Wednesday, January 27, 2010

ਕਾਲਾ ਦੁੱਧ !!!


ਗੰਭੀਰ ਮਸਲਾ
ਗੱਲ ਸਾਲ ਕੁ ਪਹਿਲਾਂ ਦੀ ਹੈ। ਕਿਸੇ ਟੀ.ਵੀ. ਪ੍ਰੋਗਰਾਮ ਦੇ ਸਿਲਸਿਲੇ ‘ਚ ਇਕ ਨਾਮੀਂ ਕੌਮਾਂਤਰੀ ਭਲਵਾਨ ਦੀ ਇੰਟਰਵਿਊ ਲਈ ਸਵੇਰੇ-ਸਵੇਰੇ ਹੀ ਜਲੰਧਰ ਉਸਦੇ ਘਰ ਪੁੱਜ ਗਏ। ਨਾਸ਼ਤੇ ‘ਚ ਦੁੱਧ, ਮੱਖਣ, ਦਹੀ, ਲੱਸੀ ਅਤੇ ਅੰਡਿਆਂ ਸਮੇਤ ਆਲੂਆਂ ਦੇ ਪਰੌਂਠੇ। ਪੂਰਾ ਪੰਜਾਬੀ ਖਾਣਾ। ਮੈਂ ਕਿਹਾ ‘ ਭਾਅ ਜੀ ਭਲਾ ਸ਼ਹਿਰ ‘ਚ ਇਹ ਪਿੰਡਾਂ ਵਾਲਾ ਖਾਣ-ਪੀਣ ਕਿੱਥੋਂ?’ ਕਹਿੰਦੇ ‘ਸ਼ਹਿਰਾਂ ‘ਚ ਤਾਂ ਪਤਾ ਨੀ ਕੀ ਸਵਾਹ-ਖੇਹ ਖਲਾਈ ਜਾਂਦੇ ਨੇ ਵੇਚਣ ਵਾਲੇ ਲੋਕਾਂ ਨੂੰ, ਆਪਾਂ ਤਾਂ ਬਹੁਤਾ ਸਾਮਾਨ ਪਿੰਡੋਂ ਹੀ ਲੈ ਆਈਦਾ।’

ਗੱਲ ਸੋਲਾਂ ਆਨੇ ਸੱਚ ਏ। ਪਤਾ ਹੀ ਨਹੀਂ ਬਜ਼ਾਰ ‘ਚ ਖਾਣ-ਪੀਣ ਦੀਆਂ ਕਿਹੜੀਆਂ ਵਸਤਾਂ ਨਕਲੀ ਨੇ ਤੇ ਕਿਹੜੀਆਂ ਅਸਲੀ? ਜਾਅਲੀ ਅਤੇ ਮਿਲਾਵਟੀ ਖਾਣ-ਪੀਣ ਦੀਆਂ ਵਸਤਾਂ ਦਾ ਬਾਜ਼ਾਰ ਹੁਣ ਅਸਲੀ ਵਸਤਾਂ ਤੋਂ ਵੀ ਵੱਡਾ ਹੋ ਗਿਆ ਜਾਪਦਾ ਏ! ਨਕਲੀ ਦੁੱਧ, ਖੋਆ, ਪਨੀਰ, ਨਕਲੀ ਦੇਸੀ ਘਿਓ ਤੋਂ ਬਾਅਦ ਹੁਣ ਤਾਂ ਨਕਲੀ ਮਸਾਲੇ, ਚਾਹ ਪੱਤੀ, ਦਾਲਾਂ ਇੱਥੋਂ ਤੱਕ ਕਿ ਫਲਾਂ ਅਤੇ ਸਬਜ਼ੀਆਂ ਵੀ ਨਕਲੀ ਤੇ ਮਿਲਾਵਟੀ ਹੋਣ ਦੀਆਂ ਖਬਰਾਂ ਨਿੱਤ ਹੀ ਪ੍ਰਕਾਸ਼ਿਤ-ਪ੍ਰਸਾਰਿਤ ਹੁੰਦੀਆਂ ਰਹਿੰਦੀਆਂ ਨੇ।

ਦੁੱਧ-ਲੱਸੀ ਅਤੇ ਦੇਸੀ ਘਿਓ ਦੇ ਪੰਜਾਬੀ ਰੱਜ ਕੇ ਸ਼ੌਕੀਨ ਨੇ । ਪਰ ਜਿਹੋ-ਜਿਹਾ ‘ਮਿਲਾਵਟੀ ਦੌਰ’ ਚੱਲ ਰਿਹਾ ਏ ਭਲਾ ਸਿਹਤ ਖਤਰੇ ‘ਚ ਪਾ ਕੇ ਕੌਣ ਆਪਣੇ ਸ਼ੌਕ ਪੂਰੇ ਕਰ ਲਊ? ਜਦੋਂ ਕਦੇ ਘਰ ਦੇ ਇਕੱਠੇ ਬੈਠੇ ਕੁਝ ਖਾ ਰਹੇ ਹੁੰਦੇ ਹਾਂ ਅਤੇ ਕੋਈ ਐਵੇਂ ਹੀ ਸਰਸਰੀ ਜਿਹੇ ਕਿਸੇ ਖਾਣ ਦੀ ਚੀਜ਼ ‘ਚ ਨੁਕਸ ਕੱਢ ਦਿੰਦਾ ਏ ਤਾਂ ਅੱਗੋਂ ਜਵਾਬ ਇਹੀ ਹੁੰਦਾ ਏ ਕਿ ‘ਭਲਾ ਹੁਣ ਬੰਦਾ ਖਾਵੇ ਕੀ?’

ਪਿਛਲੇ ਕਰੀਬ ਡੇਢ ਸਾਲ ਤੋਂ ਮੈਂ ਦੁੱਧ ਪੀਣਾ ਪੂਰੀ ਤਰ੍ਹਾਂ ਛੱਡਿਆ ਹੋਇਆ ਏ। ਨਾ ਤਾਂ ਉਸ ਤੋਂ ਬਾਅਦ ਮੇਰੀ ਸਿਹਤ ਘਟੀ ਐ ਅਤੇ ਨਾ ਹੀ ਮੇਰੀ ਸਿਹਤ ਇਸ ਤੋਂ ਪਹਿਲਾਂ ਬਹੁਤ ਵਧੀਆ ਸੀ, ਜਦੋਂ ਮੈਂ ਅੱਧਾ ਲੀਟਰ ਦੁੱਧ ਇਕ ਵਾਰ ‘ਚ ਹੀ ਪੀ ਲੈਂਦਾ ਸੀ। ਜਿਵੇਂ ਦਾ ਸਰੀਰ ਦੁੱਧ ਪੀਣ ਵਾਲੇ ਸਮਿਆਂ ‘ਚ ਸੀ ਉਹੋ ਜਿਹਾ ਹੀ ਹੁਣ ਐ। ਮੇਰੇ ਚੰਗੀ ਤਰ੍ਹਾਂ ਯਾਦ ਐ ਬਚਪਨ ਅਤੇ ਅੱਲੜ੍ਹ ਉਮਰ ਦੇ ਦਿਨਾਂ ‘ਚ ਮੈਨੂੰ ਦੁੱਧ ‘ਚੋਂ ਇਕ ਅਜਬ ਤਰ੍ਹਾਂ ਦਾ ‘ਮੁਸ਼ਕ’ ਆਉਂਦਾ ਹੁੰਦਾ ਸੀ ਜਿਸ ਕਰਕੇ ਮੈਂ ਹਮੇਸ਼ਾਂ ਹੀ ਦੁੱਧ ਤੋਂ ਟਾਲਾ ਵੱਟਦਾ ਰਿਹਾ ਹਾਂ। ਮੰਮੀ ਨੇ ਬੜਾ ਜ਼ੋਰ ਲਾਉਣਾ ਕਿ ਨੱਕ ਬੰਦ ਕਰ ਕੇ ਪੀ ਲੈ ਪਰ ਆਪਾਂ ਨੀ ਪੀਤਾ ਕਦੇ ਦੁੱਧ।

ਮੈਂ ਦੁੱਧ ਪੀਆ ਕਰਾਂ ਏਸ ਲਈ ਮੈਨੂੰ ਪਾਪਾ ਜੀ ਨੇ ਹਮੇਸ਼ਾਂ ਹੀ ਆਪਣੇ ਬਚਪਨ ਦੀਆਂ ਬੜੀਆਂ ਗੱਲਾਂ ਸੁਣਾਉਣੀਆਂ। ਕਿਹਾ ਕਰਨਾ ਮੈਨੂੰ (ਪਾਪਾ ਜੀ) ਬੀਬੀ (ਸਾਡੀ ਦਾਦੀ) ਵਾਟਾ ਭਰ ਕੇ ਦੁੱਧ ਦਾ ਪਿਲਾਇਆ ਕਰਦੀ ਸੀ। ਦੁੱਧ ਪੀਣ ਨਾਲ ਇਹ ਹੁੰਦਾ, ਉਹ ਹੁੰਦਾ, ਯੇ-ਵੋ _ _ _ । ਪਰ ਆਪਾਂ ਦੁੱਧ ਤੋਂ ਹਮੇਸ਼ਾਂ ਹੀ ਮੂੰਹ ਮੋੜੀ ਰੱਖਣਾ। ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਮੰਮੀ ਨੇ ਦੁੱਧ ਗਰਮ ਕਰ ਕੇ ਲਿਆਉਣਾ ਤਾਂ ਝੂਠੀ-ਮੂਠੀ ਸੌਣ ਦਾ ਬਹਾਨਾ ਕਰਕੇ ਖੇਸ ਮੂੰਹ ‘ਤੇ ਲੈ ਲੈਣਾ।

ਫੇਰ ਇਕ ਦੌਰ ਐਸਾ ਵੀ ਆਇਆ ਜਦੋਂ ਦੁੱਧ ਪੀ-ਪੀ ਘਰ ਦੇ ਪਤੀਲੇ ਥੱਲੇ ਲਾ ਛੱਡਣੇ। ਬਹੁਤੀ ਵਾਰ ਤਾਂ ਬਾਜ਼ਾਰੀ ਪੈਕਟ ਵਾਲਾ ਦੁੱਧ ਲੈ ਕੇ ਵੀ ਪੀਣਾ। ਦਰਅਸਲ ਕਾਲਜ ਦੇ ਦਿਨਾਂ ‘ਚ ਸਰੀਰ ਬਣਾਉਣ ਦਾ ਚਾਅ ਸਭ ਮੁੰਡਿਆਂ ਨੂੰ ਹੁੰਦਾ ਏ ਅਤੇ ਮੈਂ ਵੀ ਉਨ੍ਹਾਂ ‘ਚੋਂ ਇਕ ਸੀ। ਦੁੱਧ ਦੇ ਸਿਰ ‘ਤੇ ਜਿੰਮ ਜਾਣਾ ਸ਼ੁਰੂ ਕੀਤਾ। ਉਨ੍ਹਾਂ ਦਿਨਾਂ ‘ਚ ਦੱਬ ਕੇ ਦੁੱਧ ਪੀਤਾ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰੀਰਕ ਪੱਖੋਂ ਕੋਈ ਬਹੁਤ ਜ਼ਿਆਦਾ ਫਰਕ ਨਾ ਤਾਂ ਦੁੱਧ ਪੀਣ ਵਾਲੇ ਸਮਿਆਂ ‘ਚ ਆਇਆ ਅਤੇ ਨਾ ਹੀ ਹੁਣ ਐ ਜਦੋਂ ਦੁੱਧ ਪੀਤਿਆਂ ਡੇਢ ਸਾਲ ਹੋ ਗਿਆ ਏ।

ਪਾਪਾ ਜੀ ਹੋਰਾਂ ਨੇ ਆਪਣੇ ਬਚਪਨ ਦੇ ਦਿਨਾਂ ‘ਚ ਘਰ ਰੱਖੀ ਮੱਝ ਦਾ ਦੁੱਧ ਪੀਤਾ ਏ। ਚੁਆਵਾਂ ਦੁੱਧ। ਤੇ ਅਸੀਂ ਜੋ ਪੀਂਦੇ ਹਾਂ ਅਤੇ ਜਿੰਨਾ ਕੁ ਪੀਤਾ ਏ ਪਤਾ ਨਹੀਂ ਦੁੱਧ ਏ ਜਾਂ ਕੁਝ ਹੋਰ, ਜਿਹਦਾ ਸਰੀਰ ‘ਤੇ ਕੋਈ ਫਰਕ ਹੀ ਨਹੀਂ ਪੈਂਦਾ ? ਹੁਣ ਤਾਂ ਪਾਪਾ ਜੀ ਵੀ ਮੰਨਣ ਲੱਗ ਗਏ ਨੇ ਕਿ ਪਤਾ ਨੀ ਇਹ ਦੋਧੀ ਦੁੱਧ ਵੇਚਦੇ ਨੇ ਜਾਂ ਕੁਝ ਹੋਰ।

ਸਾਡੇ ਘਰ ਅੱਜਕੱਲ੍ਹ ਜੋ ਦੁੱਧ ਪਾਉਂਦਾ ਏ ਉਹ ਦੋਧੀ ਸਾਡੀ ਕਾਲੋਨੀ ਦੇ 50-60 ਘਰਾਂ ਸਮੇਤ ਮੈਨੂੰ ਲੱਗਦੈ ਅੱਧੇ ਖੰਨੇ ਸ਼ਹਿਰ ‘ਚ ਦੁੱਧ ਪਾਉਂਦਾ ਹੋਵੇਗਾ। ਸਵੇਰੇ-ਸ਼ਾਮ ਜਿਹੜੀ ਗਲੀ-ਮੁਹੱਲੇ ਚਲੇ ਜਾਓ ਉਸਦੇ ਮੋਟਰਸਾਈਕਲ ਦੀਆਂ ਹੀ ਗੂੰਜਾਂ ਸੁਣਾਈ ਦਿੰਦੀਆਂ ਨੇ! ਕਈ ਵਾਰ ਸੋਚੀਦੈ ਭਲਾ ਕਿਹੜੀਆਂ ਮੱਝਾਂ-ਗਾਵਾਂ ਰੱਖੀਆਂ ਨੇ ਉਸਨੇ ਜਿਨ੍ਹਾਂ ਦਾ ਦੁੱਧ ਹੀ ਨਹੀਂ ਮੁੱਕਦਾ? 12 ਮਹੀਨੇ 30 ਦਿਨ ਦੁੱਧ, ਨਾ ਗਰਮੀ ਨਾ ਸਰਦੀ, ਮੀਂਹ, ਝੱਖੜ, ਤੂਫਾਨ ਨੇ ਕਦੇ ਇਸ ਦੋਧੀ ਦਾ ਰਸਤਾ ਹੀ ਨਹੀਂ ਰੋਕਿਆ! ਦਰਅਸਲ ਗੱਲ ਸਿਰਫ ਦੁੱਧ ਦੀ ਨਹੀਂ ਬਲਕਿ ਇਹ ਤਾਂ ਇਕ ਸੰਕੇਤ ਮਾਤਰ ਏ, ਮਿਲਾਵਟੀ ਅਤੇ ਨਕਲੀ ਖਾਣ ਦੀਆਂ ਵਸਤਾਂ ਦਾ ਮਸਲਾ ਤਾਂ ਇਸ ਤੋਂ ਵੀ ਗੰਭੀਰ ਏ।