ਇਹ ਉਹ ਕੁਝ ਹੈ ਜੋ ਕਿੰਨੇ ਚਿਰ ਤੋਂ 'ਅਧੂਰਾ ਜਿਹਾ' ਪਿਆ ਹੈ। ਕਦੀ-ਕਦੀ ਮੈਨੂੰ ਇੰਝ ਜਾਪਦੈ ਜਿਵੇਂ ਇਹ ਘਰ ਵਿਚ ਪਏ ਉਸ 'ਕਬਾੜ' ਵਾਂਗ ਹੈ ਜਿਸ ਨੂੰ ਸੁੱਟਣ ਨੂੰ ਦਿਲ ਨਹੀਂ ਕਰਦਾ ਕਿ ਕੀ ਪਤਾ ਕਦੋਂ ਕੰਮ ਆ ਜਾਵੇ। ਅੱਜ ਇਸ 'ਟੁੱਟ ਭੱਜ' ਨੂੰ ਇਕੱਠਾ ਕਰਕੇ ਬਲੌਗ 'ਤੇ ਪਾ ਰਿਹਾ ਹਾਂ। ਕੀ ਪਤਾ ਕਿਸੇ ਦੇ ਕੰਮ ਹੀ ਆ ਜਾਵੇ!-----
ਜਦ ਤੂੰ ਮੇਰਾ ਸੀ ਹੀ ਨਹੀਂ ਤਾਂ ਫੇਰ ਤੇਰਾ ਤਿਆਗ ਕਾਹਦਾ,
ਸਮਝ ਨਾ ਆਵੇ ਦਿਲ ਤੇ ਦਿਮਾਗ 'ਚ ਚੱਲਦਾ ਵਿਵਾਦ ਕਾਹਦਾ?
----------
ਇਹ ਕਿਰਦਾਰ ਜੋ ਸੋਹਣੇ ਸੋਹਣੇ ਦਿਖਦੇ ਨੇ,
ਚੰਗਾ ਮੁੱਲ ਪੈਣ 'ਤੇ ਸਭ ਤੋਂ ਪਹਿਲਾਂ ਵਿਕਦੇ ਨੇ
----------
ਵਾਹਿਗੁਰੂ ਦਾ ਜੇ ਕਮਾਲ ਨਾ ਹੁੰਦਾ,
ਸੱਜਣਾ ਮੈਂ ਤੇਰੇ ਨਾਲ ਨਾ ਹੁੰਦਾ,
ਏਡਾ ਜਲਵਾ ਕਿੱਥੇ ਹੋਣਾ ਸੀ,
ਜੇ ਨਰਿੰਦਰ ਸਿੰਘ ਵਿਚ 'ਪਾਲ' ਨਾ ਹੁੰਦਾ!
----------
ਤੈਨੂੰ ਪਾਉਣ ਦਾ ਕੋਈ ਚਾਅ ਨਹੀਂ, ਤੈਨੂੰ ਖੋਣ ਦਾ ਕੋਈ ਮਲਾਲ ਨਹੀਂ,
ਸੀ ਸਿਫਰ ਤੋਂ ਸ਼ੁਰੂ ਸਿਫਰ 'ਤੇ ਖਤਮ, ਜ਼ਿਹਨ 'ਚ ਕੋਈ ਸਵਾਲ ਨਹੀਂ।
----------
ਪਤਾ ਨਹੀਂ ਇਹ ਕਿੰਨੇ ਕੁ ਚਿਰ ਦੀਆਂ ਦੱਬੀਆਂ ਨੇ,
ਦਿਲ ਨੂੰ ਫਰੋਲਿਆ ਤੇਰੀਆਂ ਕੁਝ ਯਾਦਾਂ ਲੱਭੀਆਂ ਨੇ।
----------
ਪਰਤ ਆਉਣਗੇ ਨਾਦਾਨ ਪਰਿੰਦੇ, ਜ਼ਰਾ ਸਬਰ ਰੱਖ,
ਐਵੇਂ ਨਾ ਪਰੇਸ਼ਾਨ ਹੋ ਜਿੰਦੇ, ਜ਼ਰਾ ਸਬਰ ਰੱਖ।
ਤੇਰੀ ਕਦਰ ਦਾ ਅਹਿਸਾਸ ਹੋ ਜਾਊ ਆਪੇ,
ਉਹਨੂੰ ਟੱਕਰੇ ਜਦ ਸ਼ੈਤਾਨ ਬਾਸ਼ਿੰਦੇ, ਜ਼ਰਾ ਸਬਰ ਰੱਖ।
----------
ਤੂੰ ਮੇਰਾ ਨਫਾ ਏ, ਤੂੰ ਮੇਰਾ ਨੁਕਸਾਨ ਏ,
ਤੇਰੇ 'ਚ ਵਸਦੀ ਮੇਰੀ ਨਿੱਕੀ ਜਿਹੀ ਜਾਨ ਏ।
----------
ਮੈਂ ਭਾਵੇਂ ਬੇਸਮਝ ਹਾਂ ਪਰ ਕਰ-ਕੂਰ ਕੇ ਦਿਲ ਨੂੰ ਸਮਝਾ ਲਵਾਂਗਾ,
ਤੂੰ ਆਪਣੀ ਦੁਨੀਆਂ ਸਵਾਰ ਰੱਖ ਮੈਂ ਉਲਝਣਾਂ ਸੁਲਝਾ ਲਵਾਂਗਾ।
----------
ਆਓ ਜੀ ਸੁਣ ਲਓ ਬਹਿ ਕੇ ਗੱਪਾਂ,
ਲੋਕੀਂ ਸ਼ਰਮ ਨਾ ਕਰਦੇ ਕਹਿ ਕੇ ਗੱਪਾਂ।
ਔਰਤਾਂ ਘੱਟ ਨਾ ਮਰਦ ਪਿੱਛੇ ਹਨ,
ਆਪੋ-ਆਪਣੀਆਂ ਆਉਂਦੇ ਲੈ ਕੇ ਗੱਪਾਂ।
ਕਈ ਵਾਰ ਨਾ ਬੋਲਣ ਨੂੰ ਦਿਲ ਕਰਦਾ,
ਮੈਂ ਅੱਕ ਚੁੱਕਿਆ ਸਹਿ ਸਹਿ ਕੇ ਗੱਪਾਂ।
¬----------
ਜੀ ਕੱਟ ਲਓ ਭਾਵੇਂ ਪੋਰੀਆ ਬਸ ਇਕ ਆਦਤ ਛੁਡਵਾ ਦਿਓ,
ਉਹ ਨੂੰ ਜ਼ਿਹਨ 'ਚੋਂ ਕਢਵਾ ਦਿਓ ਤੇ ਦਿਲ ਵਿਚੋਂ ਭੁਲਵਾ ਦਿਓ।
----------
ਗੁੱਡ ਨਾਈਟ ਕਹਿ ਕੇ ਤੁਸਾਂ ਬੰਦ ਕਰ ਦਿੱਤੀ ਗੱਲਬਾਤ,
ਸਾਨੂੰ ਨੀਂਦ ਕਿੱਥੇ, ਅਸਾਂ ਜਾਗਦਿਆਂ ਕੱਟੀ ਸਾਰੀ ਰਾਤ।
ਇਕ, ਦੋ, ਤਿੰਨ ਤੇ ਚਾਰ ਵੱਜ ਗਏ, ਹੋ ਗਈ ਏ ਪ੍ਰਭਾਤ,
ਸਾਨੂੰ ਨੀਂਦ ਕਿੱਥੇ, ਅਸਾਂ ਜਾਗਦਿਆਂ ਕੱਟੀ ਸਾਰੀ ਰਾਤ।
----------
ਤੇਰੀ ਹੋਂਦ ਕੋਈ ਹਵਾ ਤਾਂ ਨਹੀਂ !
ਦੱਸ, ਕਿ ਤੂੰ ਹੈ ਵੀ ਹੈ ਜਾਂ ਨਹੀਂ?
----------
ਤੂੰ ਗੁੱਸਾ ਕੀਤਾ ਓਸ ਗੱਲ ਦਾ ਜੋ ਮੈਂ ਕਹੀ ਨਹੀਂ,
ਤੇਰੇ ਮੇਰੇ ਵਿਚਕਾਰ ਹੁਣ ਪਹਿਲਾਂ 'ਜੀ ਗੱਲ ਰਹੀ ਨਹੀਂ।
----------
ਮੈਨੂੰ ਪਤਾ, ਏਦਾਂ ਹੀ ਹੋਣਾ,
ਤੂੰ ਦਿਲ ਤੋੜਨਾ, ਮੈਂ ਰੋਣਾ।
ਕੱਲ੍ਹ ਦੀ ਕੱਲ੍ਹ ਦੇਖਾਂਗੇ ਦਿਲਾਂ!
ਕੱਲ੍ਹ ਲਈ ਅੱਜ ਨੂੰ ਕਿਉਂ ਖੋਣਾ?
----------
ਮੈਂ ਸੱਟ ਖਾਧੀ, ਤੂੰ ਨਾ ਖਾਈ,
ਛੱਡ ਪਰ੍ਹਾਂ, ਕਿਤੇ ਦਿਲ ਨਾ ਲਾਈ।
----------
ਉਹ ਅਕਸਰ ਹੀ ਭੁਲੇਖਾ ਖਾ ਜਾਂਦੇ ਨੇ,
ਚਿਹਰੇ ਦੇਖ ਕੇ ਜੋ ਅੰਦਾਜ਼ੇ ਲਾ ਜਾਂਦੇ ਨੇ।
ਨਿਕਲ ਗਏ ਜੋ ਜ਼ਿੰਦਗੀ ਵਿਚ ਆ ਕੇ,
ਸੁਪਨੇ ਵਿਚ ਕਦੇ-ਕਦੇ ਆ ਜਾਂਦੇ ਨੇ।
¬----------
ਤੇਰੇ ਜਿਹਾ ਸਲੀਕਾ ਨਹੀਂ ਹੋਰ ਕਿਸੇ ਨੂੰ ਯਾਰਾਂ,
ਸ਼ਰਮ-ਸੰਗ ਤੇ ਸਾਊ, ਸੁਭਾਅ ਵੀ ਬੜਾ ਪਿਆਰਾ,
ਸ਼ਕਲੋਂ ਸੋਹਣੀ ਅਕਲੋਂ ਸੋਝੀ, ਇਕੋ ਪੰਗਾ ਭਾਰਾ,
ਬਾਕੀ ਗੱਲਾਂ ਠੀਕ ਸਾਰੀਆਂ ਬਸ ਗੁੱਸਾ ਤੇਰਾ ਮਾੜਾ।
----------
ਦਿਲ ਦੇ ਬੂਹੇ ਦਸਤਕ ਦੇ ਕੇ, ਸੋਚਾਂ ਦੇ ਵਿਚ ਬਹਿ ਗਏ ਨੇ
ਐਸਾ ਪਾਇਆ ਮੋਹ ਉਨ੍ਹਾਂ ਨੇ, ਮੇਰੀ ਆਦਤ ਬਣ ਕੇ ਰਹਿ ਗਏ ਨੇ।
----------
ਜਿੱਥੇ ਚੁੱਪ ਜ਼ਰੂਰੀ ਹੁੰਦੀ ਏ, ਉੱਥੇ ਤੂੰ ਬੋਲਦਾ,
ਜਦੋਂ ਬੋਲਣ ਦੀ ਵਾਰੀ ਹੁੰਦੀ ਏ, ਨਾ ਭੇਦ ਦਿਲਾਂ ਦੇ ਖੋਲ੍ਹਦਾ।
----------
ਔਖੀਆਂ-ਸੌਖੀਆਂ ਰਾਹਵਾਂ ਨੇ,
ਉੱਚੀਆਂ ਨੀਵੀਆਂ ਥਾਂਵਾਂ ਨੇ,
ਮੈਨੂੰ ਕੋਈ ਫਰਕ ਨਹੀਂ ਪੈਂਦਾ,
ਨਾਲ ਅੰਮੀਂ ਦੀਆਂ ਦੁਆਵਾਂ ਨੇ।
----------
ਜਾਗਦਿਆਂ ਲੰਘ ਜਾਣ ਦੇ ਰਾਤ,ਅਸਾਂ ਜਾਗਣਾ ਹੀ ਹਾਂ ਚਾਹੁੰਦੇ
ਸੌਂ ਕੇ ਕੀ ਕਰਨਾ?
ਹੁਣ ਤਾਂ ਸੁਪਨੇ ਵੀ ਨਹੀਂ ਆਉਂਦੇ!
----------
ਗੱਲਾਂ ਬਹੁਤੀਆਂ ਨੀ ਕਰਨੀਆਂ ਆਉਂਦੀਆਂ
ਤਾਂ ਹੀ ਤਾਂ ਸਾਡੀ ਗੱਲ ਹੋਰ ਏ,
ਐਰੇ-ਗੈਰੇ ਦੀਆਂ ਚੌਂਕੀਆਂ ਨੀ ਭਰਨੀਆਂ ਆਉਂਦੀਆਂ,
ਤਾਂ ਹੀ ਤਾਂ ਸਾਡੀ ਗੱਲ ਹੋਰ ਏ।
----------
ਜਿਊਣ ਦਾ ਸਲੀਕਾ ਵੀ ਤਾਂ ਆਉਣਾ ਚਾਹੀਦਾ,
ਲੱਖ ਭਾਵੇਂ ਬੰਦੇ ਨੂੰ ਤਰੀਕੇ ਆਉੇਂਦੇ ਹੋਣ,
ਚੜ੍ਹਦੀ ਕਲਾ 'ਚ ਰਹਿਣ ਦਾ ਤਰੀਕਾ ਵੀ ਤਾਂ ਆਉਣਾ ਚਾਹੀਦਾ।
¬----------
ਕਿਹ ਦੇ ਅੱਗੇ ਦਿਲ ਨੂੰ ਫਰੋਲਦਾ ਏ ਹੁਣ
ਹਾਂ ਜੀ ਹਾਂ ਜੀ ਕਿਹਨੂੰ ਦੱਸ ਬੋਲਦਾ ਏ ਹੁਣ
ਕੌਣ ਤੇਰਾ ਅੱਜ ਕੱਲ੍ਹ ਹਾਲ ਪੁੱਛਦਾ,
ਕਿਹ ਦੇ ਨਾਲ ਕਰਦੈ ਤੂੰ ਚੋਹਲ-ਮੋਹਲ ਹੁਣ
ਕਿਹਤੋਂ ਇਸ਼ਕ-ਪਿਆਰ ਦੇ ਸਵਾਲ ਪੁੱਛਦਾ।
----------