ਕਦੇ ਕੁਝ ਲਕੋਇਆ ਨਹੀਂ ਕਦੇ ਵੀ ਛੁਪਾਇਆਂ ਨਹੀਂ,
ਖੁੱਲ੍ਹੀ ਕਿਤਾਬ ਹਾਂ ਤੈਨੂੰ ਹੀ ਪੜ੍ਹਨਾ ਆਇਆਂ ਨਹੀਂ।
ਇਕ ਵਾਰ ਤਾਂ ਪੁੱਛ ਲੈਂਦੀ ਗੱਲ ਦਿਲ ਦੀ,
ਮੈਥੋਂ ਦੱਸਿਆਂ ਨੀ ਗਿਆ ਕੁਝ ਸੰਗ ਕਰਕੇ,
ਤੂੰ ਜਾਣ ਬੁੱਝ ਕੇ ਸਾਨੂੰ ਪਰ ਬੁਲਾਇਆਂ ਨਹੀਂ।
ਹੋਰ ਕਿੰਨੀ ਦੇਰ ਜਿਊਣਗੇ ਰਿਸ਼ਤੇ ਬਿਮਾਰ ਜਿਹੇ,
ਕਸਰ ਨਾ ਛੱਡੀ ਆਪਣੇ ਵੱਲੋਂ ਮੈਂ ਕੋਈ,
ਤੈਨੂੰ ਪਰ ਰੱਤੀ ਭਰ ਨਿਭਾਉਣਾ ਆਇਆਂ ਨਹੀਂ।
ਉਂਝ ਤਾਂ ਤੂੰ ਸੋਚ ਵਿਚਾਰ ਬੜਾ ਕਰਦੀ ਸੀ,
ਕੰਡਿਆਂ ਤੋਂ ਏਨਾ ਹੀ ਜੇ ਡਰ ਤੈਨੂੰ ਲੱਗਦੈ,
ਗੁਲਾਬ ਦੀ ਜਗ੍ਹਾਂ, ਗੁਲਦਾਊਦੀ ਕਿਉਂ ਉਗਾਇਆਂ ਨਹੀਂ?
ਗੱਲ ਇਹ ਠੀਕ ਤੇਰੀ-ਬੰਦਾ ਮੈਂ ਕਿਸੇ ਕੰਮ ਦਾ ਨਹੀਂ,
ਸਾਰੀਆਂ ਤਾਂ ਗੱਲਾਂ ਪਰ ਸੱਚੀਆਂ ਨੀ ਤੇਰੀਆਂ,
ਇਹ ਕਹਿਣਾ ਝੂਠ, ਤੂੰ ਦਿਲ ਕਿਸੇ ਦਾ ਦੁਖਾਇਆਂ ਨਹੀਂ।
ਕਦੇ ਕੁਝ ਲਕੋਇਆ ਨਹੀਂ ਕਦੇ ਵੀ ਛੁਪਾਇਆਂ ਨਹੀਂ,
ਖੁੱਲ੍ਹੀ ਕਿਤਾਬ ਹਾਂ ਤੈਨੂੰ ਹੀ ਪੜ੍ਹਨਾ ਆਇਆਂ ਨਹੀਂ।
ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment