Tuesday, October 13, 2009

ਨਸ਼ਾ ਅਤੇ ਲੋਰ


ਨਸ਼ਾ ਅਤੇ ਲੋਰ ਦੋਵੇਂ ਸਿਰ ਘੁਮਾ ਦਿੰਦੇ ਹਨ। ਮਨੁੱਖ ਇੱਕ ਮਿੱਠੇ ਜਿਹੇ ਅਹਿਸਾਸ ਅਤੇ ਸਰੂਰ ‘ਚ ਖੋਇਆ-ਖੋਇਆ ਰਹਿੰਦਾ ਹੈ। ਦੋਵੇਂ ਮਾਨਸਿਕ ਅਵਸਥਾਵਾਂ ਹਨ। ਪਰ ਦੋਵਾਂ ‘ਚ ਵੱਡੀ ਅਸਮਾਨਤਾ ਇਹ ਹੈ ਕਿ ਨਸ਼ਾ ਕੁਝ ਸਮੇਂ ਲਈ ਦਿਮਾਗ ਨੂੰ ਚੜ੍ਹਦਾ ਹੈ ਜਦਕਿ ਲੋਰ ਲੰਬੇਰੇ ਸਮੇਂ ਤੱਕ ਦਿਲ ਅਤੇ ਦਿਮਾਗ ਦੋਹਾਂ ਨੂੰ ਕਾਬੂ ਕਰੀ ਰੱਖਦੀ ਹੈ। ਦੋਵਾਂ ਸਥਿਤੀਆਂ ‘ਚ ਦਿਮਾਗੀ ਸੋਚ-ਸਮਝ ਸਿਫਰ ਹੋ ਜਾਂਦੀ ਹੈ।ਆਮ ਹਾਲਤਾਂ ‘ਚ ਦੋਵੇਂ ਸ਼ਬਦਾਂ ਦੇ ਇੱਕ ਹੀ ਅਰਥ ਲਏ ਜਾਂਦੇ ਹਨ ਪਰ ਇਨ੍ਹਾਂ ਵਿਚ ਬਹੁਤ ਵੱਡਾ ਫਰਕ ਹੈ।


ਗੱਲ ਉਦੋਂ ਦੀ ਐ ਜਦੋਂ ਜਲੰਧਰ ਵਿਖੇ ਪੱਤਰਕਾਰੀ ਦੀ ਮਾਸਟਰ ਡਿਗਰੀ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਹੇ ਸੀ। ਸਾਡੇ ਟੋਲੇ ‘ਚ ਅਸੀਂ ਪੰਜ ਜਣੇ ਸੀ। ਮੇਰੇ ਤੋਂ ਇਲਾਵਾ ਜਗਦੀਪ ਗਿੱਲ, ਜਤਿੰਦਰ ਗਿੱਦਾ, ਅਮਿਤ ਮਰਵਾਹਾ ਅਤੇ ਰਜਨੀਸ਼ ਸ਼ਰਮਾ (ਜਿਸਨੂੰ ਅਸੀਂ ਸਾਰੇ ਪੰਡਿਤ ਜੀ ਕਹਿ ਕੇ ਬੁਲਾਉਂਦੇ ) ਸੀ। ਸਾਡੇ ਜਮਾਤੀ ਗਗਨ ਅਤੇ ਅਵਤਾਰ ਨਾਲ ਵੀ ਸਾਡੀ ਵਧੀਆਂ ਬਣਦੀ ਸੀ। ਦਾਰੂ-ਸ਼ਾਰੂ ਪੀਣ ਵਾਲਾ ਸਾਡੀ ਜੁੰਡਲੀ ‘ਚ ਸਿਰਫ ਪੰਡਿਤ ਹੀ ਸੀ, ਉਹ ਵੀ ਕਦੇ-ਕਦਾਈਂ। ਸਾਡੀ ਪੰਜਾਂ ਜਣਿਆਂ ਦੀ ਯਾਰੀ-ਦੋਸਤੀ ਪੈਣ ਦਾ ਇੱਕ ਕਾਰਣ ਇਹ ਵੀ ਸੀ ਕਿ ਅਸੀਂ ਸਾਰੇ ਬਾਹਰਲੇ ਸ਼ਹਿਰਾਂ ਦੇ ਸੀ ਅਤੇ ਜਲੰਧਰ ਆ ਕੇ ਇਕੱਠਿਆਂ ਨੇ ਇੱਕ ਕੋਠੀ ਕਿਰਾਏ ‘ਤੇ ਲਈ ਹੋਈ ਸੀ ਜਦਕਿ ਗਗਨ ਅਤੇ ਅਵਤਾਰ ਲਾਗਲੇ ਪਿੰਡਾਂ ਦੇ ਹੀ ਵਸਨੀਕ ਸਨ।

ਪੜ੍ਹਾਈ ਦੌਰਾਨ ਹੀ ਗਗਨ ਦਾ ਰਿਸ਼ਤਾ ਇੰਗਲੈਂਡ ਦੀ ਜੰਮੀ-ਪਲੀ ਪੰਜਾਬੀ ਮੂਲ ਦੀ ਇੱਕ ਕੁੜੀ ਨਾਲ ਹੋ ਗਿਆ ਸੀ। ਇਸ ਕਰਕੇ ਉਸਨੇ ਭਵਿੱਖ ਦੀ ਰੱਤੀ ਭਰ ਫਿਕਰ ਕਰਨਾ ਵੀ ਛੱਡ ਦਿੱਤਾ ਸੀ। ਕਦੇ ਕਦਾਈਂ ਗਗਨ ਰਾਤ ਨੂੰ ਸਾਡੇ ਕੋਲ ਰੁਕ ਜਾਂਦਾ ਸੀ। ਇੱਕ ਸ਼ਾਮ ਨੂੰ ਅਸੀਂ ਅਵਤਾਰ ਨੂੰ ਵੀ ਰਾਤ ਬਿਤਾਉਣ ਲਈ ‘ਟਿਕਾ’ ਲਿਆ। ਪੰਡਿਤ ਨੇ ਉਸਨੂੰ ‘ਲਾਲਚ’ ਦਿੱਤਾ ਕਿ ਰਾਤੀਂ ‘ਜਸ਼ਨ’ ਮਨਾਵਾਂਗੇ। ਉਂਝ ਵੀ ਜਦੋਂ ਕਦੇ ਪੰਡਿਤ ਨਾਲ ਗਗਨ ਅਤੇ ਅਵਤਾਰ ਰਲ ਜਾਂਦੇ ਤਾਂ ਤਿੰਨੇ ਪਊਆ ਜਾਂ ਅਧੀਆਂ ਲਿਆ ਘੁੱਟ-ਘੁੱਟ ਲਾ ਲੈਂਦੇ। ਪੜ੍ਹਾਈ ਦਾ ਵੀ ਬੜਾ ਬੋਝ ਸੀ ਬਈ ਉਦੋਂ!

ਸਾਡੇ ‘ਚੋਂ ਗਗਨ ਖਰੂਦੀ ਬੰਦਾ ਸੀ ਅਤੇ ਪੰਡਿਤ ਮਸਖਰਾ ਕਿਸਮ ਦਾ ਬੰਦਾ। ਪੀਣ ਤੋਂ ਬਾਅਦ ਤਾਂ ਦੋਹਾਂ ਦੀਆਂ ਹਰਕਤਾਂ ਦੇਖਕੇ ਅਤੇ ਗੱਲਾਂ ਸੁਣਕੇ ਢਿੱਡੀਂ ਪੀੜਾਂ ਪੈ ਜਾਣੀਆਂ। ਪ੍ਰੋਗਰਾਮ ਅਨੁਸਾਰ ਹਾਲੇ ‘ਡੱਟ੍ਹ’ ਖੁੱਲ੍ਹੇ ਹੀ ਸੀ ਕਿ ਗਗਨ ਦੇ ਫੋਨ ਦੀ ਘੰਟੀ ਖੜਕ ਪਈ। “ਵਾਹ ਜੀ ਵਾਹ ਬੜੇ ਦਿਨਾਂ ਬਾਅਦ ਫੋਨ ਆਇਆ ਏ” ਕਹਿ ਕੇ ਉਹ ਉੱਠ ਕੇ ਬਾਹਰ ਵੱਲ ਨੂੰ ਚਲਾ ਗਿਆ। ਸਾਨੂੰ ਸਿਰਫ “ਹੈਲਲਲੋ… ਸ਼ੀਲਾ ਡਾਰਲਿੰਗ” ਹੀ ਸੁਣਿਆਂ। ਭਰਜਾਈ ਦਾ ਨਾਂ ਏ ਸ਼ੀਲਾ ਅਤੇ ਗਗਨ ਉਸਦਾ ਇਹ ਨਾਂ ਹਮੇਸ਼ਾਂ ਹੀ ਮਜ਼ਾਕੀਆ ਲਹਿਜੇ ‘ਚ ਲਿਆ ਕਰਦਾ ਸੀ। ਖੈਰ, ਅਵਤਾਰ ਤੇ ਪੰਡਿਤ ਪਹਿਲਾਂ ਤਾਂ ਗਗਨ ਦੇ ਇੰਤਜ਼ਾਰ ‘ਚ ‘ਲਿਟਲ-ਲਿਟਲ’ ਜਿਹਾ ਲਾਉਂਦੇ ਰਹੇ ਪਰ ਜਦੋਂ ਨਸ਼ੇ ਨੇ ਸਿਰ ਨੂੰ ਹਿਲੋਰਾ ਜਿਹਾ ਮਾਰਿਆ ਤਾਂ ਪੰਡਿਤ ਕਹਿੰਦਾ, “ਛੱਡ ਯਾਰ ਪਾ ਤੂੰ ਮੋਟਾ ਜਿਹਾ ਪੈੱਗ ਫਲਾਣੀ ਦਿਆਂ ਆਸ਼ਕਾਂ।” ਅਵਤਾਰ ਨੂੰ ਸਾਡੀ ਇੱਕ ਜਮਾਤਣ ਦਾ ਨਾਂ ਲੈ ਕੇ ਟਿੱਚਰ ਕਰਦਿਆਂ ਰਜਨੀਸ਼ ਨੇ ਕਿਹਾ।

ਮਾਹੌਲ ਹਾਸਮਈ ਹੋ ਰਿਹਾ ਸੀ। ਇੱਕ-ਦੂਜੇ ‘ਤੇ ‘ਤਵਾ’ ਲਗਾਇਆ ਜਾ ਰਿਹਾ ਸੀ। 45-50 ਮਿੰਟ ਬਾਅਦ ਜਦੋਂ ਗਗਨ ਕਮਰੇ ‘ਚ ਦਾਖਿਲ ਹੋਇਆ ਤਾਂ ਬੋਤਲ ਤਕਰੀਬਨ ਖਤਮ ਸੀ। ਅਵਤਾਰ ਨੇ ਉਸਨੂੰ ਆਪਣਾ ਭਰਿਆਂ ਪਿਆ ਪੈੱਗ ਪੇਸ਼ ਵੀ ਕੀਤਾ ਪਰ ਉਸਨੇ ਨਾਂਹ ਕਰ ਦਿੱਤੀ। ਗਗਨ ਸ਼ਰਾਬੀਆਂ ਵਾਂਗੂ ਕਦੇ ਜਗਦੀਪ ਨੂੰ ਤੇ ਕਦੇ ਅਮਿਤ ਨੂੰ ਕਲਾਵੇ ਜਿਹੇ ‘ਚ ਲਈ ਜਾਵੇ। ਦੂਜੇ ਬੰਨੇ ਪੰਡਿਤ ਤੇ ਅਵਤਾਰ ਦੀਆਂ ਯਬਲੀਆਂ ਨੇ ਸਾਰਿਆਂ ਦਾ ਹਸਾ-ਹਸਾ ਮੂੰਹ ਲਾਲ ਕੀਤਾ ਪਿਆ ਸੀ। ਵਿੱਚ ਵਿਚਾਲੇ ਗਗਨ ਵੀ ਕੋਈ ਨਾ ਕੋਈ ਸ਼ੁਰਲੀ ਛੱਡੀ ਜਾਵੇ। ਉਸਦੀਆਂ ਗੱਲਾਂ-ਬਾਤਾਂ ਨਾ ਤਾਂ ਸ਼ਰਾਬੀਆਂ ਵਾਲੀਆਂ ਸਨ ਤੇ ਨਾ ਹੀ ਸੌਫੀਆਂ ਵਰਗੀਆਂ ਪਰ ਸੀ ਉਹ ਵੀ ਯਬਲੀਆਂ ਹੀ। ਬਾਹਰਲਾ ਕੋਈ ਬੰਦਾ ਇਹ ਨਹੀਂ ਦੱਸ ਸਕਦਾ ਸੀ ਕਿ ਤਿੰਨਾਂ ਜਣਿਆਂ ‘ਚੋਂ ਕਿਸ ਨੇ ਨਹੀਂ ਪੀਤੀ ਏ।
ਜਦੋਂ ਫੇਰ ਗਗਨ ਨੇ ਜਗਦੀਪ ਨੂੰ ‘ਛੇੜਿਆਂ’ ਤਾਂ ਜਗਦੀਪ ਕਹਿੰਦਾ “ਸਾਲਿਆਂ ਤੈਨੂੰ ਕਾਹਦਾ ਨਸ਼ਾ ਚੜ੍ਹਿਆਂ ਹੋਇਆਂ ਏ।” ਵੀਰੇ ਥੋਨੂੰ ਛੜਿਆਂ ਨੂੰ ਕੀ ਪਤੈ, ਇਹ ਨਸ਼ਾ ਨੀ ਲੋਰ ਐ। ਖਰੂਦੀ ਬੰਦੇ ਦੇ ਮੂੰਹੋਂ ਮਿੱਠੀਆਂ-ਮਿੱਠੀਆਂ ਗੱਲਾਂ ਸੁਣ ਕੇ ਸਾਰਿਆਂ ਦੇ ਮਜ਼ਾਕ ਦਾ ਧੁਰਾ ਗਗਨ ਬਣ ਗਿਆ। ਇਹੀ ਲੋਰ ਮੈਂ ਕਾਫੀ ਸਮਾਂ ਬਾਅਦ ਜਗਦੀਪ ਦੇ ਸੁਭਾਅ ‘ਚ ਵੀ ਦੇਖੀ ਜਦੋਂ ਉਸਦੀ ਮੰਗਣੀ ਰਾਜਬੀਰ ਨਾਲ ਹੋਈ। ਰਜਨੀਸ਼ ਤੇ ਰਮਾ ਦੇ ਵਿਆਹ ਤੋਂ ਪਹਿਲਾਂ ਸਭਨਾਂ ਦਾ ‘ਮਸਖਰਾ ਪੰਡਿਤ’ ਵੀ ਉੱਡਿਆ ਫਿਰਦਾ ਹੁੰਦਾ ਸੀ- ਨਸ਼ੇ ‘ਚ ਨਹੀਂ ਲੋਰ ਵਿੱਚ।

ਦੂਜੇ ਦਿਨ ਮੈਂ ਤੇ ਜਗਦੀਪ ਕਿਸੇ ਕੰਮ ਕਰਕੇ ਲੱਧੇਵਾਲੀ ਆਪਣੇ ਕੈਂਪਸ ਜ਼ਰਾ ਦੇਰੀ ਨਾਲ ਪੁੱਜੇ।ਕੰਟੀਨ ‘ਚ ਪੰਡਿਤ ਸਿਰ ਫੜ੍ਹੀ ਬੈਠਾ ਸੀ। ਨਾਲ ਹੀ ਗਗਨ ਹੱਥ ‘ਚ ਮੋਬਾਇਲ ਫੜ੍ਹੀ ਇੱਧਰ-ਉੱਧਰ ਘੁੰਮ ਰਿਹਾ ਸੀ। ਅਵਤਾਰ ਬਾਈ ਆਇਆ ਹੀ ਨਹੀਂ। ਸ਼ਾਇਦ ਨਸ਼ੇ ਦੇ ਭੰਨੇ ਨੇ ਨਾ ਆਉਣ ਦਾ ਮਨ ਬਣਾ ਲਿਆ ਹੋਏਗਾ। ਪੁੱਛਣ ‘ਤੇ ਪੰਡਿਤ ਤਾਂ ਸਾਫ ਹੀ ਮੰਨ ਗਿਆ ਕਿ “ਰਾਤ ਸਾਲੀ ਜ਼ਿਆਦਾ ਹੋ ਗਈ ਸੀ।” ਗਗਨ ਨੂੰ ਪੁੱਛਿਆਂ ਕਿ ਤੂੰ ਕੀ ਟਟਹਿਰੀ ਵਾਂਗੂ ਘੁੰਮਣ-ਘੇਰੀਆਂ ਜਿਹੀਆਂ ਕੱਢੀ ਜਾਨੈ ਤਾਂ ਅੱਗੋਂ ਜਵਾਬ ਮਿਲਿਆਂ “ਬਾਈ ਤੇਰੀ ਭਰਜਾਈ ਕਹਿੰਦੀ ਸੀ ਕੱਲ੍ਹ ਨੂੰ ਫੋਨ ਕਰਾਂਗੀ, ਹਾਲੇ ਤੱਕ ਆਇਆਂ ਹੀ ਨਹੀਂ ਫੋਨ।” ਇੱਕ ਪਾਸੇ ਜਿੱਥੇ ਰਾਤ ਦੇ ਨਸ਼ੇ ਦਾ ਭੰਨ੍ਹਿਆ ਸਿਰ ਫੜ੍ਹੀ ਬੈਠਾ ਸੀ, ਉੱਥੇ ਹੀ ਲੋਰ ‘ਚ ਗੜੁੱਚ ਬੰਦਾ ਵਾਰ-ਵਾਰ ਮੋਬਾਇਲ ਨੂੰ ਨਿਹਾਰ ਰਿਹਾ ਸੀ।

2 comments:

Anonymous said...

apne classmates di sari pol khol ke rakh diti janab.anyway pad k bahot changa laga o din yaad aa gaye.

The Outsider said...

enna sach vi na bol.................