Thursday, January 24, 2013

ਕੂਕਰ ਵਾਲੀ ਚਾਹ

ਜਲੰਧਰ ਪੜ੍ਹਦੇ ਸਮੇਂ ਦੀ ਇਕ ਬਹੁਤ ਦਿਲਚਸਪ ਗੱਲ ਯਾਦ ਆਈ ਹੈ। ਕਈ ਵਾਰ ਜ਼ਰੂਰਤਾਂ ਕਿੰਝ ਨਵੀਆਂ-ਨਵੀਆਂ ਘਟਨਾਵਾਂ ਤੇ ਹਾਸੋ-ਹੀਣੇ ਮਾਹੌਲ ਸਿਰਜ ਦਿੰਦੀਆਂ ਨੇ ਬਾਅਦ 'ਚ ਸੋਚ ਕੇ ਬੜਾ ਅਜੀਬ ਲੱਗਦਾ ਹੈ। ਵਿਦਿਆਰਥੀ ਜੀਵਨ ਦੀਆਂ ਕਈ ਘਟਨਾਵਾਂ ਉਂਝ ਵੀ ਏਨੀਆਂ ਯਾਦਗਾਰ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਲੰਬੇ ਸਮੇਂ ਤੱਕ ਭੁਲਾਇਆ ਨਹੀਂ ਜਾ ਸਕਦਾ। ਅਜਿਹੀਆਂ ਕਈ ਗੱਲਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ।


         ਸਾਲ 2002 ਜਾਂ 2003 ਦੀ ਗੱਲ ਹੈ। ਲੱਧੇਵਾਲੀ (ਜਲੰਧਰ) ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ 'ਚ ਪੱਤਰਕਾਰੀ ਦੀ ਮਾਸਟਰ ਡਿਗਰੀ ਕਰਦੇ ਸੀ। ਇਮਾਰਤ ਉਸਾਰੀ ਅਧੀਨ ਹੋਣ ਕਰ ਕੇ ਲੱਧੇਵਾਲੀ ਪਿੰਡ 'ਚ ਹੀ ਅਸੀਂ ਚਾਰ ਜਮਾਤੀਆਂ ਨੇ ਮਿਲ ਕੇ ਇਕ 'ਕੋਠੀ' ਕਿਰਾਏ 'ਤੇ ਲੈ ਲਈ। ਮੈਂ, ਜਗਦੀਪ ਗਿੱਲ, ਅਮਿਤ ਮਰਵਾਹਾ ਤੇ ਰਜਨੀਸ਼ ਸ਼ਰਮਾ। ਕਦੇ-ਕਦੇ ਜਤਿੰਦਰ ਗਿੱਦਾ ਵੀ ਸਾਡੇ ਨਾਲ ਹੀ ਰਹਿ ਲੈਂਦਾ ਸੀ। ਅਸੀਂ ਤਿੰਨ ਜਣੇ ਮਾਲਵੇ ਦੇ ਸੀ। ਇਕ ਮਝੈਲ ਤੇ ਇਕ ਦੁਆਬੀਆਂ, ਮਤਲਬ ਪੰਜਾਬ ਦੇ ਹਰੇਕ ਖੇਤਰ ਦੀ ਨੁਮਾਇੰਦਗੀ ਸੀ ਸਾਡੀ ਕੋਠੀ 'ਚ।
       
  ਪਿੰਡ 'ਚ ਰਹਿੰਦੇ ਹੋਣ ਕਰ ਕੇ ਖਾਣ-ਪੀਣ (ਰੋਟੀ) ਦੀ ਬਹੁਤ ਮੁਸ਼ਕਿਲ ਆਉਂਦੀ ਸੀ। ਕੈਂਪਸ ਵੀ ਉਦੋਂ ਅਧੂਰਾ ਜਿਹਾ ਹੀ ਸੀ। ਉੱਥੇ ਸਿਰਫ ਲਾਅ ਦੇ ਵਿਦਿਆਰਥੀਆਂ ਲਈ ਦੁਪਹਿਰ ਨੂੰ ਬਾਹਰੋਂ ਖਾਣਾ ਬਣ ਕੇ ਆਉਂਦਾ ਸੀ ਤੇ ਲੱਗੇ ਹੱਥੀਂ ਅਸੀਂ ਵੀ ਖਾ ਲੈਂਦੇ ਸੀ (ਸ਼ਾਇਦ 15 ਰੁਪਏ ਦੀ ਪਲੇਟ ਸੀ ਉਦੋਂ)। ਅਸੀਂ ਸਭ ਨੇ ਸੋਚਿਆ ਕਿ ਖੁਦ ਹੀ ਖਾਣਾ ਬਣਾ ਲਿਆ ਕਰਾਂਗੇ, ਘੱਟੋ-ਘੱਟ ਸਵੇਰੇ-ਸਵੇਰੇ ਭੁੱਖੇ ਢਿੱਡ ਤਾਂ ਨਹੀਂ ਜਾਣਾ ਪਿਆ ਕਰੇਗਾ ਪੜ੍ਹਨ ਲਈ। ਖੁਦ ਰੋਟੀ ਬਣਾਉਣ ਦੇ ਫੈਸਲੇ ਤੋਂ ਪਹਿਲਾਂ ਜਦੋਂ ਅਸੀਂ ਸਵੇਰੇ-ਸਵੇਰੇ ਭੁੱਖੇ ਢਿੱਡ ਕੈਂਪਸ ਜਾਂਦੇ ਸੀ ਤਾਂ ਪੜ੍ਹਾਈ 'ਚ ਮਨ ਹੀ ਨਾ ਲੱਗਣਾ। ਘੜੀਆਂ ਦੇਖੀ ਜਾਣੀਆਂ ਕਿ ਕਦੋਂ ਦੁਪਹਿਰ ਦੀ ਰੋਟੀ ਆਊ।
       
  ਖੈਰ, ਥੋੜ੍ਹੇ ਜਿਹੇ ਬਰਤਨ ਜੋ ਸਾਡੇ ਕੋਲ ਸੀ ਅਸੀਂ ਉਨ੍ਹਾਂ 'ਚ ਰਾਤ ਦਾ ਖਾਣਾ ਤਾਂ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਮਸਲਾ ਹਾਲੇ ਵੀ ਬਰੇਕਫਾਸਟ ਦਾ ਅੜਿਆ ਹੋਇਆ ਸੀ। ਸਾਡੇ 'ਚੋਂ ਕਿਸੇ ਨੇ ਸਲਾਹ ਦਿੱਤੀ ਕਿ ਸਵੇਰੇ ਆਪਾਂ ਚਾਹ ਨਾਲ 'ਬਨ' (ਡਬਲਰੋਟੀ) ਕਿਉਂ ਨਾ ਖਾ ਕੇ ਚੱਲਿਆ ਕਰੀਏ। ਸਭ ਰਾਜ਼ੀ ਹੋ ਗਏ। ਸਾਡੇ 'ਚੋਂ ਇਕ ਜਣਾ ਸਵੇਰੇ ਉੱਠ ਕੇ ਦੁੱਧ ਤੇ ਡਬਲਰੋਟੀ ਲੈ ਆਉਂਦਾ। ਇਕ ਜਣਾ ਚਾਹ ਬਣਾ ਦਿੰਦਾ ਅਤੇ ਇਕ ਜਣਾ ਬਰਤਨ ਧੋ ਦਿੰਦਾ। ਕਹਿਣ ਦਾ ਮਤਲਬ ਅਸੀਂ ਕੰਮ ਵੰਡ ਲਏ ਸੀ। ਪਰ ਮੁੱਦਾ ਹਾਲੇ ਵੀ ਇਕ ਖੜ੍ਹਾ ਸੀ। ਚਾਰ ਬੰਦਿਆਂ ਨੂੰ ਡਬਲਰੋਟੀ ਨਾਲ ਪੀਣ ਲਈ ਚਾਹ ਦੇ ਕੱਪ ਨਹੀਂ ਬਲਕਿ ਗਿਲਾਸ ਚਾਹੀਦੇ ਸੀ ਤੇ ਏਨੀ ਚਾਹ ਬਣਾਉਣ ਲਈ ਸਾਡੇ ਕੋਲ ਕੋਈ ਵੀ ਵੱਡਾ ਬਰਤਨ ਨਹੀਂ ਸੀ।
      
   ਸਲਾਹ ਕੀਤੀ ਕਿ ਚਾਹ ਆਪਾਂ ਕੂਕਰ 'ਚ ਬਣਾ ਲਿਆ ਕਰਾਂਗੇ। ਕੂਕਰ ਨੂੰ ਵੱਡੀ ਪਲੇਟ ਨਾਲ ਢੱਕ ਕੇ ਚਾਹ ਬਣਾ ਲੈਣੀ। ਹੁਣ ਕਲਾਸ 'ਚ ਵੀ ਦਿਲ ਲੱਗਦਾ। ਨਹੀਂ ਤਾਂ ਭੁੱਖੇ ਢਿੱਡ ਕਾਹਦੀਆਂ ਪੜ੍ਹਾਈਆਂ! ਇਕ ਦਿਨ ਹਾਸੇ 'ਚ ਹੀ ਸਾਡੀ ਇਕ ਹਮਉਮਰ ਮੈਡਮ (ਐਡਹਾਕ ਸੀ ਇਹ ਅਧਿਆਪਕ ਤੇ ਦੋ-ਤਿੰਨ ਸਾਲ ਪਹਿਲਾਂ ਹੀ ਪੱਤਰਕਾਰੀ ਦੀ ਮਾਸਟਰ ਡਿਗਰੀ ਕਰ ਕੇ ਪੜ੍ਹਾ ਰਹੀ ਸੀ) ਕਹਿੰਦੀ ਹੁਣ ਤੁਸੀਂ ਸਾਰੇ ਬਹੁਤ ਖਿੜੇ-ਖਿੜੇ ਰਹਿੰਦੇ ਹੋ ਕਲਾਸ 'ਚ। ਮਖੌਲ ਦੇ ਲਹਿਜ਼ੇ ਵਿਚ ਸਾਡੇ 'ਚੋਂ ਇਕ ਕਹਿੰਦਾ “ਮੈਡਮ ਸਭ ਕੂਕਰ ਵਾਲੀ ਚਾਹ ਦਾ ਕਮਾਲ ਐ।”  ਮੈਡਮ ਬੜੀ ਹੈਰਾਨ।
      
   ਪੁੱਛਣ 'ਤੇ ਉਸ ਨੂੰ ਦੱਸਿਆ ਕਿ ਪਾਣੀ, ਦੁੱਧ, ਚਾਹ ਪੱਤੀ ਅਤੇ ਚੀਨੀ ਕੂਕਰ 'ਚ ਪਾ ਕੇ ਦੋ ਸੀਟੀਆਂ ਮਰਾ ਦੇਈ ਦੀਆਂ ਨੇ। ਏਨੀ ਵਧੀਆਂ ਚਾਹ ਬਣਦੀ ਆ ਕਿ ਪੀ ਕੇ ਸਾਰਾ ਦਿਨ ਚੁਸਤ-ਦਰੁਸਤ ਰਹੀਦਾ। ਹਾਸੇ 'ਚ ਕਹੀ ਇਸ ਗੱਲ 'ਤੇ ਸਾਰੇ ਹੱਸ ਪਏ ਤੇ ਗੱਲ ਆਈ-ਗਈ ਹੋ ਗਈ। ਕੁਝ ਦਿਨਾਂ ਬਾਅਦ ਕਲਾਸ 'ਚ ਆਉਂਦੇ ਸਾਰ ਹੀ ਉਹ ਮੈਡਮ ਕਹਿੰਦੀ, ਤੁਹਾਡਾ ਕੂਕਰ ਖਰਾਬ ਨਹੀਂ ਹੋਇਆ ਕਦੇ ਜਦੋਂ ਤੁਸੀਂ ਚਾਹ ਬਣਾਉਂਦੇ ਹੋ? ਮੱਥੇ 'ਤੇ ਲਕੀਰਾਂ ਖਿੱਚੀਆਂ ਦੇਖ ਕੇ ਉਸ ਨੇ ਖੁਦ ਹੀ ਦੱਸਿਆ, ਕਹਿੰਦੀ “ ਤੁਹਾਡੇ ਦੱਸੇ ਅਨੁਸਾਰ ਮੈਂ ਕੂਕਰ 'ਚ ਸਾਰਾ ਸਾਮਾਨ ਪਾ ਕੇ ਜਦੋਂ ਚਾਹ ਬਣਾਉਣੀ ਚਾਹੀ ਤਾਂ ਕੂਕਰ ਹੀ ਜਾਮ ਹੋ ਗਿਆ। ਚਾਹ ਪੱਤੀ ਸੀਟੀ 'ਚ ਫਸ ਗਈ। ਭਾਫ ਘੱਟਣ 'ਤੇ ਜਦੋਂ ਕੂਕਰ ਖੋਲ੍ਹਿਆ ਤਾਂ ਇਹ ਕੁਝ ਹੋਰ ਹੀ ਬਣਿਆ ਪਿਆ ਸੀ।”
    
    ਜਦੋਂ ਅਸੀਂ ਕੂਕਰ 'ਚ ਚਾਹ ਬਣਾਉਣ ਦੀ ਆਪਣੀ ਮਜ਼ਬੂਰੀ ਦੱਸੀ ਤਾਂ ਮੈਡਮ ਸਮੇਤ ਸਾਰੇ ਜਮਾਤੀ ਨਿੰਮਾ-ਨਿੰਮਾ ਜਿਹਾ ਮੁਸਕਰਾ ਪਏ। ਹਾਸੇ 'ਚ ਕਹੀ ਗੱਲ ਦਾ ਅਜਿਹਾ ਨਤੀਜਾ ਨਿਕਲ ਸਕਦਾ ਸੀ, ਇਹ ਸੋਚਿਆ ਹੀ ਨਹੀਂ ਸੀ। ਇਹ ਗੱਲ ਤਾਂ ਖੁੱਲ੍ਹੇ ਰੂਪ 'ਚ ਸਾਹਮਣੇ ਆ ਗਈ ਸੀ ਪਰ ਹੋ ਸਕਦੈ ਹੋਰ ਜਮਾਤੀਆਂ ਨੇ ਵੀ 'ਕੂਕਰ ਵਾਲੀ ਚਾਹ' ਬਣਾਉਣ ਲੱਗਿਆਂ ਆਪਣੇ ਕੂਕਰ ਖਰਾਬ ਕੀਤੇ ਹੋਣ ਅਤੇ ਇਸ ਬਾਬਤ ਝਿਝਕਦਿਆਂ ਗੱਲ ਹੀ ਨਾ ਕੀਤੀ ਹੋਵੇ ਕਿਉਂ ਕਿ ਹੋਰ ਵੀ ਕਈਆਂ ਨੇ ਅਜਿਹੀ 'ਸਪੈਸ਼ਲ ਚਾਹ' ਬਣਾਉਣ ਦਾ ਨੁਕਤਾ ਸਾਥੋਂ ਪੁੱਛਿਆ ਸੀ।
     
    ਅਜਿਹੀਆਂ ਬੜੀਆਂ ਦਿਲਚਸਪ ਗੱਲਾਂ ਉਸ ਸਮੇਂ ਦੌਰਾਨ ਵਾਪਰੀਆਂ। ਪੜ੍ਹਾਈ ਦਾ ਏਨਾ ਖੁੱਲ੍ਹਾ ਤੇ ਸਿੱਖਣਯੋਗ ਮਾਹੌਲ ਮੈਂ ਨਾ ਤਾਂ ਪੱਤਰਕਾਰੀ ਦੀ ਡਿਗਰੀ ਤੋਂ ਪਹਿਲਾਂ ਕਦੇ ਦੇਖਿਆ ਅਤੇ ਨਾ ਹੀ ਬਾਅਦ ਵਿਚ। ਇਕ ਵਿਦਿਆਰਥੀ ਵੱਜੋਂ ਸ਼ਖਸੀਅਤ ਉਸਾਰੀ 'ਚ ਜੋ ਯੋਗਦਾਨ ਉਸ ਸਮੇਂ ਨੇ ਪਾਇਆ ਉਸ ਸਦਕਾ ਜ਼ਿੰਦਗੀ 'ਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਥੁੜਾਂ 'ਚੋਂ ਕਿੰਝ ਨਵੀਆਂ-ਨਵੀਆਂ ਕਾਢਾਂ ਵਿਕਸਿਤ ਹੁੰਦੀਆਂ ਨੇ ਇਹ ਵੀ ਨਿੱਜੀ ਤਜ਼ਰਬਿਆਂ 'ਚੋਂ ਵਧੇਰੇ ਸਿੱਖਿਆ ਜਾ ਸਕਦਾ ਹੈ।

npsjagdeo@gmail.com