ਉਹਨੂੰ ਕੋਈ ਤਾਂ ਕਹਿ ਦਿਓ ਥੋੜ੍ਹਾ ਹੱਸ ਲਿਆ ਕਰੇ।
ਮੰਨਿਆਂ ਕਿ ਪੁੱਛਣੇ ਦੀ ਆਦਤ ਨਹੀਂ ਮੇਰੀ,
ਹੋਵੇ ਮਰਜ ਕੋਈ ਤਾਂ ਖੁਦ ਦੱਸ ਲਿਆ ਕਰੇ,
ਕਿੰਨਾ ਚੰਗਾ ਹੋਵੇ ਪਵੇ ਸ਼ਬਦਾਂ ਦੀ ਲੋੜ ਨਾ,
ਉਹ ਅੱਖਾਂ ਦੀ ਬੋਲੀ ਦਾ ਮਾਣ ਰੱਖ ਲਿਆ ਕਰੇ।
ਉਹਨੂੰ ਕੋਈ ਤਾਂ ਕਹਿ ਦਿਓ ਥੋੜ੍ਹਾ ਹੱਸ ਲਿਆ ਕਰੇ।
ਐਵੇਂ ਕਰ-ਕਰ ਗੁੱਸਾ ਲੜੀ ਜਾਵੇ ਵਾਰ-ਵਾਰ।
ਕਰ-ਕਰ ਚੋਹਲੇ-ਮੋਹਲੇ ਉਹਨੂੰ ਰਿਹਾ ਮੈਂ ਮਨਾਉਂਦਾ,
ਕੀ ਮਿੰਨਤਾਂ ਵੀ ਬੰਦਾ ਕਰੀ ਜਾਵੇ ਵਾਰ-ਵਾਰ,
ਉਹਨੂੰ ਆਖਿਆ ਸੀ ‘ਕੇਰਾ, ਤੈਨੂੰ ਸੁਣਦਾ ਮੈਂ ਰਹਾਂ,
ਹੁਣ ਬੋਲ-ਬੋਲ ਸਿਰ ਚੜ੍ਹੀ ਜਾਵੇ ਵਾਰ-ਵਾਰ।
ਐਵੇਂ ਕਰ-ਕਰ ਗੁੱਸਾ ਲੜੀ ਜਾਵੇ ਵਾਰ-ਵਾਰ।
ਮੇਰੀ ਜ਼ਿੰਦਗੀ ਦੇ ਵਿਚ ਉਹਦੀ ਖਾਸ ਇਕ ਥਾਂ।
ਹਰ ਵਾਰ ਤਾਂ ਇਹ ਕਹਿਣਾ ਕੋਈ ਹੁੰਦਾ ਨੀ ਜ਼ਰੂਰੀ,
ਕੁਝ ਚੁੱਪ ਦੀ ਵੀ ਹੁੰਦੀ ਏ ਆਪਣੀ ਜ਼ੁਬਾ,
ਜਦੋਂ ਕਦੇ ਪੱਥਰਾਂ ‘ਤੇ ਲਿਖਿਆ ਜਾਵੇਗਾ,
ਮੇਰਾ ਬਾਅਦ ਵਿਚ ਪਹਿਲਾਂ ਉਹਦਾ ਉਕਰੇਗਾ ਨਾਂ।
ਮੇਰੀ ਜ਼ਿੰਦਗੀ ਦੇ ਵਿਚ ਉਹਦੀ ਖਾਸ ਇਕ ਥਾਂ।
ਕਹਿੰਦੀ ਪਤਾ ਨਈਂ ਓ ਲੱਗੇ ਤੇਰੇ ਦਿਲ ਵਿਚ ਕੀ।
ਵੇ ਮੈਂ ਪੁੱਛ-ਪੁੱਛ ਹਾਰੀ ਤੂੰ ਤਾਂ ਦੱਸਦਾ ਭੋਰਾ ਨੀ,
ਮਾਰਾਂ ਟੱਕਰਾਂ ਮੈਂ ਕੋਸ਼ਿਸ਼ ਵੀ ਕਿੰਨੀ ਕਰ ‘ਲੀ,
ਜੇ ਮੈਂ ਹੋਵਾਂ ਉਹਦੀ ਥਾਂਵੇਂ ਉਹਨੂੰ ਇਕ ਹੀ ਗੱਲ ਆਖਾਂ,
ਦੱਸ ਵੰਡਿਆਂ ਏ ਤੇਰੇ-ਮੇਰੇ ਵਿਚਕਾਰ ਕੀ।
ਕਹਿੰਦੀ ਪਤਾ ਨਈਂ ਓ ਲੱਗੇ ਤੇਰੇ ਦਿਲ ਵਿਚ ਕੀ।
ਐਵੇਂ ਕਮਲੀ ਜਿਹੀ ਕਰਦੀ ਫਿਕਰ ਰਹਿੰਦੀ ਏ,
ਉਹਦਾ ਹਾਂ, ਉਹਦਾ ਰਹਾਂਗਾ ਤੇ ਉਹਦਾ ਹੀ ਮੈਂ ਸੀ।
----ਨਰਿੰਦਰ ਪਾਲ ਸਿੰਘ ਜਗਦਿਓ ----
No comments:
Post a Comment