Sunday, February 21, 2016

ਕਸ਼ਮਕਸ਼


ਅਚੇਤ ਤੇ ਸੁਚੇਤ ਮਨ ਵਿਚਕਾਰ
ਦਿਲ ਤੇ ਦਿਮਾਗ 'ਚ ਤਕਰਾਰ। 
ਕਿੰਨਾ ਸਮਾਂ
ਅੰਦਰੋਂ-ਅੰਦਰ
ਇਹ ਭਟਕਣ, ਇਹ ਬੇਚੈਨੀ
ਪਿੱਛਾ ਨਹੀਂ ਛੱਡਦੀ।  
ਰੂਹ ਦੀਆਂ ਗੱਲਾਂ
ਕੌਣ ਦਿਮਾਗ 'ਚ ਪਾਵੇ
ਦੁਨੀਆਂ ਦੀਆਂ ਰੀਤਾਂ
ਕੌਣ ਦਿਲ ਨੂੰ ਸਮਝਾਵੇ। 
ਕਾਸ਼ ! 
ਮੈਂ ਕੋਈ ਜੋਗੀ ਹੁੰਦਾ। 
ਬੇਫਿਕਰ ਬੇਪ੍ਰਵਾਹ ਹੁੰਦਾ 
ਮਸਤ-ਮਲੰਗ 
ਨਾ ਫਿਕਰ ਨਾ ਫਾਕਾ,
ਗੁਲਾਮ ਨਾ ਹੁੰਦਾ-
ਦਿਮਾਗ ਦਾ ਨਾ ਦਿਲ ਦਾ। 
ਨਾ ਚੱਲਦੀ ਕਸ਼ਮਕਸ਼
ਨਾ ਭਟਕਣ ਕੋਈ ਹੁੰਦੀ,
ਰੂਹ ਦੀਆਂ ਮੰਨਦਾ
ਮਨ ਆਈਆਂ ਕਰਦਾ। 
ਇਹ ਕਦੋਂ ਮੁੱਕੂ ਭਟਕਣ?
ਹੈ ਚੱਲਦੀ ਹੀ ਰਹਿੰਦੀ
ਕਸ਼ਮਕਸ਼ ਕਸ਼ਮਕਸ਼ 
ਅੰਦਰ ਹੀ ਅੰਦਰ !  


Thursday, February 11, 2016

ਨਿੱਕੀ ਜਿਹੀ ਗੱਲ


ਛੋਟੀਆਂ-ਛੋਟੀਆਂ ਸੀ ਗੱਲਾਂ, ਬਹੁਤੀਆਂ ਵੱਡੀਆਂ ਨਹੀਂ, 
ਐਵੇਂ ਦਿਲ 'ਚ ਸੰਭਾਲ ਰੱਖੀਆਂ, ਬਾਹਰ ਕੱਢੀਆਂ ਨਹੀਂ। 

ਹੁਣ ਪੈ ਗਈਆਂ ਨੇ ਦੂਰੀਆਂ ਦੋਹਾਂ ਵਿਚਕਾਰ ਕਿੰਨੀਆਂ ਹੀ , 
ਇਕ ਬਦਲਿਆਂ ਨਹੀਂ ਤੇ ਦੂਜੇ ਨੇ ਆਦਤਾਂ ਛੱਡੀਆਂ ਨਹੀਂ।

ਪਲਾਂ 'ਚ ਢਹਿ ਗਏ ਦੌਲਤਾਂ ਤੇ ਸ਼ੋਹਰਤਾਂ ਦੇ ਮਹਿਲ ਦੇਖੋ, 
ਜਦੋਂ ਬਣੇ, ਭੂੰਜੇ ਉਹਦੀਆਂ ਲੱਗਦੀਆਂ ਸੀ ਅੱਡੀਆਂ ਨਹੀਂ। 

ਰੂਹਦਾਰੀ ਰੱਖਿਆ ਕਰ ਯਾਰਾਂ, ਇਹ ਲੋਥ ਮਿੱਟੀ ਬਣ ਜਾਣੀ,  
ਰੂਹਾਂ ਨੇ ਹੀ ਜਾਣਾ ਅਗਲੀ ਦੁਨੀਆਂ ਵਿਚ, ਹੱਡੀਆਂ ਨਹੀਂ।

ਇਕ ਤੂੰ ਸੋਹਣੀ ਦੂਜਾ ਸੀਰਤ-ਸੁਭਾਅ ਉਸ ਤੋਂ ਵੀ ਸੋਹਣਾ, 
ਨਜ਼ਰਾਂ ਐਂਵੇ ਹੀ ਤਾਂ ਤੇਰੇ 'ਤੇ ਐਨ.ਪੀ. ਨੇ ਗੱਡੀਆਂ ਨਹੀਂ! 

ਇਕੱਲਾ ਹੁਨਰ ਨਹੀਂ ਏ ਕਾਫੀ, ਮਿਹਰ ਜ਼ਰੂਰੀ ਦਾਤੇ ਦੀ, 
ਬਿਨ ਕ੍ਰਿਪਾ ਦੇ ਉਹ ਦੀ ਉੱਚੇ ਝੂਲਦੇ ਝੰਡੇ-ਝੰਡੀਆਂ ਨਹੀਂ। 

ਛੋਟੀਆਂ-ਛੋਟੀਆਂ ਸੀ ਗੱਲਾਂ, ਬਹੁਤੀਆਂ ਵੱਡੀਆਂ ਨਹੀਂ, 
ਤੂੰ ਦਿਲ 'ਚ ਸੰਭਾਲ ਰੱਖੀਆਂ, ਕਿਉਂ ਬਾਹਰ ਕੱਢੀਆਂ ਨਹੀਂ? 

ਇਹ ਵੀ---

ਅੱਜਕੱਲ੍ਹ ਤਾਂ ਮੌਤ ਘੁਮੰਦੀ ਫਿਰਦੀ ਹੈ ਚੁਫੇਰੇ ਸੜਕਾਂ ਉੱਤੇ, 
ਪਹਿਲਾਂ ਠਹਿਰਾ ਤੇ ਠਰੰਮਾ ਸੀ, ਤੇਜ਼ ਸਪੀਡ ਗੱਡੀਆਂ ਨਹੀਂ। 

ਮਿਲਾਵਟਾਂ ਤੇ ਨਸ਼ਿਆਂ ਖੋਹ ਲਿਆ ਜ਼ੋਰ ਤੇ ਦਮ-ਖਮ ਸਾਰਾ,
ਬਿਨ ਪੀਤੇ ਦੇਸੀ ਘਿਓ ਦੇ ਪੀਪੇ ਖੇਡ ਹੋਣ ਕਬੱਡੀਆਂ ਨਹੀਂ। 


Monday, February 1, 2016

ਇਕ ਖਿਆਲ


ਉਹ ਦੇ ਵਰਗੀ ਤਾਂ ਬਹੁਤ ਦੁਆਵਾਂ ਨਾਲ ਮਿਲਦੀ ਹੈ,
ਉਹ ਜਦ ਵੀ ਮਿਲਦੀ ਹੈ ਬੜੇ ਚਾਵਾਂ ਨਾਲ ਮਿਲਦੀ ਹੈ।

ਮਤੀ ਉੱਤਮ ਸੋਚ ਉੱਚੀ ਖਿਆਲ ਬੜੇ ਹੀ ਸੋਹਣੇ ਨੇ,
ਹੱਸ ਹੱਸ ਕੇ ਸਦਾ ਖੁੱਲ੍ਹੀਆਂ ਬਾਹਵਾਂ ਨਾਲ ਮਿਲਦੀ ਹੈ।

ਗੱਲ ਕਰਦੀ ਦੇਖੋ, ਚੁਣ-ਚੁਣ ਕੇ ਸ਼ਬਦ ਲਿਆਉਂਦੀ ਹੈ,
ਉਹਦੀ ਮਿੱਠੀ ਬੋਲੀ ਧਾਰਮਿਕ ਥਾਂਵਾਂ ਨਾਲ ਮਿਲਦੀ ਹੈ।

ਜਦ ਮਿਲ ਪੈਂਦੀ ਹੈ ਠੰਡਕ ਪਾਉਂਦੀ ਤਪਦੀਆਂ ਰੂਹਾਂ ਨੂੰ,
ਸੀਰਤ ਉਹਦੀ ਤਾਂ ਠੰਡੀਆਂ ਹਵਾਵਾਂ ਨਾਲ ਮਿਲਦੀ ਹੈ।

ਧੰਨ ਭਾਗ ਸਾਡੇ, ਉਹ ਦੇ ਨਾਲ ਮਿਲਾਪ ਜੋ ਹੋਇਆ ਜੀ,
ਉਸ ਜਿਹੀ ਤਾਂ ਰੱਬ ਦੀਆਂ ਇੱਛਾਵਾਂ ਨਾਲ ਮਿਲਦੀ ਹੈ।

ਤੂੰ ਸੋਚਦੈ ਹੋਣੈ ਕਿ ਉਹ ਕਿਹ ਦੇ ਵਰਗੀ ਲੱਗਦੀ ਹੈ?
ਆਮ ਸ਼ਕਲ ਸਾਡੀ ਧੀਆਂ-ਭੈਣਾਂ ਮਾਵਾਂ ਨਾਲ ਮਿਲਦੀ ਹੈ।

ਇਕ ਇਹ ਹੀ ਗੱਲ ਅਲੱਗ ਹੈ ਉਹਦੀ ਸਭ ਗੱਲਾਂ ਤੋਂ,
ਬਸ ਐਨ.ਪੀ. ਨੂੰ ਹੀ ਨਖਰੇ-ਅਦਾਵਾਂ ਨਾਲ ਮਿਲਦੀ ਹੈ।