Sunday, April 1, 2012

ਰੀਲਾਂ, ਡੈੱਕ ਅਤੇ ਵੀ.ਸੀ.ਆਰ






ਕਿਆ ਦਿਨ ਸੀ ਉਹ ਵੀ! ਮਹੀਨੇ ਕੁ ਬਾਅਦ ਦੁਕਾਨ 'ਤੇ ਜਾਣਾ ਅਤੇ ਗਾਇਕਾਂ ਦੀਆਂ ਨਵੀਆਂ 'ਰੀਲਾਂ' ਬਾਰੇ ਪੁੱਛਣਾ “ ਅੰਕਲ ਜੀ ਆਈ ਕੋਈ ਨਵੀਂ ਟੇਪ?” ਅਤੇ ਦੁਕਾਨਦਾਰ ਨੇ ਤਿੰਨ-ਚਾਰ ਆਡੀਓ ਕੈਸਟਾਂ ਕੱਢਕੇ ਮੂਹਰੇ ਰੱਖ ਦੇਣੀਆਂ। “ ਕਿਸੇ ਵਧੀਆਂ ਜਿਹੇ ਸਿੰਗਰ ਦੀ ਟੇਪ ਨੀ ਆਈ?” ਲੈ ਆਹ ਸਾਰੇ ਕਿਤੇ ਮਾੜੇ ਨੇ, ਅੱਗੋਂ ਜਵਾਬ ਮਿਲਣਾ। ਚਾਰ ਦਿਨਾਂ 'ਚ ਸਾਰੀਆਂ ਟੇਪਾਂ ਵਿਕ ਗਈਆਂ, ਹੁਣ ਦੋਬਾਰਾ ਮੰਗਵਾਈਆਂ ਨੇ, ਦੁਕਾਨਦਾਰ ਨੇ ਕਹਿਣਾ। ਵੀਹ ਰੁਪਏ ਦੇਣੇ ਤੇ ਦੋ ਰੁਪਏ ਵਾਪਸ ਲੈ ਕੇ ਨਵੀਂ ਰੀਲ ਲੈ ਆਉਣੀ। ਕਦੇ-ਕਦੇ ਕਿਸੇ ਜਾਣਕਾਰ ਨੇ ਦੱਸ ਦੇਣਾ ਕਿ ਫਲਾਣੇ ਗਾਇਕ ਦੀ ਕੈਸੇਟ ਆਈ ਏ ਨਵੀਂ, ਪੂਰੀ ਘੈਂਟ ਏ। ਲੱਗੇ ਹੱਥੀਂ ਉਹ ਕੈਸੇਟ ਵੀ ਲੈ ਆਉਣੀ।

ਉਸ ਵੇਲੇ ਸਾਡੇ ਕੋਲ ਫਿਲੀਪਸ ਦਾ ਟੇਪ ਰਿਕਾਰਡਰ ਸੀ ਜੋ ਕਿ ਉਨ੍ਹਾਂ ਸਮਿਆਂ 'ਚ ਬਹੁਤ ਵਧੀਆਂ ਮੰਨਿਆਂ ਜਾਂਦਾ ਸੀ।ਨਵੀਆਂ ਰੀਲਾਂ ਉਸੇ 'ਚ ਸੁਣਨੀਆਂ ਪਰ ਅਵਾਜ਼ ਤਾਂ ਡੈੱਕ, ਐਂਪਲੀਫਾਈਰ ਅਤੇ 9 ਇੰਚੀ ਦੇ ਬਕਸਿਆਂ ਨਾਲ ਹੀ ਬਣਦੀ ਸੀ। 16-17 ਸਾਲ ਪਹਿਲਾਂ ਚੁਬਾਰੇ ਵਾਲੇ ਕਮਰੇ 'ਚ ਪੀ.ਐਚ.ਐਕਸ ਦਾ ਡੈੱਕ ਅਤੇ ਕੰਧਾਂ 'ਤੇ 9 ਇੰਚੀ ਦੇ ਬਕਸੇ ਖਾਸ ਤੌਰ 'ਤੇ ਟੰਗੇ ਸੀ ਮੈਂ ਅਤੇ ਵੱਡੇ ਵੀਰੇ ਹਰਦੀਪ ਨੇ। ਬਸੰਤ ਪੰਚਮੀ ਵਾਲੇ ਦਿਨ ਵੀ ਸਭ ਤੋਂ ਉੱਪਰਲੀ ਛੱਤ 'ਤੇ ਦੱਬ ਕੇ ਡੈੱਕ ਵਜਾਉਣਾ। ਕਿਆ ਦਿਨ ਸੀ ਉਹ!

ਗਿਣਵੇਂ ਜਿਹੇ ਗਾਉਣ ਵਾਲੇ ਸੀ ਤੇ ਗਿਣਵੀਆਂ ਜਿਹੀਆਂ ਹੀ ਰੀਲਾਂ ਆਉਂਦੀਆਂ ਸੀ ਉਨ੍ਹਾਂ ਦਿਨਾਂ 'ਚ। ਕਿਸੇ ਰੀਲ ਦੀ ਕੀਮਤ 18 ਰੁਪਏ ਤੇ ਕਿਸੇ ਦੀ 25 ਰੁਪਏ। ਡੈੱਕ ਬੜਾ ਸੰਭਾਲ ਕੇ ਰੱਖਿਆ ਹੋਇਆ ਸੀ। ਇਤਫਾਕ ਹੀ ਮੰਨ ਲਓ ਕਿ ਸਾਰੀਆਂ ਰੀਲਾਂ ਹੀ ਪੰਜਾਬੀ ਗਾਣਿਆਂ ਦੀਆਂ ਸਨ, ਸ਼ਾਇਦ ਹੀ ਹਿੰਦੀ ਗਾਣਿਆਂ ਦੀ ਕੋਈ ਇੱਕ ਅੱਧੀ ਰੀਲ ਹੋਵੇਗੀ।

ਉਸ ਦੌਰ 'ਚ ਅਜਿਹੀਆਂ ਬਹੁਤ ਸਾਰੀਆਂ ਰੀਲਾਂ ਦੀਆਂ ਡੁਪਲੀਕੇਟ ਕੈਸਟਾਂ ਬਜ਼ਾਰ 'ਚ ਮਿਲ ਜਾਂਦੀਆਂ ਸਨ ਜਿਨ੍ਹਾਂ ਦੀ ਰਿਕਾਰਡਿੰਗ ਵਿਦੇਸ਼ਾਂ 'ਚ ਹੋਈ ਹੁੰਦੀ ਸੀ ਅਤੇ ਉਨ੍ਹਾਂ ਨੂੰ ਗਾਉਣ ਵਾਲੇ ਵੀ ਜ਼ਿਆਦਾਤਰ ਵਿਦੇਸ਼ਾਂ 'ਚ ਰਹਿਣ ਵਾਲੇ ਪੰਜਾਬੀ ਗਾਇਕ ਹੀ ਹੁੰਦੇ ਸੀ। ਅਜਿਹੀਆਂ ਰੀਲਾਂ 'ਚ ਤੇਜ਼-ਤਰਾਰ ਸੰਗੀਤ ਅਤੇ ਇੱਧਰਲੇ ਗਾਇਕਾਂ ਨਾਲੋਂ ਕਾਫੀ ਕੁਝ ਵੱਖਰਾ ਸੁਣਨ ਨੂੰ ਮਿਲ ਜਾਂਦਾ ਸੀ। ਨੌਜਵਾਨ ਮੁੰਡਿਆਂ 'ਚ ਅਜਿਹੀਆਂ ਰੀਲਾਂ ਦੀ ਬੜੀ ਮੰਗ ਹੁੰਦੀ ਸੀ ਪਰ ਬਹੁਤੇ ਦੁਕਾਨਦਾਰ ਅਜਿਹੀਆਂ ਕੈਸਟਾਂ ਸਿਰਫ ਪੱਕੇ ਅਤੇ ਜਾਣਕਾਰ ਗਾਹਕਾਂ ਨੂੰ ਹੀ ਦਿੰਦੇ ਹੁੰਦੇ ਸੀ। ਪਤਾ ਨਹੀਂ ਵੱਡਾ ਵੀਰਾ ਅਜਿਹੀਆਂ ਰੀਲਾਂ ਕਿੱਥੋਂ ਲੈ ਆਉਂਦਾ ਸੀ? ਯੂ.ਕੇ. ਦੇ ਹੀਰਾ ਗਰੱਪ, ਅਲਾਪ ਗਰੁੱਪ, ਸਹੋਤਾ ਗਰੁੱਪ, ਏ.ਐਸ. ਕੰਗ ਅਤੇ ਬਲਵਿੰਦਰ ਸਫਰੀ ਦੀਆਂ ਅਜਿਹੀਆਂ ਕਈ ਰੀਲਾਂ ਜੋ ਮੈਂ 90 ਦੇ ਦਹਾਕੇ 'ਚ ਸੁਣ ਲਈਆਂ ਸਨ, ਬਹੁਤ ਬਾਅਦ ਵਿਚ ਆ ਕੇ ਉਹ ਪੰਜਾਬ 'ਚ ਰਿਲੀਜ਼ ਹੋਈਆਂ।

ਇਕ ਗੱਲ ਹੋਰ। ਪੰਜਾਬੀ ਸੰਗੀਤ ਦੀ ਚੜ੍ਹਤ ਦੇਖ ਕੇ ਬਹੁਤ ਸਾਰੀਆਂ ਦਿੱਲੀ ਅਤੇ ਬੰਬਈ ਦੀਆਂ ਕੰਪਨੀਆਂ ਨੇ ਵੀ 90ਵਿਆਂ ਦੇ ਅੰਤ 'ਚ ਪੰਜਾਬੀ ਸੰਗੀਤ ਉਦਯੋਗ 'ਚ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ। ਅਜਿਹੀਆਂ ਕੰਪਨੀਆਂ 'ਚ ਰਿਲੀਜ਼ ਹੋਣ ਵਾਲੀਆਂ ਜ਼ਿਆਦਾਤਰ ਰੀਲਾਂ ਦੀ ਕੀਮਤ 35 ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਰੱਖੀ ਜਾਂਦੀ ਸੀ। ਅਜਿਹੇ ਸਮੇਂ 15 ਕੁ ਰੁਪਏ ਦੀ ਖਾਲੀ ਰੀਲ ਲੈ ਕੇ ਆਪਣੀ ਪਸੰਦ ਦੇ ਵੱਖ-ਵੱਖ ਗਾਇਕਾਂ ਦੇ ਅੱਠ ਕੁ ਗਾਣੇ ਕਾਗਜ਼ 'ਤੇ ਲਿਖ ਕੇ ਦੁਕਾਨਦਾਰ ਨੂੰ ਦੇ ਦੇਣੇ ਅਤੇ ਉਹ 10 ਰੁਪਏ 'ਚ ਰਿਕਾਰਡਿੰਗ ਕਰ ਕੇ 'ਸੁਪਰਹਿੱਟ' ਗਾਣੇ ਰੀਲ 'ਚ ਭਰ ਕੇ ਦੇ ਦਿੰਦਾ ਸੀ। ਸ਼ਾਨਦਾਰ ਦਿਨ ਸੀ ਉਹ!

1993 'ਚ ਜਦੋਂ ਕੇਬਲ ਤਾਰ ਲਵਾਈ ਸੀ ਤਾਂ ਲਾਲਚ ਸਿਰਫ ਏਨਾਂ ਹੀ ਸੀ ਕਿ ਹੁਣ ਫਿਲਮਾਂ ਵੀ.ਸੀ.ਆਰ (ਵੀਡੀਓ ਕੈਸੇਟ ਰਿਕਾਰਡਰ) 'ਤੇ ਨਹੀਂ ਦੇਖਣੀਆਂ ਪੈਣਗੀਆਂ। ਟੀ.ਵੀ. ਉੱਤੇ ਹੀ ਰੋਜ਼ ਨਵੀਂ ਫਿਲਮ ਦੇਖਿਆ ਕਰਾਂਗੇ। ਨਹੀਂ ਤਾਂ ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਦੂਰਦਰਸ਼ਨ ਵਾਲੇ ਫਿਲਮ ਦਿਖਾਉਂਦੇ ਸੀ ਤੇ ਉਹ ਵੀ ਪੁਰਾਣੀ ਜਿਹੀ। ਕਿੰਨਾ ਚਾਅ ਸੀ ਉਦੋਂ ਫਿਲਮਾਂ ਦਾ! ਕਿਆ ਦਿਨ ਸੀ ਉਹ ਵੀ!
ਉਨ੍ਹਾਂ ਦਿਨਾਂ 'ਚ ਵੀ.ਸੀ.ਆਰ ਅਤੇ ਚਾਰ ਫਿਲਮਾਂ 100 ਤੋਂ 150 ਰੁਪਏ ਰਾਤ ਦੇ ਕਿਰਾਏ 'ਤੇ ਮਿਲ ਜਾਇਆ ਕਰਦੀਆਂ ਸਨ। ਤਿੰਨ ਫਿਲਮਾਂ ਨਵੀਆਂ ਲੈ ਆਉਣੀਆਂ ਤੇ ਇਕ ਭੂਤਾਂ ਵਾਲੀ। ਨਾਲ ਹੀ ਲੱਗੇ ਹੱਥੀਂ ਕੋਈ ਵਿਆਹ ਵਾਲੀ ਫਿਲਮ ਵੀ ਦੇਖ ਲੈਣੀ। ਕੇਬਲ ਟੀ.ਵੀ. ਦੇ ਉਨ੍ਹਾਂ ਮੁੱਢਲੇ ਦਿਨਾਂ 'ਚ ਵੀ, ਵੀ.ਸੀ.ਆਰ ਦੀ ਪੂਰੀ ਚੜ੍ਹਤ ਸੀ। ਮੇਰੇ ਨਾਨਕੇ ਪਿੰਡ ਮਾਮਾ ਜੀ ਨੇ ਵਿਦੇਸ਼ ਤੋਂ ਵੀ.ਸੀ.ਆਰ ਭੇਜਿਆ ਸੀ ਤੇ ਪਿੰਡ 'ਚ ਨਾਨਕੇ ਪਰਿਵਾਰ ਦੀ ਪੂਰੀ ਟੌਅਰ ਸੀ। ਸਾਰੀ ਰਾਤ ਵੀ.ਸੀ.ਆਰ 'ਤੇ ਫਿਲਮਾਂ ਦੇਖੀ ਜਾਣੀਆਂ। ਦੂਸਰੇ ਦਿਨ ਜਦੋਂ ਮਿੱਤਰਾਂ ਨੂੰ ਦੱਸਣਾ ਤਾਂ ਉਨ੍ਹਾਂ ਪੂਰੀ ਉਤਸੁਕਤਾ ਨਾਲ ਫਿਲਮਾਂ ਦੀ ਕਹਾਣੀ ਸੁਣਨੀ। ਮੇਰੇ ਉਹ ਦਿਨ ਵੀ ਯਾਦ ਹੈ ਜਦੋਂ ਇਕ ਵਾਰ ਘਰ ਦੇ ਵਰਾਂਡੇ 'ਚ ਵੀ.ਸੀ.ਆਰ ਲਗਾ ਦਿੱਤਾ ਸੀ ਤੇ ਪੂਰਾ ਮੁਹੱਲਾ ਰਾਤ ਦੀਆਂ ਰੋਟੀਆਂ ਖਾ ਕੇ ਵਿਹੜੇ 'ਚ ਆ ਬੈਠਿਆ ਸੀ। ਕਿਆ ਦਿਨ ਸੀ!

ਵੀ.ਸੀ.ਆਰ. ਕਿਰਾਏ 'ਤੇ ਲੈਣ ਲਈ ਵੀ ਉਨ੍ਹਾਂ ਦਿਨਾਂ 'ਚ ਪੂਰਾ ਧੱਕਾ ਪੈਂਦਾ ਹੁੰਦਾ ਸੀ। ਵਿਆਹਾਂ ਦੇ ਸੀਜਨ ਦੌਰਾਨ ਕਈ-ਕਈ ਦਿਨ ਪਹਿਲਾਂ ਹੀ ਇਸਦੀ ਬੁਕਿੰਗ ਕਰਾਉਣੀ ਪੈਂਦੀ ਸੀ। ਕਿਰਾਇਆਂ ਵੀ ਦੁਕਾਨਦਾਰ ਆਪਣੀ ਮਰਜ਼ੀ ਦਾ ਲੈਂਦਾ। ਇਹੀ ਹਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਹੁੰਦਾ ਸੀ। ਦੁਕਾਨਦਾਰ ਤੋਂ ਵੀ.ਸੀ.ਆਰ. ਕਿਰਾਏ 'ਤੇ ਲੈਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲੈਣਾ ਕਿ ਉਸ ਰਾਤ ਬਿਜਲੀ ਦਾ ਕੱਟ ਤਾਂ ਨਹੀਂ ਹੈ। ਆਮ ਤੌਰ 'ਤੇ ਇਕ ਫਿਲਮ ਦਾ ਕਿਰਾਇਆ 20 ਕੁ ਰੁਪਏ ਹੁੰਦਾ ਸੀ ਪਰ ਕਈ ਫਿਲਮਾਂ ਜਿਵੇਂ ਖਲਨਾਇਕ, ਸਾਜਨ ਅਤੇ ਆਸ਼ਕੀ ਫਿਲਮਾਂ ਦਾ ਉਸ ਦੌਰ 'ਚ ਏਨਾ ਕਰੇਜ਼ ਸੀ ਕਿ ਫਿਲਮ ਦਾ 'ਅਸਲੀ ਪਿੰ੍ਰਟ' ਦੇਖਣ ਲਈ ਲੋਕ 200 ਰੁਪਿਆ ਕਿਰਾਇਆ ਦੇਣ ਲਈ ਵੀ ਤਿਆਰ ਸੀ। ਕਈ ਦੁਕਾਨਦਾਰ ਤਾਂ ਬਿਨਾਂ ਗਵਾਹੀ ਤੋਂ ਵੀਡੀਓ ਕੈਸਟ ਦਿੰਦੇ ਹੀ ਨਹੀਂ ਸੀ।

ਪਿਛਲੇ ਦਿਨੀਂ ਆਪਣੇ ਫੁੱਫੜ ਜੀ ਨੂੰ ਮੈਂ ਪੁੱਛਿਆ ਕਿ ਉਨ੍ਹਾਂ ਦੇ ਵਿਆਹ ਵਾਲੀ ਸੀ.ਡੀ. ਕਿੱਥੇ ਹੈ। ਦੇਖਣ ਦਾ ਦਿਲ ਕਰ ਰਿਹਾ ਹੈ। ਭੂਆ ਦਾ ਵਿਆਹ 1996 'ਚ ਹੋਇਆ ਸੀ। ਉਦੋਂ ਵਿਆਹਾਂ ਦੀਆਂ ਰੀਲਾਂ ਵੱਡੀਆਂ-ਵੱਡੀਆਂ ਬਣਦੀਆਂ ਸਨ, ਜੋ ਸਿਰਫ ਵੀ.ਸੀ.ਆਰ 'ਤੇ ਹੀ ਦੇਖੀਆਂ ਜਾ ਸਕਦੀਆਂ ਹਨ। ਕਹਿੰਦੇ, ਵਿਆਹ ਵਾਲੀਆਂ ਰੀਲਾਂ ਤਾਂ ਹਾਲੇ ਸੀ.ਡੀ. ਰੂਪ 'ਚ ਤਬਦੀਲ ਹੀ ਨਹੀਂ ਕਰਵਾਈਆਂ। ਤੇ ਹੁਣ ਕੋਈ ਵੀ.ਸੀ.ਆਰ. ਕਿੱਥੋਂ ਲਿਆਵੇ!

ਮੇਰੇ ਕੋਲ ਹਾਲੇ ਵੀ ਉਸ ਦੌਰ ਦੀਆਂ ਬਹੁਤ ਸਾਰੀਆਂ ਆਡੀਓ ਰੀਲਾਂ ਪਈਆਂ ਹਨ। ਪਰ ਖਿਡੌਣੇ ਸਮਝ ਕੇ ਉਨ੍ਹਾਂ ਦੀ ਜੋ ਹਾਲਤ ਮੇਰੇ ਭਤੀਜੇ ਨੇ ਕਰ ਦਿੱਤੀ ਹੈ ਉਸਨੂੰ ਦੇਖ ਕੇ ਕਦੇ-ਕਦੇ ਯਾਦ ਆਉਂਦਾ ਏ ਕਿ ਇਕ ਆਹ ਦਿਨ ਤੇ ਇਕ ਉਹ ਦਿਨ। ਸੱਚੀਂ ਕਿਆ ਦਿਨ ਸੀ ਉਹ।

ਨਰਿੰਦਰ ਪਾਲ ਸਿੰਘ ਜਗਦਿਓ

No comments: