Thursday, July 9, 2015

ਜਨਵਰੀ ਤੋਂ ਜੂਨ-ਜ਼ਿਆਦਾ ਬੇਚੈਨੀ ਥੋੜਾ ਸਕੂਨ

ਪੰਜਾਬੀ ਸਿਨੇਮਾ 

ਪਿਛਲੇ ਸਾਲਾਂ ਦੌਰਾਨ ਪੰਜਾਬੀ ਫਿਲਮਾਂ ਦੀ ਕਾਰਗੁਜ਼ਾਰੀ ਨੂੰ ਦੇਖਦਿਆਂ ਸਾਲ 2015 ਵਿਚ ਪੰਜਾਬੀ ਸਿਨੇਮਾ ਤੋਂ ਬਹੁਤ ਜ਼ਿਆਦਾ ਆਸਾਂ ਹਨ। ਜਨਵਰੀ ਮਹੀਨੇ ਵਿਚ ਰਿਲੀਜ਼ ਹੋਈ ਇਕੋ-ਇਕ ਫਿਲਮ 'ਇਹ ਜਨਮ ਤੁਮਾਰੇ ਲੇਖੇ' ਨੇ ਇਨਾਂ ਉਮੀਦਾਂ ਨੂੰ ਬਰਕਰਾਰ ਵੀ ਰੱਖਿਆ ਅਤੇ ਕੌਮਾਂਤਰੀ ਪੱਧਰ 'ਤੇ ਪੰਜਾਬੀ ਸਿਨੇਮਾ ਦੀ ਬੱਲੇ-ਬੱਲੇ ਵੀ ਕਰਵਾਈ। ਭਗਤ ਪੂਰਨ ਸਿੰਘ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ ਨੇ ਜਿੱਥੇ ਕਮਾਈ ਪਖੋਂ ਬਹੁਤ ਚੰਗਾ ਵਪਾਰ ਕੀਤਾ ਉੱਥੇ ਹੀ ਬੌਧਿਕ ਹਲਕਿਆਂ ਵਿਚ ਵੀ ਫਿਲਮ ਦੀ ਸਕਾਰਾਤਮਕ ਚਰਚਾ ਹੋਈ। ਆਲੋਚਕਾਂ ਨੂੰ ਉਮੀਦ ਹੈ ਕਿ ਫਿਲਮ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪੁਰਸਕਾਰ ਜਿੱਤਣ ਦੀ ਕੁਵੱਤ ਰੱਖਦੀ ਹੈ। 


ਫਰਵਰੀ ਅਤੇ ਮਾਰਚ ਮਹੀਨੇ ਵਿਚ ਰਿਲੀਜ਼ ਹੋਈਆਂ ਵਪਾਰਕ ਪੰਜਾਬੀ ਫਿਲਮਾਂ 'ਇਸ਼ਕ ਵਿਚ ਯੂ ਨੈਵਰ ਨੋ', 'ਵੱਟ ਦਾ ਜੱਟ' ਅਤੇ 'ਪੰਜਾਬੀਆਂ ਦਾ ਕਿੰਗ' ਸੁਪਰ ਫਲਾਪ ਰਹੀਆਂ। ਇਸ ਦੌਰਾਨ ਕਲਾਤਮਕ ਫਿਲਮਾਂ 'ਕਿੱਸਾ' ਅਤੇ 'ਕੁਦੇਸਣ' ਦੇ ਵੀ ਕਿਸੇ-ਕਿਸੇ ਸਿਨੇਮਾ ਵਿਚ ਸ਼ੋਅ ਦਿਖਾਏ ਗਏ ਪਰ ਇਹ ਸਾਰੀਆਂ ਫਿਲਮਾਂ ਦਰਸ਼ਕਾਂ ਦੀ ਕਸੌਟੀ 'ਤੇ ਖਰੀਆਂ ਨਹੀਂ ਉਤਰੀਆਂ। ਉਂਝ ਵੀ ਇਨਾਂ ਮਹੀਨਿਆਂ ਦੌਰਾਨ ਫਿਲਮਾਂ ਰਿਲੀਜ਼ ਕਰਨੀਆਂ ਜ਼ਿਆਦਾ ਨਫੇ ਵਾਲਾ ਸੌਦਾ ਨਹੀਂ ਗਿਣਿਆਂ ਜਾਂਦਾ ਕਿਉਂ ਕਿ ਨੌਜਵਾਨ ਵਰਗ ਜੋ ਫਿਲਮਾਂ ਦਾ ਸਭ ਤੋਂ ਵੱਡਾ ਦਰਸ਼ਕ ਵਰਗ ਹੈ ਉਹ ਇਮਤਿਹਾਨਾਂ ਦੀ ਤਿਆਰੀ ਵਿਚ ਰੁੱਝਿਆ ਹੁੰਦਾ ਹੈ। 


ਗੀਤਕਾਰ ਤੋਂ ਗਾਇਕ ਅਤੇ ਫਿਰ ਅਦਾਕਾਰ ਬਣੇ ਰਾਜ ਕਾਕੜਾ ਦੀ ਪਿਛਲੇ ਸਾਲ 'ਕੌਮ ਦੇ ਹੀਰੇ' ਫਿਲਮ ਦੇ ਵਿਵਾਦਾਂ ਵਿਚ ਆ ਜਾਣ ਤੋਂ ਬਾਅਦ (ਤੇ ਕਮਾਈ ਕਰ ਲੈਣ ਤੋਂ ਬਾਅਦ!) ਇਸ ਸਾਲ ਵੀ ਓਹੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਪਰ ਅਪ੍ਰੈਲ ਮਹੀਨੇ ਵਿਚ ਰਿਲੀਜ਼ ਹੋਈ ਉਸਦੀ ਫਿਲਮ 'ਪੱਤਾ ਪੱਤਾ ਸਿੰਘਾਂ ਦਾ ਵੈਰੀ' ਟਿਕਟ ਖਿੜਕੀ 'ਤੇ ਪੱਤਿਆਂ ਵਾਂਗ ਖਿੱਲਰ ਗਈ। ਬੀਤੇ ਸਮੇਂ ਦੀਆਂ ਕੁਝ ਕੌੜੀਆਂ ਤੇ ਦਰਦਨਾਕ ਘਟਨਾਵਾਂ ਨੂੰ ਫਿਲਮਾਂ ਰਾਹੀਂ ਪੇਸ਼ ਕਰਨਾ ਬਹੁਤ ਸੁਹਜ ਤੇ ਸਮਝ ਦੀ ਮੰਗ ਕਰਦਾ ਹੈ ਪਰ ਫਿਲਮਕਾਰਾਂ ਨੇ ਇਸ ਨੂੰ ਜੋ ਰੰਗਤ ਦੇ ਦਿੱਤੀ ਹੈ ਉਸ ਪਾਸੇ ਸਾਰਥਕ ਤੇ ਸਕਾਰਾਤਮਕ ਤਬਦੀਲੀ ਬਹੁਤ ਜ਼ਰੂਰੀ ਹੈ। ਅਜਿਹਾ ਹੀ ਕੁਝ ਅਪ੍ਰੈਲ ਮਹੀਨੇ ਰਿਲੀਜ਼ ਹੋਈ ਫਿਲਮ 'ਲੈਦਰ ਲਾਈਫ' ਨਾਲ ਹੋਇਆ। ਇਹ ਫਿਲਮ ਵੀ ਫਲਾਪ ਸਾਬਿਤ ਹੋਈ ਤੇ ਇਸੇ ਮਹੀਨੇ 'ਗਨ ਐਂਡ ਗੋਲ' ਤੇ 'ਯਾਰਾਨਾ' ਫਿਲਮਾਂ ਨੇ ਵੀ ਪਾਣੀ ਨਹੀਂ ਮੰਗਿਆ। 


ਅਪ੍ਰੈਲ ਮਹੀਨੇ ਰਿਲੀਜ਼ ਹੋਣ ਵਾਲੀ ਸਭ ਤੋਂ ਚਰਚਿਤ ਫਿਲਮ ਰਹੀ 'ਨਾਨਕ ਸ਼ਾਹ ਫਰੀਕ'। ਹਾਲਾਂਕਿ ਕਈ ਉਤਾਰ-ਚੜਾਅ ਤੋਂ ਬਾਅਦ ਪੰਜਾਬ ਵਿਚ ਇਸ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਪਰ ਕੁਝ ਰਾਜਾਂ ਵਿਚ ਫਿਲਮ ਸਿਨੇਮਾ ਘਰਾਂ ਵਿਚ ਦਿਖਾਈ ਵੀ ਗਈ। 'ਚਾਰ ਸ਼ਾਹਿਬਜ਼ਾਦੇ' ਫਿਲਮ ਦੀ ਅਪਾਰ ਕਾਮਯਾਬੀ ਤੋਂ ਬਾਅਦ ਅਜਿਹੇ ਵਿਸ਼ਿਆਂ 'ਤੇ ਹੋਰ ਫਿਲਮਾਂ ਬਣਨਾ ਸੁਭਾਵਿਕ ਸੀ ਪਰ 'ਨਾਨਕ ਸ਼ਾਹ ਫਕੀਰ' ਫਿਲਮ ਇਸ ਸੰਦਰਭ 'ਚ ਕੋਈ ਪ੍ਰਭਾਵ ਨਹੀਂ ਛੱਡ ਸਕੀ।  


ਮਈ ਮਹੀਨੇ ਵਿਚ 'ਗੱਦਾਰ' ਫਿਲਮ ਦੀ ਖੂਬ ਚਰਚਾ ਰਹੀ। ਇਹ ਫਿਲਮ ਜੇਕਰ ਹਿੱਟ ਨਹੀਂ ਵੀ ਰਹੀ ਤਾਂ ਕੋਈ ਘਾਟੇ ਵਾਲੇ ਸੌਦਾ ਵੀ ਨਹੀਂ ਕਹੀ ਜਾ ਸਕਦੀ। ਉਂਝ ਵੀ ਹਰਭਜਨ ਮਾਨ ਦੀਆਂ ਹੁਣ ਤੱਕ ਦੀਆਂ ਸਭ ਫਿਲਮਾਂ ਨਾਲੋਂ 'ਗੱਦਾਰ' ਫਿਲਮ ਉਸ ਨੂੰ ਇਕ ਅਦਾਕਾਰ ਵੱਜੋਂ ਕੁਝ ਹੱਦ ਤੱਕ ਸਥਾਪਿਤ ਕਰ ਗਈ ਹੈ। ਇਸੇ ਮਹੀਨੇ ਰਿਲੀਜ਼ ਹੋਈਆਂ ਬਾਕੀ ਫਿਲਮਾਂ 'ਮਿੱਟੀ ਨਾ ਫਰੋਲ ਜੋਗੀਆ' ਅਤੇ 'ਉਹ ਯਾਰਾਂ ਐਵੇਂ ਐਵੇਂ ਲੁੱਟ ਗਿਆ' ਐਵੇਂ ਹੀ ਰਹੀਆਂ। ਉਂਝ 'ਮਿੱਟੀ ਨਾ ਫਰੋਲ ਜੋਗੀਆ' ਫਿਲਮ ਜੇਕਰ ਵਪਾਰਕ ਪੱਧਰ 'ਤੇ ਠੀਕ ਨਹੀਂ ਰਹੀ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਫਿਲਮ ਵਧੀਆ ਨਹੀਂ ਸੀ ਪਰ ਕਿਸੇ ਵੀ ਫਿਲਮ ਦਾ ਅੰਜ਼ਾਮ ਤੇ ਸਫਲਤਾ ਕਮਾਈ ਰਾਹੀਂ ਤੈਅ ਹੁੰਦਾ ਹੈ ਤੇ ਇਸ ਲਿਹਾਜ਼ ਨਾਲ ਮਈ ਮਹੀਨਾ ਪੰਜਾਬੀ ਫਿਲਮ ਉਦਯੋਗ ਲਈ ਠੀਕ-ਠਾਕ ਜਿਹਾ ਹੀ ਰਿਹਾ। 


ਫਿਲਮ ਦੀ ਸਫਲਤਾ ਅਤੇ ਕਮਾਈ ਪੱਖੋਂ ਜੂਨ ਮਹੀਨੇ ਨੇ ਪਿਛਲੀਆਂ ਸਭ ਕਸਰਾਂ ਪੂਰੀਆਂ ਕਰ ਦਿੱਤੀਆਂ। ਜੂਨ ਮਹੀਨੇ ਦੇ ਅੰਤਲੇ ਦਿਨਾਂ ਵਿਚ ਰਿਲੀਜ਼ ਹੋਈ ਫਿਲਮ 'ਸਰਦਾਰ ਜੀ' 2015 ਦੇ ਪਹਿਲੇ ਅੱਧ ਦੀ ਇਕੋ-ਇਕ ਸੁਪਰ ਹਿੱਟ ਫਿਲਮ ਸਾਬਤ ਹੋਈ ਹੈ। ਹਾਲਾਂਕਿ ਇਹ ਫਿਲਮ ਵੀ ਚੁਟਲਕੇਬਾਜ਼ੀ, ਆਮ ਜਿਹੀ ਕਾਮੇਡੀ ਅਤੇ ਬੇਸਿਰ ਕਹਾਣੀ ਵਾਲੀ ਹੈ ਪਰ ਦਰਸ਼ਕਾਂ ਨੂੰ ਸਿਰਫ ਇਕ ਗੱਲ ਹੀ ਸਿਨੇਮਾ ਘਰਾਂ ਵਿਚ ਖਿੱਚ ਲਿਆਈ, ਉਹ ਹੈ ਫਿਲਮ ਦਾ ਨਾਇਕ ਦਿਲਜੀਤ ਦੁਸਾਂਝ। ਹਾਲਾਂਕਿ ਸਿਨੇਮਾ ਦੀ ਸਮਝ ਰੱਖਣ ਵਾਲਿਆਂ ਨੇ ਫਿਲਮ ਦੀ ਕਹਾਣੀ ਅਤੇ ਸੰਵਾਦਾਂ ਦੀ ਭਰਵੀਂ ਨੁਕਤਾਚੀਨੀ ਕੀਤੀ ਹੈ, ਇਸ ਸਭ ਦੇ ਬਾਵਜੂਦ ਦਿਲਜੀਤ ਦੀ ਸੁਭਾਵਿਕ ਅਤੇ ਚੋਹਲ-ਮੋਹਲ ਭਰਪੂਰ ਅਦਾਕਾਰੀ ਦੀ ਸਭ ਪਾਸਿਓ ਪ੍ਰਸੰਸਾ ਹੋਈ ਹੈ। ਪਤਾ ਨਹੀਂ 'ਯਬਲੀਆਂ ਭਰਪੂਰ' ਪੰਜਾਬੀ ਫਿਲਮਾਂ ਹਾਲੇ ਕਦੋਂ ਤੱਕ ਚੱਲਣਗੀਆਂ? 


ਕੁੱਲ ਮਿਲਾਕੇ ਸਾਲ 2015 ਦਾ ਪਹਿਲਾ ਅੱਧ ਪੰਜਾਬੀ ਸਿਨੇਮਾ ਲਈ ਕੁਝ ਖਾਸ ਪ੍ਰਭਾਵ ਦਰਜ ਨਹੀਂ ਕਰਾ ਸਕਿਆ ਹੈ ਅਤੇ ਸਿਰਫ ਤਿੰਨ ਫਿਲਮਾਂ 'ਇਹ ਜਨਮ ਤੁਮਾਰੇ ਲੇਖੇ' (ਨਿਰਦੇਸ਼ਕ ਹਰਜੀਤ ਸਿੰਘ), 'ਗੱਦਾਰ' (ਨਿਰਦੇਸ਼ਕ ਅਮਿਤੋਜ ਮਾਨ) ਅਤੇ 'ਸਰਦਾਰ ਜੀ' (ਨਿਰਦੇਸ਼ਕ ਰੋਹਿਤ ਜੁਗਰਾਜ) ਤੋਂ ਬਿਨਾਂ ਬਾਕੀ ਫਿਲਮਾਂ ਅਸਰਅੰਦਾਜ਼ ਰਹੀਆਂ ਹਨ। ਸਾਲ ਦੇ ਦੂਜੇ ਅੱਧ ਦੌਰਾਨ ਜਿਨਾਂ ਫਿਲਮਾਂ ਤੋਂ ਚੰਗੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ ਉਨਾਂ ਵਿਚ ਹੀਰੋ-ਨਾਮ ਯਾਦ ਰੱਖੀ, ਰਮਤਾ ਜੋਗੀ, ਅੰਗਰੇਜ਼, ਮੁੰਡੇ ਕਮਾਲ ਦੇ, ਜੱਜ ਸਿੰਘ ਐਲ.ਐਲ.ਬੀ, ਮੁਖਤਿਆਰ ਚੱਢਾ ਅਤੇ ਮੋਗਾ ਟੂ ਮੈਲਬਰਨ ਵਾਇਆ ਚੰਡੀਗੜ ਪ੍ਰਮੁੱਖ ਹਨ। ਇਹ ਚਰਚਾ ਵੀ ਸੁਣਨ ਵਿਚ ਹੈ ਕਿ  ਚੱਕ ਦੇ ਫੱਟੇ ਅਤੇ ਕੈਰੀ ਆਨ ਜੱਟਾ ਫਿਲਮਾਂ ਦਾ ਦੂਜਾ ਭਾਗ ਵੀ ਦਰਸ਼ਕਾਂ ਨੂੰ ਇਸੇ ਸਾਲ ਵੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਦਰਜਨ ਦੇ ਕਰੀਬ ਅਜਿਹੀਆਂ ਹੋਰ ਫਿਲਮਾਂ ਹਨ ਜੋ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਰੀ ਲਵਾਉਣਗੀਆਂ। 


ਦਰਅਸਲ ਪੰਜਾਬੀ ਫਿਲਮਾਂ ਪ੍ਰਤੀ ਦਰਸ਼ਕਾਂ ਦੀਆਂ ਉਮੀਦਾਂ ਹੁਣ ਬਹੁਤ ਜ਼ਿਆਦਾ ਵੱਧ ਗਈਆਂ ਹਨ ਅਤੇ ਬਹੁਤ ਸਾਰੇ ਨਵੇਂ ਦਰਸ਼ਕ ਜੋ ਪਹਿਲਾਂ ਹਿੰਦੀ ਫਿਲਮ ਵੇਖਣ ਨੂੰ ਤਰਜੀਹ ਦਿੰਦੇ ਸਨ ਉਹ ਪੰਜਾਬੀ ਫਿਲਮਾਂ ਵੱਲ ਆਕਰਸ਼ਿਤ ਹੋਏ ਹਨ। ਇਸ ਦੇ ਬਾਵਜੂਦ ਪੰਜਾਬੀ ਫਿਲਮਾਂ ਵਿਚ ਹਾਲੇ ਵੀ ਵਿਸ਼ਿਆਂ ਅਤੇ ਕਹਾਣੀਆਂ ਦੀ ਘਾਟ ਬਹੁਤ ਜ਼ਿਆਦਾ ਰੜਕਦੀ ਹੈ। ਅਦਾਕਾਰੀ ਪੱਖੋਂ ਵੀ ਗਿਣਤੀਯੋਗ ਸਖਸ਼ੀਅਤਾਂ ਹੀ ਪੰਜਾਬੀ ਸਿਨੇਮਾ ਦਾ ਹਾਸਲ ਹਨ। ਚੰਗਾ ਹੋਵੇ ਜੇ ਨਵੇਂ ਤਜ਼ਰਬਿਆਂ, ਕਹਾਣੀਆਂ ਅਤੇ ਵਿਸ਼ਿਆਂ ਨੂੰ ਪੰਜਾਬੀ ਫਿਲਮਾਂ ਦਾ ਹਿੱਸਾ ਬਣਾਇਆ ਜਾਵੇ। ਇਸ ਸਮੇਂ ਪੰਜਾਬੀ ਫਿਲਮਾਂ ਦੇ ਦਰਸ਼ਕਾਂ ਦੀ ਕੋਈ ਘਾਟ ਨਹੀਂ ਹੈ। 

No comments: