


ਮੇਰੀ ਇਕੱਲੇ ਦੀ ਅੱਜ ਤੱਕ ਕਦੇ ਲਾਟਰੀ ਨਹੀਂ ਨਿਕਲੀ। ਜਦੋਂ ਜਲੰਧਰ ਪੱਤਰਕਾਰੀ ਦੀ ਡਿਗਰੀ ਕਰਦੇ ਹੁੰਦੇ ਸੀ ਤਾਂ ਦਸੰਬਰ 2003 'ਚ ਨਿਊ ਈਅਰ ਬੰਪਰ-2004 ਅਸੀਂ ਤਿੰਨ ਦੋਸਤਾਂ ਜਗਦੀਪ ਗਿੱਲ, ਅਮਿਤ ਮਰਵਾਹਾ ਅਤੇ ਮੈਂ ਇਸ ਲਈ ਖਰੀਦ ਲਈ ਸੀ ਕਿ 100 ਰੁਪਏ ਵਾਲੀ ਇਹ ਟਿਕਟ ਵੇਚਣ ਵਾਲਾ ਸਾਨੂੰ 90 ਰੁਪਏ ਦੀ ਦੇਣ 'ਚ ਮੰਨ ਗਿਆ ਸੀ ਅਤੇ ਅਸੀਂ ਤਿੰਨਾਂ ਜਣਿਆਂ ਨੇ ਇਹ ਟਿਕਟ 30-30 ਰੁਪਏ ਇਕੱਠੇ ਕਰਕੇ ਖਰੀਦ ਲਈ ਸੀ। ਹਾਂਲਾਕਿ 'ਗੁਰਬਤ' ਦੇ ਉਨ੍ਹਾਂ ਦਿਨਾਂ 'ਚ 30 ਰੁਪਏ 'ਚ ਸਾਡੀ ਰਾਤ ਦੀ 'ਸ਼ਾਨਦਾਰ' ਰੋਟੀ ਆ ਜਾਇਆ ਕਰਦੀ ਸੀ ਪਰ ਮਨ ਮਾਰਕੇ ਅਸੀਂ ਲਾਟਰੀ ਦੀ ਟਿਕਟ ਖਰੀਦਣ ਲਈ ਤਿਆਰ ਹੋ ਗਏ ਕਿ ਸ਼ਾਇਦ ਕਰੋੜਪਤੀ ਹੀ ਬਣ ਜਾਈਏ। ਕਾਪੀ ਦੇ ਇਕ ਵਰਕੇ 'ਤੇ ਆਪੋ-ਆਪਣੇ ਹਸਤਾਖਰ ਕਰਕੇ ਇਹ ਵੀ ਲਿਖ ਲਿਆ ਸੀ ਕਿ ਜੇਕਰ ਇਕ ਕਰੋੜ ਰੁਪਏ ਦਾ ਇਨਾਮ ਲੱਗ ਗਿਆ ਤਾਂ ਰਾਸ਼ੀ ਕਿਸ ਹਿਸਾਬ ਨਾਲ ਵੰਡੀ ਜਾਵੇਗੀ।
ਖੈਰ, ਇਹ ਤਾਂ ਸ਼ੁਗਲ ਦੀ ਗੱਲ ਸੀ। ਜਨਵਰੀ 'ਚ ਜਦੋਂ ਲਾਟਰੀ ਦਾ ਨਤੀਜਾ ਆਇਆ ਤਾਂ ਸਭ ਤੋਂ ਛੋਟਾ ਇਨਾਮ 100 ਰੁਪਏ ਸਾਨੂੰ ਨਿਕਲ ਆਇਆ ਤੇ ਇਨ੍ਹਾਂ ਪੈਸਿਆਂ ਦੀ ਅਸੀਂ ਤਿੰਨਾਂ ਨੇ 'ਦਾਅਵਤ' ਉਡਾਈ। 100 ਰੁਪਿਆ ਵੰਡਿਆਂ ਇਸ ਲਈ ਨਹੀਂ ਕਿ ਤਿੰਨ ਹਿੱਸਿਆ ਦਾ ਹਿਸਾਬ-ਕਿਤਾਬ ਨਹੀਂ ਬਣ ਰਿਹਾ ਸੀ। ਇਹ ਕਿੱਸਾ ਮੇਰੇ ਉਸ ਮੌਕੇ ਯਾਦ ਆ ਗਿਆ ਜਦੋਂ ਪਿਛਲੇ ਦਿਨੀਂ ਚੰਡੀਗੜ੍ਹ ਤੋਂ ਇਕ ਫੋਨ ਆਇਆ ਤੇ ਅੱਗੋਂ ਇਕ ਬੀਬੀ ਕਹਿੰਦੀ “ਜੀ ਤੁਹਾਡੀ ਲਾਟਰੀ ਨਿਕਲੀ ਹੈ, ਤੁਸੀਂ ਆਪਣੀ ਪਤਨੀ ਸਮੇਤ ਆ ਕੇ ਸਾਡੇ ਦਫਤਰੋਂ ਇਨਾਮ ਲੈ ਜਾਓ।” ਬੀਮਾ ਅਤੇ ਅਜਿਹੀਆਂ ਹੀ ਹੋਰ ਕੰਪਨੀਆਂ ਵੱਲੋਂ ਵਰਤੇ ਜਾਂਦੇ ਮਾਰਕਿਟਿੰਗ ਦੇ ਇਸ ਫੰਡੇ ਤੋਂ ਮੈਂ ਪਹਿਲਾਂ ਹੀ ਜਾਣੂੰ ਸੀ। ਮੈਂ ਕਿਹਾ ਜੇ ਮੈਂ ਇਨਾਮ ਲੈਣ ਇਕੱਲਾ ਹੀ ਆ ਜਾਵਾਂ। ਅੱਗੋਂ ਜਵਾਬ ਮਿਲਿਆਂ ਨਹੀਂ ਇਹ ਪਤੀ-ਪਤਨੀ ਨੂੰ ਹੀ ਦਿੱਤਾ ਜਾਂਦਾ ਹੈ। ਮੈਨੂੰ ਪਤਾ ਹੈ ਕਿ ਮੀਆਂ-ਬੀਬੀ ਨੂੰ ਦਫਤਰ ਬੁਲਾਕੇ ਜਜ਼ਬਾਤੀ ਕਰਕੇ ਤੇ ਭਵਿੱਖ ਦਾ ਡਰ ਦਿਖਾ ਕੇ 'ਫਜ਼ੂਲ' ਜਿਹੀਆਂ ਪਾਲਿਸੀਆਂ ਕਰਕੇ ਘਰ ਤੌਰ ਦਿੰਦੇ ਹਨ ਇਹ ਫੋਨ ਕਰਨ ਵਾਲੇ। ਚਲੋ, ਮੈਂ ਹਾਸਾ-ਠੱਠਾ ਕਰਦਾ ਰਿਹਾ ਅਤੇ 'ਮੁਰਗੀ' ਨਾ ਫਸਦੀ ਦੇਖਕੇ ਮੈਡਮ ਨੇ ਫੋਨ ਹੀ ਕੱਟ ਦਿੱਤਾ।
ਭਲਾ ਇੰਝ ਵੀ ਲਾਟਰੀਆਂ ਨਿਕਲਦੀਆਂ ਹੁੰਦੀਆਂ ਨੇ? ਇਹ ਤਾਂ ਚਲੋ ਇਕ ਵੱਖਰੀ ਗੱਲ ਸੀ। ਅਸਲ 'ਚ ਸੌਖਾ ਪੈਸਾ ਬੰਦਿਆਂ ਨੂੰ ਅਕਲੋਂ ਅੰਨ੍ਹੇ ਕਰ ਦਿੰਦਾ ਹੈ। ਇਹੀ ਕਾਰਣ ਹੈ ਕਿ ਸਰਕਾਰੀ ਲਾਟਰੀ ਦੇ ਮੁਕਾਬਲੇ ਗੈਰਕਾਨੂੰਨੀ ਦੜੇ-ਸੱਟੇ ਦਾ ਵਪਾਰ ਉਸ ਤੋਂ ਵੀ ਜ਼ਿਆਦਾ ਹੈ। ਅੱਜਕੱਲ੍ਹ ਈਮੇਲ 'ਤੇ ਲਾਟਰੀਆਂ ਨਿਕਲਣ ਦਾ ਪ੍ਰਚਲਣ ਵੀ ਜ਼ੋਰਾਂ 'ਤੇ ਹੈ। ਅਜੀਬ ਕਿਸਮ ਦੀ ਇਸ ਠੱਗੀ ਦਾ ਸ਼ਿਕਾਰ ਵੀ ਬਹੁਤ ਸਾਰੇ ਲੋਕ ਹੋ ਰਹੇ ਹਨ। ਮੇਰੇ ਈ-ਮੇਲ ਅਕਾਊਂਟ 'ਤੇ ਰੋਜ਼ ਦੋ-ਚਾਰ ਮੇਲਾਂ (ਚਿੱਠੀਆਂ) ਇਸ ਸਬੰਧੀ ਆਉਂਦੀਆਂ ਹਨ ਜਿਸ 'ਚ ਲਿਖਿਆ ਹੁੰਦਾ ਹੈ ਕਿ ਲਾਟਰੀ ਦੀ ਲੱਖਾਂ ਡਾਲਰ/ਪੌਂਡ ਦੀ ਰਕਮ ਹਾਸਲ ਕਰਨ ਲਈ ਦਿੱਤੇ ਗਏ ਬੈਂਕ ਅਕਾਊਂਟ 'ਚ 30 ਹਜ਼ਾਰ (ਇਹ ਰਕਮ ਪੰਜ ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ) ਰੁਪਏ ਜਮ੍ਹਾਂ ਕਰਵਾ ਦਿਓ। ਕਈ ਈ-ਮੇਲਾਂ ਤਾਂ ਏਨੀਆਂ ਸੱਚੀਆਂ ਜਾਪਦੀਆਂ ਹਨ ਕਿ 'ਮਾਹਤੜ' ਬੰਦਾ ਤਾਂ ਦਿਲੋਂ-ਦਿਲੀਂ ਖੁਸ਼ ਹੁੰਦਾ ਰਹਿੰਦਾ ਹੈ ਕਿ ਬੈਠਾ-ਬਿਠਾਇਆਂ ਹੀ ਉਹ ਕਰੋੜਪਤੀ ਬਣ ਗਿਆ ਹੈ।ਲੁਕ-ਛਿਪ ਕੇ ਅੱਗੇ ਹੋ ਕੇ ਅਜਿਹੇ ਕਈ ਬੰਦੇ ਪੈਸਾ ਜਮ੍ਹਾਂ ਕਰਵਾਉਣ ਲਈ ਵੀ ਰਾਜ਼ੀ ਹੋ ਜਾਂਦੇ ਹਨ।
ਅਜਿਹੇ ਠੱਗਾਂ ਦੇ ਚੱਕਰ 'ਚ ਕਈ ਫਸ ਵੀ ਜਾਂਦੇ ਹਨ ਅਤੇ ਪੈਸੇ ਜਮ੍ਹਾਂ ਕਰਵਾ ਦੇਣ ਤੋਂ ਬਾਅਦ ਨਾ ਤਾਂ ਕੋਈ ਈ-ਮੇਲ ਆਉਂਦੀ ਹੈ ਅਤੇ ਨਾ ਜਮ੍ਹਾਂ ਕਰਾਇਆ ਪੈਸਾ ਵਾਪਸ ਹੁੰਦਾ ਹੈ। ਮਿਲਦੀ ਹੈ ਤਾਂ ਅਖਬਾਰਾਂ 'ਚ ਖਬਰ ਲਈ ਥਾਂ ਕਿ ਫਲਾਣੇ ਬੰਦੇ ਨਾਲ ਅਜੀਬ ਕਿਸਮ ਦੀ ਠੱਗੀ ਵੱਜ ਗਈ ਹੈ। ਕਈ 'ਸਿਆਣੇ ਬੰਦੇ' ਤਾਂ ਸ਼ਰਮੋਂ-ਸ਼ਰਮੀ ਇਸ ਠੱਗੀ ਬਾਰੇ ਅੱਗੇ ਗੱਲ ਵੀ ਨਹੀਂ ਕਰਦੇ। ਵੈਸੇ ਤਾਂ ਅਜਿਹੀਆਂ ਈ-ਮੇਲਾਂ ਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ । ਜੇਕਰ ਤੁਸੀਂ ਤਜ਼ਰਬੇ ਦੇ ਤੌਰ 'ਤੇ ਦੇਖਣਾ ਹੋਵੇ ਤਾਂ ਅਜਿਹੇ ਠੱਗਾਂ ਨੂੰ ਇਹ ਲਿਖ ਕੇ ਰਿਪਲਾਈ ਕਰੋ ਕਿ ਜਿੰਨੀ ਫੀਸ ਉਹ ਮੰਗ ਰਿਹਾ ਹੈ, ਜਿੱਤੀ ਰਕਮ 'ਚੋਂ ਕੱਟਕੇ ਬਾਕੀ ਪੈਸਾ ਭੇਜ ਦੇਵੇ। ਪਰ ਕਦੇ ਵੀ ਆਪਣਾ ਬੈਂਕ ਅਕਾਊਂਟ ਨੰਬਰ ਸਾਂਝਾ ਨਾ ਕਰੋ। ਫਿਰ ਦੇਖਣਾ ਕਿਸ ਤਰ੍ਹਾਂ ਤਿੜਕਦੇ ਨੇ ਅਜਿਹੇ ਠੱਗ।
ਵਿਸ਼ਾ ਭਾਵੇਂ ਲਾਟਰੀ ਦਾ ਹੈ ਪਰ ਸੋਨੇ ਦੀਆਂ ਇੱਟਾਂ ਸਸਤੇ ਭਾਅ ਦੇਣ ਵਾਲੇ ਠੱਗਾਂ ਤੋਂ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸੋਨੇ ਦੇ ਭਾਅ 'ਚ ਆਈ ਤੇਜ਼ੀ ਦੇ ਚੱਲਦਿਆਂ ਠੱਗ ਸਰਗਰਮ ਹਨ। ਮੋਬਾਇਲ 'ਤੇ ਅਚਾਨਕ ਫੋਨ ਆ ਸਕਦਾ ਹੈ ਅਤੇ ਅੱਗੋਂ ਫੋਨ ਕਰਨ ਵਾਲਾ ਕਹੇਗਾ ਕਿ ਉਹ ਜੇ.ਸੀ.ਬੀ. ਮਸ਼ੀਨ ਦਾ ਮਾਲਕ/ਚਾਲਕ ਹੈ ਅਤੇ ਰਾਜਸਥਾਨ (ਥਾਂ ਹੋਰ ਕੋਈ ਵੀ ਹੋ ਸਕਦੀ ਹੈ) 'ਚ ਕਿਸੇ ਥਾਂ ਖੁਦਾਈ ਕਰਦਿਆਂ ਉਸਨੂੰ ਸੋਨੇ ਦੀਆਂ ਕਾਫੀ ਇੱਟਾਂ ਮਿਲੀਆਂ ਹਨ ਜੋ ਉਹ ਤੁਹਾਨੂੰ ਕਾਫੀ ਸਸਤੇ ਭਾਅ ਦੇ ਸਕਦਾ ਹੈ।ਜੇਕਰ ਤੁਸੀਂ ਅਜਿਹੇ ਕਿਸੇ ਫੋਨ ਕਰਨ ਵਾਲੇ 'ਤੇ ਯਕੀਨ ਕਰ ਲਿਆ ਤੇ ਉਸਨੇ ਤੁਹਾਨੂੰ ਵਿਸ਼ਵਾਸ 'ਚ ਲੈ ਲਿਆ ਤਾਂ ਤੁਹਾਡੇ ਨਾਲ ਠੱਗੀ ਲੱਗਣੀ ਲਾਜ਼ਮੀ ਹੈ।
ਖੈਰ, ਮੈਂ ਤਾਂ ਅੱਜ ਵੀ ਪੰਜਾਬ ਸਰਕਾਰ ਦੀ ਲਾਟਰੀ ਇਸ ਲਾਲਚ 'ਚ ਕਦੇ-ਕਦੇ ਪਾ ਲੈਂਦਾ ਹਾਂ ਕਿ ਅੱਠ ਸਾਲ ਪਹਿਲਾਂ ਸਾਂਝੇ ਰੂਪ 'ਚ ਨਿਕਲੇ ਸੌ ਰੁਪਏ ਦੇ ਇਨਾਮ ਪਿੱਛੇ ਚਾਰ ਸਿਫਰਾਂ ਨਹੀਂ ਤਾਂ ਘੱਟੋ-ਘੱਟ ਤਿੰਨ ਜ਼ੀਰੋਆਂ ਹੀ ਲੱਗ ਜਾਣ। ਬਾਕੀ ਜਦੋਂ ਲਾਟਰੀ ਨਿਕਲਦੀ ਨਹੀਂ ਤਾਂ ਇਹ ਸੋਚ ਕੇ ਸਬਰ ਕਰ ਲਈਦਾ ਹੈ ਕਿ ਚਲੋ, ਪੰਜਾਬ ਸਰਕਾਰ ਦੇ ਖਜ਼ਾਨੇ 'ਚ ਵਾਧਾ ਕਰਨ ਲਈ ਤਾਂ ਆਪਾਂ ਕੋਈ ਯੋਗਦਾਨ ਪਾਇਆ।
- ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment