Wednesday, July 6, 2016

ਤੇਰੀ ਦੀਦ, ਮੇਰੀ ਈਦ


ਮੈਂ ਤਾਂ ਦਿਲ ਦੇ ਸਾਰੇ ਭੇਤ ਨੇ ਖੋਲ੍ਹੇ, 
ਤੇ ਤੂੰ ਕਿਉਂ ਸੱਜਣਾ ਰੱਖਦੈ ਓਹਲੇ?

ਆਪਾਂ ਸਾਧਾਂ ਵਾਂਗੂੰ ਸਭ ਕਹਿ ਦਿੰਦੇ, 
ਤੂੰ ਵਪਾਰੀਆਂ ਵਾਂਗਰ ਸੋਚ ਕੇ ਬੋਲੇ।

ਕਈ ਵਾਰੀ ਮਨ 'ਤੇ ਬੋਝ ਪਾ ਦਿੰਦੇ, 
ਜਿਹੜੇ ਸ਼ਬਦ ਤੂੰ ਕਹਿੰਨਾ ਪੋਲੇ-ਪੋਲੇ।

ਕੀ ਮੋਹ ਮਿਲ ਜਾਊ ਉਸ ਬੰਦੇ ਨੂੰ? 
ਜੋ ਪਿਆਰ ਨੂੰ ਮਾਪੇ ਜਾਂ ਫਿਰ ਤੋਲੇ।


ਗੱਲ ਸਿੱਧੀ ਨਿਬੜੀ ਚੰਗੀ ਹੁੰਦੀ ਐ, 
ਕੰਮ ਖਰਾਬ ਸਦਾ ਕਰਨ ਵਿਚੋਲੇ।

ਇਸ਼ਕ ਦੀ ਕਿਆ ਸ਼ਬਦਾਵਲੀ ਹੁੰਦੀ!
ਮੇਰਾ ਸੋਨਾ, ਬੁੱਗੀ, ਮੇਰੇ ਚੋਲ੍ਹੇ-ਮੋਹਲੇ। 

ਬਸ ਨਸ਼ਾ-ਖੁਮਾਰੀ 'ਚ ਅੰਤਰ ਏਨਾ, 
ਇਕ ਚੜ੍ਹੇ ਤੁਰੰਤ ਇਕ ਹੌਲੇ-ਹੌਲੇ! 

ਉਹਦੀ ਦੀਦ ਹੋਵੇ ਮੇਰੀ ਈਦ ਹੋਜੇ, 
ਅੱਜ ਵੇਖ ਉਹ ਨੂੰ ਅਸਾਂ ਰੋਜ਼ੇ ਖੋਲ੍ਹੇ!  

ਹਰੇਕ ਦਾ ਕੋਈ ਰੂਹਦਾਰ ਹੁੰਦਾ ਏ, 
ਜਿਵੇਂ ਐਨ.ਪੀ ਹੈ ਮੇਰੀ ਰੂਹ ਦੇ ਕੋਲੇ। 

ਚੁਸਤ-ਚਲਾਕੀ ਤੇਰੇ ਸ਼ਹਿਰ ਬਹੁਤ ਏ, 
ਮੇਰੇ ਕਸਬੇ ਦੇ ਲੋਕੀਂ ਬੜੇ ਹੀ ਭੋਲੇ।

ਨੀਂਦ ਮੇਰੀ ਦਾ ਹਾਲ ਨਾ ਪੁੱਛ ਤੂੰ! 
ਰਾਤ ਅੱਧੀ ਉੱਠ ਤੇਰੇ ਗਾਵਾਂ ਸੋਹਲੇ। 


2 comments:

basic norms.blogspot.com said...

ਵਾਹ, ਕਿਆ ਬਾਤ ਹੈ। ਪਰ ਇੱਕ ਚੀਜ ਦਾ ਧਿਆਨ ਰਖਿਓ, ਜਿਆਦਾ ਉਨੀਦਰਾ ਸਿਹਤ ਲਈ ਠੀਕ ਨਹੀਂ।

Narinder Pal Singh Jagdeo said...

hahaha...theek hai bhaa ji, khayal raakhaga