Sunday, September 16, 2018

ਬੋਤਲ ਬੰਦ ਪਾਣੀ-ਦਿਲਚਸਪ ਕਹਾਣੀ

ਕੈਨੇਡਾ ਵਿਚ ਭਾਰਤੀ ਰੁਪਏ ਦੇ ਹਿਸਾਬ ਨਾਲ ਤਕਰੀਬਨ 30 ਰੁਪਏ ਪ੍ਰਤੀ ਲੀਟਰ ਪੀਣ ਵਾਲੇ ਪਾਣੀ ਦੀ ਬੋਤਲ ਮਿਲਦੀ ਹੈ ਜਦਕਿ ਅਮਰੀਕਾ ਵਿਚ 35 ਰੁਪਏ, ਭਾਰਤ ਵਿਚ 20 ਰੁਪਏ ਲੀਟਰ, ਪਾਕਿਸਤਾਨ `ਚ 25 ਰੁਪਏ ਲੀਟਰ ਅਤੇ ਜਰਮਨੀ `ਚ ਵੀ 25 ਰੁਪਏ ਦਾ (0.31 ਯੂਰੋ/1.5 ਲੀਟਰ) ਇਕ ਲੀਟਰ ਬੋਤਲ-ਬੰਦ ਪਾਣੀ ਮਿਲਦਾ ਹੈ। ਇਸ ਉਦਯੋਗ ਦੇ ਮਾਹਿਰਾਂ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਉਤਪਾਦਨ, ਪੈਕਿੰਗ ਅਤੇ ਇਸ਼ਤਿਹਾਰਬਾਜ਼ੀ ਸਮੇਤ ਸਭ ਤਰ੍ਹਾਂ ਦੀਆਂ ਲਾਗਤਾਂ ਨੂੰ ਧਿਆਨ ਵਿਚ ਰੱਖਦਿਆਂ `ਬੋਤਲ ਵਾਲਾ ਪਾਣੀ` ਵੇਚਣ ਵਾਲੇ ਉਦਯੋਗ ਦਾ ਮੁਨਾਫਾ 35 ਤੋਂ 60 ਫੀਸਦੀ ਤੱਕ ਹੈ। ਮਿਨਰਲ ਵਾਟਰ, ਸਪਾਰਕਲਿੰਗ ਵਾਟਰ, ਸਪਰਿੰਗ ਵਾਟਰ, ਮਾਊਂਟੇਨਡ ਵਾਟਰ, ਪਿਊਰੀਫਾਈਡ ਵਾਟਰ, ਡਿਸਟਿਲਡ ਵਾਟਰ ਅਤੇ ਆਰਟਿਸੀਅਨ (ਚੱਟਾਨਾਂ ਹੇਠਲਾ ਪਾਣੀ) ਵਾਟਰ ਕੁਝ ਅਜਿਹੀਆਂ ਪਾਣੀ ਦੀਆਂ ਵੰਨਗੀਆਂ ਹਨ ਜੋ ਵੱਖ-ਵੱਖ ਕੰਪਨੀਆਂ ਵੇਚਦੀਆਂ ਹਨ। 
ਦੁਨੀਆਂ ਵਿਚ ਅਜਿਹੀਆਂ ਵੀ ਕੁਝ ਥਾਂਵਾਂ ਹਨ ਜਿੱਥੇ ਵਾਈਨ ਅਤੇ ਬੀਅਰ ਦੀ ਬੋਤਲ ਪਾਣੀ ਨਾਲੋਂ ਵੀ ਸਸਤੀ ਹੈ। 2015 ਵਿਚ ਬੀਬੀਸੀ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਆਸਟ੍ਰੇਲੀਆ ਵਿਚ ਕੁਝ ਅਜਿਹੇ ਵਾਈਨ ਬਰਾਂਡ ਹਨ ਜਿਨ੍ਹਾਂ ਦੀ ਕੀਮਤ ਇਕ ਆਸਟ੍ਰੇਲੀਅਨ ਡਾਲਰ ਤੋਂ ਵੀ ਘੱਟ ਹੈ। 0.82 ਡਾਲਰ ਦੀ ਵਾਈਨ ਦੇ ਮੁਕਾਬਲੇ ਪੀਣ ਵਾਲੇ ਪਾਣੀ ਦੀ ਬੋਤਲ ਦੀ ਔਸਤ ਕੀਮਤ 2.50 ਡਾਲਰ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ, ਚੈੱਕ ਰਿਪਬਲਿਕ ਅਤੇ ਜਰਮਨੀ ਵਿਚ ਵੀ ਬੀਅਰ ਦੀ ਕੀਮਤ ਪਾਣੀ ਦੀ ਬੋਤਲ ਨਾਲੋਂ ਘੱਟ ਹੈ। 
ਇਹ ਮੰਨਿਆ ਜਾਂਦਾ ਹੈ ਕਿ ਪੀਣ ਵਾਲੇ ਪਾਣੀ ਦੀ ਬੋਤਲ ਦਾ ਰਿਵਾਜ਼ ਇੰਗਲੈਂਡ ਤੋਂ 17ਵੀਂ ਸਦੀ ਦੇ ਪਹਿਲੇ ਅੱਧ ਵਿਚ ਸ਼ੁਰੂ ਹੋਇਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਟੂਟੀ ਤੋਂ ਸਾਫ ਪਾਣੀ ਪੀਣ ਨਾਲੋਂ ਜਦੋਂ ਅਸੀਂ ਬੋਤਲ ਖਰੀਦ ਕੇ ਪਾਣੀ ਪੀਂਦੇ ਹਾਂ ਤਾਂ ਸਾਨੂੰ 2000 ਤੋਂ 10000 ਗੁਣਾਂ ਤੱਕ ਜ਼ਿਆਦਾ ਪੈਸੇ ਅਦਾ ਕਰਨੇ ਪੈਂਦੇ ਹਨ। ਵਿਸ਼ਵ ਪੱਧਰ `ਤੇ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਵੇਚਣ ਵਾਲਾ ਇਕ ਬਹੁਤ ਵੱਡਾ ਉਦਯੋਗ ਸਥਾਪਤ ਹੋ ਚੁੱਕਾ ਹੈ। ਪਾਠਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 12 ਸਾਲ ਪਹਿਲਾਂ ਤੱਕ ਬੋਤਲ ਵਾਲੇ ਪਾਣੀ ਦਾ ਦੁਨੀਆਂ ਭਰ ਵਿਚ ਵਪਾਰ 6000 ਕਰੋੜ ਡਾਲਰ (ਭਾਰਤੀ ਰੁਪਏ ਦੇ ਹਿਸਾਬ ਨਾਲ 4,20,000 ਕਰੋੜ ਰੁਪਏ ਤੋਂ ਵੀ ਜ਼ਿਆਦਾ) ਦਾ ਸੀ ਜਦਕਿ 2013 ਵਿਚ ਦੁਨੀਆਂ ਭਰ `ਚ ਬੋਤਲ ਵਾਲੇ ਪਾਣੀ ਦੀ ਵਿਕਰੀ 11700 ਕਰੋੜ ਅਮਰੀਕੀ ਡਾਲਰ ਤੱਕ ਪੁੱਜ ਗਈ (ਇਕ ਅਮਰੀਕੀ ਡਾਲਰ 70 ਰੁਪਏ ਦੇ ਬਰਾਬਰ) ਜੋ ਕਿ 2018 ਦੇ ਅੰਤ ਤੱਕ 19500 ਕਰੋੜ ਅਮਰੀਕੀ ਡਾਲਰ (13,65,000 ਕਰੋੜ ਰੁਪਏ) ਤੱਕ ਪੁੱਜਣ ਦੀ ਉਮੀਦ ਹੈ। ਇਕ ਅੰਦਾਜ਼ੇ ਮੁਤਬਿਕ ਸਿਰਫ ਅਮਰੀਕਾ ਵਿਚ ਹੀ ਲੋਕ ਸਾਲਾਨਾ 50 ਬਿਲੀਅਨ ਬੋਤਲਾਂ ਯਾਨੀ 5000 ਕਰੋੜ ਬੋਤਲਾਂ ਪੀਣ ਵਾਲੇ ਪਾਣੀ ਦੀਆਂ ਪੀ ਜਾਂਦੇ ਹਨ ਜਦਕਿ ਪੂਰੇ ਵਿਸ਼ਵ ਵਿਚ ਇਹੀ ਗਿਣਤੀ 200 ਬਿਲੀਅਨ ਬੋਤਲਾਂ ਦੀ ਹੈ। 
ਸਾਰੇ ਪਾਸਿਓ ਪਾਣੀ ਨਾਲ ਘਿਰੇ ਆਸਟ੍ਰੇਲੀਆ ਦੀ ਇਕ ਸੰਸਥਾ `ਦਾ ਆਸਟ੍ਰੇਲੀਅਨ ਬੋਟਲਡ ਵਾਟਰ ਇੰਸਟੀਚਿਊਟ` ਦਾ ਕਹਿਣਾ ਹੈ ਕਿ ਸਿਰਫ ਆਸਟ੍ਰੇਲੀਆ ਵਿਚ ਹੀ ਬੋਤਲ ਵਾਲੇ ਪਾਣੀ ਦਾ ਸਾਲਾਨਾ 400 ਮਿਲੀਅਨ ਡਾਲਰ ਵਪਾਰ ਹੁੰਦਾ ਹੈ ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ 2000 ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦਾ ਹੈ। ਹੁਣ ਜੇਕਰ ਭਾਰਤ ਦੀ ਗੱਲ ਕਰੀਏ ਤਾਂ 1990 ਦੇ ਆਸ-ਪਾਸ ਭਾਰਤੀ ਬਾਜ਼ਾਰਾਂ ਵਿਚ ਵੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ (ਸਭ ਤੋਂ ਪਹਿਲਾਂ ਬਿਸਲੇਰੀ) ਦਿਖਣੀਆਂ ਸ਼ੁਰੂ ਹੋ ਗਈਆਂ ਸਨ। ਸਮੇਂ ਦੇ ਨਾਲ-ਨਾਲ ਭਾਰਤ ਵਿਚ ਵੀ `ਬੋਤਲ ਵਾਲੇ ਪਾਣੀ` ਦਾ ਇਕ ਵੱਡਾ ਉਦਯੋਗ ਖੜ੍ਹਾ ਹੋ ਚੁੱਕਾ ਹੈ। 
ਇਹ ਪ੍ਰਚਾਰਿਆ ਜਾਣ ਲੱਗਾ ਕਿ ਬੋਤਲ ਵਾਲਾ ਪਾਣੀ ਸਾਫ, ਸਿਹਤਮੰਦ ਅਤੇ ਸ਼ੁੱਧ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ 2013 ਤੱਕ ਆਉਂਦੇ-ਆਉਂਦੇ ਬੋਤਲ ਵਾਲੇ ਪਾਣੀ ਦਾ ਵਪਾਰ ਭਾਰਤ ਵਿਚ 6000 ਕਰੋੜ ਰੁਪਏ ਤੋਂ ਵੀ ਜ਼ਿਆਦਾ ਹੋ ਗਿਆ। ਇਸ ਦਰ ਵਿਚੋਂ 67 ਫੀਸਦੀ ਵਿਕਰੀ ਸਿਰਫ ਬਿਸਲੇਰੀ, ਪੈਪਸੀਕੋ, ਕੋਕਾ ਕੋਲਾ ਅਤੇ ਪਾਰਲੇ ਕੰਪਨੀਆਂ ਦੇ ਬੋਤਲ ਵਾਲੇ ਪਾਣੀ ਦੀ ਸੀ। ਮਿਸ਼ਰਿਤ ਸਾਲਾਨਾ ਵਾਧਾ ਦਰ ਦੇ ਹਿਸਾਬ ਵਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਸਾਲ 2018 ਦੇ ਅੰਤ ਤੱਕ ਭਾਰਤ ਵਿਚ ਬੋਤਲ ਵਾਲੇ ਪਾਣੀ ਦਾ ਵਪਾਰ ਤਿੰਨ ਗੁਣਾਂ ਵੱਧ ਜਾਵੇਗਾ ਯਾਨੀ ਕਿ 15000-18000 ਕਰੋੜ ਰੁਪਏ ਸਾਲਾਨਾ ਦੇ ਨੇੜੇ-ਤੇੜੇ।ਹਾਲਾਂਕਿ ਇਹ ਸਵਾਲ ਅਤੇ ਚਰਚਾ ਵੱਖਰੇ ਵਿਸ਼ੇ ਦੀ ਮੰਗ ਕਰਦਾ ਹੈ ਕਿ ਬੋਤਲ ਵਾਲਾ ਪਾਣੀ ਅਤੇ ਟੂਟੀ/ਧਰਤੀ ਵਾਲੇ ਪਾਣੀ `ਚੋਂ ਕਿਹੜਾ ਪਾਣੀ ਜ਼ਿਆਦਾ ਸ਼ੁੱਧ, ਸਿਹਤ ਲਈ ਵਧੀਆ ਅਤੇ ਪੀਣਯੋਗ ਹੈ। ਦੁਨੀਆਂ ਭਰ ਵਿਚ ਮਸ਼ਹੂਰ `ਫਿਜ਼ੀ` ਨਾਂ ਦੇ ਪਾਣੀ ਦੀਆਂ ਬੋਤਲਾਂ ਫਿਜ਼ੀ ਦੇਸ਼ ਦੇ ਕੁਦਰਤੀ ਸੋਮਿਆਂ ਤੋਂ ਭਰੀਆਂ ਜਾਂਦੀਆਂ ਹਨ ਪਰ `ਦਾ ਬਿਗ ਥਰਸਟ` ਕਿਤਾਬ ਦੇ ਲੇਖਕ ਅਤੇ ਪੱਤਰਕਾਰ ਚਾਰਲਸ ਫਿਸ਼ਮੈਨ ਦੀ ਇਕ ਰਿਪੋਰਟ ਅਨੁਸਾਰ ਫਿਜ਼ੀ ਦੇਸ਼ ਦੇ 53 ਫੀਸਦੀ ਬਾਸ਼ਿੰਦੇ ਸਾਫ ਪੀਣ ਵਾਲੇ ਪਾਣੀ ਤੋਂ ਵਾਂਝੇ ਹਨ ਪਰ ਅਮਰੀਕੀ ਉਸ ਦੇਸ਼ ਦੇ ਪਾਣੀ ਤੋਂ ਅਰਬਾਂ-ਖਰਬਾਂ ਰੁਪਏ ਕਮਾ ਰਹੇ ਹਨ! 
`ਬੀਵਰੇਜ਼ ਮਾਰਕਿਟਿੰਗ ਕਾਰਪੋਰੇਸ਼ਨ ਐਂਡ ਇੰਟਰਨੈਸ਼ਨਲ ਬੋਟਲਡ ਵਾਟਰ ਐਸੋਸ਼ੀਏਸ਼ਨ` ਮੁਤਾਬਿਕ ਬੋਤਲ ਵਾਲਾ ਪਾਣੀ ਪੀਣ ਵਿਚ ਦੁਨੀਆਂ ਭਰ ਵਿਚ ਪਹਿਲਾਂ ਸਥਾਨ ਚੀਨ ਦਾ ਹੈ ਜਦਕਿ ਦੂਜੇ ਸਥਾਨ ਉੱਤੇ ਅਮਰੀਕਾ ਹੈ। ਭਾਰਤ ਇਸ ਹਿਸਾਬ ਨਾਲ ਦਸਵੇਂ ਸਥਾਨ ਉੱਤੇ ਆਉਂਦਾ ਹੈ ਜਦਕਿ ਮੈਕਸੀਕੋ ਤੀਜੇ, ਇੰਡੋਨੇਸ਼ੀਆ ਚੌਥੇ, ਬ੍ਰਾਜ਼ੀਲ ਪੰਜਵੇਂ, ਥਾਈਲੈਂਡ ਛੇਵੇਂ, ਇਟਲੀ ਸੱਤਵੇਂ, ਜਰਮਨੀ ਅੱਠਵੇਂ ਅਤੇ ਫਰਾਂਸ ਦਾ ਨੌਵਾਂ ਸਥਾਨ ਹੈ। ਅਮਰੀਕਾ ਵਿਚ 1998 `ਚ ਜਿੱਥੇ ਬੋਤਲ ਵਾਲੇ ਪਾਣੀ ਦੇ 50 ਬਰਾਂਡ ਸਨ ਉੱਥੇ 2012 ਵਿਚ ਇਹ ਗਿਣਤੀ ਵੱਧ ਕੇ 195 ਹੋ ਗਈ। 1970 ਤੱਕ ਅਮਰੀਕਾ ਵਿਚ ਸਿਰਫ 16 ਬਰਾਂਡ ਅਜਿਹੇ ਸਨ ਜਿਹੜੇ ਬੋਤਲ ਵਾਲਾ ਪਾਣੀ ਵੇਚਦੇ ਸਨ। ਪੂੰਜੀਵਾਦ ਅਤੇ ਖਪਤ ਸਭਿਆਚਾਰ ਵਿਚ ਮੋਢੀ ਦੇਸ਼ ਵੱਜੋਂ ਜਾਣੇ ਜਾਂਦੇ ਅਮਰੀਕਾ ਵਿਚ ਬੋਤਲ ਵਾਲੇ ਪਾਣੀ ਦੀ ਇਸ਼ਤਿਹਬਾਜ਼ੀ ਉੱਪਰ ਹੀ 2013 ਵਿਚ 61 ਮਿਲੀਅਨ ਡਾਲਰ (ਤਕਰੀਬਨ 426 ਕਰੋੜ ਰੁਪਏ) ਦੇ ਕਰੀਬ ਖਰਚਾ ਕੀਤਾ ਗਿਆ ਸੀ। 
ਮੈਕਸੀਕੋ ਵਰਗਾ ਦੇਸ਼ ਜਿੱਥੇ 2 ਕਰੋੜ ਲੋਕਾਂ ਨੂੰ ਨਾ ਤਾਂ ਵਧੀਆ ਸਿਹਤ ਸਹੂਲਤਾਂ ਮਿਲਦੀਆਂ ਹਨ ਅਤੇ ਨਾ ਹੀ ਵਾਜਬ ਕੀਮਤ `ਤੇ ਭੋਜਨ ਮਿਲਦਾ ਹੈ ਉੱਥੇ ਬੋਤਲ ਵਾਲੇ ਪਾਣੀ ਦੀ ਵਿਕਰੀ ਤੇਜ਼ੀ ਨਾਲ ਵੱਧ ਰਹੀ ਹੈ। 2013 ਦੀ ਇਕ ਰਿਪੋਰਟ ਅਨੁਸਾਰ ਪ੍ਰਤੀ ਮੈਕਸੀਕੋ ਵਾਸੀ ਸਾਲਾਨਾ 186 ਲੀਟਰ ਬੋਤਲ ਵਾਲਾ ਪਾਣੀ ਪੀਂਦਾ ਹੈ। ਇਸੇ ਤਰ੍ਹਾਂ `ਬੀਵਰੇਜ਼ ਮਾਰਕਿਟਿੰਗ ਕਾਰਪੋਰੇਸ਼ਨ` ਦੀ 2017 ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ਵਿਚ 2016 ਵਿਚ ਪ੍ਰਤੀ ਵਿਅਕਤੀ ਸਾਲਾਨਾ 149 ਲੀਟਰ ਬੋਤਲ ਵਾਲਾ ਪਾਣੀ ਪੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਅਮਰੀਕੀ ਸਾਫਟ ਡਰਿੰਕ ਬਹੁਤ ਜ਼ਿਆਦਾ ਪੀਂਦੇ ਹਨ ਅਤੇ ਸਾਲ 2016 ਵਿਚ ਪ੍ਰਤੀ ਅਮਰੀਕਾ ਵਾਸੀ ਇਹ ਅੰਕੜਾ 146 ਲੀਟਰ ਸੀ ਯਾਨੀ ਕਿ ਬੋਤਲ ਵਾਲੇ ਪਾਣੀ ਦੀ ਖਰੀਦ ਨਾਲੋਂ 3 ਲੀਟਰ ਘੱਟ। ਅਮਰੀਕਾ ਵਿਚ ਹੁਣ `ਤਰਲ ਪਦਾਰਥਾਂ` ਦੀ ਵਿਕਰੀ ਵਾਲੇ ਬਜ਼ਾਰ ਵਿਚ ਬੋਤਲ ਵਾਲਾ ਪਾਣੀ ਦੂਜੇ ਸਥਾਨ `ਤੇ ਆ ਗਿਆ ਹੈ ਜਦਕਿ  ਦੁੱਧ ਅਤੇ ਬੀਅਰ ਵਿਕਰੀ ਪੱਖੋਂ ਇਸ ਤੋਂ ਅੱਗੇ ਹਨ।ਬੋਤਲ ਵਾਲੇ ਪਾਣੀ ਦਾ ਬਜ਼ਾਰ 2016 ਵਿਚ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਦੀ ਦਰ ਨਾਲ ਅੱਗੇ ਵਧਿਆ ਹੈ।  
ਪਿਛਲੇ ਕੁਝ ਸਮੇਂ ਤੋਂ ਪਲਾਸਟਿਕ ਦੀਆਂ ਬੋਤਲਾਂ ਵਿਚ ਪੀਣ ਵਾਲੇ ਪਾਣੀ ਦੇ ਨੁਕਸਾਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣ ਤੋਂ ਬਾਅਦ ਵਾਤਾਵਰਣ ਪ੍ਰੇਮੀਆਂ ਅਤੇ ਹੋਰ ਸਮਾਜਿਕ ਸੁਧਾਰਕਾਂ ਨੇ ਬੋਤਲ ਵਾਲੇ ਪਾਣੀ ਤੋਂ ਲੋਕਾਂ ਨੂੰ ਸੁਚੇਤ ਕਰਨਾ ਸ਼ੁਰੂ ਕੀਤਾ ਹੋਇਆ ਹੈ। ਬਹੁਤ ਸਾਰੀਆਂ ਸਟੱਡੀਜ਼ ਵਿਚ ਸਾਹਮਣੇ ਆਇਆ ਹੈ ਕਿ ਬੋਤਲਾਂ ਬਣਾਉਣ ਲਈ ਜਿਸ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਸਰੀਰ ਨੂੰ ਕਾਫੀ ਜ਼ਿਆਦਾ ਨੁਕਸਾਨ ਹਨ। 2009 ਵਿਚ ਨਿਊ ਸਾਊਥ ਵੇਲਜ਼ ਦੇਸ਼ ਦੇ ਬੁਡਾਨੂਨ ਨਾਮੀਂ ਸ਼ਹਿਰ ਵਿਚ ਬੋਤਲ ਵਾਲੇ ਪਾਣੀ ਦੀ ਵਿਕਰੀ ਉੱਤੇ ਰੋਕ ਲਾਉਣ ਤੋਂ ਬਾਅਦ 2012 ਵਿਚ ਅਮਰੀਕਾ ਦੇ ਕੋਨਕੋਰਡ ਸ਼ਹਿਰ ਵਿਚ ਵੀ ਬੋਤਲ ਵਾਲਾ ਪਾਣੀ ਬੈਨ ਕਰ ਦਿੱਤਾ ਗਿਆ ਹੈ। 2016 ਤੋਂ ਭਾਰਤ ਦੇ ਸਿੱਕਮ ਪ੍ਰਾਂਤ ਨੇ ਵੀ ਸਰਕਾਰੀ ਸਮਾਗਮਾਂ ਅਤੇ ਮੀਟਿੰਗਾਂ ਵਿਚ ਪਲਾਸਟਿਕ ਦੀਆਂ ਬੋਤਲਾਂ ਵਾਲੇ ਪਾਣੀ ਦੀ ਵਰਤੋਂ `ਤੇ ਰੋਕ ਲਗਾਈ ਹੋਈ ਹੈ।    
ਇੱਥੇ ਹੀ ਬਸ ਨਹੀਂ, ਇਕ ਅੰਦਾਜ਼ੇ ਮੁਤਾਬਿਕ ਪਲਾਸਟਿਕ ਵਾਲੀਆਂ ਪਾਣੀ ਦੀਆਂ 80 ਫੀਸਦੀ ਬੋਤਲਾਂ ਜ਼ਮੀਨ `ਤੇ ਸੁੱਟ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਧਰਤੀ ਤੇ ਕੁਦਰਤੀ ਪਾਣੀ ਦੇ ਸੋਮਿਆਂ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਕ ਬੋਤਲ ਨੂੰ ਗਲਣ ਵਿਚ 450 ਸਾਲ ਤੱਕ ਦਾ ਸਮਾਂ ਲੱਗਦਾ ਹੈ। ਹੋਰ ਤਾਂ ਹੋਰ 1 ਲੀਟਰ ਪਲਾਸਟਿਕ ਦੀ ਬੋਤਲ ਬਣਾਉਣ ਲਈ 1.39 ਲੀਟਰ ਪਾਣੀ ਲੱਗਦਾ ਹੈ। ਜਿਹੜੇ ਅਮਰੀਕੀ ਬੋਤਲ ਵਾਲੇ ਪਾਣੀ ਉੱਤੇ ਸਾਲਾਨਾ 200 ਡਾਲਰ ਖਰਚਦੇ ਹਨ ਜੇਕਰ ਉਹ ਟੂਟੀ ਵਾਲਾ ਸਾਫ ਪਾਣੀ ਪੀਣ ਤਾਂ ਇਹੀ ਲਾਗਤ 0.33 ਡਾਲਰ ਬਣਦੀ ਹੈ। 
ਅਰਬ ਦੇਸ਼ਾਂ ਵਿਚ ਪਾਣੀ ਦੀ ਕਮੀ ਕਾਰਣ ਉੱਥੇ ਬੋਤਲ ਵਾਲਾ ਪਾਣੀ ਬਾਹਰਲੇ ਦੇਸ਼ਾਂ ਜਿਵੇਂ ਲੈਬਨਾਨ ਆਦਿ ਤੋਂ ਬਹੁਤ ਜ਼ਿਆਦਾ ਤਾਦਾਦ ਵਿਚ ਮੰਗਵਾਇਆ ਜਾਂਦਾ ਹੈ। ਸਪੇਨ ਵਿਚ 90 ਫੀਸਦੀ ਲੋਕ ਬੋਤਲ ਵਾਲਾ ਪਾਣੀ ਪੀਣ ਨੂੰ ਪਹਿਲ ਦਿੰਦੇ ਹਨ। 2007 ਵਿਚ ਦੁਨੀਆਂ ਭਰ ਵਿਚ 21200 ਕਰੋੜ ਲੀਟਰ ਬੋਤਲ ਵਾਲੇ ਪਾਣੀ ਦੀ ਵਰਤੋਂ ਕੀਤੀ ਗਈ ਸੀ ਜਦਕਿ 2012 ਵਿਚ ਇਹੀ ਦਰ 28800 ਕਰੋੜ ਲੀਟਰ ਅਤੇ 2017 ਵਿਚ 39100 ਕਰੋੜ ਲੀਟਰ ਰਹੀ ਹੈ। ਇਹ ਅੰਕੜੇ ਵੀ ਹੈਰਾਨੀ ਵਾਲੇ ਹਨ ਕਿ ਦੁਨੀਆਂ ਵਿਚ ਜਿਹੜੇ ਬਰਾਂਡਾਂ ਦੀਆਂ ਪਾਣੀ ਵਾਲੀਆਂ ਬੋਤਲਾਂ ਸਭ ਤੋਂ ਜ਼ਿਆਦਾ ਵਿਕੀਆਂ ਹਨ ਉਨ੍ਹਾਂ ਵਿਚ ਭਾਰਤ ਦੀ ਬਿਸਲੇਰੀ ਕੰਪਨੀ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਨੈਸਲੇ, ਹੰਗਜ਼ੂ ਵਾਹਾਹਾ ਗਰੁੱਪ, ਡੈਨੋਨ, ਕੋਕਾ ਕੋਲਾ, ਪੈਪਸੀਕੋ ਆਦਿ ਕੰਪਨੀਆਂ ਦੇ ਨਾਂ ਵੀ ਸ਼ੁਮਾਰ ਹਨ।ਜਿਨ੍ਹਾਂ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਬੋਤਲ ਵਾਲਾ ਪਾਣੀ ਤਿਆਰ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਭਾਰਤ ਦਾ ਸਥਾਨ ਅੱਠਵਾਂ ਹੈ। ਜਦਕਿ ਪਹਿਲੇ ਉੱਤੇ ਅਮਰੀਕਾ ਅਤੇ ਇਸ ਤੋਂ ਬਾਅਦ ਫਰਾਂਸ, ਚੀਨ, ਇਟਲੀ, ਜਰਮਨੀ, ਫਿਜ਼ੀ ਅਤੇ ਤਾਇਵਾਨ ਮੁਲਕਾਂ ਦਾ ਨਾਂ ਆਉਂਦਾ ਹੈ। 
ਉਨ੍ਹਾਂ ਮੁਲਕਾਂ ਬਾਰੇ ਜਾਣਨਾ ਵੀ ਕੁਥਾਂ ਨਹੀਂ ਹੋਵੇਗਾ ਜਿੱਥੇ ਟੂਟੀ ਵਾਲਾ ਪਾਣੀ ਪੂਰੀ ਤਰ੍ਹਾਂ ਸਾਫ ਅਤੇ ਪੀਣ ਯੋਗ ਹੈ। ਇਨ੍ਹਾਂ ਦੇਸ਼ਾਂ ਵਿਚ ਪਹਿਲੇ ਸਥਾਨ `ਤੇ ਸਵਿਟਜ਼ਰਲੈਂਡ ਹੈ ਜਦਕਿ ਸਵੀਡਨ, ਨਾਰਵੇ, ਫਿਨਲੈਂਡ, ਕੋਸਟਾ ਰੀਕਾ, ਆਸਟਰੀਆ, ਨਿਊਜ਼ੀਲੈਂਡ, ਲਾਤਵੀਆ, ਕੋਲੰਬੀਆ, ਫਰਾਂਸ ਅਤੇ ਸਿੰਘਾਪੁਰ ਵੀ ਇਸ ਸੂਚੀ ਵਿਚ ਸ਼ੁਮਾਰ ਹਨ। ਜਿਹੜੇ ਦੇਸ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਉਨ੍ਹਾਂ ਵਿਚ ਸੂਡਾਨ, ਵੈਨਜ਼ੂਏਲਾ, ਇਥੋਪੀਆ, ਟਿਊਨੇਸ਼ੀਆ, ਅਲਜੀਰੀਆ, ਇਰਾਨ ਅਤੇ ਕਿਊਬਾ ਸ਼ਾਮਲ ਹਨ। ਭਾਰਤ, ਚੀਨ ਅਤੇ ਪਾਕਿਸਤਾਨ ਵੀ ਇਸ ਸੂਚੀ ਤੋਂ ਬਾਹਰ ਨਹੀਂ ਹਨ ਕਿਉਂ ਕਿ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਇਸ ਖਿੱਤੇ ਵਿਚ ਵੀ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ।ਇਸ ਸਮੇਂ ਦੁਨੀਆਂ ਦੀ ਅਬਾਦੀ ਦਾ ਪੰਜਵਾਂ ਹਿੱਸਾ ਪਾਣੀ ਦੀ ਸਮੱਸਿਆ ਖਾਸ ਤੌਰ `ਤੇ ਸਾਫ ਪਾਣੀ ਨਾਲ ਜੂਝ ਰਿਹਾ ਹੈ ਭਾਵੇਂ ਕਿ ਧਰਤੀ `ਤੇ 71 ਫੀਸਦੀ ਪਾਣੀ ਹੈ! 
ਸੰਯੁਕਤ ਰਾਸ਼ਟਰ ਦੀ ਪੌਣਪਾਣੀ ਸਬੰਧੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਹਿਮਾਲਿਆ ਗਲੇਸ਼ੀਅਰ ਪਿਘਲਦਾ ਜਾ ਰਿਹਾ ਹੈ ਉਸ ਹਿਸਾਬ ਨਾਲ ਸਾਲ 2350 ਤੱਕ ਗੰਗਾ, ਇੰਡਸ, ਬ੍ਰਹਮਪੁੱਤਰਾ, ਯੰਗਤੇ, ਮਿਕੋਂਗ, ਸਲਵੀਨ ਅਤੇ ਯੈਲੋ ਨਦੀਆਂ ਦੀ ਹੋਂਦ ਖਤਮ ਹੋ ਜਾਵੇਗੀ। ਇਹ ਸਮਾਂ ਜਾਗਰੂਕ ਹੋਣ ਦਾ ਹੈ ਅਤੇ ਹਵਾ-ਪਾਣੀ ਦੀ ਸ਼ੁੱਧਤਾ ਲਈ ਸਭ ਨੂੰ ਨਿੱਜੀ ਪੱਧਰ `ਤੇ ਹੰਭਲੇ ਮਾਰਨੇ ਚਾਹੀਦੇ ਹਨ। ਭਲਾ ਕੀ ਕਾਰਣ ਹੈ ਕਿ ਧਰਤੀ ਦੇ ਸਭ ਤੋਂ ਵੱਡੇ ਕੁਦਰਤੀ ਸ੍ਰੋਤਾਂ ਵਿਚੋਂ ਇਕ ਪਾਣੀ ਨੂੰ ਮੁੱਲ ਵੇਚਿਆ ਜਾ ਰਿਹਾ ਹੈ? ਬਾਕੀ ਬਹੁਤ ਸਾਰੇ ਕਾਰਕਾਂ ਵਿਚੋਂ ਸਭ ਤੋਂ ਵੱਡਾ ਕਾਰਣ ਹੈ ਕਿ ਅਸੀਂ ਪਾਣੀ ਦੇ ਪ੍ਰਦੂਸ਼ਣ ਲਈ ਖੁਦ ਜ਼ਿੰਮੇਵਾਰ ਹਾਂ। 
ਜਿਸ ਤਰ੍ਹਾਂ ਹੁਣ ਅਸੀਂ ਮੁੱਲ ਦੇ ਪਾਣੀ ਦੇ ਅਰਬਾਂ-ਖਰਬਾਂ ਰੁਪਏ ਦੇ ਵਪਾਰ ਦੀਆਂ ਗੱਲਾਂ ਕਰ ਰਹੇ ਹਾਂ ਤਾਂ ਉਹ ਸਮਾਂ ਵੀ ਦੂਰ ਨਹੀਂ ਜਦੋਂ ਸਾਫ ਅਤੇ ਸ਼ੁੱਧ ਹਵਾ ਦੀ ਵਿਕਰੀ ਵਾਲਾ ਉਦਯੋਗ ਵੀ ਸਾਡੀਆਂ ਜੇਬਾਂ `ਤੇ ਡਾਕੇ ਮਾਰਨੇ ਸ਼ੁਰੂ ਕਰ ਦੇਵੇਗਾ। ਉਂਝ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਕੈਨੇਡਾ ਦੇ ਸ਼ਹਿਰ ਐਡਮਿੰਟਨ ਦੀ ਇਕ ਕੰਪਨੀ `ਵਾਇਟੈਲਟੀ ਏਅਰ` ਨੇ ਸ਼ੁੱਧ ਹਵਾ ਦੀਆਂ ਬੋਤਲਾਂ ਬਾਜ਼ਾਰਾਂ ਵਿਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। 10 ਲੀਟਰ ਹਵਾ ਵਾਲੀ ਇਕ ਬੋਤਲ ਦੀ ਅੰਦਾਜ਼ਨ ਕੀਮਤ 1350 ਰੁਪਏ ਹੈ। 
(ਨਵਾਂ ਜ਼ਮਾਨਾ ਦੇ `ਐਤਵਾਰਤਾ` ਅੰਕ ਵਿਚ 16-9-18 ਨੂੰ ਛਪਿਆ)  
-------------
ਨਰਿੰਦਰ ਪਾਲ ਸਿੰਘ ਜਗਦਿਓ 

No comments: