Tuesday, June 16, 2015

ਬਦਲ ਜਾਂਦੇ ਨੇ ਅਕਸਰ ਲੋਕੀਂ

ਬਦਲ ਜਾਂਦੇ ਨੇ ਅਕਸਰ ਲੋਕੀਂ, 
ਅੱਜਕੱਲ੍ਹ ਤਾਂ ਬੜੇ ਪਤੰਦਰ ਲੋਕੀਂ ।

ਹੁਣ ਰਿਹਾ ਨਾ ਮੇਰਾ ਵਾਸਤਾ ਕੋਈ, 
ਉਂਝ ਵਸਦੇ ਬਹੁਤ ਜਲੰਧਰ ਲੋਕੀਂ।

ਸਮਝ, ਸਿਆਣਪ ਛੱਡ ਸੀਰਤ ਨੂੰ, 
ਅਮੂਮਨ ਸ਼ਕਲ 'ਤੇ ਜਾਂਦੇ ਮਰ ਲੋਕੀਂ। 

ਆਪਣੇ ਆਪ ਨੂੰ ਢੂੰਡਣ ਦੇ ਲਈ, 
ਰਹਿੰਦੇ ਨੇ ਭਟਕਦੇ ਦਰ-ਦਰ ਲੋਕੀਂ। 

ਕਣ-ਕਣ ਵਿਚ ਜਦ ਰੱਬ ਵਸੇਂਦਾ, 
ਫੇਰ ਕਰਨ ਕੀ ਜਾਂਦੇ ਮੰਦਰ ਲੋਕੀਂ?

ਕਰ ਜੇਰਾ ਬਣ ਜਾ ਨਿਰਮਲ ਬਾਬਾ, 
ਸਭ ਲਾਈਲੱਗ ਨੇ ਇਹ ਬਾਂਦਰ ਲੋਕੀਂ। 

ਚਾੜ੍ਹੀ ਫਿਰਦੇ ਚਿਹਰੇ ਉੱਤੇ ਚਿਹਰਾ, 
ਜੋ ਜਾਪਣ ਭੋਲੇ, ਬੜੇ ਕਲੰਤਰ ਲੋਕੀਂ। 

ਇਹ ਕੀਲ ਲੈਣ ਦੀ ਕਲਾ ਜਾਣਦੇ, 
ਸਫੈਦ ਬਾਣੇ ਵਿਚ ਨੇ ਜਾਦੂਗਰ ਲੋਕੀਂ। 

ਤੂੰ ਕਾਹਨੂੰ ਸੁਪਨੇ 'ਚ ਆਉਣ ਲੱਗੀ ਐ!
ਓਹ ਕੌਣ ਏ ਪੁੱਛਦੇ ਨਰਿੰਦਰ ਲੋਕੀਂ? 

Thursday, June 4, 2015

ਰੂਹ ਦਾ ਕਤਲ

ਭੁੱਲ ਜਾਣਾ, ਰੁੱਸ ਜਾਣਾ ਆਪਾਂ ਨੂੰ ਆਉਂਦਾ ਨਹੀਂ,
ਜਾਂ ਤਾਂ ਤੋੜ ਨਿਭਾਈ ਦੀ ਜਾਂ ਫੇਰ ਲਾਉਂਦਾ ਨਹੀਂ।

ਹੱਸ-ਖੇਡ ਲਈ ਦਾ ਸੱਜਣਾਂ ਦਿਲ ਭਰ ਕੇ,
ਕਿਸੇ ਦੇ ਦਿਲ ਨਾਲ ਦਿਲ ਉਂਝ ਪਰਚਾਉਂਦਾ ਨਹੀਂ।

ਰੂਹ ਮੇਰੀ ਦਾ ਕਤਲ ਕੀਤਾ ਹੈ ਸ਼ਹਿਰ ਤੇਰੇ ਨੇ,
ਇਹ ਮਹਾਂਨਗਰ ਹੁਣ ਦਿਲ ਨੂੰ ਭੋਰਾ ਭਾਉਂਦਾ ਨਹੀਂ।

ਜੇ ਲਾ ਹੀ ਲਈ ਤਾਂ ਫਾਇਦਾ ਤੇ ਨੁਕਸਾਨ ਕੀ?
ਤੇਰੇ ਵਾਂਗੂੰ ਪਿਆਰ ਕਦੇ ਵੀ ਮੈਂ ਅਜਮਾਉਂਦਾ ਨਹੀਂ।

ਤੇਰੇ ਲਾਰੇ-ਵਾਅਦੇ ਰੱਬ ਹੀ ਜਾਣੇ ਸੱਜਣਾਂ ਵੇ,
ਕੋਈ ਕੌਲ-ਕਰਾਰ ਤਾਂ ਕਦੀਂ ਵੀ ਤੂੰ ਨਿਭਾਉਂਦਾ ਨਹੀਂ।

ਕਿੱਥੋਂ ਸਿੱਖਦੈ ਆਕੜ, ਨਖਰਾ ਤੇ ਗਰੂਰ ਜਿਹਾ,
ਮੋਹ ਕਰਨਾ ਕੋਈ ਤੈਨੂੰ ਕਿਉਂ ਸਿਖਾਉਂਦਾ ਨਹੀਂ?

ਗੱਲ-ਗੱਲ 'ਤੇ ਪੈਰ ਪਿਛਾਂਹ ਨੂੰ ਖਿੱਚਦੇ ਰਹਿੰਦੇ ਓ,
ਮੈਂ ਤਾਂਹੀਓ ਅੱਗੇ ਹੋ-ਹੋ ਆਪ ਬੁਲਾਉਂਦਾ ਨਹੀਂ।

ਛੱਡ ਲਤੀਫੇ, ਟਿੱਚਰਾਂ ਮੂਡ ਜਿਹਾ ਠੀਕ ਨਹੀਂ, 
ਬੰਦਾ ਉਦਾਸੀ ਦੇ ਆਲਮ ਵਿਚ ਮੁਸਕਰਾਉਂਦਾ ਨਹੀਂ।

ਬਸ ਇਹੋ ਭੈੜ ਹੈ ਰੱਜ ਕੇ ਸਾਡੇ ਵਿਚ ਭਾਰੀ,
ਮੈਂ ਸੁਣਾਉਂਦਾ ਨਹੀਂ ਗਿਣਾਉਂਦਾ ਨਹੀਂ ਜਤਾਉਂਦਾ ਨਹੀਂ।



ਇਹ ਵੀ---

ਕੋਈ ਕਾਰਣ ਹੋਵੇਗਾ ਜੋ ਅਸਾਡਾ ਮੇਲ ਹੋਇਆ,
ਇੰਝ ਅਜਨਬੀਆਂ ਨੂੰ ਐਵੇਂ ਖੁਦਾ ਮਿਲਾਉਂਦਾ ਨਹੀਂ!

ਕੋਈ ਵਸਤਰ ਨਹੀਂ ਇਹ ਜਿਹੜਾ ਬਦਲ ਦੇਵਾਂਗਾ,
ਫਿਕਰ ਨਾ ਕਰ ਤੇਰੀ ਯਾਦ ਦਿਲੋਂ ਮੈਂ ਲਾਹੁੰਦਾ ਨਹੀਂ!

ਜੇ ਚੁੱਪ ਮੇਰੀ ਵੀ ਕਰਦੀ ਹੈ ਪਰੇਸ਼ਾਨ ਤੈਨੂੰ,
ਇਕ ਵਾਰੀ ਆਖ ਮੈਂ ਤੈਨੂੰ ਕਦੀਂ ਬੁਲਾਉਂਦਾ ਨਹੀਂ।

ਇਸ਼ਕ ਰੋਗ ਹੀ ਹੋਵੇਗਾ ਇਹ ਐਨ.ਪੀ. ਸਿੰਹਾਂ,
ਜੋ ਕਿਸੇ ਦਵਾਈ ਨਾਲ ਆਰਾਮ ਤੈਨੂੰ ਆਉਂਦਾ ਨਹੀਂ।