Saturday, April 27, 2013

ਇੰਝ ਕੀਤੀ ਮੈਂ ਪੰਜਾਬੀ ਦੀ ਐਮ.ਏ.

  ਜਲੰਧਰੋਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਵਿਖੇ ਪੱਤਰਕਾਰੀ ਤੇ ਜਨ ਸੰਚਾਰ ਦੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਕਈ ਸਲਾਹਾਂ ਮਿਲੀਆਂ। ਜਿਨ੍ਹਾਂ 'ਚੋਂ ਇਕ ਇਹ ਵੀ ਸੀ ਕਿ ਪੱਤਰਕਾਰੀ ਦੇ ਨਾਲ ਜੇਕਰ ਕਿਸੇ ਭਾਸ਼ਾ ਦੀ ਮਾਸਟਰ ਡਿਗਰੀ ਕੀਤੀ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਪੜ੍ਹਾਈ ਦੌਰਾਨ ਹੀ ਕਦੇ-ਕਦਾਈਂ ਪੰਜਾਬੀ ਅਖਬਾਰਾਂ 'ਚ ਮੈਂ ਪਹਿਲਾਂ ਹੀ ਲਿਖਦਾ ਸੀ ਇਸ ਲਈ ਸੋਚਿਆਂ ਕਿਉਂ ਨਾ ਪੰਜਾਬੀ ਦੀ ਐਮ.ਏ. ਕਰ ਲਈ ਜਾਵੇ। ਮਸਲਾ ਇਕ ਹੋਰ ਵੀ ਸੀ। ਪੜ੍ਹਾਈ ਦੇ ਨਾਲ-ਨਾਲ ਜੇਕਰ ਥੋੜ੍ਹੀ ਬਹੁਤ ਕਮਾਈ ਦਾ ਸਾਧਨ ਵੀ ਬਣ ਜਾਵੇ ਤਾਂ ਵਿੱਤ ਪੱਖੋਂ ਥੋੜ੍ਹੀ ਸੌਖ ਹੋ ਜਾਣੀ ਸੀ ਕਿਉਂ ਕਿ ਇਸ ਤੋਂ ਪਹਿਲਾਂ ਘਰੋਂ ਪੈਸੇ ਮੰਗ-ਮੰਗ ਕੇ ਹੁਣ ਹੋਰ ਪੜ੍ਹਾਈ ਲਈ ਪੈਸੇ ਮੰਗਣ ਨੂੰ ਦਿਲ ਨਹੀਂ ਸੀ ਕਰਦਾ।

  ਪੱਤਰਕਾਰੀ ਦੀ ਡਿਗਰੀ ਕੀਤੀ ਹੋਣ ਕਰਕੇ ਕੰਮ ਮਿਲਣ ਦਾ ਸਬੱਬ ਜਾਂ ਤਾਂ ਜਲੰਧਰ ਦੇ ਅਖਬਾਰਾਂ 'ਚ ਬਣ ਸਕਦਾ ਸੀ ਜਾਂ ਚੰਡੀਗੜ੍ਹ। ਜਲੰਧਰੋਂ ਮਨ ਉਕਤਾ ਗਿਆ ਸੀ ਤੇ ਮੇਰੇ ਸ਼ਹਿਰ ਖੰਨਿਓਂ ਚੰਡੀਗੜ੍ਹ ਵਧੇਰੇ ਨਜ਼ਦੀਕ ਸੀ ਜਦਕਿ ਜਲੰਧਰ ਦੂਰ ਸੀ ਇਸ ਲਈ ਚੰਡੀਗੜ੍ਹ ਜਾਣ ਦੀ ਸੋਚੀ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ 'ਚ ਦਾਖਲਾ ਫਾਰਮ ਤਾਂ ਭਰ ਦਿੱਤਾ ਪਰ ਉੱਥੇ ਦਾਖਲਾ ਨਾ ਮਿਲਣ ਦਾ ਜਵਾਬ ਪਹਿਲਾਂ ਹੀ ਮਿਲ ਗਿਆ ਸੀ। ਇਸ ਦਾ ਸਭ ਤੋਂ ਵੱਡਾ ਕਾਰਣ ਸੀ ਕਿ ਮੈਨੂੰ ਪੰਜਾਬੀ ਭਾਸ਼ਾ ਦਾ ਵਿਦਿਆਰਥੀ ਹੀ ਨਹੀਂ ਮੰਨਿਆ ਜਾ ਰਿਹਾ ਸੀ। ਕਾਰਣ ਵੀ ਬਿਲਕੁਲ ਠੀਕ ਸੀ। ਪਹਿਲੀ ਭਾਸ਼ਾ ਦੇ ਤੌਰ 'ਤੇ ਪੰਜਾਬੀ ਮੈਂ ਸਿਰਫ ਦਸਵੀਂ ਕਲਾਸ ਤੱਕ ਹੀ ਪੜ੍ਹਿਆ ਸੀ। ਉਸ ਤੋਂ ਬਾਅਦ ਕਾਮਰਸ ਦੀ ਪੜ੍ਹਾਈ ਕੀਤੀ ਹੋਣ ਕਰਕੇ ਪੰਜਾਬੀ ਇਕ ਵਿਸ਼ੇ ਵੱਜੋਂ ਤਾਂ ਦੋ ਸਾਲ ਤੱਕ ਪੜ੍ਹੀ ਸੀ ਪਰ ਕਾਮਰਸ ਦੀ ਪੜ੍ਹਾਈ 'ਚ ਪੰਜਾਬੀ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ।

  ਪਤਾ ਕਰਦਾ-ਕਰਾਉਂਦਾ ਮੈਂ ਸੈਕਟਰ 26 ਵਾਲੇ ਖਾਲਸਾ ਕਾਲਜ 'ਚ ਪਹੁੰਚ ਗਿਆ। ਦਾਖਲਾ ਲੈਣ ਵਾਲੇ ਉੱਥੇ ਵੀ ਵਾਹਵਾ ਵਿਦਿਆਰਥੀ ਹਾਜ਼ਰ ਸਨ। ਦਾਖਲੇ ਦੀਆਂ ਸ਼ਰਤਾਂ ਅਨੁਸਾਰ ਮੈਂ 'ਯੋਗ' ਵਿਦਿਆਰਥੀ ਨਹੀਂ ਸੀ ਪਰ ਇਕ ਛੋਟੀ ਜਿਹੀ ਸ਼ਰਤ ਨੇ ਮੈਨੂੰ ਉੱਥੇ ਦਾਖਲਾ ਦਿਵਾ ਦਿੱਤਾ। ਇਹ ਸ਼ਰਤ ਕੀ ਸੀ ਇਸ ਦਾ ਜ਼ਿਕਰ ਮੈਂ ਬਾਅਦ ਵਿਚ ਕਰਾਂਗਾ ਪਰ ਉਸ ਤੋਂ ਪਹਿਲਾਂ ਵਾਪਰੀ ਦਿਲਚਸਪ ਘਟਨਾ ਦਾ ਜ਼ਿਕਰ ਜ਼ਰੂਰ ਕਰਾਂਗਾ।

  ਕਾਲਜ ਦਾ ਦਾਖਲਾ ਫਾਰਮ ਭਰ ਕੇ ਮੈਂ ਜਮ੍ਹਾਂ ਕਰਵਾ ਦਿੱਤਾ ਅਤੇ ਕਾਊਂਸਲਿੰਗ ਵਾਲੇ ਦਿਨ ਕਾਲਜ ਦੇ ਹਾਲ 'ਚ ਪਹੁੰਚ ਗਿਆ। ਮੇਰਾ ਫਾਰਮ ਦੇਖਕੇ ਹਾਜ਼ਰ ਅਧਿਆਪਕ ਕਹਿੰਦੇ ਉਪਿਛਲੀਆਂ ਕਲਾਸਾਂ 'ਚ ਤੂੰ ਪੰਜਾਬੀ ਇਲੈਕਟਿਵ ਵਿਸ਼ੇ ਵੱਜੋਂ ਤਾਂ ਕੀ ਪੜ੍ਹਨੀ ਐ ਤੂੰ ਤਾਂ ਲਾਜ਼ਮੀ ਵਿਸ਼ੇ ਵੱਜੋਂ ਵੀ ਪੰਜਾਬੀ ਨਹੀਂ ਪੜ੍ਹਿਆ। ਤੈਨੂੰ ਅਸੀਂ ਦਾਖਲਾ ਕਿਵੇਂ ਦੇ ਸਕਦੇ ਹਾਂ।” ਇਕ ਅਧਿਆਪਕ ਮੇਰੇ ਕਾਗਜ਼ਾਤ ਫਰੋਲਦਿਆਂ ਕਹਿੰਦਾ, ਅੱਛਾ ਪੱਤਰਕਾਰੀ ਦੀ ਮਾਸਟਰ ਡਿਗਰੀ ਦੇ ਪੇਪਰ ਦੇ ਕੇ ਆਇਆਂ ਏ, ਪੰਜਾਬੀ ਦੀ ਐਮ.ਏ. ਕਰਨ ਦੀ ਸਲਾਹ ਕਿਸ ਨੇ ਦੇ ਦਿੱਤੀ? ਇਸ ਤੋਂ ਬਾਅਦ ਤਿੰਨੇ ਅਧਿਆਪਕ ਪ੍ਰਾਸਪੈਕਟਸ ਚੁੱਕ ਕੇ ਘੁਸਰ-ਮੁਸਰ ਜਿਹੀ ਕਰਨ ਲੱਗ ਪਏ।

ਕੁਝ ਸਮੇਂ ਬਾਅਦ ਇਕ ਅਧਿਆਪਕ ਕਹਿੰਦਾ 'ਨਰਿੰਦਰ ਸੀਟ ਤਾਂ ਸਾਡੇ ਕੋਲ ਹੈ ਪਰ ਅਸੀਂ ਤੈਨੂੰ ਦਾਖਲਾ ਕਿਵੇਂ ਦੇਈਏ ਜਦਕਿ ਗ੍ਰੈਜੂਏਸ਼ਨ ਦੀਆਂ ਕਲਾਸਾਂ 'ਚ ਪੰਜਾਬੀ ਪੜ੍ਹੇ ਕਈ ਵਿਦਿਆਰਥੀ ਐਮ.ਏ. 'ਚ ਦਾਖਲਾ ਲੈਣ ਲਈ ਲਾਈਨ 'ਚ ਨੇ। ਤੇਰੇ 'ਚ ਕੋਈ ਖਾਸ ਕੁਆਲਿਟੀ ਹੈ ਤਾਂ ਦੱਸ।' ਮੈਂ ਕਿਹਾ, ਜੀ 'ਐਨ.ਪਾਲ' ਦੇ ਨਾਂ ਹੇਠ ਮੇਰਾ ਲਿਖਿਆ ਕਦੇ-ਕਦੇ ਪੰਜਾਬੀ ਅਖਬਾਰਾਂ 'ਚ ਛਪਦਾ ਹੁੰਦਾ ਏ ਅਤੇ ਕੁਝ ਛਪੀਆਂ ਲਿਖਤਾਂ ਵਾਲੀ ਫਾਈਲ ਮੈਂ ਉਨ੍ਹਾਂ ਅੱਗੇ ਕਰ ਦਿੱਤੀ। ਇਕ ਅਧਿਆਪਕ ਕਹਿੰਦਾ ਪਰਸੋਂ 'ਪੰਜਾਬੀ ਟ੍ਰਿਬਿਊਨ' 'ਚ ਮਿਡਲ ਤੂੰ ਲਿਖਿਆ ਸੀ। ਮੈਂ ਕਿਹਾ, ਹਾਂ ਜੀ। ਤੇ ਉਹ ਫਲਾਣਾ ਲੇਖ ਵੀ ਤੂੰ ਲਿਖਿਆ ਸੀ। ਮੈਂ ਕਿਹਾ, ਜੀ ਮੈਂ ਹੀ ਲਿਖਿਆ ਸੀ। ਓ ਵਾਹ ਯਾਰ, ਜਾ ਕੇ ਫੀਸ ਭਰਾ ਕੇ ਆ, ਬਾਕੀ ਮੈਂ ਦੇਖ ਲਵਾਂਗਾ। ਇਹ ਡਾ. ਲਾਭ ਸਿੰਘ ਖੀਵਾ ਸਨ।

  ਇਹ 15 ਜੁਲਾਈ, 2004 ਦਾ ਦਿਨ ਸੀ। ਡਾ. ਖੀਵਾ ਨੇ ਨਿੱਜੀ ਦਿਲਚਸਪੀ ਲੈ ਕੇ ਮੇਰਾ ਦਾਖਲਾ ਕਰਵਾਇਆ। ਉਨ੍ਹਾਂ ਦਾਖਲੇ ਲਈ ਡਾ. ਸ਼ਿੰਦਰ ਪਾਲ ਸਿੰਘ (ਉਦੋਂ ਦੇ ਵਿਭਾਗ ਮੁਖੀ) ਤੇ ਪ੍ਰੋ. ਗੁਰਮੇਜ ਸਿੰਘ ਨੂੰ ਵੀ ਮਨਾ ਲਿਆ ਸੀ । ਦਰਅਸਲ ਦਾਖਲਾ ਫਾਰਮ ਦੀਆਂ ਸ਼ਰਤਾਂ 'ਚ ਲਿਖਿਆ ਸੀ ਕਿ ਵਿਭਾਗ ਮੁਖੀ ਆਪਣੀ ਪੱਧਰ 'ਤੇ ਖਾਸ ਮੁਹਾਰਤ/ਗੁਣ ਰੱਖਣ ਵਾਲੇ ਉਨ੍ਹਾਂ ਵਿਦਿਆਰਥੀਆਂ ਦਾ ਵੀ ਦਾਖਲਾ ਕਰ ਸਕਦੇ ਹਨ ਜਿਨ੍ਹਾਂ ਨੇ ਕਿਸੇ ਵੀ ਮਾਸਟਰ ਡਿਗਰੀ 'ਚੋਂ 50 ਫੀਸਦੀ ਅੰਕ ਹਾਸਲ ਕੀਤੇ ਹੋਣ। ਇਸ ਲਿਖਣ ਵਾਲੇ ਖਾਸ ਗੁਣ ਕਰਕੇ ਐਮ.ਏ. ਪੰਜਾਬੀ 'ਚ ਦਾਖਲਾ ਮਿਲ ਗਿਆ ਸੀ।
ਕਲਾਸ 'ਚ ਸਿਰਫ ਮੈਂ ਹੀ ਅਜਿਹਾ ਵਿਦਿਆਰਥੀ ਸੀ ਜਿਸਨੂੰ ਵਿਸ਼ੇ ਵੱਜੋਂ ਪੰਜਾਬੀ ਬਾਰੇ ਬਹੁਤ ਸਾਰੀਆਂ ਗੱਲਾਂ ਨਹੀਂ ਪਤਾ ਸੀ ਪਰ ਮੈਂ ਅਜਿਹਾ ਵਿਦਿਆਰਥੀ ਵੀ ਸੀ ਜਿਸਨੂੰ ਬਹੁਤ ਸਾਰੇ ਵਿਸ਼ਿਆਂ ਦੀਆਂ ਅਜਿਹੀਆਂ ਕਈ ਗੱਲਾਂ ਪਤਾ ਸੀ ਜੋ ਹੋਰ ਕਿਸੇ ਵਿਦਿਆਰਥੀ ਨੂੰ ਨਹੀਂ ਪਤਾ ਸਨ। ਇਹ ਸਭ ਪੱਤਰਕਾਰੀ ਦੀ ਡਿਗਰੀ ਕੀਤੀ ਹੋਣ ਕਰਕੇ ਸੀ। ਬਹੁਤ ਦਿਲਚਸਪੀ ਲੈ ਕੇ ਮੈਂ ਪੰਜਾਬੀ ਦੀਆਂ ਕਈ ਕਿਤਾਬਾਂ ਇਸ ਸਮੇਂ ਦੌਰਾਨ ਪੜ੍ਹੀਆਂ। ਕੋਰਸ ਦੀਆਂ ਕਿਤਾਬਾਂ ਵੀ ਦਿਲ ਲਾ ਕੇ ਪੜ੍ਹੀਆਂ। ਸ਼ਾਮ ਨੂੰ 3 ਵਜੇ ਤੋਂ ਰਾਤੀਂ 10 ਵਜੇ ਤੱਕ ਸੈਕਟਰ 29 ਸਥਿਤ ਇਕ ਅਖਬਾਰ 'ਚ ਸਬ-ਐਡੀਟਰ ਦੀ ਨੌਕਰੀ ਵੀ ਮੈਂ ਉਨ੍ਹਾਂ ਦਿਨਾਂ 'ਚ ਕਰਦਾ ਸੀ।

 
ਜਦੋਂ ਪਹਿਲੇ ਸਾਲ ਦਾ ਨਤੀਜਾ ਆਇਆ ਤਾਂ ਮੇਰੀ ਕਲਾਸ 'ਚੋਂ ਤੀਜੀ ਜਾਂ ਚੌਥੀ ਪੁਜੀਸ਼ਨ ਸੀ। ਇਸ ਤੋਂ ਬਾਅਦ ਦੂਜਾ ਸਾਲ ਮੈਨੂੰ ਪ੍ਰਾਈਵੇਟ ਤੌਰ 'ਤੇ ਕਰਨਾ ਪਿਆ ਕਿਉਂ ਕਿ ਨੌਕਰੀ ਜਲੰਧਰ ਦੇ ਇਕ ਅਖਬਾਰ 'ਚ ਲੱਗ ਗਈ ਸੀ। ਨੌਕਰੀ ਦੇ ਬਾਵਜੂਦ ਨੰਬਰ ਵਧੀਆਂ ਆਏ ਤੇ ਮੈਂ ਸਾਲ 2006 'ਚ ਐਮ.ਏ. ਪੰਜਾਬੀ ਕਰ ਗਿਆ। ਇਸ ਤੋਂ ਬਾਅਦ ਪੱਤਰਕਾਰੀ ਤੇ ਹੁਣ ਸਰਕਾਰੀ ਨੌਕਰੀ ਕਰਦਿਆਂ ਕਈ ਅਜਿਹੇ ਮੌਕੇ ਆਏ ਜਦੋਂ ਐਮ.ਏ. ਪੰਜਾਬੀ ਦੀ ਬਦੌਲਤ ਵਾਹਵਾ ਸ਼ਾਬਾਸ਼ ਮਿਲੀ। ਮੇਰਾ ਸਲਾਮ ਐ ਮੇਰੇ ਉਨ੍ਹਾਂ ਸਾਰੇ ਅਧਿਆਪਕਾਂ ਨੂੰ, ਜਿਨ੍ਹਾਂ ਦੀ ਬਦੌਲਤ ਮੈਂ ਪੰਜਾਬੀ ਦੀ ਐਮ.ਏ. ਕਰ ਸਕਿਆ। 

-       ਨਰਿੰਦਰ ਪਾਲ ਸਿੰਘ ਜਗਦਿਓ

No comments: