Tuesday, April 7, 2015

ਪੰਜਾਬੀ ਸਿਨੇਮਾ ਦਾ ਖਾਸ ਹਾਸਲ- ਪੰਜਾਬ 1984

“ਅੱਤਵਾਦ ਦੇ ਦਿਨਾਂ ਦੌਰਾਨ ਸਧਾਰਣ ਜ਼ਿੰਦਗੀਆਂ ਅਤੇ ਆਮ ਸੁਪਨੇ ਕਿਵੇਂ ਢਹਿ-ਢੇਰੀ ਹੋ ਗਏ ਉਸ ਦੀ ਤਸਵੀਰ ਦਿਲ ਟੁੰਬਵੇਂ ਢੰਗ ਨਾਲ ਫਿਲਮ 'ਪੰਜਾਬ 1984' ਵਿਚ ਪੇਸ਼ ਕੀਤੀ ਗਈ ਹੈ।“ ਇਸ ਹਵਾਲੇ ਨਾਲ ਫਿਲਮ ਪੰਜਾਬ 1984 ਦੀ ਤਾਰੀਫ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ ਵੱਲੋਂ ਕੀਤੀ ਗਈ ਹੈ। ਭਾਰਤ ਸਰਕਾਰ ਦੇ ਇਸੇ ਡਾਇਰੈਕਟੋਰੇਟ ਵੱਲੋਂ ਰਾਸ਼ਟਰੀ ਫਿਲਮ ਪੁਰਸਕਾਰ ਦਿੱਤੇ ਜਾਂਦੇ ਹਨ। ਤਿੰਨ ਸਾਲਾਂ ਦੇ ਵਕਫੇ ਮਗਰੋਂ ਇਸ ਵਾਰ 'ਪੰਜਾਬ 1984' ਨੇ ਸਰਵੋਤਮ ਪੰਜਾਬੀ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਪਹਿਲਾਂ ਸਾਲ 2012 ਵਿਚ 'ਨਾਬਰ'ਫਿਲਮ ਨੂੰ ਇਹ ਇਨਾਮ ਮਿਲਿਆ ਸੀ। 'ਪੰਜਾਬ 1984' 27 ਜੂਨ 2014 ਨੂੰ ਸਿਨੇਮਾ ਘਰਾਂ ਵਿਚ ਲੱਗੀ ਸੀ। ਫਿਲਮ ਚਾਰ ਸਾਹਿਬਜ਼ਾਦੇ ਤੋਂ ਬਾਅਦ ਇਹ ਫਿਲਮ ਸਾਲ 2014 ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋਈ (ਕਮਾਈ ਪੱਖੋਂ ਵੀ ਤੇ ਪ੍ਰਸੰਸਾ ਪੱਖੋਂ ਵੀ)।

 'ਪੰਜਾਬ 1984' ਦੇ ਰਿਲੀਜ਼ ਹੋਣ ਤੋਂ ਪਹਿਲਾਂ ਅਦਾਕਾਰ ਦਿਲਜੀਤ ਦੋਸਾਂਝ ਨੂੰ ਗੰਭੀਰ ਅਦਾਕਾਰ ਵੱਜੋਂ ਨਹੀਂ ਦੇਖਿਆ ਜਾਂਦਾ ਸੀ ਪਰ ਇਸ ਫਿਲਮ ਵਿਚ ਉਸ ਦੀ ਅਦਾਕਾਰੀ ਨੇ ਉਸ ਨੂੰ ਪੱਕੇ ਪੈਰੀਂ ਕਰ ਦਿੱਤਾ ਹੈ। ਪੰਜਾਬੀ ਫਿਲਮਾਂ ਵਿਚ ਵਰਿੰਦਰ ਤੋਂ ਬਾਅਦ ਦਿਲਜੀਤ ਦੀ ਅਦਾਕਾਰੀ ਨੂੰ ਸਭ ਤੋਂ ਜ਼ਿਆਦਾ ਸੁਭਾਵਿਕ ਮੰਨਿਆ ਜਾਂਦਾ ਹੈ। ਉਸ ਦੇ ਬੋਲਣ ਦਾ ਤਰੀਕਾ ਅਤੇ 'ਆਨ ਸਕਰੀਨ ਕੈਮਿਸਟ੍ਰੀ' ਇਸ ਸਮੇਂ ਨੌਜਵਾਨਾਂ ਦੇ ਸਿਰ ਚੜ• ਬੋਲ ਰਹੀ ਹੈ। ਪੰਜਾਬੀ ਫਿਲਮਾਂ ਵਿਚ ਨਿਰਦੇਸ਼ਕ ਅਨੁਰਾਗ ਸਿੰਘ (ਜੱਟ ਐਂਡ ਜੂਲੀਅਟ ਫਿਲਮਾਂ ਵਾਲਾ) ਇਸ ਸਮੇਂ ਸਿਖਰ 'ਤੇ ਹੈ ਅਤੇ 'ਪੰਜਾਬ 1984' ਨੇ ਉਸ ਦੇ ਨਾਂ ਨੂੰ ਹੋਰ ਚਮਕਾ ਦਿੱਤਾ ਹੈ। ਅਨੁਰਾਗ ਸਿੰਘ ਇਸ ਵੇਲੇ ਪੰਜਾਬੀ ਸਿਨੇਮਾ ਦੀ 'ਹਿੱਟ ਮਸ਼ੀਨ' ਹੈ। ਉਸ ਦੀਆਂ ਪੰਜੋਂ ਪੰਜਾਬੀ ਫਿਲਮਾਂ ਯਾਰ ਅਣਮੁੱਲੇ, ਜੱਟ ਐਂਡ ਜੁਲੀਅਟ, ਜੱਟ ਐਂਡ ਜੁਲੀਅਟ-2, ਡਿਸਕੋ ਸਿੰਘ ਅਤੇ ਪੰਜਾਬ 1984 ਸਫਲ ਰਹੀਆਂ ਹਨ।'ਪੰਜਾਬ 1984' ਦੀ ਕਹਾਣੀ ਵੀ ਅਨੁਰਾਗ ਸਿੰਘ ਨੇ ਸੁਰਮੀਤ ਮਾਵੀ ਨਾਲ ਮਿਲ ਕੇ ਲਿਖੀ ਹੈ।

 'ਪੰਜਾਬ 1984' ਫਿਲਮ ਦੇਖਣ ਤੋਂ ਪਹਿਲਾਂ ਮੈਂ ਇਸ ਨੂੰ ਦਿਲਜੀਤ ਦੀ ਫਿਲਮ ਸਮਝਦਾ ਸੀ ਪਰ ਨਹੀਂ, ਇਹ ਕਿਰਨ ਖੇਰ ਦੀ ਫਿਲਮ ਹੈ। ਕਿਰਨ ਖੇਰ ਨੇ ਫਿਲਮ ਵਿਚ ਸ਼ਿਵਜੀਤ ਸਿੰਘ ਮਾਨ ਉਰਫ ਸ਼ਿਵੇ (ਦਿਲਜੀਤ ਦੋਸਾਂਝ) ਦੀ ਮਾਂ ਸਤਵੰਤ ਕੌਰ ਦੀ ਭੂਮਿਕਾ ਨਿਭਾਈ ਹੈ। ਇਕ ਸਤਰ ਵਿਚ ਫਿਲਮ ਦੀ ਕਹਾਣੀ ਦਾ ਨਿਚੋੜ ਕੱਢਣਾ ਹੋਵੇ ਤਾਂ ਇਸ ਨੂੰ ਇੰਝ ਬਿਆਨਿਆ ਜਾ ਸਕਦਾ ਹੈ- ਕਾਲੇ ਦਿਨਾਂ ਦੌਰਾਨ ਕਿਵੇਂ ਪੁਲਿਸ ਮੁਲਾਜ਼ਮ ਨਿੱਜੀ ਰੰਜਿਸ਼ ਕੱਢਣ ਲਈ ਤੇ ਤਰੱਕੀਆਂ ਹਾਸਲ ਕਰਨ ਲਈ ਨੌਜਵਾਨੀ ਦਾ ਘਾਣ ਕਰ ਰਹੇ ਸਨ, ਇਹ 'ਪੰਜਾਬ 1984' ਦੀ ਕਹਾਣੀ ਦਾ ਪਲਾਟ ਹੈ।

 ਪੰਜਾਬ ਦੇ ਸੰਦਰਭ ਵਿਚ ਇਹ ਕਹਾਣੀ ਖਾਸ ਮਹੱਤਤਾ ਰੱਖਦੀ ਹੈ। ਉਸ ਸਮੇਂ ਦੌਰਾਨ ਲਾਪਤਾ ਹੋਏ ਕਿੰਨੇ ਹੀ ਨੌਜਵਾਨਾਂ (ਜੋ ਝੂਠੇ ਮੁਕਾਬਲਿਆਂ ਵਿਚ ਜਾਂ ਤਾਂ ਮਾਰ ਦਿੱਤੇ ਗਏ ਅਤੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਜਾਂ ਫਿਰ ਜੋ ਅਸਲ ਪਹਿਚਾਣ ਛੁਪਾ ਕੇ ਕਿਧਰੇ ਚਲੇ ਗਏ) ਦੇ ਮਾਪੇ ਅਤੇ ਰਿਸ਼ਤੇਦਾਰ ਅੱਜ ਵੀ ਉਨ•ਾਂ ਦੇ ਮੁੜ ਆਉਣ ਦੀ ਆਸ ਰੱਖੀ ਬੈਠੇ ਹਨ। 1984 ਵਿਚ ਦਰਬਾਰ ਸਾਹਿਬ ਵਿਚ ਵਾਪਰੀ ਘਟਨਾ ਵਾਲਾ ਦ੍ਰਿਸ਼ ਜਿਸ ਤਰੀਕੇ ਨਾਲ ਫਿਲਮਾਇਆ ਗਿਆ ਹੈ, ਉਹ ਫਿਲਮ ਦਾ ਖਾਸ ਹਾਸਲ ਹੈ। ਇਕ ਕਮਰੇ ਵਿਚ ਲੁਕ ਕੇ ਬੈਠੇ ਹੋਏ ਕੁਝ ਲੋਕਾਂ 'ਚੋਂ ਇਕ ਪਿਆਸੇ ਬੱਚੇ ਲਈ ਦਰਬਾਰ ਸਾਹਿਬ ਦੇ ਸਰੋਵਰ ਵਿਚੋਂ ਕਿਵੇਂ ਪਾਣੀ ਲੈਣ ਗਿਆ ਬਜ਼ੁਰਗ ਬਚਨ ਸਿੰਘ ਮਾਨ- ਸ਼ਿਵੇ ਦਾ ਪਿਤਾ (ਅਦਾਕਾਰ ਗੁਰਚਰਨ ਚੰਨੀ) ਗੋਲੀ ਵੱਜਣ ਨਾਲ (ਪਤਾ ਨਹੀਂ ਫੌਜੀਆਂ ਦੀ ਜਾਂ ਖਾੜਕੂਆਂ ਦੀ) ਮਰ ਜਾਂਦਾ ਹੈ, ਇਹ ਇੱਕੋਂ ਦ੍ਰਿਸ਼ ਉਸ ਦੌਰ ਦੇ ਹਾਲਾਤਾਂ ਨੂੰ ਸਮਝਾਉਣ ਲਈ ਕਾਫੀ ਹੈ।

 'ਪੰਜਾਬ 1984' ਵਿਚ ਕਿਰਨ ਖੇਰ ਦੀ ਅਦਾਕਾਰੀ ਪਿੰਡ ਦੀਆਂ ਅਸਲ ਬੀਬੀਆਂ ਦੇ ਹਾਣ ਦੀ ਹੈ। ਉਸ ਦੀ ਭਾਸ਼ਾ, ਚਿਹਰੇ ਦੇ ਹਾਵ-ਭਾਵ ਅਤੇ ਡਾਇਲਾਗ ਬੋਲਣ ਦੀ ਅਦਾ ਬਾ-ਕਮਾਲ ਹੈ। ਫਿਲਮ ਵਿਚ ਉਹ ਕਿਸੇ ਪੱਖੋਂ ਵੀ ਚੰਡੀਗੜ• ਦੀ ਲੋਕ ਸਭਾ ਮੈਂਬਰ ਨਹੀਂ ਦਿਸਦੀ। ਫਿਲਮ ਵਿਚ 1984 ਦੇ ਦਿਨਾਂ ਦਾ ਪਹਿਰਾਵਾ, ਘਰ, ਰੇਡੀਓ ਦੀ ਵਰਤੋਂ ਅਤੇ ਆਲਾ-ਦੁਆਲਾ ਪ੍ਰਭਾਵਿਤ ਕਰਨ ਵਾਲਾ ਹੈ।ਉਸ ਤੋਂ ਬਾਅਦ ਪਵਨ ਮਲਹੋਤਰਾ (ਇੰਸਪੈਕਟਰ ਦੀਪ ਸਿੰਘ ਰਾਣਾ) ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਮੌਜੂਦਾ ਪੰਜਾਬੀ ਫਿਲਮਾਂ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਇਹ ਕਾਮੇਡੀ ਤੋਂ ਉੱਪਰ ਨਹੀਂ ਉੱਠੀਆਂ ਅਤੇ ਬਹੁਤੀਆਂ ਫਿਲਮਾਂ ਵਿਚ ਚੁਟਕਲੇਬਾਜ਼ੀ ਅਤੇ ਫੂਹੜ ਗੱਲਾਂ ਤੋਂ ਇਲਾਵਾ ਕੁਝ ਨਹੀਂ ਪਰ 'ਪੰਜਾਬ 1984' ਵਿਚ ਹਾਸਾ, ਰੋਮਾਂਸ, ਵਧੀਆ ਗੀਤ-ਸੰਗੀਤ, ਸੰਵੇਦਨਾਵਾਂ ਦਾ ਪ੍ਰਗਟਾਵਾ ਅਤੇ ਉਹ ਸਭ ਕੁਝ ਹੈ ਜੋ ਕਿਸੇ ਵੀ ਫਿਲਮ ਨੂੰ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰਨ ਲਈ ਫਿਲਮਾਂ ਵਿਚ ਹੋਣਾ ਚਾਹੀਦਾ ਹੈ।

 ਬਹੁਤ ਸਾਰੇ ਪੱਖਾਂ ਨੂੰ ਫਿਲਮ ਵਿਚ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੁਲਿਸ ਦੀ ਘਟੀਆ ਕਾਰਗੁਜ਼ਾਰੀ, ਸਿਆਸੀ ਆਗੂਆਂ ਦਾ ਦੋਗਲਾਪਣ, ਖਾੜਕੂਆਂ ਦੇ ਭੇਸ ਵਿਚ ਲੁਕੇ ਲੁਟੇਰੇ ਤੇ ਸ਼ਰਾਰਤੀ ਅਨਸਰ, ਹਿੰਦੂ ਭਾਈਚਾਰੇ ਦੀ ਮਾਨਸਿਕਤਾ ਅਤੇ ਚੰਗੇ ਪੁਲਿਸ ਮੁਲਾਜ਼ਮਾਂ ਬਾਰੇ ਫਿਲਮ ਵਿਚ ਵੱਖੋ-ਵੱਖਰੇ ਦ੍ਰਿਸ਼ ਕਮਾਲ ਹਨ। ਚੰਨ ਪ੍ਰਦੇਸੀ, ਕਚਹਿਰੀ ਅਤੇ ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ ਤੋਂ ਬਾਅਦ 'ਪੰਜਾਬ 1984' ਪੰਜਾਬੀ ਸਿਨੇਮਾ ਦਾ ਖਾਸ ਹਾਸਲ ਹੈ।


ਰਾਸ਼ਟਰੀ ਫਿਲਮ ਪੁਰਸਕਾਰ
 ਭਾਰਤ ਸਰਕਾਰ ਦੇ ਡਾਇਰੈਕਟੋਰੇਟ ਆਫ ਫਿਲਮ ਫੈਸਟੀਵਲ ਵੱਲੋਂ ਹਰ ਸਾਲ ਕੌਮੀ ਪੁਰਸਕਾਰ ਦਿੱਤੇ ਜਾਂਦੇ ਹਨ। 62ਵੇਂ ਰਾਸ਼ਟਰੀ ਫਿਲਮ ਇਨਾਮਾਂ ਲਈ 20 ਜਨਵਰੀ, 2015 ਤੱਕ ਪੰਜ ਹਜ਼ਾਰ ਰੁਪਏ ਦੀ ਫੀਸ ਸਮੇਤ ਦਰਖਾਸਤਾਂ ਮੰਗੀਆਂ ਗਈਆਂ ਸਨ। ਬੇਹਤਰੀਨ ਪੰਜਾਬੀ ਫਿਲਮ ਚੁਣੇ ਜਾਣ 'ਤੇ 'ਪੰਜਾਬ 1984' ਨੂੰ ਡਾਇਰੈਕਟੋਰੇਟ ਵੱਲੋਂ ਪ੍ਰੋਡਿਊਸਰ (ਵਾਈਟ ਹਿੱਲ ਪ੍ਰੋਡੰਕਸ਼ਨ ਕੰਪਨੀ) ਅਤੇ ਡਾਇਰੈਕਟਰ (ਅਨੁਰਾਗ ਸਿੰਘ) ਨੂੰ ਇਕ-ਇਕ ਸਰਟੀਫਿਕੇਟ ਅਤੇ ਇਕ-ਇਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਖੇਤਰੀ ਭਾਸ਼ਾ ਵਾਲੀਆਂ ਫਿਲਮਾਂ ਲਈ ਇਹ ਜ਼ਰੂਰੀ ਹੈ ਕਿ ਫਿਲਮ ਦੇ ਪ੍ਰਿੰਟ ਵਿਚ ਅੰਗਰੇਜ਼ੀ ਸਬਟਾਈਟਲ ਹੋਣੇ ਲਾਜ਼ਮੀ ਹਨ।

ਇਨਾਮ ਜੇਤੂ ਪੰਜਾਬੀ ਫਿਲਮਾਂ
 1962 ਵਿਚ ਚੌਧਰੀ ਕਰਨੈਲ ਸਿੰਘ (ਨਿਰਦੇਸ਼ਕ ਕ੍ਰਿਸ਼ਨਨ ਕੁਮਾਰ), 1964 ਵਿਚ ਜੱਗਾ (ਜੁਗਲ ਕਿਸ਼ੋਰ) ਤੇ ਸੱਸੀ-ਪੁੰਨੂ (ਐਸ.ਪੀ. ਬਖਸ਼ੀ), 1967 ਵਿਚ ਸਤਲੁਜ ਦੇ ਕੰਢੇ (ਪੀ.ਪੀ. ਮਹੇਸ਼ਵਰੀ), 1969- ਨਾਨਕ ਨਾਮ ਜਹਾਜ਼ ਹੈ (ਰਾਮ ਮਹੇਸ਼ਵਰੀ), 1980- ਚੰਨ ਪ੍ਰਦੇਸੀ (ਚਿਤਰਾਰਥ ਸਿੰਘ), 1989- ਮੜ•ੀ ਦਾ ਦੀਵਾ (ਸੁਰਿੰਦਰ ਸਿੰਘ), 1993- ਕਚਹਿਰੀ (ਰਵਿੰਦਰ ਪੀਪਟ) 1997- ਮੈਂ ਮਾਂ ਪੰਜਾਬ ਦੀ (ਬਲਵੰਤ ਦੁਲੱਟ), 1998- ਸ਼ਹੀਦ-ਏ-ਮੁਹੱਬਤ ਬੂਟਾ ਸਿੰਘ (ਮਨੋਜ ਪੁੰਜ), 2004- ਦੇਸ ਹੋਇਆ ਪ੍ਰਦੇਸ (ਮਨੋਜ ਪੁੰਜ), 2005- ਬਾਗੀ (ਸੁਖਮਿੰਦਰ ਧੰਜਲ), 2006- ਵਾਰਿਸ ਸ਼ਾਹ-ਇਸ਼ਕ ਦਾ ਵਾਰਿਸ (ਮਨੋਜ ਪੁੰਜ), 2011- ਅੰਨੇ• ਘੋੜੇ ਦਾ ਦਾਨ (ਗੁਰਵਿੰਦਰ ਸਿੰਘ), 2012- ਨਾਬਰ (ਰਾਜੀਵ ਸ਼ਰਮਾ) ਅਤੇ 2015- ਪੰਜਾਬ 1984 (ਅਨੁਰਾਗ ਸਿੰਘ)

ਨਰਿੰਦਰ ਪਾਲ ਸਿੰਘ ਜਗਦਿਓ

No comments: