Saturday, June 4, 2016

ਮੈਂ ਨਹੀਂ ਮਿਲਾਂਗਾ


ਲੱਗ ਜਾਂਦੀਆਂ ਨੇ ਪਹਿਲਾਂ ਹੀ ਪਤਾ ਕੁਝ ਭਵਿੱਖਬਾਣੀਆਂ, 
ਕਿੱਥੇ ਕੀ ਹੋਣਾ ਹੁੰਦਾ ਏ ਨਫਾ ਤੇ ਕਿੱਥੇ ਕੀ-ਕੀ ਹਾਨੀਆਂ ! 

ਮੈਨੂੰ ਨਾ ਸਮਝਾਂ ਕਿ ਮੈਂ ਉੱਜੜ ਜਾਵਾਂਗਾ ਇਸ ਖੇਡ ਵਿਚ, 
ਇੱਥੋਂ ਤੀਕ ਪੁੱਜਿਆ ਹਾਂ ਸੁਣ ਸੁਣ ਕੇ ਇਸ਼ਕ ਕਹਾਣੀਆਂ। 

ਨਾ ਹੋਈ ਮੌਜ ਮਸਤੀ ਹੀ ਤੇ ਨਾ ਹੀ ਲੁੱਟੇ ਬੁੱਲੇ ਹੋਰਾਂ ਵਾਂਗ, 
ਕੱਲ੍ਹ ਸੰਵਾਰਨ ਲਈ ਅਸਾਂ ਰੋਲ ਲਈਆਂ ਅੱਜ ਜਵਾਨੀਆਂ।

ਹੈ ਤੇਰੀ ਪਰਵਾਹ ਤਾਂ ਮੈਨੂੰ ਖੁਦ ਨਾਲੋਂ ਵੀ ਕਿਤੇ ਜ਼ਿਆਦਾ, 
ਕੀ ਕਰਾਂ ਜੇ ਨਹੀਂ ਦੱਸ ਹੁੰਦਾ ਹੁਣ ਬੋਲ ਕੇ ਦਿਲ-ਜਾਨੀਆਂ! 

ਲੱਥ ਗਏ ਦਿਨ ਬਚਪਨ ਦੇ, ਉਹ ਵੀ ਕਿਆ ਸਲਤਨਤ ਸੀ, 
ਮੈਂ ਸਾਂ ਦਿਲ ਦਾ ਰਾਜਾ ਬੇਪਰਵਾਹੀਆਂ ਮੇਰੀਆਂ ਰਾਣੀਆਂ! 

ਦਿਲ-ਦਿੱਲੀ ਦਾ ਨਾ ਕੋਈ ਵਾਸਤਾ ਬੇਮੇਲ ਹੈ ਦਿਲ ਤੇ ਦਿੱਲੀ,    
ਜਦੋਂ ਕੀਤੀ ਉੱਥੇ ਨੌਕਰੀ, ਸੀ ਆ ਗਈਆਂ ਚੇਤੇ ਨਾਨੀਆਂ!  

ਕਿਤੇ ਵਹਿੰਦਾ ਚੰਗਾ ਲੱਗਦਾ ਏ ਕਿਤੇ ਵਹੇ ਤਾਂ ਚਿੰਤਾ ਹੋ ਜਾਂਦੀ, 
ਇਕ ਝਰਨੇ ਦਾ ਇਕ ਅੱਖਾਂ ਦਾ ਕੈਸਾ ਅਜਬ ਇਹ ਪਾਣੀ ਆ!  

ਸਭ ਰੰਗ ਅਧੂਰੇ ਜ਼ਿੰਦਗੀ ਦੇ ਮਾਂ, ਪਤਨੀ, ਬੇਟੀ, ਭੈਣ ਬਿਨਾਂ, 
ਨਰਕ ਦਿਖਾਏੇ ਬਦਚਲਨ ਹੈ ਸਵਰਗ ਜੇ ਔਰਤ ਸਿਆਣੀ ਆ।

ਨਾ ਲੱਭ ਮੈਨੂੰ ਮੇਰੀਆਂ ਲਿਖਤਾਂ ਵਿਚੋਂ, ਮੈਂ ਨਹੀਂ ਮਿਲਾਂਗਾ, 
ਅਸਲ 'ਚ ਹਾਂ ਕੁਝ ਹੋਰ ਹੀ ਨਜ਼ਮਾਂ ਨਹੀਂ ਸਵੈ-ਬਿਆਨੀਆਂ।  

ਹੋਇਆ ਨਾ ਵੱਡਾ ਹਾਲੇ ਵੀ ਦਿਲ ਬੱਚਿਆਂ ਵਾਂਗੂੰ ਨਟਖਟ ਏ, 
ਤੂੰ ਲੱਖ ਨਸੀਹਤਾਂ ਦੇ ਐਨ.ਪੀ. ਗੱਲਾਂ ਛੁੱਟਣੀਆਂ ਨਾ ਬਚਕਾਨੀਆਂ! 

No comments: