Monday, August 20, 2012

ਆਰੀਆ ਸਕੂਲ, ਜ਼ਿੰਦਾਬਾਦ !


       ਜਦੋਂ ਮੈਂ ਅੱਠਵੀਂ ਜਮਾਤ ਖੰਨਾ ਸ਼ਹਿਰ ਦੇ ਇਕ ਅੰਗਰੇਜ਼ੀ ਮਾਡਲ ਸਕੂਲ ਤੋਂ ਪਾਸ ਕੀਤੀ ਤਾਂ ਇਹ ਗੱਲਾਂ ਆਮ ਸੁਣਿਆਂ ਕਰਦਾ ਸੀ ਕਿ ਹੁਣ ਜੇਕਰ ਮੈਂ 'ਬੰਦਾ' ਬਣਨਾ ਏ ਅਤੇ ਦੁਨੀਆਂ 'ਚ ਕੁਝ 'ਖੱਟਣਾ' ਤੇ 'ਸਿੱਖਣਾ' ਏ ਤਾਂ ਆਰੀਆ ਸਕੂਲ 'ਚ ਦਾਖਲਾ ਲੈ ਲਵਾਂ। ਹਾਲਾਂਕਿ ਉਨਾਂ ਸਾਲਾਂ 'ਚ ਆਰੀਆ ਸਕੂਲ ਦੀ ਸਾਖ ਕੋਈ ਬਹੁਤੀ ਵਧੀਆਂ ਨਹੀਂ ਸੀ। ਮੈਂ ਮਾਡਲ ਸਕੂਲ 'ਚ ਹਾਈ-ਫਾਈ ਘਰਾਂ ਦੇ ਸੋਹਣੇ-ਸੋਹਣੇ ਮੁੰਡੇ-ਕੁੜੀਆਂ ਨਾਲ ਪੜਿਆਂ ਸੀ ਅਤੇ ਆਰੀਆ ਸਕੂਲ ਇਕ ਤਾਂ ਹੈ ਸਿਰਫ ਮੁੰਡਿਆ ਲਈ ਸੀ ਅਤੇ ਇੱਥੇ ਆਰਥਿਕ ਪੱਖੋਂ ਵਿਦਿਆਰਥੀਆਂ 'ਚ ਬਹੁਤ ਵੱਡਾ ਪਾੜਾ ਸੀ। 
       ਖੈਰ, 1993 'ਚ ਮੈਂ ਆਰੀਆ ਸਕੂਲ 'ਚ ਦਾਖਲਾ ਲੈ ਲਿਆ। ਮਾਡਲ ਸਕੂਲ ਅਤੇ ਆਰੀਆ ਸਕੂਲ ਦੇ ਮਾਹੌਲ 'ਚ ਅੰਤਾਂ ਦਾ ਬਦਲਾਅ ਸੀ। ਸਿਰਫ ਮੁੰਡਿਆਂ ਦਾ ਸਕੂਲ ਹੋਣ ਕਰਕੇ ਮਾਸਟਰਾਂ ਅਤੇ ਵਿਦਿਆਰਥੀਆਂ ਦੀ ਭਾਸ਼ਾਂ 'ਸਖਤ ਤੇ ਸ਼ਰਮ ਰਹਿਤ' ਸੀ। ਚੰਗੀ ਗੱਲ ਇਹ ਲੱਗੀ ਸੀ ਕਿ ਸਕੂਲ ਦੀ ਇਮਾਰਤ ਕਿਲਾਨੁਮਾ ਤੇ ਇਤਿਹਾਸਕ ਹੈ ਅਤੇ ਖੁੱਲੇ-ਖੁੱਲੇ ਕਮਰੇ ਹਨ। ਮੇਰੇ ਡੈਡੀ ਜੀ ਵੀ ਇਸੇ ਸਕੂਲ ਦੇ ਵਿਦਿਆਰਥੀ ਰਹੇ ਹਨ। ਹੋਰ ਤਾਂ ਹੋਰ ਦਾਦਾ ਜੀ ਦੀ ਉਮਰ ਦੇ ਕਈ ਬਜ਼ੁਰਗ ਵੀ ਏਸੇ ਸਕੂਲ ਤੋਂ ਪੜੇ ਹਨ। ਕੋਈ ਵੇਲਾ ਸੀ ਜਦੋਂ ਹਰੇਕ ਖੰਨਾ ਵਾਸੀ ਆਰੀਆ ਸਕੂਲ ਦਾ ਵਿਦਿਆਰਥੀ ਸੀ । ਇੱਥੋਂ ਤੱਕ ਕਿ ਸਮਰਾਲਾ, ਪਾਇਲ, ਮਾਛੀਵਾੜਾ, ਮੰਡੀ ਗੋਬਿੰਦਗੜ, ਜਰਗ, ਦੋਰਾਹਾ ਆਦਿ ਇਲਾਕਿਆਂ ਦੇ ਲੋਕ ਵੀ ਇਸ ਸਕੂਲ 'ਚ ਪੜਨ ਆਉਂਦੇ ਸਨ। 
        ਡੈਡੀ ਹੋਰੀਂ ਦੱਸਦੇ ਹੁੰਦੇ ਆ ਕਿ ਜਿਨਾਂ ਵੇਲਿਆਂ 'ਚ ਉਹ ਆਰੀਆ ਸਕੂਲ ਦੇ ਵਿਦਿਆਰਥੀ ਰਹੇ ਹਨ, ਉਦੋਂ ਸਕੂਲ ਦਾ ਅਨੁਸਾਸ਼ਨ ਅਤੇ ਪੜਾਈ ਪੰਜਾਬ ਭਰ ਵਿਚ ਮਸ਼ਹੂਰ ਸੀ । ਪ੍ਰਿੰਸੀਪਲ ਮਦਨ ਗੋਪਾਲ ਚੋਪੜਾ ਦੇ ਡੰਡੇ ਤੋਂ ਸਕੂਲ ਦੇ ਅਧਿਆਪਕ ਵੀ ਡਰਿਆ ਕਰਦੇ ਸੀ । ਪਰ ਮੇਰੇ ਦਾਖਲਾ ਲੈਣ ਤੱਕ ਸਕੂਲ ਦਾ ਮਿਆਰ ਉਹੋ ਜਿਹਾ ਨਹੀਂ ਰਿਹਾ ਸੀ । ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਆਰੀਆ ਸਕੂਲ 'ਚ ਦਾਖਲਾ ਲੈ ਕੇ ਕੋਈ ਗਲਤੀ ਕਰ ਲਈ ਸੀ । ਬਿਲਕੁਲ ਨਹੀਂ। 
        ਸਮੇਂ ਦੇ ਨਾਲ-ਨਾਲ ਚੱਲਦਿਆਂ ਬੀਤ ਰਹੇ ਪਲਾਂ ਦੀ ਅਹਿਮੀਅਤ ਦਾ ਗਿਆਨ ਸਾਨੂੰ ਤੁਰੰਤ ਨਹੀਂ ਹੁੰਦਾ। ਕਿਸੇ ਸੰਸਥਾ, ਅਦਾਰੇ ਜਾਂ ਵਿਅਕਤੀ ਤੋਂ ਅਸੀਂ ਕੀ ਸਿੱਖਿਆ ਹੈ ਇਸ ਦਾ ਪਤਾ ਬਾਅਦ ਵਿਚ ਚੱਲਦਾ ਹੈ। ਹਾਲਾਂਕਿ ਪੜਾਈ ਦੌਰਾਣ ਮੈਂ ਬਹੁਤ ਹੀ ਔਸਤ ਦਰਜੇ ਦਾ ਵਿਦਿਆਰਥੀ ਰਿਹਾਂ ਹਾਂ ਪਰ ਆਰੀਆ ਸਕੂਲ 'ਚ ਬਿਤਾਏ ਚਾਰ ਸਾਲਾਂ ਨੇ ਜ਼ਿੰਦਗੀ ਦੇ ਕਈ ਤਜ਼ਰਬੇ ਅਤੇ ਤਲਖ ਸੱਚਾਈਆਂ ਤੋਂ ਜਾਣੂੰ ਕਰਵਾਇਆ। ਹਾਲਾਂਕਿ ਬਾਅਦ 'ਚ ਮੈਂ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ 'ਚ ਵੀ ਪੜਾਈ ਕੀਤੀ ਪਰ ਆਰੀਆ ਸਕੂਲ ਦੀ ਕੋਈ ਰੀਸ ਨਹੀਂ ।
        ਸਾਡੇ ਵੇਲਿਆਂ 'ਚ ਆਰੀਆ ਸਕੂਲ ਦੇ ਵਿਦਿਆਰਥੀਆਂ ਨੂੰ 'ਦੇਸੀ' ਗਿਣਿਆਂ ਜਾਂਦਾ ਸੀ ਪਰ ਅੱਜ ਮੈਂ ਬਹੁਤ ਮਾਣ ਨਾਲ ਕਹਿ ਸਕਦਾ ਹਾਂ ਕਿ ਜਿੰਨੇ ਵੱਡੇ ਵਪਾਰੀ, ਸਾਹਿਤਕਾਰ, ਸਰਕਾਰੀ ਮੁਲਾਜ਼ਮ ਅਤੇ ਸਿਆਸਤਦਾਨ ਆਰੀਆ ਸਕੂਲ ਨੇ ਪੈਦਾ ਕੀਤੇ ਹਨ, ਇਲਾਕੇ ਦਾ ਕੋਈ ਸਕੂਲ ਉਸ ਦੇ ਨੇੜੇ ਵੀ ਨਹੀਂ ਢੁੱਕਦਾ। ਅੱਜ ਭਾਵੇਂ ਸ਼ਹਿਰ 'ਚ ਕਿੰਨੇ ਹੀ ਸਕੂਲ ਹਨ ਪਰ ਆਰੀਆ ਸਕੂਲ ਆਪਣੀ ਮਸਤ ਚਾਲੇ ਚੱਲ ਰਿਹਾ ਹੈ। ਮੌਜੂਦਾ ਸਮੇਂ ਸਕੂਲ ਦਾ ਮਿਆਰ ਅਤੇ ਸਥਿਤੀ ਸਾਡੇ ਸਮੇਂ ਨਾਲੋਂ ਸੁਭਾਵਿਕ ਹੈ ਦਰੁਸਤ ਹੋ ਗਈ ਹੋਵੇਗੀ ਕਿਉਂ ਕਿ ਮੈਂ ਸੁਣਿਐ ਹੁਣ ਸਕੂਲ 'ਚ ਕਾਫੀ ਸਖਤੀ ਹੈ। 
        ਸਾਲ 2012 ਸਆਦਤ ਹਸਨ ਮੰਟੋ ਦੀ ਜਨਮ ਸ਼ਤਾਬਦੀ ਦਾ ਵਰਾ ਹੈ। ਇਹ ਸਾਲ ਮੰਟੋ ਦੀ ਜਨਮ ਭੂਮੀ (ਪਪੜੌਦੀ, ਸਮਰਾਲਾ) ਦੇ ਨਾਲ ਲੱਗਦੇ ਸ਼ਹਿਰ ਖੰਨਾ ਲਈ ਵੀ ਬਹੁਤ ਮਹੱਤਵਪੂਰਣ ਹੈ। ਸੌ ਸਾਲ ਪਹਿਲਾਂ ਵਿੱਦਿਅਕ ਸੰਸਥਾ ਆਰਿਆ ਐਂਗਲੋ ਸੰਸਕ੍ਰਿਤ ਹਾਈ ਸਕੂਲ ਹੋਂਦ ਵਿਚ ਆਇਆ ਸੀ। ਛੋਟੇ ਅੱਖਰਾਂ 'ਚ ਇਸ ਨੂੰ ਏ.ਐਸ.ਹਾਈ ਸਕੂਲ ਲਿਖਿਆ ਜਾਂਦਾ ਹੈ। ਪਰ ਇਸ ਦਾ ਮਕਬੂਲ ਨਾਂ ਹੈ ਆਰੀਆ ਸਕੂਲ (ਆਰਿਆ ਨਹੀਂ)। ਹਾਲਾਂਕਿ ਸਮੇਂ ਦੇ ਨਾਲ-ਨਾਲ ਇਹ ਸਕੂਲ ਹਾਈ ਤੋਂ ਸੀਨੀਅਰ ਸੈਕੰਡਰੀ ਤੱਕ ਪਹੁੰਚ ਗਿਆ ਹੈ। 
         ਆਰੀਆ ਸਕੂਲ 1912 'ਚ ਦੋ ਕਮਰਿਆਂ 'ਚ ਸ਼ੁਰੂ ਕੀਤਾ ਗਿਆ ਸੀ। ਤਿੰਨ ਸਾਲ ਬਾਅਦ ਹੀ ਸਕੂਲ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਏ.ਐਸ. ਹਾਈ ਸਕੂਲ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਦਾ ਗਠਨ ਕੀਤਾ ਗਿਆ, ਜੋ ਅੱਜ ਤੱਕ ਨਿਰੰਤਰ ਕੰਮ ਕਰ ਰਹੀ ਹੈ। ਇਸ ਟਰੱਸਟ ਦੇ ਮੈਂਬਰਾਂ ਦੀ ਚੋਣ ਲੋਕਤੰਤਰੀ ਤਰੀਕੇ ਨਾਲ ਹਰ ਤਿੰਨ ਸਾਲ ਬਾਅਦ ਵੋਟਾਂ ਰਾਹੀਂ ਹੁੰਦੀ ਹੈ। 
         ਆਰੀਆ ਸਕੂਲ ਹੁਣ ਸਿਰਫ ਇਕ ਸਕੂਲ ਨਹੀਂ ਰਿਹਾ ਬਲਕਿ ਇਕ ਐਸੀ ਸੰਸਥਾ ਬਣ ਚੁੱਕੀ ਹੈ ਜਿਸ ਤੋਂ ਪੜੇ ਵਿਦਿਆਰਥੀ ਦੁਨੀਆਂ ਦੇ ਕੋਨੇ-ਕੋਨੇ 'ਚ ਬੈਠੇ ਹਨ। ਦੋ ਕਮਰਿਆਂ ਤੋਂ ਸ਼ੁਰੂ ਹੋਏ ਇਸ ਸਕੂਲ ਦੀ ਬਦੌਲਤ ਅੱਜ ਸੱਤ ਹੋਰ ਵਿੱਦਿਅਕ ਸੰਸਥਾਵਾਂ ਇਸ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਹਨ। ਹਰੇਕ ਵਿਅਕਤੀ ਨੂੰ ਆਪਣੇ ਸਕੂਲ ਨਾਲ ਪਿਆਰ ਅਤੇ ਮੋਹ ਹੁੰਦਾ ਹੈ। ਉਮਰਾਂ ਦੇ ਬੀਤਣ ਨਾਲ ਇਹ ਮੁਹੱਬਤ ਹੋਰ ਡੂੰਘੇਰੀ ਹੁੰਦੀ ਜਾਂਦੀ ਹੈ ਅਤੇ ਮੈਨੂੰ ਯਕੀਨ ਹੈ ਕਿ ਆਰੀਆ ਸਕੂਲ ਦੇ ਵਿਦਿਆਰਥੀਆ ਲਈ ਸਾਲ 2012 ਵਿਸ਼ੇਸ਼ ਮਹੱਤਤਾ ਵਾਲਾ ਵਰਾ ਹੋਵੇਗਾ। ਜਿਵੇਂ ਮੰਟੋ ਦੀ ਯਾਦ 'ਚ ਸਮਾਗਮਾਂ ਤੇ ਸਨਮਾਨਾਂ ਦਾ ਸਿਲਸਿਲਾ ਚੱਲ ਰਿਹਾ ਹੈ ਕਿਉਂ ਨਾ ਆਰੀਆ ਸਕੂਲ ਦੀ ਸ਼ਤਾਬਦੀ ਦੇ ਜਸ਼ਨ ਵੀ ਮਨਾਏ ਜਾਣ?  ਮੰਟੋ ਤੇ ਆਰੀਆ ਸਕੂਲ ਦਾ ਕੋਈ ਮੇਲ-ਮਿਲਾਪ ਤਾਂ ਹੈ ਨਹੀਂ ਪਰ ਸ਼ਤਾਬਦੀ ਤਾਂ ਸ਼ਤਾਬਦੀ ਹੀ ਹੁੰਦੀ ਹੈ!  


-ਰਿੰਦਰ ਪਾਲ ਸਿੰਘ ਜਗਦਿਓ 

No comments: