Tuesday, January 19, 2016

ਟੁੱਟ ਭੱਜ


ਇਹ ਉਹ ਕੁਝ ਹੈ ਜੋ ਕਿੰਨੇ ਚਿਰ ਤੋਂ 'ਅਧੂਰਾ ਜਿਹਾ' ਪਿਆ ਹੈ। ਕਦੀ-ਕਦੀ ਮੈਨੂੰ ਇੰਝ ਜਾਪਦੈ ਜਿਵੇਂ ਇਹ ਘਰ ਵਿਚ ਪਏ ਉਸ 'ਕਬਾੜ' ਵਾਂਗ ਹੈ ਜਿਸ ਨੂੰ ਸੁੱਟਣ ਨੂੰ ਦਿਲ ਨਹੀਂ ਕਰਦਾ ਕਿ ਕੀ ਪਤਾ ਕਦੋਂ ਕੰਮ ਆ ਜਾਵੇ। ਅੱਜ ਇਸ 'ਟੁੱਟ ਭੱਜ' ਨੂੰ ਇਕੱਠਾ ਕਰਕੇ ਬਲੌਗ 'ਤੇ ਪਾ ਰਿਹਾ ਹਾਂ। ਕੀ ਪਤਾ ਕਿਸੇ ਦੇ ਕੰਮ ਹੀ ਆ ਜਾਵੇ!-----


ਜਦ ਤੂੰ ਮੇਰਾ ਸੀ ਹੀ ਨਹੀਂ ਤਾਂ ਫੇਰ ਤੇਰਾ ਤਿਆਗ ਕਾਹਦਾ, 
ਸਮਝ ਨਾ ਆਵੇ ਦਿਲ ਤੇ ਦਿਮਾਗ 'ਚ ਚੱਲਦਾ ਵਿਵਾਦ ਕਾਹਦਾ?  
----------
ਇਹ ਕਿਰਦਾਰ ਜੋ ਸੋਹਣੇ ਸੋਹਣੇ ਦਿਖਦੇ ਨੇ, 
ਚੰਗਾ ਮੁੱਲ ਪੈਣ 'ਤੇ ਸਭ ਤੋਂ ਪਹਿਲਾਂ ਵਿਕਦੇ ਨੇ
----------
ਵਾਹਿਗੁਰੂ ਦਾ ਜੇ ਕਮਾਲ ਨਾ ਹੁੰਦਾ, 
ਸੱਜਣਾ ਮੈਂ ਤੇਰੇ ਨਾਲ ਨਾ ਹੁੰਦਾ, 
ਏਡਾ ਜਲਵਾ ਕਿੱਥੇ ਹੋਣਾ ਸੀ,
ਜੇ ਨਰਿੰਦਰ ਸਿੰਘ ਵਿਚ 'ਪਾਲ' ਨਾ ਹੁੰਦਾ!  
----------
ਤੈਨੂੰ ਪਾਉਣ ਦਾ ਕੋਈ ਚਾਅ ਨਹੀਂ, ਤੈਨੂੰ ਖੋਣ ਦਾ ਕੋਈ ਮਲਾਲ ਨਹੀਂ, 
ਸੀ ਸਿਫਰ ਤੋਂ ਸ਼ੁਰੂ ਸਿਫਰ 'ਤੇ ਖਤਮ, ਜ਼ਿਹਨ 'ਚ ਕੋਈ ਸਵਾਲ ਨਹੀਂ। 
----------
ਪਤਾ ਨਹੀਂ ਇਹ ਕਿੰਨੇ ਕੁ ਚਿਰ ਦੀਆਂ ਦੱਬੀਆਂ ਨੇ, 
ਦਿਲ ਨੂੰ ਫਰੋਲਿਆ ਤੇਰੀਆਂ ਕੁਝ ਯਾਦਾਂ ਲੱਭੀਆਂ ਨੇ। 
----------
ਪਰਤ ਆਉਣਗੇ ਨਾਦਾਨ ਪਰਿੰਦੇ, ਜ਼ਰਾ ਸਬਰ ਰੱਖ, 
ਐਵੇਂ ਨਾ ਪਰੇਸ਼ਾਨ ਹੋ ਜਿੰਦੇ, ਜ਼ਰਾ ਸਬਰ ਰੱਖ। 
ਤੇਰੀ ਕਦਰ ਦਾ ਅਹਿਸਾਸ ਹੋ ਜਾਊ ਆਪੇ, 
ਉਹਨੂੰ ਟੱਕਰੇ ਜਦ ਸ਼ੈਤਾਨ ਬਾਸ਼ਿੰਦੇ, ਜ਼ਰਾ ਸਬਰ ਰੱਖ।  
----------
ਤੂੰ ਮੇਰਾ ਨਫਾ ਏ, ਤੂੰ ਮੇਰਾ ਨੁਕਸਾਨ ਏ, 
ਤੇਰੇ 'ਚ ਵਸਦੀ ਮੇਰੀ ਨਿੱਕੀ ਜਿਹੀ ਜਾਨ ਏ। 
----------
ਮੈਂ ਭਾਵੇਂ ਬੇਸਮਝ ਹਾਂ ਪਰ ਕਰ-ਕੂਰ ਕੇ ਦਿਲ ਨੂੰ ਸਮਝਾ ਲਵਾਂਗਾ, 
ਤੂੰ ਆਪਣੀ ਦੁਨੀਆਂ ਸਵਾਰ ਰੱਖ ਮੈਂ ਉਲਝਣਾਂ ਸੁਲਝਾ ਲਵਾਂਗਾ। 
----------
ਆਓ ਜੀ ਸੁਣ ਲਓ ਬਹਿ ਕੇ ਗੱਪਾਂ, 
ਲੋਕੀਂ ਸ਼ਰਮ ਨਾ ਕਰਦੇ ਕਹਿ ਕੇ ਗੱਪਾਂ। 
ਔਰਤਾਂ ਘੱਟ ਨਾ ਮਰਦ ਪਿੱਛੇ ਹਨ, 
ਆਪੋ-ਆਪਣੀਆਂ ਆਉਂਦੇ ਲੈ ਕੇ ਗੱਪਾਂ।
ਕਈ ਵਾਰ ਨਾ ਬੋਲਣ ਨੂੰ ਦਿਲ ਕਰਦਾ, 
ਮੈਂ ਅੱਕ ਚੁੱਕਿਆ ਸਹਿ ਸਹਿ ਕੇ ਗੱਪਾਂ।
¬----------
ਜੀ ਕੱਟ ਲਓ ਭਾਵੇਂ ਪੋਰੀਆ ਬਸ ਇਕ ਆਦਤ ਛੁਡਵਾ ਦਿਓ, 
ਉਹ ਨੂੰ ਜ਼ਿਹਨ 'ਚੋਂ ਕਢਵਾ ਦਿਓ ਤੇ ਦਿਲ ਵਿਚੋਂ ਭੁਲਵਾ ਦਿਓ। 
----------
ਗੁੱਡ ਨਾਈਟ ਕਹਿ ਕੇ ਤੁਸਾਂ ਬੰਦ ਕਰ ਦਿੱਤੀ ਗੱਲਬਾਤ, 
ਸਾਨੂੰ ਨੀਂਦ ਕਿੱਥੇ, ਅਸਾਂ ਜਾਗਦਿਆਂ ਕੱਟੀ ਸਾਰੀ ਰਾਤ। 
ਇਕ, ਦੋ, ਤਿੰਨ ਤੇ ਚਾਰ ਵੱਜ ਗਏ, ਹੋ ਗਈ ਏ ਪ੍ਰਭਾਤ,
ਸਾਨੂੰ ਨੀਂਦ ਕਿੱਥੇ, ਅਸਾਂ ਜਾਗਦਿਆਂ ਕੱਟੀ ਸਾਰੀ ਰਾਤ। 
----------
ਤੇਰੀ ਹੋਂਦ ਕੋਈ ਹਵਾ ਤਾਂ ਨਹੀਂ ! 
ਦੱਸ, ਕਿ ਤੂੰ ਹੈ ਵੀ ਹੈ ਜਾਂ ਨਹੀਂ? 
----------
ਤੂੰ ਗੁੱਸਾ ਕੀਤਾ ਓਸ ਗੱਲ ਦਾ ਜੋ ਮੈਂ ਕਹੀ ਨਹੀਂ, 
ਤੇਰੇ ਮੇਰੇ ਵਿਚਕਾਰ ਹੁਣ ਪਹਿਲਾਂ 'ਜੀ ਗੱਲ ਰਹੀ ਨਹੀਂ। 
----------
ਮੈਨੂੰ ਪਤਾ, ਏਦਾਂ ਹੀ ਹੋਣਾ, 
ਤੂੰ ਦਿਲ ਤੋੜਨਾ, ਮੈਂ ਰੋਣਾ। 
ਕੱਲ੍ਹ ਦੀ ਕੱਲ੍ਹ ਦੇਖਾਂਗੇ ਦਿਲਾਂ! 
ਕੱਲ੍ਹ ਲਈ ਅੱਜ ਨੂੰ ਕਿਉਂ ਖੋਣਾ? 
----------
ਮੈਂ ਸੱਟ ਖਾਧੀ, ਤੂੰ ਨਾ ਖਾਈ, 
ਛੱਡ ਪਰ੍ਹਾਂ, ਕਿਤੇ ਦਿਲ ਨਾ ਲਾਈ। 
----------
ਉਹ ਅਕਸਰ ਹੀ ਭੁਲੇਖਾ ਖਾ ਜਾਂਦੇ ਨੇ, 
ਚਿਹਰੇ ਦੇਖ ਕੇ ਜੋ ਅੰਦਾਜ਼ੇ ਲਾ ਜਾਂਦੇ ਨੇ 
ਨਿਕਲ ਗਏ ਜੋ ਜ਼ਿੰਦਗੀ ਵਿਚ ਆ ਕੇ, 
ਸੁਪਨੇ ਵਿਚ ਕਦੇ-ਕਦੇ ਆ ਜਾਂਦੇ ਨੇ। 
¬----------
ਤੇਰੇ ਜਿਹਾ ਸਲੀਕਾ ਨਹੀਂ ਹੋਰ ਕਿਸੇ ਨੂੰ ਯਾਰਾਂ, 
ਸ਼ਰਮ-ਸੰਗ ਤੇ ਸਾਊ, ਸੁਭਾਅ ਵੀ ਬੜਾ ਪਿਆਰਾ, 
ਸ਼ਕਲੋਂ ਸੋਹਣੀ ਅਕਲੋਂ ਸੋਝੀ, ਇਕੋ ਪੰਗਾ ਭਾਰਾ, 
ਬਾਕੀ ਗੱਲਾਂ ਠੀਕ ਸਾਰੀਆਂ ਬਸ ਗੁੱਸਾ ਤੇਰਾ ਮਾੜਾ।
----------
ਦਿਲ ਦੇ ਬੂਹੇ ਦਸਤਕ ਦੇ ਕੇ, ਸੋਚਾਂ ਦੇ ਵਿਚ ਬਹਿ ਗਏ ਨੇ
ਐਸਾ ਪਾਇਆ ਮੋਹ ਉਨ੍ਹਾਂ ਨੇ, ਮੇਰੀ ਆਦਤ ਬਣ ਕੇ ਰਹਿ ਗਏ ਨੇ।
----------
ਜਿੱਥੇ ਚੁੱਪ ਜ਼ਰੂਰੀ ਹੁੰਦੀ ਏ, ਉੱਥੇ ਤੂੰ ਬੋਲਦਾ, 
ਜਦੋਂ ਬੋਲਣ ਦੀ ਵਾਰੀ ਹੁੰਦੀ ਏ, ਨਾ ਭੇਦ ਦਿਲਾਂ ਦੇ ਖੋਲ੍ਹਦਾ। 
----------
ਔਖੀਆਂ-ਸੌਖੀਆਂ ਰਾਹਵਾਂ ਨੇ, 
ਉੱਚੀਆਂ ਨੀਵੀਆਂ ਥਾਂਵਾਂ ਨੇ, 
ਮੈਨੂੰ ਕੋਈ ਫਰਕ ਨਹੀਂ ਪੈਂਦਾ, 
ਨਾਲ ਅੰਮੀਂ ਦੀਆਂ ਦੁਆਵਾਂ ਨੇ। 
----------
ਜਾਗਦਿਆਂ ਲੰਘ ਜਾਣ ਦੇ ਰਾਤ,ਅਸਾਂ ਜਾਗਣਾ ਹੀ ਹਾਂ ਚਾਹੁੰਦੇ 
ਸੌਂ ਕੇ ਕੀ ਕਰਨਾ? 
ਹੁਣ ਤਾਂ ਸੁਪਨੇ ਵੀ ਨਹੀਂ ਆਉਂਦੇ! 
----------
ਗੱਲਾਂ ਬਹੁਤੀਆਂ ਨੀ ਕਰਨੀਆਂ ਆਉਂਦੀਆਂ
ਤਾਂ ਹੀ ਤਾਂ ਸਾਡੀ ਗੱਲ ਹੋਰ ਏ, 
ਐਰੇ-ਗੈਰੇ ਦੀਆਂ ਚੌਂਕੀਆਂ ਨੀ ਭਰਨੀਆਂ ਆਉਂਦੀਆਂ, 
ਤਾਂ ਹੀ ਤਾਂ ਸਾਡੀ ਗੱਲ ਹੋਰ ਏ। 
----------
ਜਿਊਣ ਦਾ ਸਲੀਕਾ ਵੀ ਤਾਂ ਆਉਣਾ ਚਾਹੀਦਾ, 
ਲੱਖ ਭਾਵੇਂ ਬੰਦੇ ਨੂੰ ਤਰੀਕੇ ਆਉੇਂਦੇ ਹੋਣ, 
ਚੜ੍ਹਦੀ ਕਲਾ 'ਚ ਰਹਿਣ ਦਾ ਤਰੀਕਾ ਵੀ ਤਾਂ ਆਉਣਾ ਚਾਹੀਦਾ। 
¬----------
ਕਿਹ ਦੇ ਅੱਗੇ ਦਿਲ ਨੂੰ ਫਰੋਲਦਾ ਏ ਹੁਣ
ਹਾਂ ਜੀ ਹਾਂ ਜੀ ਕਿਹਨੂੰ ਦੱਸ ਬੋਲਦਾ ਏ ਹੁਣ
ਕੌਣ ਤੇਰਾ ਅੱਜ ਕੱਲ੍ਹ ਹਾਲ ਪੁੱਛਦਾ, 
ਕਿਹ ਦੇ ਨਾਲ ਕਰਦੈ ਤੂੰ ਚੋਹਲ-ਮੋਹਲ ਹੁਣ
ਕਿਹਤੋਂ ਇਸ਼ਕ-ਪਿਆਰ ਦੇ ਸਵਾਲ ਪੁੱਛਦਾ। 
----------


No comments: