ਦਾੜੀ ਕਟਾਉਂਦਿਆਂ ਹਜਾਮ ਨੇ ਜਦੋਂ ਮੈਨੂੰ ਕਿਹਾ ਕਿ ਦਾੜੀ 'ਚ ਕਾਫੀ ਧੌਲੇ ਆ ਗਏ ਹਨ ਤਾਂ ਮੈਂ ਹਾਸੇ ਨਾਲ ਕਿਹਾ 'ਇਸ ਦਾ ਮਤਲਬ ਹੁਣ ਮੈਨੂੰ ਵੀ ਸਿਆਣਾ ਹੋਣ ਦਾ ਖਿਤਾਬ ਮਿਲ ਜਾਵੇਗਾ।' ਅੱਗੋਂ ਉਸਨੇ ਹੋਰ ਵੀ ਸਿਆਣੀ ਗੱਲ ਕਹੀ, ਧੌਲੇ ਤਾਂ ਭਾਅ ਜੀ ਹੁਣ ਵੀਹਵੇਂ ਸਾਲ 'ਚ ਹੀ ਆ ਜਾਂਦੇ ਨੇ, ਨਾ ਖਾਣ-ਪੀਣ ਚੱਜ ਦਾ ਏ ਤੇ ਨਾ ਹੀ ਪੌਣ-ਪਾਣੀ ਪਹਿਲਾਂ ਜਿਹਾ ਏ।'
ਦੋ ਗੱਲਾਂ ‘ਧੌਲੇ ਤੇ ਸਿਆਣਪ’ ਦੇ ਸੰਦਰਭ 'ਚ ਯਾਦ ਆ ਰਹੀਆਂ ਹਨ। ਪਹਿਲੀ। ਕੁਝ ਸਾਲ ਪਹਿਲਾਂ ਮੇਰੇ ਦੋਸਤ ਦੇ ਬੇਟੇ ਦੇ ਲੋਹੜੀ ਸਮਾਰੋਹ 'ਚ ਇਕ ਚਿੱਟੀ ਦਾੜੀ ਵਾਲੇ ਨੇ ਉਹ ਝੱਲ ਖਿਲਾਰਿਆ ਸੀ ਕਿ ਉਹ ਸਭ ਦੇ ਮਜ਼ਾਕ ਦਾ ਪਾਤਰ ਬਣ ਗਿਆ ਸੀ। ਜਦੋਂ ਉਹ ਨੱਚ ਰਿਹਾ ਸੀ ਤਾਂ ਲੋਕ ਉਸ 'ਤੇ ਹੱਸ ਰਹੇ ਸਨ। ਕਿੰਨਾ ਮੂਰਖ ਸੀ ਉਹ ਬੰਦਾ!
ਦੂਸਰੀ ਗੱਲ। ਮੈਂ ਅਜਿਹੇ ਕਈ ਵਿਅਕਤੀਆਂ ਨੂੰ ਜਾਣਦਾ ਹਾਂ ਜੋ ਉਮਰਦਰਾਜ ਵੀ ਹਨ ਅਤੇ ਸਨਮਾਨਯੋਗ ਸਰਕਾਰੀ ਅਹੁਦਿਆਂ 'ਤੇ ਨੌਕਰੀ ਕਰਦੇ ਹਨ ਜਾਂ ਸੇਵਾਮੁਕਤ ਹੋ ਚੁੱਕੇ ਹਨ ਪਰ ਉਨ ਦੀ ਅਕਲ ਅਤੇ ਗੱਲਬਾਤ ਦੇ ਸਲੀਕੇ ਤੋਂ ਉਨ੍ਹਾਂ ਦੀ ਸਿਆਣਪ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਹ ਵੀ ਨਹੀਂ ਕਿ ਉਹ ਪੜ੍ਹੇ ਲਿਖੇ ਘੱਟ ਹਨ। ਇਹੀ ਗੱਲ ਗਾਇਕੀ, ਕਲਾ, ਲੇਖਣੀ, ਖੇਡਾਂ ਤੇ ਸਿਆਸੀ ਖੇਤਰ ਦੇ ਲੋਕਾਂ 'ਤੇ ਵੀ ਲਾਗੂ ਹੁੰਦੀ ਹੈ। ਮੇਰਾ ਇਕ ਮਿੱਤਰ ਸਾਡੇ ਸਭ ਦੋਸਤਾਂ ਨਾਲੋਂ ਘੱਟ ਪੜਿਆਂ-ਲਿਖਿਆਂ ਹੈ ਪਰ ਸਿਰਫ ਉਹ ਹੀ ਹੈ ਜੋ ਅੰਗਰੇਜ਼ੀ ਅਖਬਾਰ ਪੜ ਲੈਂਦਾ ਹੈ ਅਤੇ ਸਿਆਣਾ ਵੀ ਅੰਤਾਂ ਦਾ ਹੈ। ਉਸਦੀ ਬੋਲਬਾਣੀ ਅਤੇ ਸਮਾਜ 'ਚ ਵਿਚਰਣ ਦਾ ਉਸਦਾ ਢੰਗ-ਤਰੀਕਾ ਸਭ ਨੂੰ ਪ੍ਰਭਾਵਿਤ ਕਰਦਾ ਹੈ। ਮੈਨੂੰ ਤਾਂ ਜਾਪਦੈ ਸਿਆਣਪ ਦਾ ਪੜ੍ਹਾਈ ਨਾਲ ਵੀ ਕੋਈ ਬਹੁਤਾ ਵਾਸਤਾ ਨਹੀਂ ਹੈ!
ਖੈਰ, ਮੈਂ ਜਦੋਂ ਪੱਤਰਕਾਰੀ ਦੇ ਖੇਤਰ 'ਚ ਆਇਆ ਸੀ ਤਾਂ ਮੈਨੂੰ ਲੱਗਦਾ ਸੀ ਕਿ ਅਖਬਾਰਾਂ 'ਚ ਲੇਖ/ਫੀਚਰ/ਮਿਡਲ ਸਿਰਫ ਸਿਆਣਪਭਰਪੂਰ ਤੇ ਵਡੇਰੀ ਉਮਰ ਵਾਲਿਆਂ ਦੇ ਹੀ ਛਪਦੇ ਹਨ। ਇਸ ਲਈ ਮੈਂ ਆਪਣਾ ਇਕ ਪੈਨ-ਨੇਮ ਰੱਖ ਲਿਆ ਤੇ ਅਖਬਾਰਾਂ ਨੂੰ ਲੇਖ ਭੇਜਣੇ ਸ਼ੁਰੂ ਕਰ ਦਿੱਤੇ, ਜੋ ਛਪਦੇ ਵੀ ਰਹੇ। ਪਤਾ ਨਹੀਂ ਤਾਂ ਲਿਖੇ ਹੀ ਵਧੀਆਂ ਹੁੰਦੇ ਸੀ ਜਾਂ ਇਹ ਮੇਰੇ ਉਸ ਨਾਂ ਦਾ ਕਮਾਲ ਸੀ (ਜਿਸ ਨਾਲ ਸਿਆਣਾ ਹੋਣ ਦਾ ਭੁਲੇਖਾ ਪੈਂਦਾ ਸੀ) ਪਰ ਇਕ ਵਾਰ ਜਦੋਂ ਮੇਰੇ ਲਿਖੇ ਇਕ ਲੇਖ ਬਾਰੇ ਅਖਬਾਰ ਦੀ ਉਸ ਪੱਤਰਕਾਰ ਨੂੰ ਪਤਾ ਲੱਗਾ (ਜਿਸਨੇ ਇਹ ਛਾਪਿਆ ਸੀ) ਕਿ ਫਲਾਣਾ ਲੇਖ ਮੈਂ ਲਿਖਿਆ ਸੀ ਤਾਂ ਉਹ ਬਹੁਤ ਹੱਸੀ ਕਿ ਮੈਂ ਤਾਂ ਇਹੀ ਸੋਚਦੀ ਰਹੀ ਕਿ ਲਿਖਣ ਵਾਲਾ ਸ਼ਾਇਦ ਕੋਈ ਬੁੱਢਾ ਤੇ ਰਿਟਾਇਰ ਹੋਇਆ ਵਿਹਲੜ ਜਿਹਾ ਬੰਦਾ ਹੋਵੇਗਾ।
ਮੇਰੇ ਨਾਲ ਹੀ ਵਾਪਰੀਆਂ ਇਕ-ਦੋ ਹੋਰ ਗੱਲਾਂ ਯਾਦ ਹਨ ਮੈਨੂੰ। ਪਹਿਲੀ ਵਾਰ ਜਦੋਂ ਮੈਂ ਇਕ ਨਿੱਜੀ ਟੀ.ਵੀ. ਚੈੱਨਲ 'ਚ ਨੌਕਰੀ ਕਰਦਿਆਂ ਐਂਕਰਿੰਗ ਲਈ ਆਡੀਸ਼ਨ ਦਿੱਤਾ ਸੀ ਤਾਂ ਮੈਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਸੀ ਕਿਉਂ ਕਿ ਇਕ ਤਾਂ ਮੇਰੀ ਭਾਸ਼ਾ ਪੰਜਾਬੀ ਸ਼ਬਦਾਂ ਨਾਲ ਭਰਪੂਰ ਸੀ ਅਤੇ ਦੂਸਰਾ ਲਹਿਜ਼ਾ ਜ਼ਿਆਦਾ ਦੇਸੀ ਸੀ। ਤੀਜੀ ਪ੍ਰਮੁੱਖ ਵਜ੍ਹਾਂ ਦੱਸੀ ਗਈ ਸੀ ਕਿ ਮੇਰੀ ਉਮਰ ਹਾਲੇ ਘੱਟ ਸੀ ਤੇ ਮੈਂ ਦੇਖਣ ਨੂੰ 'ਨਿਆਣਾ ਜਿਹਾ' ਲੱਗਦਾ ਸੀ। ਹਾਲਾਂਕਿ ਪਹਿਲੀਆਂ ਦੋ 'ਖੂਬੀਆਂ' ਕਰਕੇ ਦੋ ਕੁ ਸਾਲ ਬਾਅਦ ਹੀ ਉਸੇ ਚੈੱਨਲ 'ਤੇ ਮੇਰੇ ਵੱਲੋਂ ਐਂਕਰ ਕੀਤੇ ਜਾਂਦੇ ਇਕ ਸ਼ੋਅ ਨੂੰ ਭਰਪੂਰ ਹੁੰਗਾਰਾ ਮਿਲਿਆ ਸੀ। ਉਂਝ ਇਨ੍ਹਾਂ ਦੋ ਸਾਲਾਂ 'ਚ ਮੇਰੀ ਦਿੱਖ 'ਚ ਕੋਈ ਬਹੁਤਾ ਫਰਕ ਵੀ ਨਹੀਂ ਆਇਆ ਸੀ।
ਇਸੇ ਤਰ੍ਹਾਂ ਇਕ ਹੋਰ ਪ੍ਰੋਗਰਾਮ ਦੀ ਐਂਕਰਿੰਗ ਲਈ ਮੈਨੂੰ ਸਾਫ ਸ਼ਬਦਾਂ 'ਚ ਇਸ ਲਈ ਨਾਂਹ ਕਰ ਦਿੱਤੀ ਗਈ ਸੀ ਕਿ ਮੈਂ ਮੁੰਡਾ-ਖੁੰਡਾ ਜਿਹਾ ਦਿਸਦਾ ਹਾਂ ਅਤੇ ਉਸ ਪ੍ਰੋਗਰਾਮ ਲਈ ਕੋਈ ਧੌਲਿਆਂ ਵਾਲੀ ਦਾੜੀ ਵਾਲਾ ਸਿਆਣਾ ਤੇ ਉਮਰ 'ਚ ਵੱਡਾ ਜਿਹਾ ਦਿਸਣ ਵਾਲਾ ਐਂਕਰ ਚਾਹੀਦਾ ਸੀ। ਉਂਝ ਸ਼ਾਇਦ ਚੈਨਲ ਵਾਲਿਆਂ ਨੂੰ ਮੇਰੀ ਸਮਝ ਤੇ ਸਿਆਣਪ 'ਤੇ ਕੋਈ ਕਿੰਤੂ-ਪਰੰਤੂ ਨਹੀਂ ਸੀ, ਬਸ ਉਹ ਚਾਹੁੰਦੇ ਸਨ ਕਿ ਮੇਰੇ ਕੁਝ ਧੌਲੇ ਹੁੰਦੇ ਤਾਂ ਮੈਂ ਦਰਸ਼ਕਾਂ ਨੂੰ ਜ਼ਿਆਦਾ ਸਿਆਣਾ ਲੱਗਣਾ ਸੀ! ਹੁਣ ਮੈਂ ਸੁਣਿਆਂ ਉਸ ਪ੍ਰੋਗਰਾਮ ਨੂੰ ਚੈੱਨਲ ਵਾਲੇ ਬੰਦ ਕਰ ਰਹੇ ਹਨ ਕਿਉਂ ਕਿ ਉਸ ਸਿਆਣੇ ਐਂਕਰ ਦੀਆਂ ਗੱਲਾਂ ਕੁਝ ਜ਼ਿਆਦਾ ਹੀ 'ਸਿਆਣਪ-ਭਰਪੂਰ' ਹੁੰਦੀਆਂ ਹਨ ਤੇ ਚੈੱਨਲ ਨੂੰ ਇਸ ਨਾਲ ਕੋਈ ਫਾਇਦਾ ਨਹੀਂ ਮਿਲ ਰਿਹਾ।
ਮੈਨੂੰ ਲੱਗਦੈ ਕਿਸੇ ਦੀ ਸਿਆਣਪ ਪਿੱਛੇ ਉਸਦੇ ਹਾਲਾਤਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਰਹਿਣੀ-ਬਹਿਣੀ ਅਤੇ ਸਮਾਜਕ ਦਾਇਰਾ ਵੀ ਕਿਸੇ ਦੇ ਸਿਆਣਾ ਹੋਣ 'ਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। 12-13 ਸਾਲ ਪਹਿਲਾਂ ਮੈਂ ਅਹਿਮਦਾਬਾਦ ਵਿਖੇ ਕਿਸੇ ਨਿੱਜੀ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ। ਉੱਥੇ ਐਫ.ਐਮ. ਰੇਡੀਓ 'ਤੇ ਇਕ ਸੱਤਵੀਂ-ਅੱਠਵੀਂ ਜਮਾਤ ਦੀ ਕੁੜੀ ਨੂੰ ਬੋਲਦਿਆਂ ਸੁਣਿਆਂ ਸੀ । ਉਸ ਕੁੜੀ ਨੇ ਛੋਟੀ ਜਿਹੀ ਉਮਰ 'ਚ ਹੀ ਆਪਣੀ ਜ਼ਿੰਦਗੀ ਦਾ ਟੀਚਾ ਤਹਿ ਕਰ ਲਿਆ ਸੀ ਤੇ ਉਸ ਨੂੰ ਪਤਾ ਸੀ ਕਿ ਟੀਚਾ ਪ੍ਰਾਪਤ ਕਰਨ ਲਈ ਉਸ ਨੂੰ ਕੀ-ਕੀ ਕਰਨਾ ਪੈਣਾ ਹੈ। ਕਿੰਨੀ ਸਿਆਣੀ ਜਾਪ ਰਹੀ ਸੀ ਉਹ ਬੱਚੀ! 13 ਕੁ ਸਾਲ ਦੀ ਉਮਰ 'ਚ ਅਜਿਹੀ ਸੋਚ ਸਾਡੇ 'ਚੋਂ ਕਿੰਨਿਆਂ ਕੁ ਦੀ ਰਹੀ ਹੋਵੇਗੀ?
ਪਤਾ ਨਹੀਂ ਉਮਰ ਦਾ ਸਿਆਣਪ ਨਾਲ ਕੋਈ ਵਾਹ-ਵਾਸਤਾ ਹੈ ਜਾਂ ਨਹੀਂ ਪਰ ਇਕ ਗੱਲ ਤਾਂ ਪੱਕੀ ਹੈ ਕਿ ਜੇਕਰ ਉਮਰ (ਤੇ ਧੌਲੇ) ਹੀ ਸਿਆਣਪ ਮਾਪਣ ਦਾ ਪੈਮਾਨਾ ਹੁੰਦੀ ਤਾਂ ਤੇਈਆਂ ਸਾਲਾਂ ਦੇ ਭਗਤ ਸਿੰਘ ਨੂੰ ਕਿਹਨੇ ਸਲਾਮਾਂ ਕਰਨੀਆਂ ਸਨ। 37 ਸਾਲਾਂ ਦੀ ਉਮਰ 'ਚ ਤੁਰ ਜਾਣ ਵਾਲੇ ਸ਼ਿਵ ਕੁਮਾਰ ਬਟਾਲਵੀ ਤੇ 39 ਸਾਲਾਂ ਦੀ ਜ਼ਿੰਦਗੀ ਜਿਊਣ ਵਾਲੇ ਸਵਾਮੀ ਵਿਵੇਕਾਨੰਦ ਨੂੰ ਕਿਹਨੇ ਯਾਦ ਕਰਨਾ ਸੀ। ਉਦਾਹਰਣਾਂ ਹੋਰ ਵੀ ਹਨ। ਪਤਾ ਨਹੀਂ ਕਿਉਂ ਲੋਕ ਧੌਲੇ ਦੇਖਕੇ ਕਿਸੇ ਨੂੰ ਸਿਆਣਾ ਸਮਝਣ ਲੱਗ ਜਾਂਦੇ ਹਨ?
