Friday, June 17, 2016

ਸ਼ੁਕਰਾਨਾ ਅਤੇ ਅਰਦਾਸ

ਖੁਸ਼ੀਆਂ ਤੇ ਅਮਨ-ਅਮਾਨ ਰਹੇ, ਜ਼ਿੰਦਗੀ ਭਰ,
ਸਦਾ ਸਲਾਮਤ ਸਭਦੀ ਜਾਨ ਰਹੇ, ਜ਼ਿੰਦਗੀ ਭਰ।

ਸਿਹਤਮੰਦੀ ਤੋਂ ਵੱਡੀ ਦੌਲਤ ਕੋਈ ਵੀ ਨਹੀਂ ਹੁੰਦੀ,
ਚੰਗੀ ਸਿਹਤ ਦਾ ਵਰਦਾਨ ਰਹੇ, ਜ਼ਿੰਦਗੀ ਭਰ।

ਹੱਕ ਨਾਲ ਕਮਾਈ ਘੱਟ ਹੀ ਭਾਵੇਂ ਹੁੰਦੀ ਹੋਵੇ ਜੀ,
ਇਹ ਕਾਇਮ ਦੀਨ-ਈਮਾਨ ਰਹੇ, ਜ਼ਿੰਦਗੀ ਭਰ।

ਸਦਾ ਲਈ ਕਿਸੇ ਦੇ ਦਿਲ 'ਚ ਲਹਿ ਜਾਣਾ ਹੈ ਜੇ,
ਤਾਂ ਥੋੜ੍ਹੀ ਕਾਬੂ ਵਿਚ ਜ਼ੁਬਾਨ ਰਹੇ, ਜ਼ਿੰਦਗੀ ਭਰ।

ਤੂੰ ਜਾਣੇ ਦੱਬਣਾ ਜਜ਼ਬਾਤਾਂ ਨੂੰ ਇਹ ਮੈਥੋਂ ਨੀ ਹੁੰਦਾ,
ਤੇਰੇ ਕਰਕੇ ਜਿੰਦ ਪਰੇਸ਼ਾਨ ਰਹੇ, ਜ਼ਿੰਦਗੀ ਭਰ! 

ਲਾਲਿਆਂ ਵਾਲੀ ਹੱਟ ਨਹੀਂ ਇਹ ਇਸ਼ਕ ਹੈ ਯਾਰਾਂ,
ਭਾਵੇਂ ਹੁੰਦਾ ਨਫਾ-ਨੁਕਸਾਨ ਰਹੇ, ਜ਼ਿੰਦਗੀ ਭਰ।

ਇਕੋ ਵਾਰੀ ਮੰਗਿਆ ਸੀ ਮੈਂ ਤਾਂ ਕੁਝ ਰੱਬ ਕੋਲੋਂ,
ਉਹ ਦੇ ਚਿਹਰੇ 'ਤੇ ਮੁਸਕਾਨ ਰਹੇ, ਜ਼ਿੰਦਗੀ ਭਰ।

ਕੁਝ ਏਦਾਂ 
ਦਾ ਹੋਵੇ ਸਾਡਾ ਰੂਹਦਾਰੀ ਵਾਲਾ ਪਿਆਰ,  
ਮੈਂ ਤੇਰੀ ਤੂੰ ਮੇਰੀ ਪਹਿਚਾਣ ਰਹੇ, ਜ਼ਿੰਦਗੀ ਭਰ।

ਜੋ ਕੁਝ ਵੀ ਤੂੰ ਦਿੱਤਾ ਸ਼ੁਕਰਗੁਜ਼ਾਰ ਹਾਂ ਦਾਤਿਆਂ,
ਤੇਰੇ ਦਰ ਮੇਰਾ ਸਜਦਾ ਪ੍ਰਵਾਨ ਰਹੇ, ਜ਼ਿੰਦਗੀ ਭਰ। 

ਕੀ ਲੈ ਜਾਣਾ ਐਨ.ਪੀ. ਹੱਥ ਖਾਲੀ ਹੀ ਰਹਿਣੇ, 
ਹਾਸਿਆਂ ਦਾ ਆਦਾਨ-ਪ੍ਰਦਾਨ ਰਹੇ, ਜ਼ਿੰਦਗੀ ਭਰ।


No comments: