Sunday, January 31, 2021

ਖੰਨਾ ਸ਼ਹਿਰ ਦਾ ਇਤਿਹਾਸ: ਕੁਝ ਤੱਥ ਕੁਝ ਸਵਾਲ

 ਮੌਜੂਦਾ ਦੌਰ ਵਿਚ ਖੰਨਾ ਸ਼ਹਿਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦਾ ਰੁਤਬਾ ਹਾਸਲ ਹੈ। ਪੰਜਾਬ ਦੇ ਆਰਥਿਕ ਅਤੇ ਸਮਾਜਕ ਖੇਤਰ ਵਿਚ ਇਸ ਸ਼ਹਿਰ ਦਾ ਵੱਡਾ ਯੋਗਦਾਨ ਹੈ। ਇਤਿਹਾਸਕ ਨਜ਼ਰੀਏ ਤੋਂ ਇਸ ਸ਼ਹਿਰ ਦੇ ਵੱਖ-ਵੱਖ ਪਹਿਲੂਆਂ ਨੂੰ ਤੱਥਾਂ ਸਮੇਤ ਪੇਸ਼ ਕਰਨ ਦੀ ਲਿਖਤੀ ਕੋਸ਼ਿਸ਼ ਪਹਿਲੀ ਵਾਰ ਕੀਤੀ ਜਾ ਰਹੀ ਹੈ। 


ਖੰਨਾ ਸ਼ਹਿਰ ਸਬੰਧੀ ਇਤਿਹਾਸਕ ਤੱਥਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਕਹਾਣੀ ਇਸ ਸ਼ਹਿਰ ਬਾਰੇ ਇਸ ਤਰ੍ਹਾਂ ਹੈ ਕਿ ਤਿੰਨ ਮੁਸਲਮਾਨ ਰਾਜਪੂਤ (ਰੰਗੜ) ਭਰਾ ਰਾਹੂ, ਮਾਹੂ ਤੇ ਖਾਨਾ ਹੁੰਦੇ ਸਨ। ਜਿਸ ਜਗ੍ਹਾਂ `ਤੇ ਰਾਹੂ ਵਸਿਆ ਉਹ ਪਿੰਡ ਰਹੌਣ (ਅੱਜਕੱਲ੍ਹ ਖੰਨਾ ਦਾ ਵਾਰਡ ਨੰਬਰ 1) ਬਣ ਗਿਆ, ਮਾਹੂ ਦੇ ਰੈਣ-ਬਸੇਰੇ ਵਾਲੀ ਥਾਂ ਮਹੌਣ ਪਿੰਡ ਬਣ ਗਈ ਅਤੇ ਖਾਨਾ ਨੇ ਖੰਨਾ ਸ਼ਹਿਰ ਵਸਾਇਆ। ਹਾਲਾਂਕਿ ਇਸ ਸਬੰਧੀ ਕੋਈ ਠੋਸ ਪ੍ਰਮਾਣ ਨਹੀਂ ਮਿਲਦੇ ਪਰ ਕਿਉਂ ਕਿ ਇਹ ਗੱਲ ਪੁਰਾਣੇ ਬਜ਼ੁਰਗਾਂ ਤੋਂ ਸੁਣਨ ਨੂੰ ਮਿਲਦੀ ਹੈ ਇਸ ਲਈ ਖੰਨਾ ਸ਼ਹਿਰ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। 

ਇਕ ਗੱਲ ਇੱਥੇ ਸਪੱਸ਼ਟ ਕਰ ਦੇਵਾਂ ਕਿ ਬਹੁਤੇ ਲੋਕ ਖੰਨਾ ਸ਼ਹਿਰ ਨੂੰ ਖੰਨਾ ਗੋਤ (ਸਰਨੇਮ) ਨਾਲ ਜੋੜ ਲੈਂਦੇ ਹਨ ਪਰ ਇਨ੍ਹਾਂ ਦੋਵਾਂ ਦਾ ਆਪਸ ਵਿਚ ਕੋਈ ਸਬੰਧ ਨਹੀਂ। ਵੈਸੇ, ਖੰਨਾ ਸ਼ਹਿਰ ਵਿਚ ਖੰਨਾ ਗੋਤ ਵਾਲੇ ਲੋਕਾਂ ਦੀ ਵੱਸੋਂ ਜ਼ਰੂਰ ਹੈ। 

ਖੰਨਾ ਸ਼ਹਿਰ ਦੀ ਸਥਾਪਨਾ, ਇਤਿਹਾਸ ਅਤੇ ਸ਼ਹਿਰ ਦੇ ਨਾਂ ਪਿੱਛੇ ਕੀ ਤੱਥ ਹਨ ਇਸ ਸਬੰਧੀ ਕਈ ਦਿਲਚਸਪ ਪਹਿਲੂ ਸਾਹਮਣੇ ਆਉਂਦੇ ਹਨ। ਵੱਖ-ਵੱਖ ਪਹਿਲੂਆਂ ਨੂੰ ਪਰਖਣ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਦੀ ਸਥਾਪਨਾ ਸਵਾ ਦੌ ਸੌ ਸਾਲ ਤੋਂ ਸਾਢੇ ਤਿੰਨ ਸੌ ਸਾਲ ਪਹਿਲਾਂ ਹੋਈ ਹੋਵੇਗੀ। 

ਖੰਨਾ ਬਾਰੇ ਜੋ ਗੱਲ ਸਰਕਾਰੀ ਰਿਕਾਰਡ ਵਿਚ ਦਰਜ ਹੈ ਉਸ ਅਨੁਸਾਰ ਖੰਨਾ ਸ਼ਹਿਰ ਤਕਰੀਬਨ 500 ਸਾਲ ਪੁਰਾਣਾ ਹੈ। ਕਿਉਂ ਕਿ ਸ਼ਹਿਰ ਦਾ ਇਕ ਇਲਾਕਾ `ਪੁਰਾਣੀ ਸਰਾਂ` ਕਰਕੇ ਮਸ਼ਹੂਰ ਹੈ ਇਸ ਲਈ ਸ਼ੇਰ ਸ਼ਾਹ ਸੂਰੀ ਵੱਲੋਂ ਬਣਾਈਆਂ ਸਰਾਵਾਂ ਨਾਲ ਇਸ ਦਾ ਸਬੰਧ ਜੋੜਿਆ ਗਿਆ ਹੈ ਪਰ ਇਸ ਸਬੰਧੀ ਕਿਸੇ ਕੋਲ ਕੋਈ ਤੱਥ/ਸਬੂਤ ਨਹੀਂ ਹਨ। ਸਰਕਾਰੀ ਰਿਕਾਰਡ ਅਨੁਸਾਰ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਨਾਭਾ ਦੇ ਰਾਜੇ ਨਾਲ ਦਯਾ ਕੌਰ ਦਾ ਵਿਆਹ ਹੋਇਆ ਸੀ ਜੋ ਕਿ ਜੱਥੇਦਾਰ ਦਹੇੜੂ ਦੀ ਧੀ ਸੀ। ਰਾਜੇ ਨਾਲ ਦਯਾ ਕੌਰ ਦੇ ਆਪਸੀ ਮਤਭੇਦ ਪੈਦਾ ਹੋਣ ਤੋਂ ਬਾਅਦ ਉਹ ਨਾਭਾ ਛੱਡ ਆਈ ਅਤੇ ਉਸ ਦੇ ਮਾਪਿਆਂ ਨੇ ਉਸਨੂੰ ਅਲੱਗ ਰਹਿਣ ਲਈ ਇਕ ਟੁਕੜਾ ਜ਼ਮੀਨ ਦਾ ਦੇ ਦਿੱਤਾ ਜੋ ਕਿ ਖੰਨਾ ਸ਼ਹਿਰ ਬਣ ਗਿਆ। 

ਹਾਲਾਂਕਿ ਇਸ ਵਿਆਖਿਆ ਵਿਚ 2-3 ਅਜਿਹੇ ਸਵਾਲ ਖੜ੍ਹੇ ਹੁੰਦੇ ਹਨ ਜਿਨ੍ਹਾਂ ਦਾ ਜਵਾਬ ਕਿਸੇ ਪਾਸਿਓ ਨਹੀਂ ਮਿਲਦਾ। ਪਹਿਲਾ ਇਹ ਕਿ ਜੱਥੇਦਾਰ ਦਹੇੜੂ ਕੌਣ ਸੀ। ਦੂਜਾ ਇਹ ਕਿ ਦਯਾ ਕੌਰ ਨਾਭਾ ਦੇ ਕਿਹੜੇ ਰਾਜੇ ਨਾਲ ਵਿਆਹੀ ਗਈ ਸੀ ਅਤੇ ਤੀਜਾ ਇਹ ਕਿ ਰਾਣੀ ਦਯਾ ਕੌਰ ਦੇ ਇੱਥੇ ਵੱਸਣ ਤੋਂ ਪਹਿਲਾਂ ਸਰਾਂ ਮੌਜੂਦ ਸੀ ਜਾਂ ਦਯਾ ਕੌਰ ਦੇ ਵੱਸਣ ਤੋਂ ਬਾਅਦ ਸਰਾਂ ਹੋਂਦ ਵਿਚ ਆਈ। 

ਜੱਥੇਦਾਰ ਦਹੇੜੂ ਦਾ ਪੂਰਾ ਨਾਂ ਕਿਤੇ ਵੀ ਦਰਜ ਨਹੀਂ। ਦਹੇੜੂ ਕਿਸੇ ਵਿਅਕਤੀ ਦਾ ਨਾਂ ਸੀ ਜਾਂ ਨਹੀਂ ਇਸ ਬਾਰੇ ਵੀ ਕੋਈ ਪ੍ਰਮਾਣ ਨਹੀਂ ਮਿਲਦੇ। ਪਰ ਦਹੇੜੂ ਜਾਂ ਕਈ ਦਹਿੜੂ ਆਖਦੇ ਹਨ, ਇਸ ਨਾਂ ਦਾ ਖੰਨਾ ਨਜ਼ਦੀਕ ਇਕ ਪਿੰਡ ਜ਼ਰੂਰ ਹੈ। ਖੰਨਾ ਬਾਰੇ ਹੁਣ ਤੱਕ ਇਹ ਅਧੂਰੀ ਅਤੇ ਕਈ ਸਵਾਲ ਖੜ੍ਹੇ ਕਰਦੀ ਕਹਾਣੀ ਇੰਟਰਨੈੱਟ ਉੱਤੇ ਤੁਰੀ ਫਿਰਦੀ ਹੈ।    

ਖੰਨਾ ਸ਼ਹਿਰ ਬਾਰੇ ਅਸਲੀ ਤੱਥ ਅਤੇ ਖੋਜ ਪੇਸ਼ ਕਰਨ ਤੋਂ ਪਹਿਲਾਂ ਇਹ ਵੀ ਦੱਸ ਦੇਈਏ ਕਿ ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਖੰਨਾ ਜਾਂ ਖੰਨ ਦਾ ਅਰਥ ਹੈ ਟੁਕੜਾ। ਇਹ ਹੋ ਸਕਦਾ ਹੈ ਕਿ ਦਯਾ ਕੌਰ ਨੂੰ ਰਹਿਣ ਲਈ ਜੋ ਜ਼ਮੀਨ ਦਾ ਟੁਕੜਾ ਦਿੱਤਾ ਗਿਆ ਸੀ ਉਸ ਕਰਕੇ ਸ਼ਹਿਰ ਦਾ ਨਾਂ ਖੰਨਾ ਪੈ ਗਿਆ ਹੋਵੇ ਅਤੇ ਖੰਨਾ ਵਿਚ ਜੋ ਰਾਣੀ ਵਾਲੇ ਤਲਾਅ ਦਾ ਇਲਾਕਾ ਹੈ ਓਹ ਰਾਣੀ ਦਯਾ ਕੌਰ ਨਾਲ ਹੀ ਸਬੰਧਤ ਹੋਵੇ।

  ਖੰਨਾ ਦੇ ਇਤਿਹਾਸ ਸਬੰਧੀ ਦੂਜਾ ਅਤੇ ਅਹਿਮ ਪਹਿਲੂ ਇਹ ਹੈ ਕਿ ਨਾਭੇ ਦੇ ਰਾਜਿਆਂ ਦਾ ਇਤਿਹਾਸ ਫਰੋਲਣ ਤੋਂ ਪਤਾ ਲੱਗਦਾ ਹੈ ਕਿ ਦਯਾ ਕੌਰ ਨਾਂ ਦੀ ਇਕ ਰਾਣੀ ਨਾਭੇ ਦੇ ਪੰਜਵੇਂ ਰਾਜੇ ਰਾਜਾ ਜਸਵੰਤ ਸਿੰਘ ਨੂੰ ਵਿਆਹੀ ਹੋਈ ਸੀ। ਰਾਜਾ ਜਸਵੰਤ ਸਿੰਘ ਦਾ ਜਨਮ 1775 ਵਿਚ ਹੋਇਆ ਸੀ ਅਤੇ ਉਸ ਦਾ ਰਾਜਕਾਲ 1783 ਤੋਂ 1840 ਤੱਕ ਦਾ ਰਿਹਾ ਹੈ। ਵੈਸੇ ਰਾਜਾ ਜਸਵੰਤ ਸਿੰਘ ਦੀਆਂ ਪੰਜ ਰਾਣੀਆਂ ਸਨ ਅਤੇ ਰਾਣੀ ਦਯਾ ਕੌਰ ਉਸ ਦੀ ਪਹਿਲੀ ਰਾਣੀ ਸੀ ਜੋ ਕਿ ਨਿਸ਼ਾਨ ਵਾਲੀਆ ਮਿਸਲ ਦੇ ਜੈ ਸਿੰਘ ਦੀ ਧੀ ਸੀ। ਜੈ ਸਿੰਘ ਜਲੰਧਰ ਨਜ਼ਦੀਕ ਪਿੰਡ ਲਿੱਧੜਾਂ ਦਾ ਰਹਿਣ ਵਾਲਾ ਸੀ। 

1763-64 ਵਿਚ ਸਰਹਿੰਦ ਦੇ ਯੁੱਧ ਤੋਂ ਬਾਅਦ ਨਿਸ਼ਾਨ ਵਾਲੀਆ ਮਿਸਲ ਨੇ ਸ਼ਾਹਬਾਦ, ਅੰਬਾਲਾ, ਸਰਾਏ ਲਸ਼ਕਰੀ ਖਾਨ ਜੋ ਕਿ ਗੁਰੂਦੁਆਰਾ ਮੰਜੀ ਸਾਹਿਬ (ਖੰਨਾ) ਨਜ਼ਦੀਕ ਹੈ, ਦੋਰਾਹਾ ਅਤੇ ਅਮਲੋਹ ਇਲਾਕੇ ਉੱਤੇ ਕਬਜ਼ਾ ਕਰ ਲਿਆ ਸੀ। ਖੰਨਾ ਸ਼ਹਿਰ ਦੋਰਾਹਾ ਅਤੇ ਅਮਲੋਹ ਦੇ ਵਿਚਕਾਰ ਸਥਿਤ ਹੈ, ਇਸ ਲਈ ਇਹ ਹੋ ਸਕਦਾ ਹੈ ਕਿ ਰਾਣੀ ਦਯਾ ਕੌਰ ਨੂੰ ਜੋ ਜ਼ਮੀਨ ਦਾ ਟੁਕੜਾ ਦਿੱਤਾ ਗਿਆ ਸੀ ਉਹ ਸ਼ਹਿਰ ਖੰਨਾ ਹੀ ਹੋਵੇ। 


ਹੁਣ ਸਵਾਲ ਇਹ ਉੱਠਦਾ ਹੈ ਕਿ ਰਾਣੀ ਦਯਾ ਕੌਰ ਨੂੰ ਰਹਿਣ ਲਈ ਜ਼ਮੀਨ ਇੱਥੇ ਹੀ ਕਿਉਂ ਦਿੱਤੀ ਗਈ? ਇਹ ਹੋ ਸਕਦਾ ਹੈ ਕਿ ਦਯਾ ਕੌਰ ਦਾ ਪਰਿਵਾਰ ਉਸ ਦੇ ਵਿਆਹ ਤੋਂ ਕਾਫੀ ਸਮਾਂ ਪਹਿਲਾਂ ਖੰਨਾ ਦੇ ਆਸ-ਪਾਸ ਦੇ ਇਲਾਕੇ (ਪਿੰਡ ਦਹੇੜੂ ਵੀ ਹੋ ਸਕਦਾ!) ਵਿਚ ਆ ਕੇ ਰਹਿਣ ਲੱਗ ਪਿਆ ਹੋਵੇ ਕਿਉਂ ਕਿ ਸਰਹਿੰਦ ਦੇ ਯੁੱਧ ਤੋਂ ਬਾਅਦ  ਖੰਨਾ ਦੇ ਆਸ-ਪਾਸ ਦਾ ਇਲਾਕਾ ਨਿਸ਼ਾਨ ਵਾਲੀਆ ਮਿਸਲ ਅਧੀਨ ਸੀ। ਵੈਸੇ ਰਾਣੀ ਦਯਾ ਕੌਰ ਦੇ ਪਿਤਾ ਜੈ ਸਿੰਘ ਦੀ ਮੌਤ 1773 ਵਿਚ ਹੋ ਗਈ ਸੀ ਅਤੇ ਦਯਾ ਕੌਰ ਦਾ ਵਿਆਹ ਰਾਜਾ ਜਸਵੰਤ ਸਿੰਘ ਨਾਲ ਉਸ ਦੇ ਪਿਤਾ ਜੈ ਸਿੰਘ ਦੀ ਮੌਤ ਤੋਂ ਕਈ ਸਾਲ ਬਾਅਦ ਹੋਇਆ ਹੋਵੇਗਾ। ਇਸ ਦਾ ਕਾਰਣ ਇਹ ਹੈ ਕਿ ਰਾਜਾ ਜਸਵੰਤ ਸਿੰਘ ਦਾ ਤਾਂ ਜਨਮ ਹੀ 1775 ਦਾ ਹੈ।  

ਖੰਨਾ ਵਿਚਲਾ ਰਾਣੀ ਦੇ ਤਲਾਅ ਵਾਲਾ ਇਲਾਕਾ ਪੁਰਾਣੀ ਸਰਾਂ ਕਰਕੇ ਵੀ ਮਸ਼ਹੂਰ ਹੈ। ਅਸਲ ਵਿਚ ਰਾਣੀ ਨੂੰ ਇਹ ਜ਼ਮੀਨ ਇੱਥੇ ਇਸ ਲਈ ਦਿੱਤੀ ਗਈ ਹੋ ਸਕਦੀ ਹੈ ਕਿਉਂ ਕਿ ਇੱਥੇ ਪੁਰਾਣੀ ਸਰਾਂ ਪਹਿਲਾਂ ਹੀ ਮੌਜੂਦ ਹੋਵੇਗੀ ਅਤੇ ਇਲਾਕੇ ਵਿਚ ਲੋਕਾਂ ਦਾ ਆਉਣਾ-ਜਾਣਾ ਹੋਵੇਗਾ। ਰਾਣੀ ਦਯਾ ਕੌਰ ਦੇ ਇੱਥੇ ਰਹਿਣ ਤੋਂ ਪਹਿਲਾਂ ਸਰਾਂ ਦੀ ਮੌਜੂਦਗੀ ਨੂੰ ਝੂਠਲਾਇਆ ਨਹੀਂ ਜਾ ਸਕਦਾ। ਇਸ ਦਾ ਕਾਰਣ ਇਹ ਹੈ ਕਿ ਸੁੰਨੇ ਇਲਾਕੇ ਵਿਚ ਕਿਸੇ ਔਰਤ ਨੂੰ ਰਹਿਣ ਲਈ ਥਾਂ ਦੇਣਾ ਜਾਇਜ਼ ਗੱਲ ਨਹੀਂ ਲੱਗਦੀ। ਇਸ ਲਈ ਰਾਣੀ ਦਯਾ ਕੌਰ ਦੇ ਇੱਥੇ ਰਹਿਣ ਤੋਂ ਪਹਿਲਾਂ ਇੱਥੇ ਸਰਾਂ ਜ਼ਰੂਰ ਹੁੰਦੀ ਹੋਵੇਗੀ। ਹਾਲਾਂਕਿ ਮੂਲ ਸਰਾਂ ਦੇ ਇੱਥੇ ਹੁਣ ਕੋਈ ਨਿਸ਼ਾਨ ਬਾਕੀ ਨਹੀਂ ਬਚੇ ਪਰ ਇਸ ਇਲਾਕੇ ਵਿਚ ਹਾਲੇ ਵੀ ਕੁਝ ਬਹੁਤ ਪੁਰਾਣੀਆਂ ਇਮਾਰਤਾਂ ਹਨ ਜਾਂ ਕਈਆਂ ਦੇ ਖੰਡਰ ਮੌਜੂਦ ਹਨ। ਖੰਨਾ ਵਿਚ ਇਹ ਸਭ ਤੋਂ ਪੁਰਾਣਾ ਇਲਾਕਾ ਅੱਜ ਵੀ ਪੁਰਾਣੀ ਸਰਾਂ ਅਤੇ ਰਾਣੀ ਦੇ ਤਲਾਅ ਕਰਕੇ ਜਾਣਿਆਂ ਜਾਂਦਾ ਹੈ। 


ਮੁਗਲ ਕਾਲ ਵਿਚ ਦਿੱਲੀ ਤੋਂ ਲਾਹੌਰ ਜਾਣ ਦਾ ਜੋ ਰਸਤਾ ਸੀ, ਖੰਨਾ ਓਸ ਰਸਤੇ ਵਿਚ ਸਥਿਤ ਹੈ। ਮੁਗਲ ਕਾਲ ਦੀਆਂ ਸਰਾਵਾਂ ਬਾਰੇ ਤੱਥ ਜਾਨਣ ਲਈ ਇਕ ਖੋਜ ਪੱਤਰ ਦਾ ਹਵਾਲਾ ਦਿੱਤਾ ਜਾ ਸਕਦਾ ਹੈ ਜੋ ਕਿ 1978 ਵਿਚ ਛਪਵਾਇਆ ਗਿਆ ਸੀ ਅਤੇ ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਐਮ.ਫਿਲ ਦੀ ਡਿਗਰੀ ਲਈ ਜ਼ਰੂਰੀ ਖੋਜ ਕਾਰਜ ਦਾ ਹਿੱਸਾ ਸੀ। ਰਵਿੰਦਰ ਕੁਮਾਰ ਵੱਲੋਂ ਲਿਖੇ ਇਸ ਖੋਜ ਪੱਤਰ ਅਨੁਸਾਰ ਸ਼ੇਰ ਸ਼ਾਹ ਸੂਰੀ ਨੇ ਸਰਾਵਾਂ ਬਣਾਉਣ ਵਿਚ ਅਹਿਮ ਰੋਲ ਨਿਭਾਇਆ ਅਤੇ ਉਸ ਦੇ ਰਾਜਕਾਲ ਵਿਚ 1700 ਦੇ ਕਰੀਬ ਸਰਾਵਾਂ ਦੀ ਉਸਾਰੀ ਕਰਵਾਈ ਗਈ। ਉਸ ਨੇ ਜੀ.ਟੀ. ਰੋਡ ਉੱਤੇ ਪੰਜਾਬ ਤੋਂ ਲੈ ਕੇ ਬੰਗਾਲ ਤੱਕ ਬਹੁਤ ਸਾਰੀਆਂ ਸਰਾਵਾਂ ਬਣਵਾਈਆਂ ਸਨ। ਅੱਜ ਵੀ ਇਹ ਰਸਤਾ ਸ਼ੇਰ ਸ਼ਾਹ ਸੂਰੀ ਮਾਰਗ ਵੱਜੋਂ ਜਾਣਿਆਂ ਜਾਂਦਾ ਹੈ (ਕੌਮੀ ਰਾਜਮਾਰਗ ਨੰਬਰ 1 ਜੋ ਕਿ ਹੁਣ ਕੌਮੀ ਰਾਜਮਾਰਗ ਨੰਬਰ 44 ਬਣ ਗਿਆ ਹੈ)। ਦੋ ਵੱਡੇ ਸ਼ਹਿਰਾਂ ਵਿਚਕਾਰ ਓਸ ਵੱਲੋਂ ਬਣਵਾਈਆਂ ਹੋਰ ਕਈ ਸਰਾਵਾਂ ਅੱਜ ਵੀ ਮੌਜੂਦ ਹਨ। ਸੂਰੀ ਨੇ 1540 ਤੋਂ 1545 ਤੱਕ ਰਾਜ ਕੀਤਾ ਹੈ। 

ਵੈਸੇ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਕਿ ਖੰਨਾ ਸਥਿਤ ਪੁਰਾਣੀ ਸਰਾਂ ਕਿਸ ਦੌਰ ਦੀ ਹੈ ਅਤੇ ਕਿਸ ਨੇ ਬਣਵਾਈ ਸੀ। ਪਰ ਇਹ ਹੋ ਸਕਦਾ ਹੈ ਕਿ ਇਹ ਮੁਗਲ ਕਾਲ ਦੇ ਕਿਸੇ ਦੌਰ ਵਿਚ ਬਣੀ ਹੋਵੇ। ਦੂਜਾ ਪਹਿਲੂ ਇਹ ਹੈ ਕਿ ਰਾਣੀ ਦਯਾ ਕੌਰ ਜੇਕਰ 1800 ਈਸਵੀ ਦੇ ਆਸ-ਪਾਸ ਇੱਥੇ ਆ ਕੇ ਵਸੀ ਹੋਵੇ ਤਾਂ ਇਹ ਗੱਲ ਕਰੀਬ ਸਵਾ ਦੌ ਸੌ ਸਾਲ ਪੁਰਾਣੀ ਬਣਦੀ ਹੈ। ਇਹ ਤੱਥ ਵੀ ਹੋਰ ਖੋਜ ਦੀ ਮੰਗ ਕਰਦਾ ਹੈ ਕਿ ਜਿਸ ਰਾਣੀ ਦਯਾ ਕੌਰ (ਜੈ ਸਿੰਘ ਦੀ ਧੀ) ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕੀ ਇਸ ਦਾ ਹੀ ਸਬੰਧ ਖੰਨਾ ਸ਼ਹਿਰ ਨਾਲ ਹੈ ਜਾਂ ਕੋਈ ਹੋਰ ਰਾਣੀ ਦਯਾ ਕੌਰ ਸੀ? 

ਖੈਰ, ਰਾਣੀ ਦੇ ਤਲਾਅ ਦੇ ਆਸ-ਪਾਸ ਜੇਕਰ ਸਰਾਂ ਪਹਿਲਾਂ ਤੋਂ ਹੀ ਮੌਜੂਦ ਸੀ ਤਾਂ ਇਸ ਨੂੰ ਮੰਜੀ ਸਾਹਿਬ ਵਾਲੀ ਸਰਾਂ ਲਸ਼ਕਰੀ ਖਾਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ ਜੋ ਕਿ ਔਰੰਗਜ਼ੇਬ ਦੇ ਕਾਲ ਵਿਚ 1667 ਦੇ ਆਸ-ਪਾਸ ਬਣੀ ਸੀ। ਯਾਨੀ ਕਿ ਕਰੀਬ 350 ਸਾਲ ਪਹਿਲਾਂ। 


ਇਹ ਗੱਲ ਜ਼ਿਆਦਾ ਵਜ਼ਨਦਾਰ ਨਹੀਂ ਲੱਗਦੀ ਕਿ ਸ਼ੇਰ ਸ਼ਾਹ ਸੂਰੀ ਨੇ ਖੰਨਾ ਵਿਚ ਸਰਾਂ ਬਣਵਾਈ ਹੋਵੇਗੀ ਕਿਉਂ ਕਿ ਇਤਿਹਾਸ ਵਿਚ ਸਰਾਏ ਲਸ਼ਕਰੀ ਖਾਨ (ਗੁਰੂਦੁਆਰਾ ਮੰਜੀ ਸਾਹਿਬ, ਖੰਨਾ ਨਜ਼ਦੀਕ) ਦਾ ਜ਼ਿਕਰ ਤਾਂ ਆਉਂਦਾ ਹੈ ਪਰ ਖੰਨਾ ਵਾਲੀ ਸਰਾਂ ਦੀ ਕੋਈ ਚਰਚਾ ਕਿਉਂ ਨਹੀਂ ਆਉਂਦੀ? ਦੂਜੀ ਗੱਲ ਇਹ ਹੈ ਕਿ ਸੂਰੀ ਦੇ ਰਾਜਕਾਲ (1540 ਤੋਂ 1545) ਦੌਰਾਨ ਜੇਕਰ ਖੰਨਾ ਵਿਚ ਸਰਾਂ ਬਣੀ ਸੀ ਤਾਂ ਇਹ ਇਲਾਕਾ ਮੁਗਲ ਕਾਲ ਅਤੇ ਸਿੱਖ ਰਾਜ ਦੌਰਾਨ ਤੱਕ ਏਨਾ ਅਣਗੌਲਿਆ ਕਿਉਂ ਰਿਹਾ। ਕੀ 250 ਸਾਲ ਤੋਂ ਵੀ ਜ਼ਿਆਦਾ ਸਮੇਂ (1540 ਤੋਂ 1800 ਈਸਵੀ ਤੱਕ। 1800 ਦੇ ਆਸ-ਪਾਸ ਰਾਣੀ ਦਯਾ ਕੌਰ ਦਾ ਜ਼ਿਕਰ ਆਉਂਦਾ ਹੈ) ਤੱਕ ਇੱਥੇ ਸਿਰਫ ਸਰਾਂ ਹੀ ਬਣੀ ਰਹੀ, ਹੋਰ ਕੋਈ ਵੱਸੋਂ ਨਹੀਂ ਹੋਈ? ਇਨ੍ਹਾਂ 250 ਸਾਲਾਂ ਦਾ ਇਤਿਹਾਸਕ ਜ਼ਿਕਰ ਕਿੱਥੇ ਹੈ? 

ਕੁਝ ਸਵਾਲ ਇੱਥੇ ਹੋਰ ਜ਼ਿਆਦਾ ਖੋਜ ਦੀ ਮੰਗ ਕਰਦੇ ਹਨ। ਜਿਵੇਂ ਕਿ ਕੀ ਇਹ ਦਯਾ ਕੌਰ ਉਹੀ ਰਾਣੀ ਦਯਾ ਕੌਰ ਹੈ ਜੋ ਕਿ ਨਾਭੇ ਦੇ ਰਾਜਾ ਜਸਵੰਤ ਸਿੰਘ ਨੂੰ ਵਿਆਹੀ ਹੋਈ ਸੀ, ਕੀ ਜੈ ਸਿੰਘ ਨਿਸ਼ਾਨ ਵਾਲੀਆ ਹੀ ਜੱਥੇਦਾਰ ਦਹੇੜੂ ਸੀ, ਖੰਨਾ ਵਿਚ ਸਰਾਂ ਪਹਿਲਾਂ ਸੀ ਜਾਂ ਰਾਣੀ ਦਾ ਤਲਾਬ ਪਹਿਲਾਂ ਬਣਿਆਂ? ਸਰਾਂ ਬਣਵਾਈ ਕਿਸਨੇ ਅਤੇ ਕਿਸ ਕਾਲ ਵਿਚ? ਕੀ ਰਾਹੂ, ਮਾਹੂ ਅਤੇ ਖਾਨਾ ਵਾਲੀ ਗੱਲ ਸਿਰਫ ਕਹਾਣੀ ਹੈ? 

-- ਨਰਿੰਦਰ ਪਾਲ ਸਿੰਘ ਜਗਦਿਓ -- 


(ਜੇਕਰ ਪਾਠਕਾਂ ਨੂੰ ਲੱਗਦਾ ਹੈ ਕਿ ਕਿਸੇ ਇਤਿਹਾਸਕ ਤੱਥ ਵਿਚ ਕਿਸੇ ਪ੍ਰਕਾਰ ਦੀ ਕੋਈ ਸੋਧ ਦੀ ਜ਼ਰੂਰਤ ਹੈ ਜਾਂ ਜੇਕਰ ਕਿਸੇ ਕੋਲ ਇਸ ਜਾਣਕਾਰੀ ਤੋਂ ਇਲਾਵਾ ਕੋਈ ਹੋਰ ਤੱਥ ਮੌਜੂਦ ਹਨ ਤਾਂ ਜ਼ਰੂਰ ਸਾਂਝੇ ਕੀਤੇ ਜਾਣ ਕਿਉਂ ਕਿ ਖੰਨਾ ਸ਼ਹਿਰ ਨਾਲ ਜੁੜੇ ਲੋਕਾਂ ਲਈ ਤਾਂ ਇਹ ਜਾਣਕਾਰੀ ਵਡਮੁੱਲੀ ਹੈ ਹੀ ਪਰ ਇਸ ਦੇ ਨਾਲ-ਨਾਲ ਪੰਜਾਬ ਦੇ ਇਤਿਹਾਸ ਲਈ ਵੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ।)

ਤਸਵੀਰ 1- ਰਾਣੀ ਦਾ ਤਲਾਅ , ਤਸਵੀਰ 2- ਪੁਰਾਣੀ ਸਰਾਂ ਵਾਲਾ ਇਲਾਕਾ, ਤਸਵੀਰ 3- ਸਰਾਏ ਲਸ਼ਕਰੀ ਖਾਨ (ਖੰਨਾ ਨਜ਼ਦੀਕ ਗੁਰੂਦੁਆਰਾ ਮੰਜੀ ਸਾਹਿਬ ਕੋਲ) 

No comments: