Sunday, October 11, 2015

ਆਪਣਾ ਖਿਆਲ ਰੱਖੀਂ

ਮੈਂ ਬਿਲਕੁਲ ਠੀਕ ਹਾਂ ਤੂੰ ਆਪਣਾ ਖਿਆਲ ਰੱਖੀਂ,  
ਬਦਲਦੇ ਮੌਸਮ ਤੇ ਲੋਕਾਂ 'ਚ ਖੁਦ ਨੂੰ ਸੰਭਾਲ ਰੱਖੀਂ।

ਤੂੰ ਖੂਬ ਸੋਹਣੀ-ਸੁਨੱਖੀ, ਸੁਹੱਪਣ ਵੀ ਰੱਜ ਕੇ ਹੈ, 
ਪਰ ਸਮਝਦਾਰੀ, ਸਿਆਣਪ ਤੇ ਸੋਝੀ ਵੀ ਨਾਲ ਰੱਖੀਂ।

ਦਿਲ ਹੁੰਦਾ ਹੈ ਪਿਆਰ, ਮੋਹ ਤੇ ਅਪਣੱਤ ਕਰਨੇ ਨੂੰ,
ਤੂੰ ਮੁਹੱਬਤ ਰੱਖ ਦਿਲ 'ਚ ਨਾ ਬਹੁਤੇ ਸਵਾਲ ਰੱਖੀਂ। 

ਜ਼ਮੀਰ ਨੂੰ ਜਿੰਦਾ ਰੱਖਣਾ ਕਿਹੜਾ ਸੌਖਾ ਕੰਮ ਹੈ! 
ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਦੀ ਮਜ਼ਾਲ ਰੱਖੀਂ। 

ਇਹ ਮੌਸਮ ਤਾਂ ਕਰ ਗਿਆ ਹੈ ਬੇਵਫਾਈ ਭਾਰੀ, 
ਕਿ ਆਪਣੇ ਮਿਲਣੇ ਦੀ ਆਸ ਅਗਲੇ ਸਿਆਲ ਰੱਖੀਂ। 

ਮੈਂ ਸਮਝਾਂਗਾ ਇਸ ਨੂੰ ਦੀਵਾਲੀ ਇਸ਼ਕੇ ਵਾਲੀ, 
ਤੂੰ ਦੀਪ ਭਾਵੇਂ ਪਿਆਰ ਵਾਲਾ ਇਕ ਹੀ ਬਾਲ ਰੱਖੀਂ। 

ਸਮਾਂ ਔਖਾ ਤੇ ਮੁਸ਼ਕਲ ਵੀ ਲੰਘ ਜਾਣਾ ਦਿਲਦਾਰਾ, 
ਚਿਹਰੇ 'ਤੇ ਮੁਸਕਹਾਰਟ ਤੇ ਖੁਸ਼ੀਆਂ ਹਰ ਹਾਲ ਰੱਖੀਂ।

2 comments:

basic norms.blogspot.com said...

ਬਹੁਤ ਖੂਬ, ਸ਼ਬਦਾਂ ਦੀ ਰਵਾਨਗੀ ਅਤੇ ਕਾਫੀਆ-ਰਦੀਫ ਦਾ ਪੂਰਾ-ਪੂਰਾ ਖ਼ਿਆਲ ਰੱਖਿਆ ਗਿਆ ਹੈ, ਖੁਸ਼ੀ ਹੋਈ ਗ਼ਜ਼ਲ ਪੜ ਕੇ।

Narinder Pal Singh Jagdeo said...

wah wah! meharbani bhaa ji