Wednesday, August 26, 2015

ਚੋਹਲ-ਮੋਹਲ

ਕਦੀਂ ਕਦੀਂ ਦਿਲ ਨੂੰ ਫਰੋਲ ਲੈਣਾ ਚਾਹੀਦਾ, 
ਆਪਣਿਆਂ ਅੱਗੇ ਇਹਨੂੰ ਖੋਲ੍ਹ ਲੈਣਾ ਚਾਹੀਦਾ। 

ਗੁੰਮ੍ਹ ਜਿਹਾ ਬਣ ਜਾਵੇ ਬਹੁਤਾ ਚੁੱਪ ਰਹਿ ਕੇ, 
ਹੋ ਕੇ ਬੇਬਾਕ ਥੋੜ੍ਹਾ ਬੋਲ ਲੈਣਾ ਚਾਹੀਦਾ।

ਰਿਸ਼ਤਾ ਟਿਕਾਊ ਹੁੰਦਾ ਮਿਲਣ ਮਿਲਾਉਣ ਨਾਲ, 
ਕਦੇ-ਕਦੇ ਕਰ ਮੇਲ-ਜੋਲ ਲੈਣਾ ਚਾਹੀਦਾ। 

ਜਦੋਂ ਕਦੇ ਬੋਝ ਲੱਗੇ ਕੋਈ-ਕੋਈ ਰਿਸ਼ਤਾ, 
ਦਿਲ ਤੇ ਦਿਮਾਗ ਨੂੰ ਪੜਚੋਲ ਲੈਣਾ ਚਾਹੀਦਾ। 

ਇੱਕੋ ਹੀ ਸ਼ਬਦ ਬਹੁਤ ਦੂਰੀਆਂ ਪਵਾਉਣ ਨੂੰ, 
ਬੋਲ ਕਹਿਣ ਤੋਂ ਪਹਿਲਾਂ ਤੋਲ ਲੈਣਾ ਚਾਹੀਦਾ।

ਮਹਿੰਗੀ ਚੀਜ਼ ਮੰਗਣੀ ਜੇ ਬਾਬਾ ਜੀ ਤੋਂ ਕੋਈ, 
ਮੰਗ ਰੂਹ ਵਾਲਾ ਯਾਰ ਅਨਮੋਲ ਲੈਣਾ ਚਾਹੀਦਾ। 

ਬਹੁਤੀ ਗੰਭੀਰਤਾ ਵੀ ਬਾਹਲੀ ਚੰਗੀ ਹੁੰਦੀ ਨਾ, 
ਕਦੀਂ-ਕਦੀਂ ਕਰ ਚੋਹਲ-ਮੋਹਲ ਲੈਣਾ ਚਾਹੀਦਾ। 

ਕਿਤੇ ਐਨ.ਪੀ. ਦੇ ਵਾਂਗ ਨਾ ਪਵੇ ਪਛਤਾਉਣਾ, 
'ਫਿਕਸ' ਕੋਈ ਤਾਂ ਕਰ 'ਗੋਲ' ਲੈਣਾ ਚਾਹੀਦਾ। 

2 comments:

basic norms.blogspot.com said...

ਬਹੁਤ ਖੂਬ। ਚੋਹਲ-ਮੋਹਲ ਤਾਂ ਠੀਕ ਪਰ ਚਿਹਰਿਆਂ ਤੋਂ ਨਹੀਂ ਪਤਾ ਲੱਗਦਾ ਸੀਰਤ ਦਾ, ਕੌਣ ਭਰੇ ਪਾਣੀ ਦਿੱਲ ਦੇ ਅਕੀਦਿਆਂ ਦਾ।

Narinder Pal Singh Jagdeo said...

wah ji wah