
ਵਿਚਲੀ ਗੱਲ-ਹਰ ਫੈਸਲਾ ਰਾਸ਼ੀਫਲ ਪੜ੍ਹਕੇ ਕਰਨ ਵਾਲਿਆਂ ‘ਚ ਪਹਿਲ ਕਰਨ ਦੀ ਸਮਰੱਥਾ ਹੋ ਹੀ ਨਹੀਂ ਸਕਦੀ।
ਜਿਉਂ-ਜਿਉਂ ਮਨੁੱਖ ਵਿਗਿਆਨਕ ਰਸਤੇ ‘ਤੇ ਚੱਲਦਾ ਹੋਇਆ ਪਦਾਰਥਕ ਤਰੱਕੀ ਦੀਆਂ ਨਵੀਆਂ ਮੰਜ਼ਲਾਂ ਸਰ ਕਰ ਰਿਹਾ ਹੈ, ਤਿਉਂ-ਤਿਉਂ ਅੰਧ-ਵਿਸ਼ਵਾਸ, ਜਾਦੂ-ਟੂਣਾ, ਧਾਗੇ-ਤਬੀਤਾਂ ਅਤੇ ਰਾਸ਼ੀਫਲਾਂ ਦੇ ਚੱਕਰਾਂ ‘ਚ ਘੁੰਮਣ-ਘੇਰੀਆਂ ਵੀ ਵਧੇਰੇ ਖਾ ਰਿਹਾ ਹੈ। ਜੋਤਿਸ਼ਪੁਣੇ ਦੇ ਪ੍ਰਚਾਰ ਲਈ ਤਾਂ ਮੀਡੀਆ ਖਾਸ ਤੌਰ ‘ਤੇ ਟੀ.ਵੀ. ਚੈੱਨਲਾਂ ਨੇ ‘ਨ੍ਹੇਰੀ ਹੀ ਲਿਆ ਰੱਖੀ ਹੈ। ਇਹ ‘ਅੰਨ੍ਹਾ ਵਿਸ਼ਵਾਸ’ ਮਨੁੱਖ ਦੇ ਵਿਅਕਤੀਗਤ ਵਿਕਾਸ ‘ਚ ਕਿਤੇ ਨਾ ਕਿਤੇ ਖਲਲ ਜ਼ਰੂਰ ਪਾ ਰਿਹਾ ਏ ਅਤੇ ਭਵਿੱਖ ‘ਚ ਇਸਦੇ ਹੋਰ ਵੀ ਮਾੜੇ ਨਤੀਜੇ ਨਿਕਲ ਸਕਦੇ ਹਨ।ਮਨੁੱਖ ਦੇ ਵਿਅਕਤੀਗਤ ਵਿਕਾਸ ‘ਚ ਰੁਕਾਵਟ ਦਾ ਮਤਲਬ ਹੈ ਸਮਾਜਕ/ਦੁਨਿਆਵੀਂ ਪੱਧਰ ਦੀ ਤਰੱਕੀ ‘ਤੇ ਪ੍ਰਸ਼ਨ-ਚਿੰਨ੍ਹ। ਭਲਾ ਇਹ ਵੀ ਕੋਈ ‘ਮਾਨਸਿਕ ਵਿਕਾਸ’ ਹੋਇਆ ਕਿ ਹਰ ਕੰਮ ਲਈ ‘ਸ਼ੁਭ ਘੜੀਆਂ’ ਦਾ ਹੀ ਇੰਤਜ਼ਾਰ ਕਰੀ ਜਾਓ!
ਨਿੱਜੀ ਪੱਧਰ ‘ਤੇ ਮੈਂ ਜੋਤਿਸ਼ਪੁਣੇ ਦਾ ਕਦੇ ਵੀ ਹਮਾਇਤੀ ਨਹੀਂ ਰਿਹਾ। ਇਹ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਣ ਦਾ ਨਤੀਜਾ ਨਹੀਂ ਬਲਕਿ ਤਾਰਕਿਕਤਾ ਇਹੀਂ ਕਹਿੰਦੀ ਹੈ ਕਿ ਜੇ ਮਨੁੱਖ ਜੋਤਿਸ਼ਪੁਣੇ ਰਾਹੀਂ ਕੁਝ ਦੱਸ ਸਕਣ ਦੇ ਸਮਰੱਥ ਹੁੰਦਾ ਤਾਂ ਬੰਬ ਧਮਾਕਿਆਂ ‘ਚ ਮਰਨ ਵਾਲੇ ਹਜ਼ਾਰਾਂ-ਲੱਖਾਂ ਬੇਕਸੂਰ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ? ਕਿਵੇਂ ਅਬਦੁਲ (ਕਲਾਮ) ਨਾਂ ਦਾ ਇੱਕ ਬੰਦਾ ਦੇਸ਼ ਦੇ ਰਾਸ਼ਟਰਪਤੀ ਤੱਕ ਦੇ ਅਹੁਦੇ ‘ਤੇ ਪਹੁੰਚ ਗਿਆ ਜਦਕਿ ਇੱਕ ਹੋਰ ਅਬਦੁਲ (ਤੇਲਗੀ) ਜਾਅਲਸ਼ਾਜੀ ਦੇ ਮਾਮਲੇ ‘ਚ ਫਸ ਗਿਆ? ਕਿਉਂ ਇੱਕੋ ਦਿਨ ਜਨਮੇ ਦੋ ਵਿਅਕਤੀਆਂ ਦੀ ਜ਼ਿੰਦਗੀ/ਰਹਿਣ-ਸਹਿਣ ‘ਚ ਜ਼ਮੀਨ-ਅਸਮਾਨ ਦਾ ਫਰਕ ਹੁੰਦਾ ਹੈ?
ਗੱਲ ਸਾਲ 2000 ਦੀ ਹੈ। ਸ਼ਾਇਦ ਮਈ ਦਾ ਮਹੀਨਾ ਸੀ। ਬੀ.ਕਾਮ. ਦੇ ਆਖਰੀ ਸਾਲ ਦੇ ਪੇਪਰ ਦਿੱਤੇ ਹੋਏ ਸੀ ਅਤੇ ਨਤੀਜੇ ਦਾ ਇੰਤਜ਼ਾਰ ਸੀ। ਇੱਕ ਦਿਨ ਦੁਪਹਿਰ ਨੂੰ ਮੇਰਾ ਇਕ ਮਿੱਤਰ ਕਹਿੰਦਾ ਆਪਾਂ ਕਿਸੇ ਕੰਮ ਜਾ ਕੇ ਆਉਣੈ, ਤੂੰ ਤਿਆਰ ਰਹਿ। ਇਹ ਨਾ ਦੱਸਿਆਂ ਕਿ ਕੀ ਕੰਮ ਹੈ ਤੇ ਜਾਣਾ ਕਿੱਥੇ ਹੈ। ਉਨ੍ਹੀਂ ਦਿਨੀਂ ਉਹ ਵਿਦੇਸ਼ ਜਾਣ ਲਈ ਬੜਾ ਕਾਹਲਾ ਸੀ। ਸਿਖਰ ਦੁਪਹਿਰੇ ਅਸੀਂ ਨਜ਼ਦੀਕ ਹੀ ਇੱਕ ਪਿੰਡ ‘ਚ ਅਧੇੜ ਉਮਰ ਦੇ ਇੱਕ ਸਰਦਾਰ ਜੀ ਕੋਲ ਜਾ ਪੁੱਜੇ। ਘਰ ‘ਚ ਦਾਖਲ ਹੋਣ ਲੱਗਿਆਂ ਮੈਂ ਉਸ ਵਿਅਕਤੀ ਦਾ ਨਾਂਅ ਪੜ੍ਹ ਲਿਆ ਸੀ। ਪੁੱਛਣ ‘ਤੇ ਦੋਸਤ ਨੇ ਦੱਸਿਆ ਕਿ ਇਹ ਪੜ੍ਹਿਆ-ਲਿਖਿਆ ਜੋਤਸ਼ੀ ਹੈ। ਐਮ.ਏ. ਐਸਟਰੋਲੋਜ਼ੀ (ਜੋਤਿਸ਼ ਸ਼ਾਸ਼ਤਰ) ਦੀ ਕੀਤੀ ਹੋਈ ਹੈ। ਹਰ ਕਿਸੇ ਨੂੰ ਨਹੀਂ ਮਿਲਦਾ। ਵੱਡੇ-ਵੱਡੇ ਨੇਤਾ/ਸਿਆਸੀ ਲੋਕ ਅਤੇ ਨਾਮੀਂ ਹਸਤੀਆਂ ਇਸ ਕੋਲ ਆਉਂਦੀਆਂ ਨੇ।
ਖੈਰ, ਮੇਰੇ ਮਿੱਤਰ ਨੇ ਤਾਂ ਆਪਣੇ ਬਾਹਰ ਜਾਣ ਦੇ ‘ਜੁਗਾੜ’ ਬਾਰੇ ਉਸ ਨਾਲ ਇੱਕ-ਦੋ ਸਵਾਲ ਕੀਤੇ ਅਤੇ ਜੋਤਸ਼ੀ ਜੀ ਨੇ ਉਸਦੀ ‘ਸ਼ੰਕਾ’ ਦਾ ਸਮਾਧਾਨ ਵੀ ਕਰ ਦਿੱਤਾ। ਅਸੀਂ ਦੋਵੇਂ ਹੀ ਬੈਠੇ ਸੀ ਤਾਂ ਮੇਰੇ ਦੋਸਤ ਤੋਂ ਬਾਅਦ ਜੋਤਸ਼ੀ ਜੀ ਨੇ ਮੇਰਾ ਹੱਥ ਫੜ੍ਹਦਿਆਂ ਕਿਹਾ, “ਹਾਂ ਜੀ ਤੁਸੀਂ ਦੱਸੋ।” ਮੈਂ ਤਾਂ ਇਸ ਲਈ ਤਿਆਰ ਹੀ ਨਹੀਂ ਸੀ ਇਸ ਲਈ ਐਂਵੇ ਪੁੱਛ ਲਿਆ ਕਿ ਮੇਰੀ ਪੜ੍ਹਾਈ ਕਿਵੇਂ ਰਹੂੰ , ਮੈਂ ਕੋਈ ਮਾਸਟਰ ਡਿਗਰੀ ਕਰਨੀ ਚਾਹੁੰਨੈ। ਉਸ ਵੱਲੋਂ ਬੜੀ ਗੰਭੀਰਤਾ ਨਾਲ ਜਵਾਬ ਮਿਲਿਆ, ਕੋਈ ਕੰਮਕਾਰ ਕਰੋ, ਅੱਗੇ ਤੇਰੀ ਕਿਸਮਤ ‘ਚ ਪੜ੍ਹਾਈ ਦੇ ਆਸਾਰ ਘੱਟ ਹੀ ਲੱਗਦੇ ਨੇ। ਵੈਸੇ ਵੀ ਮੈਂ ਸ਼ੁਰੂ ਤੋਂ ਹੀ ਪੜ੍ਹਾਈ ‘ਚ ਔਸਤ ਦਰਜੇ ਦਾ ਵਿਦਿਆਰਥੀ ਰਿਹਾ ਹਾਂ। ਗੱਲ ਦਿਲ ਨੂੰ ਲੱਗ ਗਈ। ਜਦੋਂ ਨਤੀਜਾ ਆਇਆ ਤਾਂ ਉਹ ਆਰ.ਐਲ. (ਰਿਜ਼ਲਟ ਲੇਟ) ਸੀ। ਜਦ ਨੂੰ ਯੂਨੀਵਰਸਿਟੀ ਨੇ ਨਤੀਜਾ ਐਲਾਨਿਆਂ ਦਾਖਲੇ ਦੀਆਂ ਸਭ ਤਾਰੀਖਾਂ ਲੰਘ ਚੁੱਕੀਆਂ ਸਨ। ਇੱਕ ਵਾਰ ਤਾਂ ਜੋਤਸ਼ੀ ਦੀ ਗੱਲ ਸੱਚੀ ਲੱਗੀ।ਪਰ ਹਿੰਮਤ ਨਹੀਂ ਹਾਰੀ ਭਾਵੇਂ ਇੱਕ ਸਾਲ ਵੀ ਡਰਾਪ ਆਊਟ ਕਰਨਾ ਪਿਆ ।
ਇੱਕ ਉਹ ਦਿਨ ਤੇ ਇੱਕ ਅੱਜ ਦਾ ਸਮਾਂ। ਪਹਿਲਾਂ ਮੈਂ ਜਰਨਲਿਜ਼ਮ ਦੀ ਮਾਸਟਰ ਡਿਗਰੀ ਕੀਤੀ ਅਤੇ ਫਿਰ ਐਮ.ਏ. ਪੰਜਾਬੀ ਦੀ ਕੀਤੀ। ਨੰਬਰ ਵੀ ਚੰਗੇ ਰਹੇ। ਜੇ ਕਿਤੇ ਜੋਤਸ਼ੀ ਦੇ ਪਿੱਛੇ ਲੱਗ ਕੇ ਬਹਿ ਜਾਂਦੇ ਤਾਂ ਇਹ ਦੋ ਐਮ.ਏ. ਕਿੱਥੇ ਹੋਣੀਆਂ ਸੀ। ਇਹੀਂ ਐਮ.ਏ. ਦੀਆਂ ਡਿਗਰੀਆਂ ਦੀ ਬਦੌਲਤ ਹੈ ਕਿ ਅੱਜ ਰੋਟੀ ਖਾਣ ਜੋਗੇ ਹੋ ਗਏ ਹਾਂ, ਨਹੀਂ ਤਾਂ ਮੇਰੇ ਮਿੱਤਰ ਦੇ ਉਸ ‘ਪੜ੍ਹੇ-ਲਿਖੇ ਜੋਤਸ਼ੀ’ ਪਿੱਛੇ ਲੱਗਕੇ ਆਪਣਾ ਹੀ ਬਾਂਦਰ ਲੰਡਾ ਕਰਾ ਬੈਠਣਾ ਸੀ।
ਵਿਚਲੀ ਗੱਲ ਤਾਂ ਇਹ ਐ ਕਿ ਜੋਤਿਸ਼/ਕਿਸਮਤ ‘ਚ ਯਕੀਨ ਰੱਖਣ ਵਾਲਿਆਂ ਨੂੰ ਆਪਣੇ ਕਰਮ (ਕੰਮ), ਮਿਹਨਤ, ਲਿਆਕਤ ਅਤੇ ਕਾਬਲੀਅਤ ‘ਤੇ ਭਰੋਸਾ ਨਹੀਂ ਹੁੰਦਾ। ਉਹ ਮੌਕਿਆਂ ਨੂੰ ਪ੍ਰਾਪਤ ਕਰਨ ਦੀ ਕੁਵੱਤ ਨਹੀਂ ਰੱਖਦੇ। ਹਾਲਾਤਾਂ ਨਾਲ ਲੜਨ ਦਾ ਉਨ੍ਹਾਂ ‘ਚ ਮਾਦਾ ਨਹੀਂ ਹੁੰਦਾ। ਹੱਥ/ਮੱਥੇ ਦੀਆਂ ਲਕੀਰਾਂ ਆਸਰੇ ਭਵਿੱਖ ਬਣਾਉਣ ਦੀ ਸੋਚ ਰੱਖਣ ਵਾਲੇ ਹਰ ਮਾੜੀ/ਚੰਗੀ ਘਟਨਾ ਨੂੰ ‘ਓਪਰੀ ਸ਼ੈਅ’ ਦੀ ਕਰਾਮਾਤ ਦੱਸ ਕੇ ਮਨ ਨੂੰ ਧਰਵਾਸਾ ਦੇ ਲੈਂਦੇ ਹਨ। ਹਰ ਫੈਸਲਾ ਰਾਸ਼ੀਫਲ ਪੜ੍ਹਕੇ ਕਰਨ ਵਾਲਿਆਂ ‘ਚ ਪਹਿਲ ਕਰਨ ਦੀ ਸਮਰੱਥਾ ਹੋ ਹੀ ਨਹੀਂ ਸਕਦੀ।
3 comments:
Bahut changa likhya Narinder Ji, eh Jothsi lokan diyaan zindgiaan naal khilwad hi kardey han.
mere dad nu bina pucche ek jyotshi ne kia c tuhadi kuri ne 5 jmata to agge nahi parna... par shukar aa edda hoyi nahi
hahahaha:)
bilkul is tara he hoya ha narinder g, manu ta 8 jamta pada k 7 sal lye padai chuda v dite c par ajj main 6 subjects vich M.A. kar k govt: job v kar rahe ha , hun jotish ja jotishi te koi yakin nahi hi
Post a Comment