕੁਝ ਕੁੜੀਆਂ ਮੇਰੇ ਨੇੜੇ ਦੀ ਇਹ ਗੱਲਾਂ ਕਰਦੀਆਂ ਲੰਘ ਗਈਆਂ 'ਆਹ ਪਤਾ ਨੀ ਕਿਹੜਾ ਪ੍ਰਧਾਨ ਬਣਾ 'ਤਾ, ਦੇਖਿਆ-ਸੁਣਿਆ ਤਾਂ ਹੈ ਨੀ ਕਦੇ। ਭਲਾ ਕੌਣ ਆ ਇਹ?' ਇਹ ਸੀ ਪਹਿਲੀ ਮਾਯੁਸੀ। ਖੈਰ, ਇਕ ਅਲੱਗ ਕਿਸਮ ਦੀ ਖੁਸ਼ੀ ਵੀ ਬਹੁਤ ਸੀ।

         ਪ੍ਰਧਾਨ ਬਣਿਆਂ ਅਜੇ ਮਸਾਂ ਹਫਤਾ ਹੀ ਹੋਇਆ ਸੀ ਕਿ ਪ੍ਰੋਫੈਸਰ ਕਹਿੰਦੇ 5 ਸਤੰਬਰ ਨੂੰ 'ਅਧਿਆਪਕ ਦਿਵਸ' ਮਨਾਉਣਾ ਹੈ ਤੇ ਤਿਆਰੀਆਂ ਆਰੰਭ ਦਿਓ।' ਸਾਡੀ ਟੋਲੀ ਦੇ ਸਾਰੇ ਦੋਸਤਾਂ ਨੇ ਬੜੀ ਭੱਜ-ਦੌੜ ਕਰਕੇ ਇਹ ਸਮਾਗਮ ਸਫਲ ਬਣਾਇਆਂ ਪਰ ਇਸ ਦੌਰਾਨ ਤਣਾਅ ਦੇ ਮਾਹੌਲ 'ਚ ਇਕ ਜਿਗਰੀ ਯਾਰ ਤਰੁਣ ਜਿੰਦਲ ਨੂੰ ਕੁਝ ਘੱਟ-ਵੱਧ ਬੋਲਿਆ ਗਿਆ ਤਾਂ ਉਹ ਅੰਤਾਂ ਦਾ ਨਾਰਾਜ਼ ਹੋ ਗਿਆ। ਕਹਿੰਦਾ' ਅਸੀਂ ਤਾ ਸਾਲੇ ਨੂੰ ਪ੍ਰਧਾਨ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ 'ਤਾ ਤੇ ਹੁਣ ਪ੍ਰਧਾਨ ਬਣ ਕੇ ਆਕੜ ਕਰਦਾ ਏ'।

         ਮੈਂ ਬਹੁਤ ਪਰੇਸ਼ਾਨ ਸੀ। ਜਣਾ-ਖਣਾ ਵਿਦਿਆਰਥੀ ਆਪਣੀਆਂ ਨਿੱਕੀਆਂ-ਨਿੱਕੀਆਂ ਮੁਸ਼ਕਿਲਾਂ ਲੈ ਕੇ ਮੇਰੇ ਕੋਲ ਆ ਜਾਂਦਾ। ਵਿਭਾਗ ਦਾ ਨਲਕਾ ਖਰਾਬ ਹੋ ਗਿਆ ਤਾਂ ਕਹਿੰਦੇ ਪ੍ਰਧਾਨ ਨੂੰ ਕਹੋ ਠੀਕ ਕਰਵਾ ਕੇ ਦੇਵੇ। ਕਾਲਜ 'ਚ ਤੁਰਦਿਆਂ-ਫਿਰਦਿਆਂ ਚੇਤੰਨ ਹੋ ਕੇ ਰਹਿਣਾ। ਤੁਰੀਆਂ ਜਾਂਦੀਆਂ ਦੋ ਕੁੜੀਆਂ 'ਚੋਂ ਇਕ ਨੇ ਦੂਜੀ ਨੂੰ ਮੋਢਾ ਮਾਰ ਕੇ ਕਹਿਣਾ, ਪ੍ਰਧਾਨ ਜਾ ਰਿਹਾ ਏ ਤੇ ਦੋਵਾਂ ਨੇ ਹੱਸ ਪੈਣਾ। ਕੱਪੜੇ-ਲੀੜੇ ਦਾ ਵੀ ਹੁਣ ਖਾਸ ਧਿਆਨ ਰੱਖਣਾ ਪੈਂਦਾ।

         ਸ਼ਰਾਰਤ ਕਰਨ ਜੋਗੇ ਰਹੇ ਨਹੀਂ ਸੀ। ਨਿੱਕੀ ਜਿਹੀ ਇਲੱਤ ਕਰਨੀ ਤਾਂ ਪ੍ਰੋਫੈਸਰਾਂ ਨੇ ਕਹਿਣਾ 'ਜੇ ਪ੍ਰਧਾਨ ਇੰਝ ਕਰੇਗਾ ਤਾਂ ਅਸੀਂ ਬਾਕੀ ਵਿਦਿਆਰਥੀਆਂ ਨੂੰ ਕੀ ਰੋਕਾਂਗੇ'। ਜਿਹੜਾ ਸਹਿਪਾਠੀ ਪ੍ਰਧਾਨ ਬਣ ਨਹੀਂ ਸਕਿਆ ਸੀ ਉਸ ਦਾ ਪੂਰਾ ਗਰੁੱਪ ਕਈ ਸਾਲਾਂ ਤੱਕ ਮੇਰੇ ਵੱਲ ਜ਼ਹਿਰੀ ਨਜ਼ਰਾਂ ਨਾਲ ਤੱਕਦਾ ਰਿਹਾ ਏ। ਸ਼ਾਇਦ 14 ਸਾਲਾਂ ਬਾਅਦ ਹੁਣ ਉਨ੍ਹਾਂ ਦਾ ਗੁੱਸਾ ਕੁਝ ਠੰਢਾ ਪਿਆ ਹੋਵੇ! 

ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕਿੰਨੇ ਕੁ ਸਾਲਾਂ ਤੱਕ 'ਪ੍ਰਧਾਨ' ਬਣਾਉਣ ਦਾ ਸਿਲਸਿਲਾ ਕਾਮਰਸ ਵਿਭਾਗ 'ਚ ਜਾਰੀ ਰਿਹਾ (ਜਾਂ ਜਾਰੀ ਹੈ!) ਉਂਝ ਇਨ੍ਹਾਂ ਸਾਲਾਂ ਦੌਰਾਨ ਮੇਰਾ ਤਜ਼ਰਬਾ ਰਿਹਾ ਹੈ ਕਿ ਵਿੱਦਿਅਕ ਅਦਾਰਿਆਂ 'ਚ 'ਪ੍ਰਧਾਨਗੀਆਂ' ਦਾ ਕੋਈ ਫਾਇਦਾ ਨਹੀਂ, ਐਵੇਂ ਧੜੇਬਾਜ਼ੀ ਤੇ ਕੁੜੱਤਣ ਹੀ ਵੱਧਦੀ ਹੈ।  ਪਿਛਲੇ ਦਿਨੀਂ ਜਦੋਂ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਚੋਣਾਂ ਲਈ ਵਿਦਿਆਰਥੀਆਂ ਵੱਲੋਂ ਥਾਂ-ਥਾਂ ਚਿਪਕਾਏ ਵੱਡੇ-ਵੱਡੇ ਪੋਸਟਰ ਅਤੇ ਪ੍ਰਚਾਰ 'ਤੇ ਲੱਖਾਂ ਰੁਪਿਆ ਖਰਚਦਿਆਂ ਦੇਖਿਆ ਤਾਂ ਪੁਰਾਣੀਆਂ ਗੱਲਾਂ ਮੁੜ ਚੇਤੇ ਆ ਗਈਆ ।

                                  

- ਨਰਿੰਦਰ ਪਾਲ ਸਿੰਘ ਜਗਦਿਓ