Wednesday, June 29, 2011

ਮੋਹ (moh)



ਮੈਂ ਲਿਖਿਆ ਕਰਦਾ ਸੀ, ਉਹ ਪੜ੍ਹਿਆਂ ਕਰਦੀ ਸੀ,
ਉਹ ਉਨ੍ਹਾਂ ਦਿਨਾਂ ਵਿਚ ਅੰਤਾਂ ਦਾ ਮੋਹ ਕਰਿਆ ਕਰਦੀ ਸੀ।

ਕਿੱਡਾ ਜਿਗਰਾ ਕੀਤਾ ਉਸਨੇ ਮੁਲਕ ਬੇਗਾਨੇ ਜਾ ਬੈਠੀ,
ਪਤਾ ਨਹੀਂ ਏ ਦਿਲ ਸਮਝਾਇਆ ਜਾਂ ਕਿਸੇ ਨਾਲ ਦਿਲ ਲਾ ਬੈਠੀ,
ਵਿਛੜਨ ਵਾਲੀ ਖੁਦ ਵਿਛੋੜੇ ਤੋਂ ਕਿੰਨਾ ਡਰਿਆ ਕਰਦੀ ਸੀ।

ਇਕ ਲਿਖੀ ਕਹਾਣੀ ਮੈਂ, ਵਿਚ ਉਹਦਾ ਨਾਂ ਪਾ ਦਿੱਤਾ ਸੀ,
ਕਾਲਜ ਵਿਚ ਕਮਲੀ ਨੇ ਕਿੰਨਾ ਗਾਹ ਪਾ ਦਿੱਤਾ ਸੀ,
ਨਿੱਕੀ ਜਿਹੀ ਖੁਸ਼ੀ ਉੱਤੇ ਉਡਾਰੀਆਂ ਭਰਿਆ ਕਰਦੀ ਸੀ।

ਅਸੀਂ ਪਾਗਲ-ਪਾਗਲ ਇਕ-ਦੂਜੇ ਨੂੰ ਕਹਿੰਦੇ ਰਹਿੰਦੇ ਸੀ,
ਜਦ ਕਦੇ ਵੀ ਦੋਵੇਂ ਬਾਗਾਂ ਵਿਚ ਜਾ ਬਹਿੰਦੇ ਸੀ,
ਮੇਰੀ ਪੱਗ ਰੰਗ ਦੀਆਂ ਤਿਤਲੀਆਂ ਉਹ ਫੜ੍ਹਿਆ ਕਰਦੀ ਸੀ।

ਧੱਕੇ ਨਾਲ ਹੀ ਗੀਤਾਂ ਵਿਚ ਦੋਵਾਂ ਦਾ ਨਾਂ ਫਿੱਟ ਕਰ ਲੈਂਦੀ ਸੀ,
ਪਤਾ ਨੀ ਕਿਹੜੇ ਪੰਜਾਬੀ ਗਾਣੇ ਸੁਣਦੀ ਰਹਿੰਦੀ ਸੀ,
ਜੇ ਕਦੇ ਮੈਂ ਟੋਕ ਦਿੰਦਾ, ਭੋਰਾ ਵੀ ਨਾ ਜ਼ਰਿਆ ਕਰਦੀ ਸੀ।

ਮੌਜ-ਮਸਤੀ ਕਰਦੀ ਤਾਂ ਉਹ ਨਿਆਣਿਆਂ ਵਰਗੀ ਸੀ,
ਗੱਲ ਕਰਦੀ ਜਦ ਐਨ.ਪੀ. ਤਾਂ ਸਿਆਣਿਆਂ ਵਰਗੀ ਸੀ,
ਗੱਲ-ਗੱਲ ‘ਤੇ ਹੱਥ ਆਪਣਾ ਉਹ ਥੋਡੀ ‘ਤੇ ਧਰਿਆਂ ਕਰਦੀ ਸੀ।

ਲੱਥ ਜਾਣੇ ਇਹ ਦਿਨ ਵੀ ਜਦ ਉਹ ਦਿਨ ਲੰਘ ਚੱਲੇ,
ਉਹ ਸਦਾ ਸੁਹਾਗਣ ਰਹੇ ਅਸੀਂ ਦੁਆ ਇਹ ਮੰਗ ਚੱਲੇ,
ਮੇਰੇ ਲਈ ਉਹ ਵੀ ਤਾਂ ਵਰਤ ਕਿੰਨੇ ਹੀ ਧਰਿਆਂ ਕਰਦੀ ਸੀ।

ਨਰਿੰਦਰ ਪਾਲ ਸਿੰਘ ਜਗਦਿਓ


1 comment:

Anonymous said...

bhat hi vadia.........