Tuesday, November 3, 2015

ਦੋ ਨਜ਼ਮਾਂ



1. 

ਨਿੱਘੇ-ਨਿੱਘੇ ਰਿਸ਼ਤਿਆਂ ਨੂੰ ਠਰਨ ਨਾ ਦਿਓ, 
ਮੋਹ, ਮੁਹੱਬਤ, ਪਿਆਰ ਨੂੰ ਮਰਨ ਨਾ ਦਿਓ। 

ਖੁਸ਼ੀ ਨਾਲ ਝੋਲੀ ਇਹਦੀ ਭਰਦੇ ਰਿਹਾ ਕਰੋ, 
ਅੰਮੀਂ ਨੂੰ ਕਦੀਂ ਵੀ ਅੱਖਾਂ ਭਰਨ ਨਾ ਦਿਓ। 

ਗੁੱਸੇ-ਗਿਲੇ ਬਹਿ ਕੇ ਕਰ ਦੂਰ ਲੈਣੇ ਚਾਹੀਦੇ, 
ਗਲਤਫਹਿਮੀ ਨੂੰ ਮਨ ਵਿਚ ਵੜਨ ਨਾ ਦਿਓ। 

ਜੇ ਚੜ੍ਹ ਜਾਵੇ ਨਾਮ ਖੁਮਾਰੀ ਗੱਲ ਚੰਗੀ ਹੈ, 
ਪੈਸਾ, ਸ਼ੋਹਰਤ ਸਿਰਾਂ ਨੂੰ ਚੜ੍ਹਨ ਨਾ ਦਿਓ। 

ਵਿਚਾਰਾਂ ਦੀ ਤਕਰਾਰ ਭਾਵੇਂ ਨਿੱਤ ਹੁੰਦੀ ਰਹੇ,
ਦਿਲ ਨੂੰ ਦਿਲ ਨਾਲ ਕਦੀਂ ਲੜਨ ਨਾ ਦਿਓ। 

ਰੂਹ ਨਾਲ ਰੂਹਦਾਰੀ ਸਿਰੇ ਹੈ ਨਿਭਾਈ ਦੀ, 
ਜਾਂ ਰੂਹ ਨੂੰ ਇਸ਼ਕ ਹੀ ਕਰਨ ਨਾ ਦਿਓ। 


                                                  -----------------

 2. 

ਕਿੰਝ ਆਪਣਿਆਂ ਨੂੰ ਭੁਲਾਈ ਦਾ, ਕੋਈ ਦੱਸ ਸਕਦੈ?
ਕਿਵੇਂ-ਕਿਵੇਂ ਦਿਲ ਸਮਝਾਈ ਦਾ, ਕੋਈ ਦੱਸ ਸਕਦੈ?

ਭਟਕ ਲਿਆ ਕਰ ਦਿਨੇ ਮੈਂ ਆਖਿਆ ਕਿੰਨੀ ਵਾਰੀ,  
ਕਿੰਝ ਰੂਹ ਨੂੰ ਰਾਤੀਂ ਸਵਾਈ ਦਾ, ਕੋਈ ਦੱਸ ਸਕਦੈ?

ਇਹ ਬੇਮਤਲਬ ਹੀ ਅੱਜ ਕੱਲ੍ਹ ਵਹਿੰਦਾ ਰਹਿੰਦਾ ਹੈ, 
ਕਿਵੇਂ ਪਾਣੀ ਅੱਖ ਦਾ ਲੁਕਾਈ ਦਾ, ਕੋਈ ਦੱਸ ਸਕਦੈ? 

ਛੋਟਾ ਜਿਹਾ ਨਾਂ ਜੇ ਕੋਈ ਚੇਤਿਆਂ 'ਚ ਉਕਰ ਜਾਵੇ, 
ਇਹ ਕਿੱਥੋਂ, ਕਿਵੇਂ ਮਿਟਾਈ ਦਾ, ਕੋਈ ਦੱਸ ਸਕਦੈ?

ਸਾਰੇ ਆਖਣ ਉਹ ਤੇਰੀ ਕਿਸਮਤ ਵਿਚ ਨਾ ਲਿਖਿਆ ਏ, 
ਇਹ ਕਿੱਥੋਂ ਲੇਖਾਂ ਨੂੰ ਲਿਖਾਈ ਦਾ, ਕੋਈ ਦੱਸ ਸਕਦੈ? 

ਉਂਝ ਇਕ ਵੱਖਰੀ 'ਜੀ ਦੁਨੀਆਂ ਮੇਰੇ ਅੰਦਰ ਵੱਸਦੀ ਹੈ, 
ਕਿੰਝ ਕਿਸੇ ਨੂੰ ਦਿਲ 'ਚ ਵਸਾਈ ਦਾ, ਕੋਈ ਦੱਸ ਸਕਦੈ?

ਉਹ ਨੂੰ ਬਹੁਤ ਹਸਾਇਆ ਆਪ ਉਦਾਸ ਭਾਵੇਂ ਹੁੰਦਾ ਸੀ, 
ਹੁਣ ਖੁਦ ਨੂੰ ਕਿੰਝ ਹਸਾਈ ਦਾ, ਕੋਈ ਦੱਸ ਸਕਦੈ?