Wednesday, February 12, 2014

ਚੁਟਕਲੇਬਾਜ਼ੀ ਬਨਾਮ ਪੰਜਾਬੀ ਫਿਲਮਾਂ


         ਵਿਸ਼ਾ-ਵਸਤੂ ਪੱਖੋਂ ਪੰਜਾਬੀ ਫਿਲਮਾਂ 'ਚ ਮੌਜੂਦਾ ਸਮੇਂ ਚੁਟਕਲੇਬਾਜ਼ੀ ਭਾਰੂ ਹੈ। ਫਿਲਮਾਂ ਦੀ ਕਹਾਣੀ, ਪਟਕਥਾ ਅਤੇ ਸੰਵਾਦ ਲੇਖਣ ਸਿਰਫ ਤੇ ਸਿਰਫ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਕੇਂਦਰ 'ਚ ਰੱਖ ਕੇ ਲਿਖੇ ਜਾ ਰਹੇ ਹਨ। ਨੌਜਵਾਨ ਕੇਂਦਰਿਤ ਫਿਲਮਾਂ ਨੇ ਕਮਾਈ ਪੱਖੋਂ ਭਾਵੇਂ ਚੰਗੀ ਤਰੱਕੀ ਕੀਤੀ ਹੈ ਪਰ ਮੌਜੂਦਾ ਦੌਰ ਦੀਆਂ ਫਿਲਮਾਂ ਚਿਰਾਂ ਤੱਕ ਯਾਦ ਰੱਖਣਯੋਗ ਨਹੀਂ ਹਨ।

         ਪੰਜਾਬੀ ਫਿਲਮਾਂ ਦਾ ਇਤਿਹਾਸ ਕੋਈ ਬਹੁਤ ਪੁਰਾਣਾ ਨਹੀਂ ਹੈ। ਉਂਝ ਤਾਂ ਬਾਲੀਵੁੱਡ (ਹਿੰਦੀ ਫਿਲਮ ਨਗਰੀ) ਨੇ ਵੀ ਹਾਲ ਹੀ 'ਚ ਆਪਣੇ ਸੌ ਸਾਲ ਪੂਰੇ ਕੀਤੇ ਹਨ। ਪੰਜਾਬੀ ਫਿਲਮਾਂ ਵੀ ਬਾਲੀਵੁੱਡ ਵਾਂਗ ਵਿਸ਼ਾ-ਵਸਤੂ ਪੱਖੋਂ ਹਮੇਸ਼ਾ ਤੋਂ ਹੀ ਲਾਈਲੱਗ ਰਹੀਆਂ ਹਨ। ਜਿਸ ਵਿਸ਼ੇ ਦੀ ਫਿਲਮ ਨੇ ਟਿਕਟ ਖਿੜਕੀ 'ਤੇ ਦਰਸ਼ਕਾਂ ਦੀ ਭੀੜ ਜਮ੍ਹਾਂ ਕਰ ਦਿੱਤੀ ਉਸ ਵਿਸ਼ੇ ਨਾਲ ਸਬੰਧਿਤ ਫਿਲਮਾਂ ਦੀ ਝੜੀ ਲੱਗ ਜਾਂਦੀ ਹੈ।

         ਅਜਿਹੀਆਂ ਬਹੁਤ ਘੱਟ ਪੰਜਾਬੀ ਫਿਲਮਾਂ ਹਨ ਜਿਨ੍ਹਾਂ 'ਤੇ ਅਸੀਂ ਮਾਣ ਕਰ ਸਕਦੇ ਹਾਂ। ਜਦਕਿ ਅਜਿਹੀਆਂ ਅਨੇਕਾਂ ਹੀ ਹਿੰਦੀ ਫਿਲਮਾਂ ਹਨ ਜਿਨ੍ਹਾਂ ਦਾ ਆਧਾਰ ਪੰਜਾਬ, ਪੰਜਾਬੀ ਜਾਂ ਪੰਜਾਬੀਅਤ ਹੈ ਅਤੇ ਉਨ੍ਹਾਂ ਫਿਲਮਾਂ ਨੇ ਸਿਨੇਮਾ ਦੇ ਇਤਿਹਾਸ 'ਚ ਨਿਵੇਕਲੀਆਂ ਪੈੜਾਂ ਪਾਈਆਂ ਹਨ। ਪੰਜਾਬੀ ਫਿਲਮਾਂ ਹਾਸੇ-ਠੱਠੇ ਤੇ ਚੁਟਕਲੇਬਾਜ਼ੀ ਤੋਂ ਸ਼ੁਰੂ ਹੋ ਕੇ ਅੱਜ ਫਿਰ ਉਸੇ ਮੁਕਾਮ 'ਤੇ ਆ ਕੇ ਰੁਕ ਗਈਆਂ ਹਨ।

ਪੰਜਾਬੀ ਫਿਲਮਾਂ ਪਰਿਵਾਰਕ ਦੁਸ਼ਮਣੀ ਤੇ ਜੱਟਵਾਦ ਦੇ ਘੇਰੇ 'ਚੋਂ ਨਿਕਲ ਕੇ ਪਰਵਾਸ ਵਰਗੇ ਵਿਸ਼ਿਆਂ ਰਾਹੀਂ ਹੁੰਦੀਆਂ ਹੋਈਆਂ ਕਬੱਡੀ, ਕਾਮੇਡੀ ਤੇ ਕਾਲਜਵਾਦ ਤੋਂ ਅੱਗੇ ਲੰਘ ਕੇ ਹੁਣ ਫੂਹੜ ਮਜ਼ਾਕ ਅਤੇ ਚੁਟਕਲੇਬਾਜ਼ੀ 'ਤੇ ਆ ਗਈਆਂ ਹਨ। ਸੁਣਨ 'ਚ ਆਇਆਂ ਹੈ ਕਿ ਆਉਣ ਵਾਲੇ ਸਮੇਂ 'ਚ ਹੁਣ ਪੰਜਾਬੀ ਵਿਆਹਾਂ ਨੂੰ ਵੀ ਫਿਲਮਾਂ ਰਾਹੀਂ 'ਕੈਸ਼' ਕਰਨ ਦੀਆਂ ਜੁਗਤਾਂ ਤਿਆਰ-ਬਰ-ਤਿਆਰ ਹਨ।

ਦਰਅਸਲ ਸਿਨੇਮਾ ਮਨੋਰੰਜਨ ਦਾ ਜ਼ਰੀਆ ਹੈ ਅਤੇ ਜਦੋਂ ਕੋਈ ਫਿਲਮ ਕਿਸੇ ਸਾਰਥਕ ਸੰਦੇਸ਼ ਜਾਂ ਉਦੇਸ਼ ਨੂੰ ਦਰਸ਼ਕਾਂ/ਸਮਾਜ ਤੱਕ ਪਹੁੰਚਾਉਣ ਦੀ ਪੂਰਤੀ ਵੀ ਕਰ ਲਵੇ ਤਾਂ ਅਜਿਹੀ ਫਿਲਮ ਇਤਿਹਾਸ 'ਚ ਆਪਣਾ ਨਾਂ ਦਰਜ ਕਰਾ ਲੈਂਦੀ ਹੈ। ਮਨੋਜ ਕੁਮਾਰ ਦੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਇਸ ਦੀ ਚੰਗੀ ਉਦਾਹਰਣ ਹਨ। ਪੰਜਾਬੀ ਸਿਨੇਮਾ ਦੀ ਇਕ ਹੋਰ ਤ੍ਰਾਸਦੀ ਉਭਰ ਕੇ ਸਾਹਮਣੇ ਆਈ ਹੈ। 'ਮਸ਼ਕਰੀ ਅਦਾਕਾਰੀ' ਅਤੇ 'ਘੋਟਵੇਂ ਸੰਵਾਦ' ਬੋਲਣ ਤੋਂ ਬਾਅਦ ਹੁਣ ਗਾਉਣ ਵਾਲਿਆਂ ਦੀ ਧੜਾਧੜ ਆਮਦ ਨੇ ਪੰਜਾਬੀ ਫਿਲਮਾਂ ਦਾ ਮਿਆਰ ਘਟਾਇਆ ਹੈ।

ਜ਼ਰੂਰੀ ਨਹੀਂ ਕਿ ਗੀਤਾਂ 'ਚ ਵਧੀਆ ਅਦਾਕਾਰੀ ਕਰਨ ਵਾਲਾ ਫਿਲਮ ਪੱਧਰ 'ਤੇ ਵੀ ਆਪਣਾ ਪ੍ਰਭਾਵ ਦਰਜ ਕਰਾ ਸਕੇ। ਸਿਨੇਮਾ 'ਚ ਦ੍ਰਿਸ਼ ਦੀ ਮੰਗ ਅਨੁਸਾਰ ਹਾਵ-ਭਾਵ ਅਤੇ ਸੰਵਾਦ ਬੋਲਣੇ ਜਣੇ-ਖਣੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇਹੀ ਕਾਰਣ ਹੈ ਕਿ ਗਾਉਣ ਵਾਲੇ ਫਿਲਮੀ ਅਦਾਕਾਰਾਂ 'ਤੇ ਜ਼ਿਆਦਾਤਰ 'ਲਾਂਗ ਸ਼ੌਟ' (ਦੂਰੋਂ ਫਿਲਮਾਏ ਗਏ ਦ੍ਰਿਸ਼) ਫਿਲਮਾਏ ਜਾਂਦੇ ਹਨ ਅਤੇ ਉਨ੍ਹਾਂ ਦੇ ਹਾਵ-ਭਾਵ ਅਤੇ ਮੁਦਰਾਵਾਂ ਨੂੰ 'ਕਲੌਜ ਸ਼ੋਟ' ਰਾਹੀਂ ਬਹੁਤ ਹੀ ਘੱਟ ਦਿਖਾਇਆ ਜਾਂਦਾ ਹੈ। ਗੁਰਦਾਸ ਮਾਨ ਨੂੰ ਛੱਡ ਕੇ 'ਸੀਰੀਅਸ ਅਦਾਕਾਰੀ' 'ਚ ਹਾਲੇ ਤੱਕ ਕੋਈ ਪੰਜਾਬੀ ਗਾਇਕ ਆਪਣਾ ਪ੍ਰਭਾਵ ਦਰਜ ਨਹੀਂ ਕਰਵਾ ਸਕਿਆ।

ਹੱਥਾਂ 'ਤੇ ਗਿਣੇ ਜਾ ਸਕਣ ਵਾਲੇ ਕੁਝ ਕੁ ਪੰਜਾਬੀ ਗਾਇਕਾਂ ਨੇ ਕਾਮੇਡੀ ਵਿਚ ਜ਼ਰੂਰ ਜੌਹਰ ਦਿਖਾਏ ਹਨ ਪਰ ਉਹ ਅਦਾਕਾਰੀ ਦੇ ਪੱਧਰ ਤੋਂ ਹਾਲੇ ਵੀ ਕਾਫੀ ਨੀਵੇਂ ਹਨ। ਖੈਰ, ਇਹ ਵਿਸ਼ਾ ਵੱਖਰਾ ਹੈ! ਮੌਜੂਦਾ ਸਮੇਂ ਸਾਰੇ ਸਾਧਨ ਹੋਣ ਦੇ ਬਾਵਜੂਦ ਪੰਜਾਬੀ ਫਿਲਮਾਂ ਇਕ 'ਖਾਸ ਘੇਰੇ' 'ਚ ਫਸੀਆਂ ਹੋਈਆਂ ਹਨ। ਇਹ ਦਾਇਰਾ ਤੋੜਨ ਨਾਲ ਹੀ ਅਸੀਂ ਦੱਖਣੀ ਸਿਨੇਮਾ ਵਾਂਗ ਆਪਣਾ ਵੱਖਰਾ ਨਾਂ ਦਰਜ ਕਰਾ ਸਕਣ ਦੇ ਯੋਗ ਹੋਵਾਂਗੇ। ਜਦੋਂ ਸਾਹਿਤ 'ਚ ਪੰਜਾਬ ਦਾ ਇਕ ਵੱਖਰਾ ਮੁਕਾਮ ਹੈ ਤਾਂ ਫਿਲਮਾਂ 'ਚ ਕਿਉਂ ਨਹੀਂ?

ਵਿਸ਼ਿਆਂ ਪੱਖੋਂ ਪੰਜਾਬੀ ਸਾਹਿਤ ਅੰਤਾਂ ਦਾ ਅਮੀਰ ਹੈ। ਤਕਨੀਕੀ ਪੱਖੋਂ ਪੰਜਾਬੀ ਫਿਲਮਾਂ 'ਚ ਆਧੁਨਿਕਤਾ ਆ ਜਾਣਾ ਹੀ ਅਹਿਮ ਨਹੀਂ ਹੈ, ਜ਼ਰੂਰਤ ਹੈ ਫਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਪੰਜਾਬੀ ਸੋਚ, ਵਿਚਾਰਾਂ, ਸੱਭਿਆਚਾਰ ਅਤੇ ਸਾਹਿਤ ਦੀ ਵੀ ਚੰਗੀ ਸੋਝੀ ਹੋਵੇ। 'ਮੁੰਡੀਰ' ਨੁਮਾ ਵਿਸ਼ਿਆ ਤੋਂ ਬਾਹਰ ਨਿਕਲਣਾ ਪਵੇਗਾ ਅਤੇ ਹਕੀਕਤ ਨਾਲ ਜੁੜੇ ਤੇ ਸਿਆਣਪਭਰਪੂਰ ਵਿਸ਼ਿਆਂ ਨੂੰ ਵੀ ਦਰਸ਼ਕਾਂ ਸਾਹਮਣੇ ਲਿਆਉਣਾ ਪਵੇਗਾ। ਚੁਟਕਲੇ ਸੁਣਨੇ ਅਤੇ ਸੁਣਾਉਣੇ ਚੰਗੇ ਤਾਂ ਲੱਗਦੇ ਹਨ ਪਰ ਇਹ ਚੇਤਿਆਂ 'ਚ ਨਹੀਂ ਵਸੇ ਰਹਿੰਦੇ, ਸੋਚ ਨਹੀਂ ਬਦਲਦੇ ਅਤੇ ਸਮਾਜਿਕ ਪੱਧਰ 'ਤੇ ਇਨ੍ਹਾਂ ਦੀ ਕੋਈ ਬਹੁਤੀ ਅਹਿਮੀਅਤ ਵੀ ਨਹੀਂ ਹੁੰਦੀ।

npsjagdeo@gmail.com 

No comments: