Thursday, March 8, 2018

ਕੋਈ ਗੱਲ ਤਾਂ ਹੈ!

1. ਦਿਲ ਦਾ ਉਦਾਸੀਨ ਹੋਣਾ, 
ਸਿਫਰ ਵਰਗੇ ਹਾਲਾਤ ਬਣਨੇ, 
ਕਦੇ ਆਲਸ ਦਾ ਛਾ ਜਾਣਾ, 
ਕਦੇ ਮੁਸਕਰਾਉਣਾ ਇਕੱਲਿਆ, 
ਅੱਖਾਂ ਦੇ ਕੋਇਆ ਦਾ -
ਬਿਨਾਂ ਗੱਲ ਸਿੱਲ੍ਹਾ ਹੋਣਾ, 
ਤੇਰਾ ਮੇਰੇ ਸੁਪਨਿਆ 'ਚ ਆ ਜਾਣਾ, 
ਕੋਈ ਗੱਲ ਤਾਂ ਹੈ!
2. ਇਤਫਾਕ ਨਹੀਂ ਹੁੰਦਾ, 
ਦੋ ਅਜਨਬੀਆਂ ਦਾ ਮੇਲ, 
ਕਿ ਅਚਾਨਕ ਮਿਲਣਾ, ਤੇ
ਰੂਹਾਂ ਦਾ ਹਾਣੀ ਬਣ ਜਾਣਾ। 
ਸੁਭਾਅ ਦਾ ਮਿਲਣਾ, 
ਆਦਤਾਂ ਦਾ ਸੁਮੇਲ, 
ਇੱਕੋ ਜਿਹੇ ਸ਼ੌਕ, 
ਤੇਰਾ ਮੇਰੇ ਦਿਲ ਦੀ ਰਾਣੀ ਬਣ ਜਾਣਾ, 
ਕੋਈ ਗੱਲ ਤਾਂ ਹੈ! 
3. ਅਸੀਸਾਂ ਵਰਗੀਆਂ ਮੁਲਾਕਾਤਾਂ, 
ਕੋਈ ਕਿੰਝ ਭੁੱਲੇ ਭਲਾ!
ਕਦੇ ਰੁੱਸਣਾ ਕਦੇ ਖਫਾ ਹੋਣਾ, 
ਕਦੇ ਐਵੇਂ ਹੀ ਬਸ ਵਿਗੜ ਜਾਣਾ, 
ਯਾਦਾਂ ਦੇ ਅਨਮੋਲ ਖਜ਼ਾਨੇ, 
ਮੈਂ ਸਾਂਭ ਲਏ ਨੇ, 
ਬਸ ਇਹ ਨਾ ਸਮਝਿਆ, ਕਿ 
ਤੇਰਾ ਮੇਰੇ ਨਾਲੋਂ ਏਦਾਂ ਵਿਛੜ ਜਾਣਾ!  
ਕੋਈ ਗੱਲ ਤਾਂ ਹੈ! 

- ਨਰਿੰਦਰ ਪਾਲ ਸਿੰਘ ਜਗਦਿਓ

No comments: